ਸਪੋਰਟਸ ਡੈੱਕਸ— ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਭਾਰਤੀ ਟੀਮ ਦੀ ਵਨ ਡੇ ਜਿੱਤ ਤੋਂ ਬਾਅਦ ਸਵਾਲ ਉਠਾਏ। ਉਨ੍ਹਾਂ ਨੇ ਸਿੱਧਾ ਆਸਟਰੇਲੀਆ ਕ੍ਰਿਕਟ ਬੋਰਡ 'ਤੇ ਨਿਸ਼ਾਨਾ ਵਿੰਨ੍ਹਿਆ। 5 ਵਾਰ ਦੀ ਗ੍ਰੈਂਡਸਲੈਮ ਜੇਤੂ ਮਾਰੀਆ ਸ਼ਾਰਾਪੋਵਾ ਨੇ ਪਿਛਲੀ ਚੈਂਪੀਅਨ ਵੋਜਿਨਆਕੀ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ।
ਗਾਵਸਕਰ ਨੇ ਟੀਮ ਇੰਡੀਆ ਦੀ ਵਨ ਡੇ ਜਿੱਤ ਤੋਂ ਬਾਅਦ ਸਵਾਲ ਉਠਾਏ, ਕੋਈ ਇਨਾਮੀ ਰਾਸ਼ੀ ਨਹੀਂ

ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਨੇ ਮੇਜ਼ਬਾਨ ਆਸਟਰੇਲੀਆ ਨੂੰ ਇਸ ਗੱਲ ਲਈ ਫਿਟਕਾਰਿਆ ਕਿ ਉਸ ਨੇ ਭਾਰਤੀ ਟੀਮ ਦੇ ਇਤਿਹਾਸਕ ਲੜੀ ਜਿੱਤਣ ਤੋਂ ਬਾਅਦ ਕੋਈ ਨਕਦ ਇਨਾਮ ਦਾ ਐਲਾਨ ਨਹੀਂ ਕੀਤਾ। ਉਸ ਨੇ ਕਿਹਾ ਕਿ ਖਿਡਾਰੀ ਉਸ ਮਾਲੀਆ ਦਾ ਹਿੱਸੇਦਾਰ ਹੈ, ਜਿਸ ਨੂੰ ਇਕੱਠਾ ਕਰਨ ਵਿਚ ਉਹ ਮਦਦ ਕਰਦਾ ਹੈ। ਭਾਰਤ ਨੇ ਆਸਟਰੇਲੀਆ ਨੂੰ ਪਹਿਲੀ ਵਾਰ ਵਨ ਡੇ ਸੀਰੀਜ਼ 'ਚ 2-1 ਨਾਲ ਹਰਾਇਆ। 'ਮੈਨ ਆਫ ਦ ਮੈਚ' ਯੁਜਵੇਂਦਰ ਚਾਹਲ ਤੇ 'ਮੈਨ ਆਫ ਦ ਸੀਰੀਜ਼' ਮਹਿੰਦਰ ਸਿੰਘ ਧੋਨੀ ਨੂੰ ਮੈਚ ਤੋਂ ਬਾਅਦ 500-500 ਡਾਲਰ ਦਿੱਤੇ ਗਏ।
ਚਾਹਲ-ਧੋਨੀ ਨੇ ਭਾਰਤ ਨੂੰ ਦਿਵਾਈ ਇਤਿਹਾਸਕ ਜਿੱਤ

ਲੈੱਗ ਸਪਿਨਰ ਯੁਜਵੇਂਦਰ ਚਾਹਲ (42 ਦੌੜਾਂ 'ਤੇ 6 ਵਿਕਟਾਂ) ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਅਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀਆਂ ਅਜੇਤੂ 87 ਦੌੜਾਂ ਤੇ ਕੇਦਾਰ ਜਾਧਵ ਦੀਆਂ 61 ਦੌੜਾਂ ਦੀਆਂ ਜ਼ਬਰਦਸਤ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੀ ਬਦੌਲਤ ਭਾਰਤ ਨੇ ਆਸਟਰੇਲੀਆ ਨੂੰ ਸ਼ੁੱਕਰਵਾਰ ਨੂੰ ਤੀਜੇ ਤੇ ਫੈਸਲਾਕੁੰਨ ਵਨ ਡੇ ਕ੍ਰਿਕਟ ਮੈਚ ਵਿਚ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 2-1 ਨਾਲ ਇਤਿਹਾਸਕ ਜਿੱਤ ਦਰਜ ਕਰ ਲਈ।
