ਸਪੋਰਟਸ ਡੈਸਕ- ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਦੇ ਆਈ.ਪੀ.ਐੱਲ. ਮੁਕਾਬਲੇ 'ਚ ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਮੁੰਬਈ ਦੇ ਗੇਂਦਬਾਜ਼ਾਂ ਨੂੰ ਧੋ ਕੇ ਰੱਖ ਦਿੱਤਾ। ਇਸ ਮੁਕਾਬਲੇ 'ਚ ਮੁੰਬਈ ਨੇ ਟਾਸ ਜਿੱਤ ਕੇ ਹੈਦਰਾਬਾਦ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਹੈਦਰਾਬਾਦ ਦੇ ਬੱਲੇਬਾਜ਼ਾਂ ਨੇ ਇਸ ਮੌਕੇ ਨੂੰ ਖੁੱਲ੍ਹੇ ਦਿਲ ਨਾਲ ਕਬੂਲ ਕੀਤਾ ਤੇ ਮੁੰਬਈ ਦੇ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ। ਬੱਲੇਬਾਜ਼ਾਂ ਨੇ ਇੰਨਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਕਿ 11 ਸਾਲ ਪੁਰਾਣੇ ਰਿਕਾਰਡ ਨੂੰ ਵੀ ਤੋੜ ਦਿੱਤਾ।
ਓਪਨਿੰਗ ਕਰਨ ਆਏ ਮਯੰਕ ਅਗਰਵਾਲ ਜ਼ਿਆਦਾ ਕੁਝ ਨਹੀਂ ਕਰ ਸਕੇ ਤੇ 13 ਗੇਂਦਾਂ 'ਚ ਸਿਰਫ਼ 11 ਦੌੜਾਂ ਹੀ ਬਣਾ ਸਕੇ। ਉਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਟ੍ਰੈਵਿਸ ਹੈੱਡ ਤੇ ਅਭਿਸ਼ੇਕ ਸ਼ਰਮਾ ਨੇ ਤਾਬੜਤੋੜ ਬੱਲੇਬਾਜ਼ੀ ਕੀਤੀ। ਦੋਵਾਂ ਨੇ ਮੁੰਬਈ ਦੇ ਗੇਂਦਬਾਜ਼ਾਂ ਦੀ ਰੂਹ ਨਾਲ ਖ਼ਬਰ ਲਈ ਤੇ ਮੈਦਾਨ ਦੇ ਚਾਰੋਂ ਪਾਸੇ ਚੌਕੇ-ਛੱਕੇ ਲਗਾਏ।
ਖੱਬੇ ਹੱਥ ਦੇ ਦੋਵਾਂ ਬੱਲੇਬਾਜ਼ਾਂ ਨੇ 4 ਤੋਂ ਵੀ ਘੱਟ ਓਵਰਾਂ 'ਚ 68 ਦੌੜਾਂ ਦੀ ਤੂਫ਼ਾਨੀ ਸਾਂਝੇਦਾਰੀ ਕੀਤੀ ਤੇ ਟੀਮ ਲਈ ਵੱਡੇ ਸਕੋਰ ਦੀ ਨੀਂਹ ਰੱਖੀ। ਇਸ ਤੋਂ ਬਾਅਦ ਟ੍ਰੈਵਿਸ ਹੈੱਡ 24 ਗੇਂਦਾਂ 'ਚ 62 ਦੌੜਾਂ ਬਣਾ ਕੇ ਆਊਟ ਹੋ ਗਿਆ। ਉਸ ਨੇ ਆਪਣੀ ਪਾਰੀ 'ਚ 9 ਚੌਕੇ ਤੇ 3 ਛੱਕੇ ਲਗਾਏ।
