ਸਪੋਰਟਸ ਡੈਸਕ- ਸ਼ੁੱਕਰਵਾਰ ਨੂੰ ਭਾਰਤ ਤੇ ਆਇਰਲੈਂਡ ਵਿਚਾਲੇ 2 ਟੀ-20 ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਖੇਡਿਆ ਗਿਆ, ਜਿਸ 'ਚ ਆਇਰਲੈਂਡ ਨੇ ਵੱਡਾ ਉਲਟਫੇਰ ਕਰਦੇ ਹੋਏ ਭਾਰਤ ਨੂੰ 34 ਦੌੜਾਂ ਨਾਲ ਹਰਾ ਦਿੱਤਾ। ਇਸ ਮੁਕਾਬਲੇ 'ਚ ਪਹਿਲੀ ਵਾਰ ਸ਼੍ਰੇਅਸ ਅਈਅਰ ਨੇ ਭਾਰਤ ਦੀ ਕਪਤਾਨੀ ਕੀਤੀ ਤੇ ਪਹਿਲੇ ਹੀ ਮੈਚ 'ਚ ਉਨ੍ਹਾਂ ਨੂੰ ਆਇਰਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਮਗਰੋਂ ਵਿਰਾਟ ਕੋਹਲੀ, ਰਿਸ਼ਭ ਪੰਤ ਅਤੇ ਸ਼ੁਭਮਨ ਗਿੱਲ ਤੋਂ ਬਾਅਦ ਇੱਕ ਅਣਚਾਹਿਆ ਰਿਕਾਰਡ ਅਈਅਰ ਦੇ ਨਾਂ ਹੋ ਗਿਆ ਹੈ।

ਇਹ ਅਣਚਾਹਿਆ ਰਿਕਾਰਡ ਬਤੌਰ ਕਪਤਾਨ ਆਪਣੇ ਪਹਿਲੇ ਹੀ ਟੀ-20 ਕੌਮਾਂਤਰੀ ਅੰਤਰਰਾਸ਼ਟਰੀ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਹੈ। ਇਸ ਲਿਸਟ 'ਚ ਵਿਰਾਟ ਕੋਹਲੀ ਦਾ ਨਾਂ ਸਭ ਤੋਂ ਉੱਪਰ ਹੈ, ਜਿਨ੍ਹਾਂ ਨੂੰ ਸਾਲ 2017 'ਚ ਆਪਣੀ ਕਪਤਾਨੀ ਦੇ ਪਹਿਲੇ ਹੀ ਮੈਚ 'ਚ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮਗਰੋਂ ਰਿਸ਼ਭ ਪੰਤ ਨੂੰ ਸਾਲ 2022 'ਚ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਮੁਕਾਬਲੇ 'ਚ ਬਤੌਰ ਕਪਤਾਨ ਆਪਣੇ ਡੈਬਿਊ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਇਸ ਲਿਸਟ 'ਚ ਤੀਜਾ ਨਾਂ ਸ਼ੁੱਭਮਨ ਗਿੱਲ ਦਾ ਆਉਂਦਾ ਹੈ, ਜਿਨ੍ਹਾਂ ਨੂੰ ਸਾਲ 2024 'ਚ ਪਹਿਲੀ ਵਾਰ ਟੀਮ ਇੰਡੀਆ ਦਾ ਟੀ-20 ਕਪਤਾਨ ਐਲਾਨਿਆ ਗਿਆ ਸੀ। ਉਨ੍ਹਾਂ ਨੇ ਬਤੌਰ ਕਪਤਾਨ ਜ਼ਿੰਬਾਬਵੇ ਖ਼ਿਲਾਫ਼ ਪਹਿਲਾ ਮੁਕਾਬਲਾ ਖੇਡਿਆ ਸੀ, ਜਿਸ 'ਚ ਉਨ੍ਹਾਂ ਨੂੰ ਕਰਾਰੀ ਹਾਰ ਮਿਲੀ ਸੀ। ਇਸ ਮਗਰੋਂ ਹੁਣ ਸ਼੍ਰੇਅਸ ਅਈਅਰ ਚੌਥੇ ਭਾਰਤੀ ਕਪਤਾਨ ਬਣ ਗਏ ਹਨ, ਜਿਨ੍ਹਾਂ ਨੂੰ ਆਪਣੀ ਅਗਵਾਈ ਵਾਲੇ ਪਹਿਲੇ ਹੀ ਮੁਕਾਬਲੇ 'ਚ ਹਾਰ ਮਿਲੀ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੀ ਟੀ-20 ਟੀਮ 'ਚ ਹੁਣ ਤੱਕ 15 ਖਿਡਾਰੀਆਂ ਨੂੰ ਕਪਤਾਨ ਐਲਾਨਿਆ ਗਿਆ ਹੈ, ਜਿਨ੍ਹਾਂ 'ਚੋਂ ਵਿਰਾਟ ਕੋਹਲੀ, ਰਿਸ਼ਭ ਪੰਤ, ਸ਼ੁੱਭਮਨ ਗਿੱਲ ਤੇ ਸ਼੍ਰੇਅਸ ਅਈਅਰ 4 ਅਜਿਹੇ ਕਪਤਾਨ ਹਨ, ਜਿਨ੍ਹਾਂ ਨੂੰ ਆਪਣੀ ਕਪਤਾਨੀ ਦੇ ਪਹਿਲੇ ਹੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਦਕਿ ਬਾਕੀ 11 ਕਪਤਾਨਾਂ ਨੇ ਆਪਣੇ ਪਹਿਲੇ ਮੈਚ ਵਿੱਚ ਜਿੱਤ ਦਾ ਸੁਆਦ ਚੱਖਿਆ ਸੀ।
ਇਹੀ ਨਹੀਂ, ਭਾਰਤ ਨੂੰ ਪਹਿਲੀ ਵਾਰ ਆਇਰਲੈਂਡ ਹੱਥੋਂ ਕਿਸੇ ਵੀ ਫਾਰਮੈਟ 'ਚ ਹਾਰ ਮਿਲੀ ਹੈ ਤੇ ਇਹ ਰਿਕਾਰਡ ਵੀ ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਹੀ ਬਣਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕਦੇ ਵੀ ਆਇਰਲੈਂਡ ਹੱਥੋਂ ਵਨਡੇ ਜਾਂ ਟੀ-20 ਮੁਕਾਬਲਾ ਨਹੀਂ ਗੁਆਇਆ ਸੀ, ਜਦਕਿ ਦੋਵਾਂ ਦੇਸ਼ਾਂ ਵਿਚਾਲੇ ਹਾਲੇ ਤੱਕ ਕਦੇ ਟੈਸਟ ਮੈਚ ਖੇਡਿਆ ਹੀ ਨਹੀਂ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਇਰਲੈਂਡ ਟੀਮ ਦੀ ਜਿੱਤ ਤੋਂ ਬਾਅਦ ਮਹਿਲਾ ਖਿਡਾਰੀਆਂ ਨੇ ਮਨਾਇਆ ਜਿੱਤ ਜਾ ਜਸ਼ਨ, ਵੀਡੀਓ ਵਾਇਰਲ
NEXT STORY