ਭਾਰਤ ਨੇ ਸੀਰੀਜ਼ ਦਾ ਪਹਿਲਾ ਮੈਚ ਹਾਰ ਜਾਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਅਗਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ। ਭਾਰਤ ਨੇ ਇਸ ਤਰ੍ਹਾਂ ਪਹਿਲੀ ਵਾਰ ਆਸਟਰੇਲੀਆ ਦੀ ਧਰਤੀ 'ਤੇ ਦੋ-ਪੱਖੀ ਵਨ ਡੇ ਸੀਰੀਜ਼ ਵਿਚ ਜਿੱਤ ਹਾਸਲ ਕੀਤੀ। ਭਾਰਤ ਨੇ ਇਸ ਤੋਂ ਪਹਿਲਾਂ ਆਸਟਰੇਲੀਆ ਵਿਚ ਪਹਿਲੀ ਵਾਰ ਟੈਸਟ ਸੀਰੀਜ਼ 2-1 ਨਾਲ ਜਿੱਤੀ ਸੀ।
ਸਾਇਨਾ ਸੈਮੀਫਾਈਨਲ 'ਚ, ਸ਼੍ਰੀਕਾਂਤ ਬਾਹਰ

ਸੱਤਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸ਼ੁੱਕਰਵਾਰ ਦੂਜਾ ਦਰਜਾ ਪ੍ਰਾਪਤ ਜਾਪਾਨ ਦੀ ਨੋਜ਼ੋਮੀ ਓਕੂਹਾਰਾ ਨੂੰ ਲਗਾਤਾਰ ਸੈੱਟਾਂ ਵਿਚ 21-18, 23-21 ਨਾਲ ਹਰਾ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਪੁਰਸ਼ ਵਰਗ ਵਿਚ ਸੱਤਵਾਂ ਦਰਜਾ ਪ੍ਰਾਪਤ ਭਾਰਤ ਦਾ ਕਿਦਾਂਬੀ ਸ਼੍ਰੀਕਾਂਤ ਬਾਹਰ ਹੋ ਗਿਆ।
ਸਾਇਨਾ ਨੇ ਹਾਲ ਹੀ ਦੇ ਸਾਲਾਂ ਵਿਚ ਆਪਣੀ ਸਖਤ ਵਿਰੋਧਣ ਬਣ ਚੁੱਕੀ ਓਕੂਹਾਰਾ ਨੂੰ 48 ਮਿੰਟ ਵਿਚ ਹਰਾਇਆ। ਵਿਸ਼ਵ ਵਿਚ 9ਵੇਂ ਨੰਬਰ ਦੀ ਸਾਇਨਾ ਦਾ ਦੂਜੀ ਰੈਂਕਿੰਗ ਦੀ ਓਕੂਹਾਰਾ ਵਿਰੁੱਧ ਹੁਣ 9-4 ਦਾ ਕਰੀਅਰ ਰਿਕਾਰਡ ਹੋ ਗਿਆ ਹੈ। ਸਾਇਨਾ ਦੀ ਓਕੂਹਾਰਾ ਵਿਰੁੱਧ ਇਹ ਲਗਾਤਾਰ ਤੀਜੀ ਜਿੱਤ ਹੈ। ਇਸ ਵਿਚਾਲੇ ਪੁਰਸ਼ ਵਰਗ ਵਿਚ ਸ਼੍ਰੀਕਾਂਤ ਦੀ ਹਾਰ ਦੇ ਨਾਲ ਭਾਰਤੀ ਚੁਣੌਤੀ ਖਤਮ ਹੋ ਗਈ। ਸ਼੍ਰੀਕਾਂਤ ਨੂੰ ਚੌਥੀ ਸੀਡ ਕੋਰੀਆ ਦੇ ਸੋਨ ਵਾਨ ਹੋ ਨੇ 1 ਘੰਟਾ 12 ਮਿੰਟ ਵਿਚ 21-23, 21-16, 21-17 ਨਾਲ ਹਰਾਇਆ।
ਨਡਾਲ, ਫੈਡਰਰ ਤੇ ਸ਼ਾਰਾਪੋਵਾ ਪ੍ਰੀ-ਕੁਆਰਟਰ ਫਾਈਨਲ 'ਚ

