ਸਪੋਰਟਸ ਡੈਸਕ- ਅਮਰੀਕਾ ਦੇ ਟੈਕਸਾਸ ਸਥਿਤ ਗ੍ਰੈਂਡ ਪ੍ਰੇਰੀ ਸਟੇਡੀਅਮ 'ਚ ਖੇਡੇ ਗਏ ਵਿਸ਼ਵ ਕੱਪ ਦੇ ਗਰੁੱਪ-ਏ ਦੇ ਮੁਕਾਬਲੇ 'ਚ ਅਮਰੀਕਾ ਨੇ ਪਾਕਿਸਤਾਨ ਨੂੰ ਸੁਪਰ ਓਵਰ 'ਚ ਹਰਾ ਕੇ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਉਲਟਫੇਰ ਕਰ ਦਿੱਤਾ ਹੈ। ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੁਪਰ ਓਵਰ 'ਚ 18 ਦੌੜਾਂ ਬਣਾਈਆਂ ਸੀ, ਜਦਕਿ ਪਾਕਿਸਤਾਨ ਦੀ ਟੀਮ 13 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਅਮਰੀਕਾ ਨੇ 2009 ਦੀ ਚੈਂਪੀਅਨ ਟੀਮ ਨੂੰ 5 ਦੌੜਾਂ ਨਾਲ ਹਰਾ ਕੇ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਦੇ ਕਪਤਾਨ ਮੋਨਾਂਕ ਪਟੇਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਕਾਰਨ ਪਾਕਿਸਤਾਨ ਨੇ ਪਹਿਲਾਂ ਬੱਲ਼ੇਬਾਜ਼ੀ ਕਰਦਿਆਂ 20 ਓਵਰਾਂ 'ਚ 7 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਕਪਤਾਨ ਬਾਬਰ ਆਜ਼ਮ ਨੇ 40 ਗੇਂਦਾਂ 'ਚ ਸਭ ਤੋਂ ਵੱਧ 44 ਦੌੜਾਂ ਬਣਾਈਆਂ, ਜਦਕਿ ਸ਼ਾਦਾਬ ਖ਼ਾਨ ਨੇ ਵੀ 25 ਗੇਂਦਾਂ 'ਚ 40 ਦੌੜਾਂ ਦੀ ਪਾਰੀ ਖੇਡੀ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕਾ ਨੇ ਕਪਤਾਨ ਮੋਨਾਂਕ ਪਟੇਲ ਦੀ 38 ਗੇਂਦਾਂ 'ਚ 7 ਚੌਕੇ ਤੇ 1 ਛੱਕੇ ਦੀ ਬਦੌਲਤ ਸ਼ਾਨਦਾਰ ਅਰਧ ਸੈਂਕੜੇ ਤੋਂ ਬਾਅਦ ਐਂਡ੍ਰਿਸ ਗੌਸ (35) ਤੇ ਐਰਨ ਜੋਂਸ (36*) ਦੀਆਂ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 159 ਦੌੜਾਂ ਬਣਾ ਕੇ ਸਕੋਰ ਬਰਾਬਰ ਕਰ ਲਿਆ।
ਇਸ ਤੋਂ ਬਾਅਦ ਮੈਚ ਦਾ ਨਤੀਜਾ ਸੁਪਰ ਓਵਰ 'ਚ ਨਿਕਲਿਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਮਰੀਕਾ ਨੇ ਪਾਕਿਸਤਾਨ ਦੀ ਖ਼ਰਾਬ ਫੀਲਡਿੰਗ ਤੇ ਦਿਸ਼ਾਹੀਣ ਗੇਂਦਬਾਜ਼ੀ ਦਾ ਪੂਰਾ ਫ਼ਾਇਦਾ ਚੁੱਕਿਆ ਤੇ 6 ਗੇਂਦਾਂ 'ਚ 18 ਦੌੜਾਂ ਬਣਾ ਦਿੱਤੀਆਂ।
ਇਸ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਸਿਰਫ਼ 13 ਦੌੜਾਂ ਹੀ ਬਣਾ ਸਕੀ। ਅਮਰੀਕਾ ਵੱਲੋਂ ਸੁਪਰ ਓਵਰ 'ਚ ਖੱਬੇ ਹੱਥ ਦੇ ਨੌਜਵਾਨ ਤੇਜ਼ ਗੇਂਦਬਾਜ਼ ਸੌਰਭ ਨੇਤਰਵਲਕਰ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪਾਕਿਸਤਾਨ ਨੂੰ 13 ਦੌੜਾਂ 'ਤੇ ਰੋਕ ਕੇ ਜਿੱਤ ਅਮਰੀਕਾ ਦੀ ਝੋਲੀ ਪਾ ਦਿੱਤੀ। ਇਹ ਕ੍ਰਿਕਟ ਇਤਿਹਾਸ 'ਚ ਪਾਕਿਸਤਾਨ ਦੀ ਅਮਰੀਕਾ ਹੱਥੋਂ ਪਹਿਲੀ ਹਾਰ ਹੈ।
ਅਮਰੀਕਾ ਦੀ 2 ਮੁਕਾਬਲਿਆਂ 'ਚ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ ਕੈਨੇਡਾ ਨੂੰ ਹਰਾ ਕੇ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਕੀਤੀ ਸੀ, ਜਦਕਿ ਪਾਕਿਸਤਾਨ ਨੂੰ ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਮੁਕਾਬਲੇ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੇਡ ਦੇ ਲੀਜੈਂਡ ਹੋ ਤੁਸੀਂ ਤੁਸੀਂ, ਲੂਕਾ ਮੋਡ੍ਰਿਕ ਨੇ ਸੁਨੀਲ ਛੇਤਰੀ ਦੀ ਕੀਤੀ ਤਾਰੀਫ
NEXT STORY