ਜਕਾਰਤਾ : ਭਾਰਤ ਦੀ ਚੋਟੀ ਸ਼ਟਲਰ ਪੀ. ਵੀ. ਸਿੰਧੂ ਨੇ ਡੈਨਮਾਰਕ ਦੀ ਮਿਆ ਬਿਲਿਚਫੇਲਟ ਖਿਲਾਫ 3 ਸੈੱਟਾਂ ਤੱਕ ਚੱਲੇ ਸੰਘਰਸ਼ਪੂਰਨ ਮੈਚ ਵਿਚ ਜਿੱਤ ਦਰਜ ਕਰ ਕੇ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿਚ ਪ੍ਰਵਸ਼ ਕੀਤਾ। 5ਵਾਂ ਦਰਜਾ ਪ੍ਰਾਪਤ ਸਿੰਧੂ ਨੇ ਦੂਜੇ ਦੌਰ ਵਿਚ 1 ਘੰਟੇ 2 ਮਿੰਟ ਚੱਲੇ ਮੈਚ ਵਿਚ ਬਿਲਿਚਫੇਲਟ ਨੂੰ 21-14, 17-21, 21-11 ਨਾਲ ਹਰਾਇਆ। ਸਿੰਧੂ ਦੀ ਵਰਲਡ ਵਿਚ 13ਵੇਂ ਨੰਬਰ ਦੀ ਬਿਲਿਚਫੇਲਟ ਖਿਲਾਫ ਇਹ ਇਸ ਸਾਲ ਦੀ ਤੀਜੀ ਜਿੱਤ ਹੈ। ਇਸ ਤੋਂ ਪਹਿਲਾਂ ਡੈਨਮਾਰਕ ਦੀ ਇਸ ਖਿਡਾਰੀ ਨੂੰ ਇੰਡੀਅਨ ਓਪਨ ਅਤੇ ਸਿੰਗਾਪੁਰ ਓਪਨ ਵਿਚ ਹਰਾਇਆ ਸੀ। ਸਿੰਧੂ ਦਾ ਅਗਲਾ ਮੁਕਾਬਲਾ ਮਲੇਸ਼ੀਆ ਦੀ ਸੋਨੀਆ ਚੇਹ ਅਤੇ ਜਾਪਾਨ ਦੀ ਨਾਓਮੀ ਓਕੁਹਾਰਾ ਵਿਚਾਲੇ ਹੋਣ ਵਾਲੇ ਮੈਚ ਜੇਤੂ ਨਾਲ ਹੋਵੇਗਾ। ਸਿੰਧੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਬਿਲਿਚਫੇਲਟ ਨੇ 6-3 ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਇਸ ਭਾਰਤੀ ਖਿਡਾਰਨ ਨੇ ਵਾਪਸੀ ਕੀਤੀ ਅਤੇ ਸਕੋਰ ਬੋਰਡ ਬਰਾਬਰ ਕੀਤਾ।
ਸਿੰਧੂ ਨੇ ਲਗਾਤਾਰ ਬਿਹਤਰ ਖੇਡ ਦਿਖਾ ਕੇ ਪਹਿਲਾ ਸੈੱਟ ਆਪਣੇ ਨਾਂ ਕੀਤਾ। ਦੂਜੇ ਸੈੱਟ ਵਿਚ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਬਿਲਿਚਫੇਲਟ ਨੇ ਦਮਦਾਰ ਵਾਪਸੀ ਕੀਤੀ। ਉਸਨੇ ਪਹਿਲਾਂ 9-5 ਅਤੇ ਫਿਰ 10-7 ਨਾਲ ਬੜ੍ਹਤ ਹਾਸਲ ਕੀਤੀ। ਸਿੰਧੂ ਨੇ ਇਸ ਤੋਂ ਬਾਅਦ ਲਗਾਤਾਰ 3 ਅੰਕ ਬਣਾ ਕੇ ਸਕੋਰ 10-10 ਨਾਲ ਬਰਾਬਰ ਕਰ ਦਿੱਤਾ। ਡੈਨਮਾਰਕ ਦੀ ਖਿਡਾਰਨ ਨੇ ਸਿੰਧੂ ਦੀਆਂ ਗਲਤੀਆਂ ਦਾ ਫਾਇਦਾ ਚੁੱਕ ਕੇ ਵਾਪਸੀ ਕੀਤੀ ਅਤੇ ਦੂਜਾ ਸੈੱਟ ਆਪਣੇ ਨਾਂ ਕੀਤਾ। ਫੈਸਲਾਕੁੰਨ ਸੈੱਟ ਵਿਚ ਹਾਲਾਂਕਿ ਬਿਲਿਚਫੇਲਟ ਦੀ ਸਿੰਧ ਦੇ ਅੱਗੇ ਇਕ ਨਾ ਚੱਲੀ ਅਤੇ ਇਸ ਭਾਰਤੀ ਨੇ ਇਹ ਸੈੱਟ ਆਸਾਨੀ ਨਾਲ ਜਿੱਤ ਕੇ ਮੈਚ ਆਪਣੇ ਨਾਂ ਕਰ ਲਿਆ। ਇਸ ਵਿਚਾਲੇ ਸਾਤਵਿਕ ਸਾਈਰਾਜ ਰੈਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲਜ਼ ਜੋੜੀ ਨੂੰ ਦੂਜੇ ਦੌਰ ਵਿਚ ਇੰਡੋਨੇਸ਼ੀਆ ਦੇ ਚੋਟੀ ਦਰਜਾ ਮਾਰਕਸ ਫਰਨਾਲਡੀ ਗਿਡਿਯੋਨ ਅਤੇ ਕੇਵਿਨ ਸੰਜੇ ਸੁਕਾਮੁਲਜੋ ਹੱਥੋ 15-21, 14-21 ਨਾਲ ਹਾਰ ਝੱਲਣੀ ਪਈ।
ਭਾਰਤੀ ਟੈਨਿਸ ਖਿਡਾਰੀ ਰਾਮਕੁਮਾਰ ਹਾਲ ਆਫ ਫੇਮ ਓਪਨ ਤੋਂ ਬਾਹਰ
NEXT STORY