ਦੂਜਾ ਦਰਜਾ ਪ੍ਰਾਪਤ ਸਪੇਨ ਦੇ ਰਾਫੇਲ ਨਡਾਲ, ਤੀਜੀ ਸੀਡ ਤੇ ਸਾਬਕਾ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਾਬਕਾ ਮਹਿਲਾ ਚੈਂਪੀਅਨ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸ਼ੁੱਕਰਵਾਰ ਸ਼ਾਨਦਾਰ ਜਿੱਤਾਂ ਨਾਲ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਆਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ।
ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਲਈ ਤਿਆਰ : ਧੋਨੀ

ਭਾਰਤ ਦੀ ਆਸਟਰੇਲੀਆ ਵਿਰੁੱਧ ਵਨ ਡੇ ਸੀਰੀਜ਼ ਵਿਚ ਇਤਿਹਾਸਕ ਜਿੱਤ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਉਹ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਕਰਨ ਲਈ ਤਿਆਰ ਹੈ। ਧੋਨੀ ਨੇ ਤੀਜੇ ਮੈਚ 'ਚ ਜੇਤੂ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਧੋਨੀ ਨੇ ਕਿਹਾ, ''ਮੈਂ ਨੰਬਰ 4 ਤੋਂ ਲੈ ਕੇ ਨੰਬਰ 6 ਤਕ ਕਿਸੇ ਵੀ ਕ੍ਰਮ 'ਤੇ ਖੇਡ ਸਕਦਾ ਹਾਂ। ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਟੀਮ ਦਾ ਸੰਤੁਲਨ ਕਿਸ ਤਰ੍ਹਾਂ ਬਰਕਰਾਰ ਰੱਖਿਆ ਜਾ ਸਕਦਾ ਹੈ। ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਨੂੰ ਇੱਥੇ ਬੱਲੇਬਾਜ਼ੀ ਕਰਨੀ ਹੈ, ਜਿੱਥੇ ਟੀਮ ਨੂੰ ਮੇਰੀ ਲੋੜ ਹੈ। ਮੈਂ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ 'ਤੇ ਵੀ ਖੁਸ਼ ਹਾਂ।'' ਤੀਜੇ ਮੈਚ 'ਚ ਕੇਦਾਰ ਜਾਧਵ ਦੇ ਨਾਲ ਸੈਂਕੜੇ ਸਾਂਝੇਦਾਰੀ ਦੇ ਲਈ ਧੋਨੀ ਨੇ ਕਿਹਾ ਇਹ ਧੀਮਾ ਵਿਕਟ ਸੀ ਤੇ ਹਿਟਿੰਗ ਆਸਾਨ ਨਹੀਂ ਸੀ। ਮੈਚ ਨੂੰ ਆਖਰ ਤੱਕ ਲੈ ਕੇ ਜਾਣਾ ਮਹੱਤਵਪੂਰਨ ਸੀ। ਕੇਦਾਰ ਨੇ ਸ਼ਾਨਦਾਰ ਪਾਰੀ ਤੇ ਕੁਝ ਵਧੀਆ ਸ਼ਾਟ ਲਗਾਏ।
ਮੌਕਾ ਮਿਲੇ ਤਾਂ ਕੁਝ ਸਾਬਕਾ ਖਿਡਾਰੀ PCB 'ਚ ਟਾਇਲਟ 'ਚ ਵੀ ਕੰਮ ਕਰਨ ਨੂੰ ਤਿਆਰ ਹੋਣਗੇ : ਅਹਿਮਦ

