ਸਪੋਰਟਸ ਡੈਸਕ : ਆਸਟ੍ਰੇਲੀਆ ਨੇ ਭਾਰਤ ਅਤੇ ਸ਼੍ਰੀਲੰਕਾ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਆਈਸੀਸੀ (ICC) ਮੈੱਨਜ਼ ਟੀ-20 ਵਿਸ਼ਵ ਕੱਪ 2026 ਲਈ ਆਪਣੀ 15 ਮੈਂਬਰੀ ਪ੍ਰੋਵੀਜ਼ਨਲ (ਆਰਜ਼ੀ) ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਮਿਚੇਲ ਮਾਰਸ਼ ਨੂੰ ਸੌਂਪੀ ਗਈ ਹੈ। ਇਸ ਟੀਮ ਵਿੱਚ ਪੈਟ ਕਮਿੰਸ, ਕੈਮਰਨ ਗ੍ਰੀਨ ਅਤੇ ਕੂਪਰ ਕਾਨੋਲੀ ਦੀ ਵਾਪਸੀ ਹੋਈ ਹੈ, ਜੋ ਭਾਰਤ ਵਿਰੁੱਧ ਹਾਲੀਆ ਟੀ-20 ਸੀਰੀਜ਼ ਦਾ ਹਿੱਸਾ ਨਹੀਂ ਸਨ। ਚੋਣ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਸਪੱਸ਼ਟ ਕੀਤਾ ਕਿ ਟੀਮ ਦੀ ਚੋਣ ਭਾਰਤ ਅਤੇ ਸ਼੍ਰੀਲੰਕਾ ਦੀਆਂ ਪਿੱਚਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।
ਇਸ ਵਾਰ ਆਸਟ੍ਰੇਲੀਆਈ ਚੋਣਕਾਰਾਂ ਨੇ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿਨਰਾਂ 'ਤੇ ਜ਼ਿਆਦਾ ਭਰੋਸਾ ਜਤਾਇਆ ਹੈ। ਸ਼੍ਰੀਲੰਕਾ ਵਿੱਚ ਹੋਣ ਵਾਲੇ ਮੈਚਾਂ ਵਿੱਚ ਸਪਿਨ ਦੇ ਦਬਦਬੇ ਨੂੰ ਦੇਖਦਿਆਂ ਵਾਧੂ ਸਪਿਨ ਵਿਕਲਪ ਰੱਖੇ ਗਏ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਟੀਮ ਵਿੱਚ ਕੋਈ ਵੀ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਸ਼ਾਮਲ ਨਹੀਂ ਹੈ, ਕਿਉਂਕਿ ਮਿਚੇਲ ਸਟਾਰਕ ਸੰਨਿਆਸ ਲੈ ਚੁੱਕੇ ਹਨ ਅਤੇ ਸਪੈਂਸਰ ਜੌਹਨਸਨ ਸੱਟ ਕਾਰਨ ਬਾਹਰ ਹਨ। ਜੇਵੀਅਰ ਬਾਰਟਲੇਟ, ਮੈਥਿਊ ਸ਼ਾਰਟ ਅਤੇ ਮੈਥਿਊ ਕੁਹਨਮੈਨ ਇਸ ਟੂਰਨਾਮੈਂਟ ਰਾਹੀਂ ਆਪਣਾ ਵਿਸ਼ਵ ਕੱਪ ਡੈਬਿਊ ਕਰ ਸਕਦੇ ਹਨ।
ਖਿਡਾਰੀਆਂ ਦੀ ਫਿਟਨੈਸ ਫਿਲਹਾਲ ਆਸਟ੍ਰੇਲੀਆ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਪੈਟ ਕਮਿੰਸ ਦੀ ਪਿੱਠ ਦੀ ਸੱਟ ਅਤੇ ਜੋਸ਼ ਹੇਜ਼ਲਵੁੱਡ ਤੇ ਟਿਮ ਡੇਵਿਡ ਦੀ ਹੈਮਸਟ੍ਰਿੰਗ ਸੱਟ 'ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਵਾਰ ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਕੂਪਰ ਕਾਨੌਲੀ ਜਿਸ ਨੂੰ ਪੰਜਾਬ ਕਿੰਗਜ਼ ਨੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ, ਉਸ ਦੀ ਵਾਪਸੀ ਹੋਈ ਹੈ। ਕੂਪਰ ਕਾਨੌਲੀ ਨੂੰ ਆਸਟ੍ਰੇਲੀਆ ਦੀ ਪਿਛਲੀ ਟੀ20 ਸੀਰੀਜ਼ 'ਚ ਜਗ੍ਹਾ ਨਹੀਂ ਮਿਲੀ ਸੀ। ਆਈਸੀਸੀ ਦੇ ਨਿਯਮਾਂ ਅਨੁਸਾਰ 31 ਜਨਵਰੀ ਤੱਕ ਟੀਮ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ। ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਪਾਕਿਸਤਾਨ ਵਿਰੁੱਧ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੇਗੀ।
ਆਸਟ੍ਰੇਲੀਆ ਦਾ ਸਕੁਐਡ: ਮਿਚੇਲ ਮਾਰਸ਼ (ਕਪਤਾਨ), ਜੇਵੀਅਰ ਬਾਰਟਲੇਟ, ਕੂਪਰ ਕਾਨੋਲੀ, ਪੈਟ ਕਮਿੰਸ, ਟਿਮ ਡੇਵਿਡ, ਕੈਮਰਨ ਗ੍ਰੀਨ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨਮੈਨ, ਗਲੇਨ ਮੈਕਸਵੈੱਲ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ਾਂਪਾ।
ਜਨਵਰੀ 2026 'ਚ ਟੀਮ ਇੰਡੀਆ ਖੇਡੇਗੀ 8 ਕ੍ਰਿਕਟ ਮੁਕਾਬਲੇ, ਨੋਟ ਕਰ ਲਵੋ ਇਸ ਮਹੀਨੇ ਦਾ ਪੂਰਾ ਸ਼ਡਿਊਲ
NEXT STORY