ਨਵੀਂ ਦਿੱਲੀ, (ਭਾਸ਼ਾ)– ਕ੍ਰਿਕਟ 18ਵੀਂ ਸਦੀ ਵਿਚ ਅਮਰੀਕਾ ਵਿਚ ਮਨੋਰੰਜਨ ਦਾ ਇਕ ਪ੍ਰਸਿੱਧ ਜ਼ਰੀਆ ਸੀ ਪਰ ਬੇਸਬਾਲ ਦੀ ਵਧਦੀ ਪ੍ਰਸਿੱਧੀ ਵਿਚਾਲੇ ਇਹ ਗੁੰਮਨਾਮ ਖੇਡ ਦੀ ਤਰ੍ਹਾਂ ਹੋ ਗਈ। 1 ਜੂਨ ਤੋਂ ਸ਼ੁਰੂ ਹੋ ਰਹੇ ਟੀ-20 ਵਿਸ਼ਵ ਕੱਪ ਦੇ ਰਾਹੀਂ ਇਹ ਖੇਡ ਉੱਤਰੀ ਅਮਰੀਕਾ ਵਿਚ ਵੱਡੇ ਪੱਧਰ ’ਤੇ ਵਾਪਸੀ ਕਰ ਰਹੀ ਹੈ, ਅਜਿਹੇ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਸਥਾਨਕ ਦਰਸ਼ਕਾਂ ’ਤੇ ਆਪਣੀ ਛਾਪ ਛੱਡਣ ਵਿਚ ਸਮਰੱਥ ਹੋਵੇਗੀ?
ਵਿਸ਼ਵ ਕ੍ਰਿਕਟ ’ਚ ਆਰਥਿਕ ਰੂਪ ਨਾਲ ਭਾਰਤ ਦਾ ਦਬਦਬਾ ਹੈ ਪਰ ਵਿਸ਼ਵ ਪੱਧਰ ’ਤੇ ਇਸ ਖੇਡ ਦਾ ਸੰਚਾਲਨ ਕਰਨ ਵਾਲੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਅਮਰੀਕਾ ਦੇ ਬਾਜ਼ਾਰ ਵਿਚ ਵੱਡੀਆਂ ਸੰਭਾਵਨਾਵਾਂ ਦਿਸਦੀਆਂ ਹਨ। ਆਈ. ਸੀ. ਸੀ. ਦਾ ਦਾਅਵਾ ਹੈ ਕਿ ਇਸ ਵੱਡੇ ਦੇਸ਼ ਵਿਚ ਪਹਿਲਾਂ ਤੋਂ ਹੀ 3 ਕਰੋੜ ਪ੍ਰਸ਼ੰਸਕ ਹਨ ਜਿਹੜੇ ਇਸ ਖੇਡ ਨੂੰ ਦੇਖਦੇ ਹਨ। ਇਸ ਟੀ-20 ਵਿਸ਼ਵ ਕੱਪ ਨੂੰ 2028 ਵਿਚ ਲਾਸ ਏਂਜਲਸ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਇਕ ਪ੍ਰਮੁੱਖ ਕਦਮ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ। ਇਸ ਓਲੰਪਿਕ ਵਿਚ ਕ੍ਰਿਕਟ ਦੀ 128 ਸਾਲ ਬਾਅਦ ਵਾਪਸੀ ਹੋਵੇਗੀ।
ਵਿਸ਼ਵ ਕੱਪ ਦੇ ਜ਼ਿਆਦਾਤਰ ਮੈਚਾਂ (55) ਦਾ ਆਯੋਜਨ ਕੈਰੇਬੀਆਈ ਦੇਸ਼ਾਂ ਵਿਚ ਹੋਵੇਗਾ, ਇਸ ਵਿਚ ਨਾਕਆਊਟ ਗੇੜ ਦੇ ਨਾਲ ਫਾਈਨਲ ਮੈਚ ਵੀ ਸ਼ਾਮਲ ਹੈ। ਅਮਰੀਕਾ ਦੇ ਤਿੰਨ ਸਥਾਨਾਂ ਨਿਊਯਾਰਕ, ਡਲਾਸ ਤੇ ਲਾਡਰਹਿਲ ਵਿਚ ਕੁਲ 16 ਮੈਚ ਖੇਡੇ ਜਾਣਗੇ। ਟੀ-20 ਵਿਸ਼ਵ ਕੱਪ ਵਿਚ ਮੁਕਾਬਲੇਬਾਜ਼ੀ ਦੇ ਤੀਜੇ ਦਿਨ ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣ ਵਾਲਾ ਮੈਚ ਅਮਰੀਕਾ ਵਿਚ ਇਸ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਹੋਵੇਗਾ। ਇਸਦੀ ਮੇਜ਼ਬਾਨੀ ਨਿਊਯਾਰਕ ਕਰੇਗਾ। ਇਹ ਸਥਾਨ 9 ਜੂਨ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਸਭ ਤੋਂ ਵੱਧ ਸੁਰਖੀਆਂ ਬਟੋਰਨ ਵਾਲੇ ਮੈਚ ਦੀ ਮੇਜ਼ਬਾਨੀ ਵੀ ਕਰੇਗਾ।