ਸਾਬਕਾ ਟੈਸਟ ਤੇਜ਼ ਗੇਂਦਬਾਜ਼ ਤਨਵੀਰ ਅਹਿਮਦ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੁਝ ਸਾਬਕਾ ਕ੍ਰਿਕਟਰਾਂ ਨੂੰ ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਵਿਚ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਟਾਇਲਟ ਵਿਚ ਵੀ ਕੰਮ ਕਰਨ ਨੂੰ ਤਿਆਰ ਹੋਣਗੇ। ਉਸ ਨੇ ਕਿਹਾ ਕਿ ਇਹ ਮੇਰਾ ਨਿੱਜੀ ਵਿਚਾਰ ਹੈ ਪਰ ਇਸ ਵਿਚ ਗਲਤ ਕੀ ਹੈ। ਮੇਰਾ ਮੰਨਣਾ ਹੈ ਕਿ ਕੁਝ ਸਾਬਕਾ ਖਿਡਾਰੀ ਬੋਰਡ ਵਿਚ ਰੋਜ਼ਗਾਰ ਦੇ ਮੌਕੇ ਲਈ ਬਹੁਤ ਹੀ ਬੇਤਾਬ ਹਨ, ਉਹ ਇੱਥੇ ਤੱਕ ਕਿ ਟਾਇਲਟ 'ਚ ਵੀ ਕਰ ਲੈਣਗੇ।
ਸਪੇਨ ਦੌਰੇ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਹਾਕੀ ਇੰਡੀਆ ਨੇ ਸਪੇਨ ਦੌਰੇ ਦੇ ਲਈ ਸ਼ੁੱਕਰਵਾਰ ਨੂੰ 18 ਮੈਂਬਰੀ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। 26 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੌਰੇ ਦੇ ਲਈ ਰਾਣੀ ਨੂੰ ਕਪਤਾਨ ਤੇ ਸਵਿਤਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ ਸਪੇਨ ਦੇ ਨਾਲ 4 ਮੈਚ ਖੇਡੇਗੀ ਤਾਂ ਉਸਦੇ 2 ਮੈਚ ਮਹਿਲਾ ਹਾਕੀ ਵਿਸ਼ਵ ਕੱਪ 2018 ਦੀ ਉਪ ਜੇਤੂ ਆਇਰਲੈਂਡ ਦੇ ਨਾਲ ਖੇਡੇਗੀ। ਭਾਰਤੀ ਟੀਮ 24 ਜਨਵਰੀ ਨੂੰ ਬੈਂਗਲੁਰੂ ਤੋਂ ਸਪੇਨ ਦੌਰੇ ਦੇ ਲਈ ਰਵਾਨਾ ਹੋਵੇਗੀ, ਜਿੱਥੇ ਉਹ ਪਿਛਲੇ 2 ਹਫਤੇ ਤੋਂ ਰਾਸ਼ਟਰੀ ਕੈਂਪ ਦੇ ਲਈ ਰੁੱਕੀ ਹੋਈ ਸੀ। ਸਪੇਨ ਦੌਰੇ ਦੇ ਲਈ ਭਾਰਤੀ ਟੀਮ 'ਚ ਡਿਫੇਂਡਰ ਸੁਸ਼ੀਲਾ ਚਾਨੂ ਦੀ ਵਾਪਸੀ ਹੋਈ ਹੈ, ਜੋ ਸੱਟ ਲੱਗਣ ਦੇ ਕਾਰਨ ਪਿਛਲੇ ਸਾਲ 2018 ਮਹਿਲਾ ਵਿਸ਼ਵ ਕੱਪ ਤੇ ਜਕਾਰਤਾ 'ਚ ਹੋਏ 18ਵੇਂ ਏਸ਼ੀਆਈ ਖੇਡਾਂ 'ਚ ਸ਼ਾਮਲ ਨਹੀਂ ਹੋਈ ਸੀ।
ਆਲੋਚਨਾ ਕਰਨ ਵਾਲਿਆਂ ਨੂੰ ਜਵਾਬ ਦੇਵਾਂਗਾ : ਸ਼ਾਸਤਰੀ

