ਨਵੀਂ ਦਿੱਲੀ (ਭਾਸ਼ਾ): ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉੱਚ ਅਧਿਕਾਰੀਆਂ ਨੇ ਮੁੱਖ ਕੋਚ ਵਜੋਂ ਰਾਹੁਲ ਦ੍ਰਾਵਿੜ ਦੀ ਭੂਮਿਕਾ ਦੀਆਂ ਸੰਭਾਵਨਾਵਾਂ 'ਤੇ ਉਨ੍ਹਾਂ ਨਾਲ ਡੂੰਘਾਈ ਨਾਲ ਗੱਲਬਾਤ ਕੀਤੀ, ਪਰ ਬੋਰਡ ਟੀ-20 ਵਿਸ਼ਵ ਕੱਪ 2024 ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਨਵੇਂ ਵਿਅਕਤੀ ਨੂੰ ਜ਼ਿੰਮੇਵਾਰੀ ਸੌਂਪਣ 'ਤੇ ਵਿਚਾਰ ਕਰ ਰਿਹਾ ਹੈ। ਬੋਰਡ ਜਿਸ ਵਿਅਕਤੀ ਦੇ ਨਾਂ 'ਤੇ ਵਿਚਾਰ ਕਰ ਰਿਹਾ ਹੈ, ਉਹ ਹੈ ਐੱਨ.ਸੀ.ਏ. (ਰਾਸ਼ਟਰੀ ਕ੍ਰਿਕਟ ਅਕੈਡਮੀ) ਦੇ ਡਾਇਰੈਕਟਰ ਵੀ.ਵੀ.ਐੱਸ. ਲਕਸ਼ਮਣ।
ਭਾਰਤ ਦੇ ਮੁੱਖ ਕੋਚ ਵਜੋਂ ਦ੍ਰਾਵਿੜ ਦਾ ਦੋ ਸਾਲ ਦਾ ਕਰਾਰ ਹਾਲ ਹੀ ਵਿਚ ਵਿਸ਼ਵ ਕੱਪ ਫਾਈਨਲ ਦੇ ਦਿਨ ਖ਼ਤਮ ਹੋ ਗਿਆ ਸੀ। ਉਦੋਂ ਤੋਂ ਹੀ ਦ੍ਰਾਵਿੜ ਦੇ ਭਵਿੱਖ ਨੂੰ ਲੈ ਕੇ ਲਗਾਤਾਰ ਬਹਿਸ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸਕੋਰਬੋਰਡ ਤੋਂ ਗਾਇਬ ਹੋਇਆ ਰਿੰਕੂ ਸਿੰਘ ਵੱਲੋਂ ਜੜਿਆ ਛੱਕਾ, ਸਹਿਵਾਗ ਨੂੰ ਵੀ ਭਾਰੀ ਪਿਆ ਸੀ ਇਹੀ ਨਿਯਮ (ਵੀਡੀਓ)
ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਪੀ.ਟੀ.ਆਈ. ਨੂੰ ਦੱਸਿਆ, "ਰਾਹੁਲ ਅਤੇ ਬੀ.ਸੀ.ਸੀ.ਆਈ. ਨੇ ਮੌਜੂਦਾ ਸਥਿਤੀ 'ਤੇ ਚਰਚਾ ਕੀਤੀ। ਅਸੀਂ ਉਨ੍ਹਾਂ ਦੇ ਫ਼ੈਸਲੇ ਦਾ ਸਨਮਾਨ ਕਰਾਂਗੇ। ਵੈਸੇ ਹਰ ਕੋਈ ਮਹਿਸੂਸ ਕਰਦਾ ਹੈ ਕਿ ਟੀ-20 ਵਿਸ਼ਵ ਕੱਪ ਸੱਤ-ਅੱਠ ਮਹੀਨਿਆਂ ਵਿਚ ਹੋਣ ਵਾਲਾ ਹੈ, ਇਸ ਲਈ ਨਵੇਂ ਕੋਚ ਲਈ ਆ ਕੇ ਟੀਮ ਬਣਾਉਣ ਅਤੇ ਇਕ ਪ੍ਰਕਿਰਿਆ ਤੈਅ ਕਰਨ ਵਿਚ ਸਮਾਂ ਲੱਗੇਗਾ। ਉਹ (ਦ੍ਰਾਵਿੜ) ਇਸ ਗੱਲ ਤੋਂ ਪੂਰੀ ਤਰ੍ਹਾਂ ਜਾਣੂ ਹੈ।" ਅਧਿਕਾਰੀ ਨੇ ਕਿਹਾ ਕਿ ਸਾਰੇ ਪਹਿਲੂਆਂ ਨੂੰ ਪੂਰੀ ਤਰ੍ਹਾਂ ਵਿਚਾਰਨ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ, ''ਅਸੀਂ ਇਸ ਗੱਲ 'ਤੇ ਵੀ ਚਰਚਾ ਕਰ ਰਹੇ ਹਾਂ ਕਿ ਮੌਜੂਦਾ ਕੋਚ ਅਤੇ ਕਪਤਾਨ ਦੇ ਸੁਮੇਲ ਦੀ ਟੀ-20 ਵਿਸ਼ਵ ਕੱਪ 'ਚ ਜ਼ਰੂਰਤ ਹੋਵੇਗੀ ਜਾਂ ਨਹੀਂ। ਅਸੀਂ ਜਲਦੀ ਹੀ ਕਿਸੇ ਫੈਸਲੇ 'ਤੇ ਪਹੁੰਚਣ ਦੀ ਉਮੀਦ ਕਰ ਰਹੇ ਹਾਂ ਤਾਂ ਜੋ ਚੀਜ਼ਾਂ ਹੋਰ ਸਪੱਸ਼ਟ ਹੋ ਸਕਣ।
ਇਹ ਖ਼ਬਰ ਵੀ ਪੜ੍ਹੋ - ਵਿਸ਼ਵ ਕੱਪ ਫ਼ਾਈਨਲ ਲਈ PM ਮੋਦੀ ਨੂੰ 'ਪਨੌਤੀ' ਕਹੇ ਜਾਣ ਦੇ ਸਵਾਲ 'ਤੇ ਜਾਣੋ ਕੀ ਬੋਲੇ ਮੁਹੰਮਦ ਸ਼ੰਮੀ
