ਸ਼ੇਨਜੇਨ– 2 ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਸਮੇਤ ਲਕਸ਼ੈ ਸੇਨ ਅਤੇ ਫਾਰਮ ’ਚ ਚੱਲ ਰਹੀ ਮਾਲਵਿਕਾ ਬੰਸੋੜ ਨੇ ਬੁੱਧਵਾਰ ਨੂੰ ਇਥੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਚਾਈਨਾ ਮਾਸਟਰਜ਼ ਸੁਪਰ 750 ਬੈੱਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ’ਚ ਜਗ੍ਹਾ ਬਣਾ ਲਈ।
ਔਰਤਾਂ ਦੇ ਵਰਗ ’ਚ ਸਿੰਧੂ ਨੇ ਆਪਣੇ ਤੋਂ ਉੱਚੀ ਰੈਂਕਿੰਗ ਵਾਲੀ ਥਾਈਲੈਂਡ ਦੀ ਬੁਸਾਨਨ ਅੋਂਗਬਾਮਰੂੰਗਫਾਨ ਨੂੰ 50 ਮਿੰਟਾਂ ਤੱਕ ਚੱਲੇ ਪਹਿਲੇ ਦੌਰ ਦੇ ਮੁਕਾਬਲੇ ’ਚ 21-17, 21-19 ਨਾਲ ਹਰਾਇਆ। ਦੁਨੀਆ ਦੀ 19ਵੀਂ ਨੰਬਰ ਦੀ ਖਿਡਾਰਨ ਸਿੰਧੂ ਦੀ ਵਿਸ਼ਵ ਰੈਂਕਿੰਗ ’ਚ 11ਵੇਂ ਸਥਾਨ ’ਤੇ ਕਾਬਜ਼ ਬੁਸਾਨਨ ਵਿਰੁੱਧ 21 ਮੁਕਾਬਲਿਆਂ ’ਚ ਇਹ 20ਵੀਂ ਜਿੱਤ ਸੀ। ਦੋਵਾਂ ਨੇ ਬਰਾਬਰੀ ਨਾਲ ਸ਼ੁਰੂਆਤ ਕੀਤੀ ਅਤੇ ਸਿੰਧੂ ਦੀਆਂ 2 ਸਹਿਜ ਗਲਤੀਆਂ ਦਾ ਫਾਇਦਾ ਉਠਾ ਕੇ ਬੁਸਾਨਨ ਨੇ 14-10 ਨਾਲ ਬੜ੍ਹਤ ਬਣਾ ਲਈ। ਸਿੰਧੂ ਨੇ ਅਗਲੇ 9 ਅੰਕ ਬਣਾ ਕੇ 19-14 ਦੀ ਬੜ੍ਹਤ ਹਾਸਲ ਕੀਤੀ ਅਤੇ ਪਹਿਲੀ ਗੇਮ ਜਿੱਤ ਲਈ। ਦੂਜੀ ਗੇਮ ’ਚ ਵੀ ਸਿੰਧੂ ਨੇ ਇਸੇ ਤਰ੍ਹਾਂ ਵਾਪਸੀ ਕਰਦੇ ਹੋਏ ਮੈਚ ਜਿੱਤ ਲਿਆ।
ਉੱਧਰ ਮਾਲਵਿਕਾ (36ਵੀਂ ਰੈਂਕਿੰਗ) ਨੇ ਡੈੱਨਮਾਰਕ ਦੀ ਲਿਨੇ ਹੋਜਮਾਰਕ ਜਾਏਰਸਫੇਲਟ (21ਵੀਂ ਰੈਂਕਿੰਗ) ’ਤੇ 20-22, 23-21, 21-16 ਨਾਲ ਜਿੱਤ ਹਾਸਲ ਕੀਤੀ।
ਮਰਦਾਂ ਦੇ ਵਰਗ ’ਚ ਲਕਸ਼ੈ ਨੇ ਮਲੇਸ਼ੀਆ ਦੇ 7ਵਾਂ ਦਰਜਾ ਲੀ ਜਿ ਜਿਆ ’ਤੇ 57 ਮਿੰਟਾਂ ’ਚ 21-14,13-21, 21-13 ਨਾਲ ਜਿੱਤ ਹਾਸਲ ਕਰ ਕੇ ਓਲੰਪਿਕ ਕਾਂਸੀ ਤਮਗਾ ਮੁਕਾਬਲੇ ’ਚ ਮਿਲੀ ਹਾਰ ਦਾ ਬਦਲਾ ਲੈ ਲਿਆ। ਲਕਸ਼ੈ ਪੈਰਿਸ ਓਲੰਪਿਕ ਕਾਂਸੀ ਤਮਗਾ ਮੈਚ ’ਚ ਬੜ੍ਹਤ ਬਣਾਉਣ ਦੇ ਬਾਵਜੂਦ ਲੀ ਤੋਂ ਹਾਰ ਗਿਆ ਸੀ।
ਹਾਰਦਿਕ ਪੰਡਯਾ 'ਤੇ ਲੱਗਾ ਬੈਨ, ਇਹ ਖਿਡਾਰੀ ਲਵੇਗਾ ਜਗ੍ਹਾ
NEXT STORY