ਭਾਰਤ ਦਾ ਮੁੱਖ ਕੋਚ ਰਵੀ ਸ਼ਾਸਤਰੀ ਹਾਲਾਂਕਿ ਜਵਾਬ ਦੇਣ ਵਿਚ ਭਰੋਸਾ ਨਹੀਂ ਕਰਦਾ ਪਰ ਉਸ ਨੇ ਸਪੱਸ਼ਟ ਕੀਤਾ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਰਾਸ਼ਟਰੀ ਟੀਮ ਦੀ ਆਲੋਚਨਾ ਕਿਸੇ ਏਜੰਡੇ ਦੇ ਤਹਿਤ ਕੀਤੀ ਜਾ ਰਹੀ ਹੈ ਤਾਂ ਉਹ ਉਸਦਾ ਸਿੱਧਾ ਜਵਾਬ ਦੇਵੇਗਾ। ਸ਼ਾਸਤਰੀ ਨੇ ਵਿਰਾਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਨਾਲ ਉਹ ਬੱਲੇਬਾਜ਼ੀ ਕਰਦਾ ਹੈ, ਉਹ 'ਵਿਵੀਅਨ ਰਿਚਰਡਸਨ' ਦੇ ਨੇੜੇ ਆਉਂਦਾ ਹੈ।
ਸੈਲੀਬ੍ਰਿਟੀ ਡੇਟਿੰਗ ਐਪ 'ਤੇ ਸਰਗਰਮ ਹੋਇਆ ਇੰਗਲੈਂਡ ਦਾ ਕ੍ਰਿਕਟਰ ਸਟੂਅਰਟ ਬ੍ਰਾਡ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਇਨ੍ਹਾਂ ਦਿਨਾਂ ਵਿਚ ਸੈਲੀਬ੍ਰਿਟੀ ਡੇਟਿੰਗ ਐਪ 'ਤੇ ਬਣੇ ਆਪਣੇ ਅਕਾਊਂਟ ਕਾਰਨ ਚਰਚਾ ਵਿਚ ਹੈ। ਉਕਤ ਅਕਾਊਂਟ ਵਿਚ ਬ੍ਰਾਡ ਨੇ ਖੁਦ ਨੂੰ ਸਿੰਗਲ, ਲੋਕੇਸ਼ਨ ਨਾਟਿੰਘਮ (ਜਿੱਥੋਂ ਉਹ ਘਰੇਲੂ ਕ੍ਰਿਕਟ ਖੇਡਦਾ ਹੈ) ਤੇ ਪ੍ਰੋਫੈਸ਼ਨ ਵਿਚ ਕ੍ਰਿਕਟਰ ਦੱਸਿਆ ਹੈ। ਬ੍ਰਾਡ ਦੀ ਡੇਟਿੰਗ ਐਪ 'ਤੇ ਆਉਂਦੇ ਹੀ ਇਹ ਖਬਰ ਸੋਸ਼ਲ ਸਾਈਟਸ 'ਤੇ ਫੈਲ ਗਈ, ਜਿਸ ਤੋਂ ਬਾਅਦ ਬ੍ਰਾਡ ਦੀ ਸਾਬਕਾ ਗਰਲਫ੍ਰੈਂਡ ਮੌਲੀ ਕਿੰਗ ਟ੍ਰੈਂਡ ਕਰਨ ਲੱਗੀ।
ਥਾਈਲੈਂਡ ਵਿਰੁੱਧ ਸ਼ੇਤਰੀ ਦਾ ਗੋਲ ਏਸ਼ੀਆ ਕੱਪ ਦੇ 10 ਬੈਸਟ ਗੋਲਾਂ 'ਚੋਂ ਇਕ

ਥਾਈਲੈਂਡ ਵਿਰੁੱਧ ਭਾਰਤ ਦੀ 4-1 ਨਾਲ ਜਿੱਤ ਵਿਚ ਸੁਨੀਲ ਸ਼ੇਤਰੀ ਦਾ ਦੂਜਾ ਗੋਲ ਏਸ਼ੀਆ ਕੱਪ ਦੇ ਗਰੁੱਪ ਗੇੜ 'ਚ 10 ਬੈਸਟ ਗੋਲਾਂ ਵਿਚੋਂ ਇਕ ਨਾਮਜ਼ਦ ਕੀਤਾ ਗਿਆ ਹੈ। ਫੁੱਟਬਾਲ ਪ੍ਰੇਮੀਆਂ ਨੂੰ ਏਸ਼ੀਆਈ ਫੁੱਟਬਾਲ ਸੰਘ ਦੀ ਵੈੱਬਸਾਈਟ 'ਤੇ ਜਾ ਕੇ ਬੈਸਟ ਗੋਲ ਲਈ ਵੋਟ ਕਰਨ ਨੂੰ ਕਿਹਾ ਗਿਆ ਹੈ। ਸ਼ੇਤਰੀ ਦਾ 105 ਮੈਚਾਂ ਵਿਚ ਭਾਰਤ ਲਈ ਇਹ 67ਵਾਂ ਗੋਲ ਸੀ। ਉਹ ਸਰਗਰਮ ਫੁੱਟਬਾਲਰਾਂ 'ਚ ਸਭ ਤੋਂ ਵੱਧ ਗੋਲ ਕਰਨ ਵਾਲੇ ਕ੍ਰਿਸਟੀਆਨੋ ਰੋਨਾਲਡੋ ਤੋਂ ਬਾਅਦ ਦੁਨੀਆ ਦਾ ਦੂਜਾ ਫੁੱਟਬਾਲਰ ਬਣ ਗਿਆ। ਉਸ ਨੇ ਲਿਓਨਿਲ ਮੇਸੀ (128 ਮੈਚਾਂ 'ਚ 65 ਗੋਲ) ਨੂੰ ਪਛਾੜਿਆ। ਰੋਨਾਲਡੋ ਦੇ 154 ਮੈਚਾਂ ਵਿਚ 85 ਗੋਲ ਹਨ।
ਥਾਈਲੈਂਡ ਵਿਰੁੱਧ ਸ਼ੇਤਰੀ ਦਾ ਗੋਲ ਏਸ਼ੀਆ ਕੱਪ ਦੇ 10 ਬੈਸਟ ਗੋਲਾਂ 'ਚੋਂ ਇਕ
NEXT STORY