ਦੁਨੀਆ ਦੇ ਸਭ ਤੋਂ ਸਫਲ ਬੱਲੇਬਾਜ਼ਾਂ ਵਿਚ ਸ਼ਾਮਲ ਰਹੇ ਵੈਸਟਇੰਡੀਜ਼ ਦੇ ਬ੍ਰਾਇਨ ਲਾਰਾ ਨੇ ਵੀ ਅਮਰੀਕਾ ਵਿਚ ਟੀ-20 ਵਿਸ਼ਵ ਕੱਪ ਦੇ ਮੈਚਾਂ ਨੂੰ ਕਰਨ ਦਾ ਸਵਾਗਤ ਕੀਤਾ ਹੈ। ਉਸਨੇ ਕਿਹਾ, ‘‘ਟੀ-20 ਕ੍ਰਿਕਟ ਕਾਫੀ ਮਨੋਰੰਜਕ ਹੁੰਦੀ ਹੈ ਤੇ ਲੋਕ ਇਸ ਨੂੰ ਦੇਖਣਾ ਚਾਹੁੰਦੇ ਹਨ। ਅਮਰੀਕਾ ਦੇ ਲੋਕ ਮਨੋਰੰਜਨ ਹੀ ਚਾਹੁੰਦੇ ਹਨ।’’
ਆਈ. ਸੀ. ਸੀ. ਆਪਣੇ ਪੱਧਰ ’ਤੇ ਅਮਰੀਕੀ ਦਰਸ਼ਕਾਂ ਨਾਲ ਜੁੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਭਾਵੇਂ ਉਹ 8 ਵਾਰ ਦੇ ਓਲੰਪਿਕ ਸੋਨ ਤਮਗਾ ਜੇਤ ਓਸੈਨ ਬੋਲਟ ਨੂੰ ਵਿਸ਼ਵ ਕੱਪ ਦੇ ਬ੍ਰਾਂਡ ਅੰਬੈਸਡਰ ਦੇ ਰੂਪ ਵਿਚ ਜੋੜਨਾ ਹੋਵੇ ਜਾਂ ਮਿਆਮੀ ਵਿਚ ਹਾਲ ਹੀ ਵਿਚ ਫਾਰਮੂਲਾ ਵਨ ਰੇਸ ਦੌਰਾਨ ਇਸ ਵਿਸ਼ਵ ਕੱਪ ਦਾ ਪ੍ਰਚਾਰ ਕਰਨਾ ਹੋਵੇ। ਬੇਸਬਾਲ, ਐੱਨ. ਐੱਫ. ਐੱਲ. ਤੇ ਐੱਨ. ਬੀ. ਏ. ਦੀ ਦੁਨੀਆ ਤੋਂ ਔਸਤ ਅਮਰੀਕੀ ਪਰਿਵਾਰ ਦਾ ਧਿਆਨ ਹਟਾਉਣ ਲਈ ਕ੍ਰਿਕਟ ਨੂੰ ਜ਼ਮੀਨੀ ਪੱਧਰ ’ਤੇ ਵਿਕਸਤ ਕਰਨ ਦੀ ਲੋੜ ਹੋਵੇਗੀ।
ਅਮਰੀਕਾ ਦੇ ਲੋਕਾਂ ਕੋਲ ਕ੍ਰਿਕਟ ਨਾਲ ਜੁੜਨ ਦਾ ਇਕ ਹੋਰ ਕਾਰਨ ਇਹ ਹੈ ਕਿ ਉਨ੍ਹਾਂ ਦੀ ਟੀਮ ਇਸ ਪ੍ਰਤੀਯੋਗਿਤਾ ਵਿਚ ਚੁਣੌਤੀ ਪੇਸ਼ ਕਰ ਰਹੀ ਹੈ। ਅਮਰੀਕਾ ਦੀ ਟੀਮ ਵਿਚ ਜ਼ਿਆਦਾਤਰ ਖਿਡਾਰੀ ਦੱਖਣੀ ਏਸ਼ੀਅਈ, ਕੈਰੇਬੀਆਈ ਤੇ ਦੂਜੇ ਦੇਸ਼ਾਂ ਦੇ ਪ੍ਰਵਾਸੀ ਹਨ। ਵਿਸ਼ਵ ਕੱਪ ਵਿਚ ਡੈਬਿਊ ਕਰ ਰਹੀ ਇਸ ਟੀਮ ਨੇ ਬੰਗਲਾਦੇਸ਼ ਨੂੰ ਟੀ-20 ਕੌਮਾਂਤਰੀ ਲੜੀ ਵਿਚ 2-1 ਨਾਲ ਹਰਾ ਕੇ ਹੋਰਨਾਂ ਦੇਸ਼ਾਂ ਨੂੰ ਆਪਣੀ ਪੁਖਤਾ ਤਿਆਰੀ ਦਾ ਸੰਕੇਤ ਦੇ ਦਿੱਤਾ ਹੈ।
BCCI ਨੇ IPL ਦੇ ਮੈਦਾਨ ਕਰਮਚਾਰੀਆਂ ਤੇ ਕਿਊਰੇਟਰਾਂ ਲਈ ਨਕਦ ਇਨਾਮ ਦਾ ਕੀਤਾ ਐਲਾਨ
NEXT STORY