ਨਿਊਯਾਰਕ– ਆਸਟਰੀਆ ਦਾ ਡੋਮਿਨਿਕ ਥਿਏਮ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਵਿਰੁੱਧ 2 ਸੈੱਟਾਂ ਨਾਲ ਪਿਛੜਨ ਅਤੇ ਫੈਸਲਾਕੁੰਨ ਸੈੱਟ ਵਿਚ 3-5 ਨਾਲ ਪਿੱਛੇ ਰਹਿਣ ਦੇ ਬਾਵਜੂਦ ਜ਼ਬਰਦਸਤ ਵਾਪਸੀ ਕਰਦੇ ਹੋਏ 2-6, 4-6, 6-4, 6-3, 7-6 (6) ਨਾਲ ਜਿੱਤ ਹਾਸਲ ਕਰਕੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਦਾ ਨਵਾਂ ਬਾਦਸ਼ਾਹ ਬਣ ਗਿਆ। ਦੂਜੀ ਸੀਡ ਤੇ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਥਿਏਮ ਦਾ ਇਹ ਪਹਿਲਾ ਗ੍ਰੈਂਡ ਸਲੈਮ ਖਿਤਾਬ ਹੈ। ਇਹ ਪਹਿਲਾ ਯੂ. ਐੱਸ. ਓਪਨ ਫਾਈਨਲ ਸੀ, ਜਿਸ ਦਾ ਫੈਸਲਾ ਪੰਜਵੇਂ ਸੈੱਟ ਦੇ ਟਾਈਬ੍ਰੇਕ ਵਿਚ ਹੋਇਆ। ਥਿਏਮ ਨੇ 8-6 ਨਾਲ ਟਾਈ ਬ੍ਰੇਕ ਆਪਣੇ ਨਾਂ ਕੀਤਾ ਤੇ ਨਵਾਂ ਚੈਂਪੀਅਨ ਬਣ ਗਿਆ। 27 ਸਾਲਾ ਥਿਏਮ ਓਪਨ ਯੁੱਗ ਵਿਚ ਪਹਿਲਾ ਅਜਿਹਾ ਖਿਡਾਰੀ ਹੈ, ਜਿਸ ਨੇ ਫਾਈਨਲ ਵਿਚ ਦੋ ਸੈੱਟਾਂ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਖਿਤਾਬ ਜਿੱਤਿਆ। ਉਹ ਓਪਨ ਯੁੱਗ ਵਿਚ 55ਵਾਂ ਗ੍ਰੈਂਡ ਸਲੈਮ ਚੈਂਪੀਅਨ ਤੇ ਓਵਲਆਲ 150ਵੇਂ ਗ੍ਰੈਂਡ ਸਲੈਮ ਦਾ ਚੈਂਪੀਅਨ ਬਣਿਆ ਹੈ।
ਥਿਏਮ ਨੇ 4 ਘੰਟੇ ਇਕ ਮਿੰਟ ਤਕ ਚੱਲੇ ਮੁਕਾਬਲੇ ਵਿਚ ਪਹਿਲੀ ਵਾਰ ਗ੍ਰੈਂਡ ਸਲੈਮ ਖਿਤਾਬ ਆਪਣੇ ਨਾਂ ਕੀਤਾ। ਥਿਏਮ ਇਸਦੇ ਨਾਲ ਹੀ ਹਮਵਤਨ ਥਾਮਸ ਮਾਸਟਰ ਦੀ ਸ਼੍ਰੇਣੀ ਵਿਚ ਆ ਗਿਆ ਹੈ, ਜਿਸ ਨੇ 1995 ਵਿਚ ਫ੍ਰੈਂਚ ਓਪਨ ਦਾ ਖਿਤਾਬ ਜਿੱਤਿਆ ਸੀ ਤੇ ਕੋਈ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਪਹਿਲਾ ਆਸਟਰੀਆਈ ਖਿਡਾਰੀ ਸੀ। ਥਿਏਮ ਇਸ ਤੋਂ ਪਹਿਲਾਂ ਤਿੰਨ ਗ੍ਰੈਂਡ ਸਲੈਮ ਫਾਈਨਲ ਹਾਰਿਆ ਸੀ, ਜਿਸ ਵਿਚ ਇਸ ਸਾਲ ਦਾ ਆਸਟਰੇਲੀਅਨ ਓਪਨ ਵੀ ਸ਼ਾਮਲ ਸੀ, ਜਿਸ ਵਿਚ ਉਹ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਹੱਥੋਂ 5 ਸੈੱਟਾਂ ਦੇ ਸੰਘਰਸ਼ ਵਿਚ ਹਾਰਿਆ ਸੀ। ਥਿਏਮ 2018 ਤੇ 2019 ਵਿਚ ਲਗਾਤਾਰ ਦੋ ਸਾਲ ਫ੍ਰੈਂਚ ਓਪਨ ਵਿਚ ਉਪ ਜੇਤੂ ਰਿਹਾ ਸੀ।
