ਸਪੋਰਟਸ ਡੈਸਕ : ਭਾਰਤ ਅਤੇ ਸ਼੍ਰੀਲੰਕਾ ਵਿੱਚ 7 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਟੀਮ ਦੇ ਸਟਾਰ ਗੇਂਦਬਾਜ਼ ਅਤੇ ਟੈਸਟ ਕਪਤਾਨ ਪੈਟ ਕਮਿੰਸ ਆਪਣੀ ਪਿੱਠ ਦੀ ਸੱਟ (ਬੋਨ ਸਟ੍ਰੈਸ ਇੰਜਰੀ) ਤੋਂ ਪੂਰੀ ਤਰ੍ਹਾਂ ਨਾ ਉਭਰਨ ਕਾਰਨ ਵਿਸ਼ਵ ਕੱਪ ਦੇ ਸ਼ੁਰੂਆਤੀ 2-3 ਮੈਚਾਂ ਵਿੱਚ ਨਹੀਂ ਖੇਡ ਸਕਣਗੇ।
ਕਮਿੰਸ ਨੂੰ ਇਹ ਸੱਟ ਐਸ਼ੇਜ਼ 2025-26 ਤੋਂ ਪਹਿਲਾਂ ਲੱਗੀ ਸੀ, ਜਿਸ ਕਾਰਨ ਉਹ ਇੰਗਲੈਂਡ ਵਿਰੁੱਧ ਪੰਜ ਵਿੱਚੋਂ ਸਿਰਫ਼ ਇੱਕ ਹੀ ਟੈਸਟ ਮੈਚ ਖੇਡ ਸਕੇ ਸਨ। ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਚੀਫ ਸਿਲੈਕਟਰ ਜਾਰਜ ਬੈਲੀ ਨੇ ਪੁਸ਼ਟੀ ਕੀਤੀ ਹੈ ਕਿ ਕਮਿੰਸ ਦੇ ਵਿਸ਼ਵ ਕੱਪ ਦੇ ਤੀਜੇ ਜਾਂ ਚੌਥੇ ਮੈਚ ਤੱਕ ਹੀ ਪਲੇਇੰਗ-11 ਵਿੱਚ ਵਾਪਸੀ ਦੇ ਆਸਾਰ ਹਨ। ਬੈਲੀ ਅਨੁਸਾਰ, ਕਮਿੰਸ ਟੂਰਨਾਮੈਂਟ ਦੇ ਸ਼ੁਰੂ ਵਿੱਚ ਟੀਮ ਨਾਲ ਨਹੀਂ ਹੋਣਗੇ ਅਤੇ ਬਾਅਦ ਵਿੱਚ ਸ਼੍ਰੀਲੰਕਾ ਪਹੁੰਚਣਗੇ।
ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਪਾਕਿਸਤਾਨੀ ਧਰਤੀ 'ਤੇ 29 ਜਨਵਰੀ ਤੋਂ 1 ਫਰਵਰੀ ਤੱਕ ਹੋਣ ਵਾਲੀ ਟੀ-20 ਸੀਰੀਜ਼ ਵਿੱਚ ਵੀ ਕਮਿੰਸ ਹਿੱਸਾ ਨਹੀਂ ਲੈਣਗੇ। ਆਸਟ੍ਰੇਲੀਆ ਨੇ ਆਪਣਾ ਵਿਸ਼ਵ ਕੱਪ ਅਭਿਆਨ 11 ਫਰਵਰੀ ਨੂੰ ਕੋਲੰਬੋ ਵਿੱਚ ਆਇਰਲੈਂਡ ਵਿਰੁੱਧ ਸ਼ੁਰੂ ਕਰਨਾ ਹੈ, ਪਰ ਕਮਿੰਸ ਉਸ ਸਮੇਂ ਉਪਲਬਧ ਨਹੀਂ ਹੋਣਗੇ।
ਕਮਿੰਸ ਤੋਂ ਇਲਾਵਾ ਆਸਟ੍ਰੇਲੀਆ ਨੇ ਪਾਕਿਸਤਾਨ ਵਿਰੁੱਧ ਸੀਰੀਜ਼ ਲਈ ਜੋਸ਼ ਹੇਜ਼ਲਵੁੱਡ, ਗਲੇਨ ਮੈਕਸਵੈੱਲ, ਟਿਮ ਡੇਵਿਡ ਅਤੇ ਨਾਥਨ ਐਲਿਸ ਨੂੰ ਵੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਹੈ। ਜਿੱਥੇ ਹੇਜ਼ਲਵੁੱਡ ਅਤੇ ਡੇਵਿਡ ਸੱਟਾਂ ਤੋਂ ਉਭਰ ਰਹੇ ਹਨ, ਉੱਥੇ ਹੀ ਗਲੇਨ ਮੈਕਸਵੈੱਲ ਅਤੇ ਐਲਿਸ ਨੂੰ ਵਰਕਲੋਡ ਮੈਨੇਜਮੈਂਟ ਦੇ ਤਹਿਤ ਆਰਾਮ ਦਿੱਤਾ ਗਿਆ ਹੈ ਤਾਂ ਜੋ ਉਹ ਵਿਸ਼ਵ ਕੱਪ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣ।
ਪੈਟ ਕਮਿੰਸ, ਜੋ IPL 2026 ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਦੇ ਕਪਤਾਨ ਹਨ, ਦੀ ਇਸ ਸੱਟ ਨੇ ਫਰੈਂਚਾਇਜ਼ੀ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ,। ਉਹ ਐਸ਼ੇਜ਼ ਦੌਰਾਨ ਐਡੀਲੇਡ ਟੈਸਟ ਵਿੱਚ ਵਾਪਸੀ ਕਰਕੇ 6 ਵਿਕਟਾਂ ਲੈਣ ਵਿੱਚ ਸਫਲ ਰਹੇ ਸਨ, ਪਰ ਦੁਬਾਰਾ ਸੱਟ ਕਾਰਨ ਉਹ ਬਾਕੀ ਟੈਸਟਾਂ ਤੋਂ ਬਾਹਰ ਹੋ ਗਏ ਸਨ। ਹੁਣ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਫਿਟਨੈਸ 'ਤੇ ਟਿਕੀਆਂ ਹੋਈਆਂ ਹਨ।
ਇੰਡੋਨੇਸ਼ੀਆ ਮਾਸਟਰਜ਼ : ਸਿੰਧੂ ਅਤੇ ਸ਼੍ਰੀਕਾਂਤ ਦੂਜੇ ਦੌਰ ਵਿੱਚ ਪਹੁੰਚੇ
NEXT STORY