ਜੋਹੋਰ ਬਾਰੂ (ਮਲੇਸ਼ੀਆ)— ਭਾਰਤੀ ਜੂਨੀਅਰ ਪੁਰਸ਼ ਟੀਮ ਨੂੰ ਸੁਲਤਾਨ ਜੋਹੋਰ ਕੱਪ ਅੰਡਰ-18 ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਸ਼ਨੀਵਾਰ ਨੂੰ ਇੱਥੇ ਬ੍ਰਿਟੇਨ ਨੇ 3-2 ਨਾਲ ਹਰਾ ਦਿੱਤਾ ਜਿਸ ਨਾਲ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤੀ ਟੀਮ ਨੇ ਹਾਲਾਂਕਿ ਆਪਣੇ ਪਿਛਲੇ ਪ੍ਰਦਰਸ਼ਨ 'ਚ ਸੁਧਾਰ ਕੀਤਾ ਹੈ ਜਦੋਂ ਉਸ ਨੇ ਕਾਂਸੀ ਤਮਗਾ ਜਿੱਤਿਆ ਸੀ। ਬ੍ਰਿਟੇਨ ਦੀ ਟੀਮ ਪਿਛਲੇ ਸੈਸ਼ਨ 'ਚ ਇਸ ਟੂਰਨਾਮੈਂਟ ਦੀ ਉਪ ਜੇਤੂ ਰਹੀ ਸੀ। ਫਾਈਨਲ ਮੈਚ ਦਾ ਨਤੀਜਾ ਵੀ ਦੋਹਾਂ ਟੀਮਾਂ ਦੇ ਸ਼ੁੱਕਰਵਾਰ ਨੂੰ ਹੋਏ ਆਖਰੀ ਲੀਗ ਮੈਚ ਦੀ ਤਰ੍ਹਾਂ ਹੀ ਰਿਹਾ। ਇਸ ਮੈਚ 'ਚ ਵੀ ਬ੍ਰਿਟੇਨ ਨੇ ਭਾਰਤ ਨੂੰ ਇਸੇ ਫਰਕ ਨਾਲ ਹਰਾਇਆ ਸੀ।
ਭਾਰਤੀ ਖਿਡਾਰੀਆਂ ਨੇ ਫਾਈਨਲ ਦੇ ਸ਼ੁਰੂਆਤੀ ਪਲਾਂ' ਚ ਪੈਨਲਟੀ ਕਾਰਨਰ ਹਾਸਲ ਕੀਤਾ। ਵਿਸ਼ਣੂਕਾਂਤ ਸਿੰਘ ਨੇ ਚੌਥੇ ਮਿੰਟ 'ਚ ਰਿਬਾਊਂਡ 'ਤੇ ਗੋਲ ਕਰਕੇ ਭਾਰਤ ਦਾ ਖਾਤਾ ਖੋਲਿਆ। ਟੀਮ ਹਾਲਾਂਕਿ ਇਸ ਬੜ੍ਹਤ ਨੂੰ ਜ਼ਿਆਦਾ ਦੇਰ ਤੱਕ ਬਰਕਰਾਰ ਨਹੀਂ ਰਖ ਸਕੀ ਅਤੇ ਸਤਵੇਂ ਮਿੰਟ 'ਚ ਡੈਨੀਅਲ ਵੇਸਟ ਨੇ ਬ੍ਰਿਟੇਨ ਲਈ ਮੈਦਾਨੀ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਦੂਜੇ ਕੁਆਰਟਰ 'ਚ ਵੀ ਖੇਡ ਬਰਾਬਰੀ ਦਾ ਰਿਹਾ ਜਿੱਥੇ ਦੋਹਾਂ ਟੀਮਾਂ ਨੇ ਇਕੋ ਤਰ੍ਹਾਂ ਦਾ ਦਮਖਮ ਦਿਖਾਇਆ ਅਤੇ ਇਕ ਦੂਜੇ ਨੂੰ ਸਖਤ ਚੁਣੌਤੀ ਦਿੱਤੀ ਪਰ ਕਿਸੇ ਨੂੰ ਵੀ ਗੋਲ ਕਰਨ ਦਾ ਮੌਕਾ ਨਹੀਂ ਮਿਲਿਆ।
ਬ੍ਰਿਟੇਨ ਦੀ ਟੀਮ ਨੇ ਤੀਜੇ ਕੁਆਰਟਰ 'ਚ ਆਪਣੀ ਖੇਡ ਦਾ ਪੱਧਰ ਉੱਚਾ ਕੀਤ। ਜੇਮਸ ਓਏਟੇਸ ਦੇ 39ਵੇਂ ਅਤੇ 43ਵੇਂ ਮਿੰਟ 'ਚ ਕੀਤੇ ਗਏ ਦੋ ਗੋਲ ਨੇ ਖੇਡ ਦਾ ਰੁਖ ਬਦਲ ਦਿੱਤਾ। ਇਸ ਕੁਆਰਟਰ 'ਚ ਬ੍ਰਿਟੇਨ ਨੇ ਆਪਣੀ ਬੜ੍ਹਤ 3-1 ਕਰ ਲਈ। ਭਾਰਤੀ ਟੀਮ ਨੇ ਚੌਥੇ ਕੁਆਰਟਰ 'ਚ ਵਾਪਸੀ ਦੀ ਪੂਰੀ ਕੋਸ਼ਿਸ ਕੀਤੀ ਪਰ ਟੀਮ ਨੂੰ ਸਫਲਤਾ 55ਵੇਂ ਮਿੰਟ ਮਿਲੀ ਜਦੋਂ ਅਭਿਸ਼ੇਕ ਦੇ ਗੋਲ ਤੋਂ ਸਕੋਰ 2-3 ਹੋ ਗਿਆ। ਇਸ ਤੋਂ ਬਾਅਦ ਹਾਲਾਂਕਿ ਭਾਰਤੀ ਟੀਮ ਨੂੰ ਗੋਲ ਕਰਨ 'ਚ ਸਫਲਤਾ ਨਹੀਂ ਮਿਲੀ।
ਭਾਰਤ ਅਤੇ ਚੀਨ ਵਿਚਾਲੇ ਗੋਲ ਰਹਿਤ ਰਿਹਾ ਫੁੱਟਬਾਲ ਮੈਚ
NEXT STORY