ਨਵੀਂ ਦਿੱਲੀ : ਵਿਸ਼ਵ ਚੈਂਪੀਅਨ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਵੀਰਵਾਰ ਨੂੰ ਲਗਾਤਾਰ ਤੀਜੀ ਵਾਰ ਈ. ਐੱਸ. ਪੀ. ਐੱਨ. ਦੀ 'ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ' ਦਾ ਐਵਾਰਡ ਜਿੱਤਿਆ, ਜਦਕਿ ਨੌਜਵਾਨ ਨਿਸ਼ਾਨੇਬਾਜ਼ ਸੌਰਭ ਚੌਧਰੀ ਪੁਰਸ਼ ਵਰਗ ਵਿਚ ਚੁਣਿਆ ਗਿਆ। ਸੌਰਭ ਨੇ ਵਿਸ਼ਵ ਕੱਪ ਵਿਚ 5 ਸੋਨ ਤਮਗੇ ਜਿੱਤੇ, ਜਿਨ੍ਹਾਂ 'ਚੋਂ ਦੋ 10 ਮੀਟਰ ਏਅਰ ਪਿਸਟਲ ਤੇ ਤਿੰਨ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਿਚ ਮਿਲੇ। ਫਰਾਟਾ ਦੌੜਾਕ ਦੂਤੀ ਚੰਦ ਨੂੰ ਮੈਦਾਨ ਦੇ ਅੰਦਰ ਤੇ ਬਾਹਰ ਪ੍ਰੇਰਣਾਸ੍ਰੋਤ ਬਣਨ ਲਈ 'ਕਰੇਜ਼' ਪੁਰਸਕਾਰ ਦਿੱਤਾ ਜਾਵੇਗਾ। ਉਸ ਨੇ ਲਿੰਗ ਸਬੰਧੀ ਨਿਯਮਾਂ ਨੂੰ ਲੈ ਕੇ ਆਈ. ਏ. ਏ. ਏ. ਐੱਫ. ਨਾਲ ਲੜਾਈ ਜਿੱਤੀ ਤੇ ਟਰੈਕ 'ਤੇ ਪਰਤੀ। ਉਸ ਨੇ ਸਮਲਿੰਗੀ ਰਿਸ਼ਤੇ ਵਿਚ ਹੋਣ ਦੀ ਗੱਲ ਵੀ ਮੰਨੀ ਸੀ।
ਸ਼ਤਰੰਜ ਖਿਡਾਰੀ ਕੋਨੇਰੂ ਹੰਪੀ ਨੂੰ 'ਸਾਲ ਦੀ ਸਰਵਸ੍ਰੇਸ਼ਠ ਵਾਪਸੀ' ਦਾ ਐਵਾਰਡ ਮਿਲਿਆ, ਜਿਸ ਨੇ ਮਾਸਕੋ ਵਿਚ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ। ਉਹ 2016 ਤੋਂ 2018 ਵਿਚਾਲੇ ਮੈਟਰਨਿਟੀ ਲੀਵ ਦੇ ਕਾਰਣ ਬ੍ਰੇਕ 'ਤੇ ਸੀ। ਪਹਿਲਵਾਨ ਦੀਪਕ ਪੂਨੀਆ ਨੂੰ 'ਸਾਲ ਦਾ ਉਭਰਦਾ ਖਿਡਾਰੀ' ਚੁਣਿਆ ਗਿਆ। ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਸਰਵਸ੍ਰੇਸ਼ਠ ਕੋਚ ਚੁਣਿਆ ਗਿਆ। ਸਿੰਧੂ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤ ਨੂੰ ਸਾਲ ਦਾ ਸਰਵਸ੍ਰੇਸ਼ਠ ਖੇਡ ਪਲ ਚੁਣਿਆ ਗਿਆ। ਮਨੂ ਭਾਕਰ ਤੇ ਸੌਰਭ ਚੌਧਰੀ ਨੇ ਸਰਵਸ੍ਰੇਸ਼ਠ ਟੀਮ ਦਾ ਐਵਾਰਡ ਜਿੱਤਿਆ। ਦਿਵਿਆਂਗ ਖਿਡਾਰੀ ਮਾਨਸੀ ਜੋਸ਼ੀ ਨੂੰ ਸਰਵਸ੍ਰੇਸ਼ਠ ਪੈਰਾ ਐਥਲੀਟ ਚੁਣਿਆ ਗਿਆ।
3 ਵਾਰ ਦੇ ਓਲੰਪਿਕ ਸੋਨ ਤਮਗਾ ਜੇਤੂ ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ 'ਲਾਈਫ ਟਾਈਮ ਅਚੀਵਮੈਂਟ'ਐਵਾਰਡ ਲਈ ਚੁਣਿਆ ਗਿਆ। ਬਲੀਬਰ ਨੇ ਲੰਡਨ 1948, ਹੇਲਸਿੰਕੀ 1952 ਤੇ ਮੈਲਬੋਰਨ 1956 ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ। ਉਹ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਕੋਚ ਵੀ ਸੀ।
ਨਿਰਮਲਾ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਾਰੀ, ਚਾਂਦੀ ਤਮਗਾ ਮਿਲਿਆ
NEXT STORY