ਕਿੰਗਸਟਨ, (ਬਿਊਰੋ)— ਓਲੰਪਿਕ ਇਤਿਹਾਸ ਦੇ ਸਭ ਤੋਂ ਸਫਲ ਦੌੜਾਕਾਂ 'ਚ ਸ਼ੁਮਾਰ ਜਮੈਕਾ ਦੇ ਉਸੇਨ ਬੋਲਟ ਨੇ ਕਿੰਗਸਟਨ ਨੈਸ਼ਨਲ ਸਟੇਡੀਅਮ ਦੇ ਸਾਹਮਣੇ ਆਪਣੇ ਬੁੱਤ ਦੀ ਘੁੰਢ ਚੁਕਾਈ ਕੀਤੀ ਅਤੇ ਇਸ ਨੂੰ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਸ਼ਾਨਦਾਰ ਪਲ ਦੱਸਿਆ। ਜਮੈਕਨ ਸਰਕਾਰ ਅਤੇ ਪ੍ਰਧਾਨਮੰਤਰੀ ਐਂਡ੍ਰਿਊ ਹੋਲਨੇਸ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਅਤੇ ਸਫਲ ਐਥਲੀਟ ਬੋਲਟ ਦੇ ਇਸ ਬੁੱਤ ਨੂੰ ਸਥਾਪਤ ਕਰਨ 'ਚ ਮਦਦ ਕੀਤੀ। ਇਸ ਬੁੱਤ ਨੂੰ ਠੀਕ ਉਸੇ ਸਥਾਨ 'ਤੇ ਸਥਾਪਤ ਕੀਤਾ ਗਿਆ ਹੈ ਜਿੱਥੇ 15 ਸਾਲ ਪਹਿਲਾਂ ਬੋਲਟ ਨੇ ਆਪਣੀ ਜੂਨੀਅਰ ਚੈਂਪੀਅਨਸ਼ਿਪ ਜਿੱਤ ਕੇ ਦੁਨੀਆ ਭਰ 'ਤ ਨਵੀਂ ਪਛਾਣ ਬਣਾਈ ਸੀ।
ਬੀਜਿੰਗ, ਲੰਡਨ ਅਤੇ ਰੀਓ ਲਗਾਤਾਰ ਤਿੰਨ ਓਲੰਪਿਕ 'ਚ ਤਿਹਰੇ ਸੋਨ ਤਗਮੇਧਾਰੀ ਐਥਲੀਟ ਨੇ ਕਿਹਾ, ''ਮੇਰੇ ਲਈ ਇਹ ਸਭ ਤੋਂ ਉੱਪਰ ਹੈ। ਮੇਰੇ ਕਰੀਅਰ 'ਚ ਇਸ ਤੋਂ ਵਧੀਆ ਪੱਲ ਕਦੀ ਨਹੀਂ ਆਇਆ। ਜਿਸ ਸਟੇਡੀਅਮ ਤੋਂ ਕਰੀਅਰ ਦੀ ਸ਼ੁਰੂਆਤ ਹੋਈ ਉਸੇ 'ਚ ਆਪਣੇ ਬੁੱਤ ਨੂੰ ਵੇਖਣਾ ਬਹੁਤ ਵੱਡੀ ਗੱਲ ਹੈ। ਮੇਰੇ ਕੋਲ ਸ਼ਬਦ ਨਹੀਂ ਹਨ। ਮੈਂ ਬਹੁਤ ਖੁਸ਼ ਹਾਂ ਅਤੇ ਉਤਸ਼ਾਹਤ ਵੀ ਹਾਂ।'' 31 ਸਾਲਾ ਬੋਲਟ ਦੇ ਇਸ ਬੁੱਤ ਨੂੰ ਜਮੈਕਾ ਦੇ ਕਲਾਕਾਰ ਬਾਸਿਲ ਵਾਟਸਨ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਬੋਲਟ ਦੇ ਮਸ਼ਹੂਰ ਪੋਜ਼ 'ਲਾਈਟਨਿੰਗ ਬੋਲਟ' ਦੇ ਆਧਾਰ 'ਤੇ ਹੀ ਤਿਆਰ ਕੀਤਾ ਗਿਆ ਹੈ। ਜਮੈਕਨ ਦੌੜਾਕ ਨੂੰ ਉਨ੍ਹਾਂ ਦੇ 100 ਅਤੇ 200 ਮੀਟਰ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪਾਂ 'ਚ ਰੇਸ ਜਿੱਤਣ ਦੇ ਬਾਅਦ ਇਸੇ ਸਟਾਈਲ 'ਚ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ ਹੈ। ਬੋਲਟ ਨੇ ਆਪਣੇ ਕਰੀਅਰ 'ਚ 11 ਵਿਸ਼ਵ ਅਤੇ 8 ਓਲੰਪਿਕ ਤਗਮੇ ਜਿੱਤੇ ਹਨ।
ਹਾਕੀ ਦੇ ਰੰਗ 'ਚ ਰੰਗਿਆ ਭੁਵਨੇਸ਼ਵਰ
NEXT STORY