ਅਭਿਸ਼ੇਕ ਸ਼ਰਮਾ ਵੀ 11ਵੇਂ ਓਵਰ 'ਚ ਆਊਟ ਹੋ ਗਿਆ, ਪਰ ਆਊਟ ਹੋਣ ਤੋਂ ਪਹਿਲਾਂ ਉਸ ਨੇ ਮੈਦਾਨ 'ਤੇ ਜੋ ਤੂਫ਼ਾਨ ਲਿਆਂਦਾ, ਉਸ 'ਚ ਮੁੰਬਈ ਦੇ ਗੇਂਦਬਾਜ਼ ਉੱਡਦੇ ਹੋਏ ਨਜ਼ਰ ਆਏ। ਉਸ ਨੇ ਸਿਰਫ਼ 23 ਗੇਂਦਾਂ 'ਚ 3 ਚੌਕਿਆਂ ਤੇ 7 ਲੰਬੇ ਛੱਕਿਆਂ ਦੀ ਮਦਦ ਨਾਲ 63 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ।
ਅਭਿਸ਼ੇਕ ਦੇ ਆਊਟ ਹੋਣ ਤੋਂ ਬਾਅਦ ਏਡਨ ਮਾਰਕ੍ਰਮ ਤੇ ਹੈਨਰਿਕ ਕਲਾਸੇਨ ਨੇ ਟੀਮ ਲਈ ਤੇਜ਼ੀ ਨਾਲ ਦੌੜਾਂ ਬਣਾਈਆਂ। ਦੋਵਾਂ ਨੇ ਅਖ਼ੀਰ ਤੱਕ ਬੱਲੇਬਾਜ਼ੀ ਕੀਤੀ ਤੇ ਮੁੰਬਈ ਦੇ ਗੇਂਦਬਾਜ਼ਾਂ ਦਾ ਕੁਟਾਪਾ ਜਾਰੀ ਰੱਖਿਆ। ਏਡਨ ਮਾਰਕ੍ਰਮ ਨੇ 28 ਗੇਂਦਾਂ 'ਚ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ ਨਾਬਾਦ 42, ਜਦਕਿ ਹੈਨਰਿਕ ਕਲਾਸੇਨ ਨੇ ਪਿਛਲੇ ਮੈਚ ਵਾਂਗ ਹੀ ਚੌਕਿਆਂ-ਛੱਕਿਆਂ ਨਾਲ ਹੀ ਦੌੜਾਂ ਬਣਾਈਆਂ ਤੇ 34 ਗੇਂਦਾਂ 'ਚ 4 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਨਾਬਾਦ 80 ਦੌੜਾਂ ਦੀ ਵੱਡੀ ਲੰਬੀ ਤੇ ਤੇਜ਼ ਪਾਰੀ ਖੇਡੀ।
ਇਸ ਤਰ੍ਹਾਂ ਹੈਦਰਾਬਾਦ ਦੇ ਸਾਰੇ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਬਣਾਉਂਦੇ ਹੋਏ ਟੀਮ ਦਾ ਸਕੋਰ 20 ਓਵਰਾਂ 'ਚ 277 ਤੱਕ ਪਹੁੰਚਾਇਆ, ਜੋ ਕਿ ਆਈ.ਪੀ.ਐੱਲ. ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਸਾਲ 2013 'ਚ ਵਿਰਾਟ ਕੋਹਲੀ ਦੀ ਕਪਤਾਨੀ 'ਚ ਰਾਇਲ ਚੈਲੰਜਰਜ਼ ਬੈਂਗਲੌਰ ਨੇ ਪੁਣੇ ਵਾਰੀਅਰਜ਼ ਦੇ ਖ਼ਿਲਾਫ਼ 263 ਦੌੜਾਂ ਬਣਾਈਆਂ ਸਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਟੀਮ ਸਕੋਰ ਸੀ। ਇਸ ਮੈਚ 'ਚ ਕ੍ਰਿਸ ਗੇਲ ਦੇ ਤੂਫ਼ਾਨ ਨੇ ਪੁਣੇ ਦੇ ਗੇਂਦਬਾਜ਼ਾਂ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ ਸੀ। ਉਸ ਨੇ 66 ਗੇਂਦਾਂ ਦੀ ਆਪਣੀ ਪਾਰੀ 'ਚ 13 ਚੌਕਿਆਂ ਤੇ 17 ਛੱਕਿਆਂ ਦੀ ਮਦਦ ਨਾਲ 175 ਦੌੜਾਂ ਦੀ ਨਾਬਾਦ ਪਾਰੀ ਖੇਡੀ ਸੀ, ਜੋ ਕਿ ਹੁਣ ਤੱਕ ਇਕ ਰਿਕਾਰਡ ਹੈ।
ਇਸ ਤੋਂ ਇਲਾਵਾ ਇਸ ਮੈਚ 'ਚ ਮੁੰਬਈ ਦੇ ਬੱਲੇਬਾਜ਼ਾਂ ਦੇ ਜੁਝਾਰੂਪਨ ਨੇ ਟੀਮ ਨੂੰ ਵੱਡੀ ਹਾਰ ਤੋਂ ਬਚਾ ਲਿਆ ਤੇ ਨੈੱਟ ਰਨ-ਰੇਟ ਨੂੰ ਜ਼ਿਆਦਾ ਹੇਠਾਂ ਡਿੱਗਣ ਤੋਂ ਰੋਕ ਲਿਆ। ਮੁੰਬਈ ਨੇ 20 ਓਵਰਾਂ 'ਚ 246 ਦੌੜਾਂ ਬਣਾ ਲਈਆਂ, ਪਰ ਟੀਮ 31 ਦੌੜਾਂ ਨਾਲ ਮੁਕਾਬਲਾ ਹਾਰ ਗਈ। ਪਰ ਇਸ ਦੇ ਬਾਵਜੂਦ ਇਸ ਮੈਚ ਦੇ ਨਾਂ ਇਕ ਹੋਰ ਰਿਕਾਰਡ ਹੋ ਗਿਆ ਹੈ। ਇਸ ਮੈਚ ਦੀਆਂ ਦੋਵਾਂ ਪਾਰੀਆਂ 'ਚ ਕੁੱਲ 523 ਦੌੜਾਂ ਬਣੀਆਂ, ਜੋ ਕਿ ਹੁਣ ਆਈ.ਪੀ.ਐੱਲ. ਇਤਿਹਾਸ 'ਚ ਇਕ ਨਵਾਂ ਕੀਰਤੀਮਾਨ ਹੈ। ਇਸ ਤੋਂ ਪਹਿਲਾਂ ਆਈ.ਪੀ.ਐੱਲ. ਦੇ ਕਿਸੇ ਵੀ ਮੁਕਾਬਲੇ 'ਚ 500 ਦੌੜਾਂ ਨਹੀਂ ਬਣੀਆਂ ਸਨ।
ਦੇਖੋ ਆਈ.ਪੀ.ਐੱਲ. ਇਤਿਹਾਸ ਦੇ ਹੁਣ ਤੱਕ ਦੇ ਸਭ ਤੋਂ ਵੱਧ ਟੀਮ ਸਕੋਰ
277/3 SRHvsMI (ਮਾਰਚ 2024)
263/5 RCBvsPW (ਅਪ੍ਰੈਲ 2013)
257/5 LSGvsPBKS (ਅਪ੍ਰੈਲ 2023)
248/3 RCBvsGL (ਮਈ 2016)
246/5 CSKvsRR (ਅਪ੍ਰੈਲ 2010)
245/6 KKRvsKXIP (ਮਈ 2018)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁੰਬਈ ਦੀ ਸ਼ਾਨਦਾਰ ਬੱਲੇਬਾਜ਼ੀ ਵੀ ਟੀਮ ਦੀ ਬੇੜੀ ਨਾ ਲਗਾ ਸਕੀ ਪਾਰ, ਜੁਝਾਰੂ ਪ੍ਰਦਰਸ਼ਨ ਦੇ ਬਾਵਜੂਦ SRH ਹੱਥੋਂ ਹਾਰੀ MI
NEXT STORY