ਥਿਏਮ ਨੇ ਇਸ ਜਿੱਤ ਨਾਲ ਜਵੇਰੇਵ ਵਿਰੁੱਧ ਆਪਣਾ ਰਿਕਾਰਡ 8-2 ਪਹੁੰਚਾ ਦਿੱਤਾ ਹੈ। ਆਸਟਰੀਆ ਦੇ ਖਿਡਾਰੀ ਨੇ ਜਰਮਨ ਖਿਡਾਰੀ ਤੋਂ ਪਿਛਲੇ ਚਾਰ ਮੁਕਾਬਲੇ ਜਿੱਤੇ ਹਨ, ਜਿਸ ਵਿਚ ਇਸ ਸਾਲ ਦਾ ਆਸਟਰੇਲੀਅਨ ਓਪਨ ਦਾ ਸੈਮੀਫਾਈਨਲ ਵੀ ਸ਼ਾਮਲ ਹੈ, ਜਿਸ ਵਿਚ ਉਸ ਨੇ ਚਾਰ ਸੈੱਟਾਂ ਵਿਚ ਜਿੱਤ ਹਾਸਲ ਕੀਤੀ ਸੀ। ਜਵੇਰੇਵ ਨੇ ਸੈਮੀਫਾਈਨਲ ਵਿਚ ਸਪੇਨ ਦੇ ਪਾਬਲੋ ਕਾਰੇਨੋ ਬੁਸਤਾ ਵਿਰੁੱਧ ਦੋ ਸੈੱਟਾਂ ਨਾਲ ਪਿਛੜਨ ਤੋਂ ਬਾਅਦ ਜਿੱਤ ਹਾਸਲ ਕੀਤੀ ਸੀ ਪਰ ਫਾਈਨਲ ਵਿਚ ਉਹ ਦੋ ਸੈੱਟ ਜਿੱਤਣ ਤੋਂ ਬਾਅਦ ਅਗਲੇ ਤਿੰਨੇ ਸੈੱਟ ਗੁਆ ਬੈਠਾ।
ਇਸ ਹਾਰ ਦੇ ਬਾਵਜੂਦ 23 ਸਾਲਾ ਜਵੇਰੇਵ ਲਈ ਆਪਣੇ ਪਹਿਲੇ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚਣਾ ਇਕ ਵੱਡੀ ਉਪਲਬੱਧੀ ਰਹੀ। ਉਹ 2010 ਦੇ ਯੂ. ਐੱਸ. ਓਪਨ ਵਿਚ ਨੋਵਾਕ ਜੋਕੋਵਿਚ ਤੋਂ ਬਾਅਦ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚਣ ਵਾਲਾ ਸਭ ਤੋਂ ਨੌਜਵਾਨ ਖਿਡਾਰੀ ਬਣਿਆ। ਜੇਤੂ ਬਣਨ ਤੋਂ ਬਾਅਦ ਥਿਏਮ ਨੇ ਕਿਹਾ, ''ਅਸੀਂ 2014 ਤੋਂ ਇਕ-ਦੂਜੇ ਨੂੰ ਜਾਨਣਾ ਸ਼ੁਰੂ ਕੀਤਾ ਸੀ ਤੇ ਸਾਡੇ ਵਿਚਾਲੇ ਚੰਗੀ ਦੋਸਤੀ ਹੋ ਗਈ ਸੀ, ਜਿਹੜੀ ਹੌਲੀ-ਹੌਲੀ ਕੋਰਟ 'ਤੇ ਜ਼ਬਰਦਸਤ ਵਿਰੋਧਤਾ ਵਿਚ ਬਦਲ ਗਈ। ਫਾਈਨਲ ਵਿਚ ਅਸੀਂ ਦੋਵਾਂ ਨੇ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੈਨੂੰ ਲੱਗਦਾ ਹੈ ਕਿ ਕਾਸ਼ ਦੋ ਜੇਤੂ ਹੁੰਦੇ। ਅਸੀਂ ਦੋਵੇਂ ਹੀ ਇਸਦੇ ਹੱਕਦਾਰ ਸੀ।''
ਜਵੇਰੇਵ ਨੇ ਮੈਚ ਤੋਂ ਬਾਅਦ ਕਿਹਾ,''ਮੈਂ ਡੋਮਿਨਿਕ ਥਿਏਮ ਨੂੰ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ 'ਤੇ ਵਧਾਈ ਦਿੰਦਾ ਹਾਂ। ਜੇਕਰ ਥਿਏਮ ਨੇ ਕੁਝ ਮੌਕੇ ਗੁਆਏ ਹੁੰਦੇ ਤਾਂ ਮੈਂ ਟਰਾਫੀ ਚੁੱਕ ਰਿਹਾ ਹੁੰਦਾ ਪਰ ਮੈਂ ਇੱਥੇ ਉਪ ਜੇਤੂ ਦਾ ਭਾਸ਼ਣ ਦੇ ਰਿਹਾ ਹਾਂ। ਮੈਂ ਆਪਣੀ ਟੀਮ ਨੂੰ ਸਮਰਥਨ ਲਈ ਵਧਾਈ ਦੇਣਾ ਚਾਹੁੰਦਾ ਹਾਂ। ਪਿਛਲੇ ਦੋ ਸਾਲ ਮੇਰੇ ਕਰੀਅਰ ਲਈ ਆਸਾਨ ਨਹੀਂ ਰਹੇ ਹਨ ਪਰ ਸਭ ਕੁਝ ਸਹੀ ਢੰਗ ਨਾਲ ਅੱਗੇ ਵਧ ਰਿਹਾ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਇਕ ਦਿਨ ਮੇਰੇ ਹੱਥ ਵਿਚ ਵੀ ਟਰਾਫੀ ਹੋਵੇਗੀ।''
ਬਠਿੰਡਾ ਦੇ ਕੌਮੀ ਪੱਧਰ ਦੇ ਮੁੱਕੇਬਾਜ਼ ਦੀ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ
NEXT STORY