ਰੋਹਿਤ-ਦ੍ਰਾਵਿੜ ਦੀ ਜੋੜੀ ਤੋਂ ਖੁਸ਼ ਹੈ BCCI
ਇਹ ਵੀ ਧਿਆਨ ਦੇਣ ਯੋਗ ਹੈ ਕਿ ਦ੍ਰਾਵਿੜ ਨੇ ਕਪਤਾਨ ਰੋਹਿਤ ਦੇ ਨਾਲ ਪਿਛਲੇ ਦੋ ਸਾਲਾਂ ਵਿਚ ਜਿਸ ਤਰ੍ਹਾਂ ਨਾਲ ਕੰਮ ਕੀਤਾ ਹੈ ਉਸ ਤੋਂ ਬੋਰਡ ਕਾਫੀ ਖੁਸ਼ ਹੈ ਭਾਵੇਂ ਕਿ ਉਹ ਕੋਈ ਗਲੋਬਲ ਟਰਾਫੀ ਨਹੀਂ ਜਿੱਤ ਸਕੇ। ਉਨ੍ਹਾਂ ਨੇ ਭਾਰਤ ਨੂੰ ਆਸਟ੍ਰੇਲੀਆ ਵਿਚ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ, ਇੰਗਲੈਂਡ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ 2023 ਦੇ ਫਾਈਨਲ ਅਤੇ ਘਰੇਲੂ ਧਰਤੀ ਉੱਤੇ 50 ਓਵਰਾਂ ਦੇ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਾਇਆ। ਭਾਰਤ ਨੇ ਸਤੰਬਰ 'ਚ ਕੋਲੰਬੋ 'ਚ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ ਜਿੱਤਿਆ ਸੀ। ਅਧਿਕਾਰੀ ਨੇ ਸੰਕੇਤ ਦਿੱਤਾ ਕਿ ਸਾਰੇ ਹਿੱਸੇਦਾਰ ਜਲਦੀ ਹੀ ਇਕ ਫ਼ੈਸਲੇ 'ਤੇ ਪਹੁੰਚਣਗੇ ਜਿਸ ਵਿੱਚ ਰੋਹਿਤ, ਮੁੱਖ ਚੋਣਕਾਰ ਅਜੀਤ ਅਗਰਕਰ ਅਤੇ ਬੀ.ਸੀ.ਸੀ.ਆਈ. ਦੇ ਕੁਝ ਹੋਰ ਉੱਚ ਅਧਿਕਾਰੀ ਸ਼ਾਮਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਅਫ਼ਗਾਨਿਸਤਾਨ ਤੇ ਭਾਰਤ ਵਿਚਾਲੇ ਖੇਡੀ ਜਾਵੇਗੀ T-20 ਸੀਰੀਜ਼, ਸਾਹਮਣੇ ਆਏ ਵੇਰਵੇ
ਲਕਸ਼ਮਣ ਨੂੰ ਮੰਨਿਆ ਜਾ ਰਿਹੈ ਦ੍ਰਾਵਿੜ ਦਾ ਉੱਤਰਾਧਿਕਾਰੀ
ਭਾਰਤ ਦੇ ਮੁੱਖ ਕੋਚ ਵਜੋਂ ਲਕਸ਼ਮਣ ਨੂੰ ਦ੍ਰਾਵਿੜ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਉਸ ਨੇ ਆਪਣੇ ਵਿਕਲਪ ਖੁੱਲ੍ਹੇ ਰੱਖੇ ਹਨ। ਉਸ ਨੇ ਕਿਹਾ, “ਮੁੱਖ ਕੋਚ ਲਈ ਵਿਕਲਪ ਖੁੱਲ੍ਹੇ ਹਨ। ਉਹ (ਲਕਸ਼ਮਣ) ਟੀਮ, ਖਿਡਾਰੀਆਂ ਅਤੇ ਸਿਖਲਾਈ ਦੇ ਤਰੀਕਿਆਂ ਤੋਂ ਜਾਣੂ ਹੈ। ਉਸ ਕੋਲ ਰਾਸ਼ਟਰੀ ਟੀਮ ਨਾਲ ਕੰਮ ਕਰਨ ਦਾ ਤਜ਼ਰਬਾ ਵੀ ਹੈ। ਲਕਸ਼ਮਣ ਇਸ ਸਮੇਂ ਆਸਟ੍ਰੇਲੀਆ ਦੇ ਖਿਲਾਫ ਚੱਲ ਰਹੀ 5 ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਲਈ ਮੁੱਖ ਕੋਚ ਦੇ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਦ੍ਰਾਵਿੜ ਨੂੰ ਆਪਣੇ ਕਾਰਜਕਾਲ ਦੌਰਾਨ ਜਦੋਂ ਵੀ ਆਰਾਮ ਦਿੱਤਾ ਗਿਆ ਹੈ, ਉਸ ਨੇ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਂ 2024 ਟੀ-20 ਵਿਸ਼ਵ ਕੱਪ ਲਈ ਤਿਆਰ ਹਾਂ: ਰਿੰਕੂ ਸਿੰਘ
NEXT STORY