ਸਪੋਰਟਸ ਡੈਸਕ- ਦਿੱਲੀ ਕੈਪੀਟਲਜ਼ ਦੇ ਤਜਰਬੇਕਾਰ ਬੱਲੇਬਾਜ਼ ਸ਼ਿਖਰ ਧਵਨ ਨੇ ਐਤਵਾਰ ਨੂੰ ਕਿਹਾ ਕਿ ਰੈਗੂਲਰ ਕਪਤਾਨ ਸ਼੍ਰੇਅਸ ਅਈਅਰ ਦੀ ਵਾਪਸੀ ਨਾਲ ਟੀਮ ਹੋਰ ਮਜ਼ਬੂਤ ਹੋਵੇਗੀ ਜਿਸ ਨਾਲ ਟੀਮ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੀ ਮੁਹਿੰਮ ਨੂੰ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗੀ। ਆਈ. ਪੀ. ਐੱਲ. 2021 ਦੇ ਬਾਇਓ-ਬਬਲ (ਕੋਰੋਨਾ ਤੋਂ ਬਚਾਅ ਲਈ ਬਣਾਏ ਗਏ ਸੁਰੱਖਿਅਤ ਮਾਹੌਲ) ਵਿਚ ਕਈ ਫਰੈਂਚਾਈਜ਼ੀਆਂ ਦੇ ਖਿਡਾਰੀਆਂ ਤੇ ਸਹਿਯੋਗੀ ਮੈਂਬਰਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਲੀਗ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਲੀਗ ਦਾ ਦੂਜਾ ਗੇੜ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਕਰਵਾਇਆ ਜਾਵੇਗਾ।
ਧਵਨ ਨੇ ਕਿਹਾ ਕਿ ਅਸੀਂ ਲੀਗ ਦੇ ਪਹਿਲੇ ਗੇੜ ਵਿਚ ਸ਼ਾਨਦਾਰ ਲੈਅ ਵਿਚ ਸੀ ਪਰ ਉਸ ਦੇ ਮੁਲਤਵੀ ਹੁੰਦੇ ਹੀ ਲੈਅ ਟੁੱਟ ਗਈ। ਇਸ ਕਾਰਨ ਸਾਨੂੰ ਮੁੜ ਤੋਂ ਲੈਅ ਹਾਸਲ ਕਰਨ ਲਈ ਮਿਹਨਤ ਕਰਨੀ ਪਵੇਗੀ। ਚੰਗੀ ਗੱਲ ਇਹ ਹੈ ਕਿ ਟੀਮ ਦਾ ਸੰਤੁਲਨ ਚੰਗਾ ਹੈ ਤੇ ਸ਼੍ਰੇਅਸ ਅਈਅਰ ਦੀ ਵਾਪਸੀ ਨਾਲ ਉਹ ਹੋਰ ਮਜ਼ਬੂਤ ਹੋਈ ਹੈ। ਅਈਅਰ ਜ਼ਖ਼ਮੀ ਹੋਣ ਕਾਰਨ ਲੀਗ ਦੇ ਪਹਿਲੇ ਗੇੜ ਦਾ ਹਿੱਸਾ ਨਹੀਂ ਬਣ ਸਕੇ ਸਨ। ਉਨ੍ਹਾਂ ਨੂੰ ਇਹ ਸੱਟ ਮਾਰਚ ਵਿਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੀ ਗਈ ਵਨ ਡੇ ਸੀਰੀਜ਼ ਦੇ ਪਹਿਲੇ ਮੈਚ ਵਿਚ ਲੱਗੀ ਸੀ।
ਮੌਜੂਦਾ ਸੈਸ਼ਨ ਵਿਚ ਹੁਣ ਤਕ ਦੇ ਚੋਟੀ ਦੇ ਸਕੋਰਰ ਧਵਨ ਨੇ ਕਿਹਾ ਕਿ ਟੀਮ ਦਾ ਧਿਆਨ ਲੀਗ ਦੇ ਦੂਜੇ ਗੇੜ ਵਿਚ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਹੋਣ ਵਾਲੇ ਸ਼ੁਰੂਆਤੀ ਮੁਕਾਬਲੇ 'ਤੇ ਹੈ। ਸੈਸ਼ਨ ਦੇ ਅੱਠ ਮੈਚਾਂ ਵਿਚ ਤਿੰਨ ਅਰਧ ਸੈਂਕੜਿਆਂ ਨਾਲ 380 ਦੌੜਾਂ ਬਣਾਉਣ ਵਾਲੇ ਇਸ 35 ਸਾਲ ਦੇ ਖੱਬੇ ਹੱਥ ਦੇ ਬੱਲੇਬਾਜ਼ ਨੇ ਕਿਹਾ ਕਿ ਲੈਅ ਹਾਸਲ ਕਰਨਾ ਬਹੁਤ ਚੰਗਾ ਹੈ। ਟੀਮ ਅੰਦਰ ਬਿਹਤਰ ਮਾਹੌਲ ਹੈ। ਸਾਰੇ ਖਿਡਾਰੀ ਬਹੁਤ ਮਿਹਨਤ ਕਰ ਰਹੇ ਹਨ ਤੇ ਮੈਂ ਆਈ. ਪੀ. ਐੱਲ. ਸੈਸ਼ਨ ਦੇ ਮੁੜ ਤੋਂ ਸ਼ੁਰੂ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਮੈਂ ਅਗਲੇ ਮੈਚ ਖੇਡਣ ਲਈ ਬਹੁਤ ਉਤਸ਼ਾਹਤ ਹਾਂ। ਸਾਡੇ ਲਈ ਇਹ ਕਾਫੀ ਜ਼ਰੂਰੀ ਹੈ ਕਿ ਅਸੀਂ ਚੰਗੀ ਸ਼ੁਰੂਆਤ ਕਰੀਏ। ਸਾਨੂੰ ਪਹਿਲੇ ਮੈਚ ਤੋਂ ਹੀ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ ਤੇ ਇਸ ਲਈ ਅਸੀਂ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਆਪਣੇ ਪਹਿਲੇ ਮੈਚ ਲਈ ਕਾਫੀ ਮਿਹਨਤ ਕਰ ਰਹੇ ਹਾਂ। ਸਾਨੂੰ ਮੈਚਾਂ ਦੌਰਾਨ ਆਪਣੀ ਸਖ਼ਤ ਮਿਹਨਤ ਨੂੰ ਮੈਦਾਨ 'ਚ ਉਤਾਰਨ ਦੇ ਨਾਲ ਚੰਗਾ ਨਤੀਜਾ ਹਾਸਲ ਕਰਨਾ ਪਵੇਗਾ। ਪਿਛਲੇ ਸਾਲ ਦੀ ਉੱਪ ਜੇਤੂ ਦਿੱਲੀ ਕੈਪੀਟਲਜ਼ ਦਾ 22 ਸਤੰਬਰ ਨੂੰ ਸਨਰਾਈਜਰਜ਼ ਹੈਦਰਾਬਾਦ ਨਾਲ ਮੁਕਾਬਲਾ ਹੋਵੇਗਾ।
ਬੁੰਦੇਸਲੀਗਾ ਫੁੱਟਬਾਲ ਟੂਰਨਾਮੈਂਟ : ਬਾਇਰਨ ਮਿਊਨਿਖ ਤੇ ਡੋਰਟਮੰਡ ਜਿੱਤੇ
NEXT STORY