ਸਪੋਰਟਸ ਡੈਸਕ- ਸਾਬਕਾ ਚੈਂਪੀਅਨ ਕਰਨਾਟਕ ਨੇ ਮੀਂਹ ਪ੍ਰਭਾਵਿਤ ਮੈਚ ਵਿਚ ਵੀ.ਜੇ.ਡੀ. ਨਿਯਮ ਦੇ ਰਾਹੀਂ ਮੁੰਬਈ ਨੂੰ 54 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਵਾਰ ਵਿਜੇ ਹਜ਼ਾਰੇ ਟਰਾਫੀ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।
ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾ ਚੁੱਕੇ ਦੇਵਦੱਤ ਪੱਡੀਕਲ ਨੇ 95 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ ਅਜੇਤੂ 81 ਦੌੜਾਂ ਬਣਾਈਆਂ ਜਦਕਿ ਭਾਰਤ ਦੇ ਤਜਰਬੇਕਾਰ ਬੱਲੇਬਾਜ਼ ਕਰੁਣ ਨਾਇਰ ਨੇ 80 ਗੇਂਦਾਂ ਵਿਚ ਅਜੇਤੂ 74 ਦੌੜਾਂ ਬਣਾਈਆਂ, ਜਿਸ ਵਿਚ 11 ਚੌਕੇ ਸ਼ਾਮਲ ਸਨ। ਕਰਨਾਟਕ ਨੇ ਜਿੱਤ ਲਈ 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੀਂਹ ਪੈਣ ਤੱਕ 33 ਓਵਰਾਂ ਵਿਚ 1 ਵਿਕਟ ’ਤੇ 187 ਦੌੜਾਂ ਬਣਾ ਲਈਆਂ ਸਨ। ਉਸ ਸਮੇਂ ਵੀ. ਜੇ. ਡੀ. ਪ੍ਰਣਾਲੀ ਨਾਲ ਟੀਚਾ 132 ਦੌੜਾਂ ਸੀ ਤੇ ਕਰਨਾਟਕ 55 ਦੌੜਾਂ ਅੱਗੇ ਸੀ, ਜਿਸ ਨਾਲ ਉਸ ਨੂੰ ਜੇਤੂ ਐਲਾਨ ਕੀਤਾ ਗਿਆ।
ਇਸ ਤੋਂ ਪਹਿਲਾਂ ਮੁੰਬਈ ਨੂੰ ਕਰਾਰਾ ਝਟਕਾ ਲੱਗਾ ਜਦੋਂ ਅਭਿਆਸ ਦੌਰਾਨ ਉਂਗਲੀ ਵਿਚ ਸੱਟ ਕਾਰਨ ਉਸਦੇ ਚੋਟੀਕ੍ਰਮ ਦੇ ਬੱਲੇਬਾਜ਼ ਸਰਫਰਾਜ਼ ਖਾਨ (303 ਦੌੜਾਂ) ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਉਸ ਦੀ ਗੈਰ-ਮੌਜੂਦਗੀ ਵਿਚ ਮੁੰਬਈ 8 ਵਿਕਟਾਂ ’ਤੇ 254 ਦੌੜਾਂ ਹੀ ਬਣਾ ਸਕੀ। ਸ਼ਮਸ ਮੁਲਾਨੀ ਨੇ 86 ਦੌੜਾਂ ਬਣਾਈਆਂ ਜਦਕਿ ਸਿਧੇਸ਼ ਲਾਡ ਨੇ 38 ਦੌੜਾਂ ਦਾ ਯੋਗਦਾਨ ਦਿੱਤਾ।
ਸੌਰਾਸ਼ਟਰ ਵੀ ਸੈਮੀਫਾਈਨਲ ’ਚ
ਕਪਤਾਨ ਹਾਰਵਿਕ ਦੇਸਾਈ ਦੇ ਅਜੇਤੂ ਸੈਂਕੜੇ ਨਾਲ ਸੌਰਾਸ਼ਟਰ ਨੇ ਉੱਤਰ ਪ੍ਰਦੇਸ਼ ਨੂੰ ਮੀਂਹ ਪ੍ਰਭਾਵਿਤ ਮੈਚ ਵਿਚ ਵੀ. ਜੇ. ਡੀ. ਨਿਯਮ ਦੇ ਤਹਿਤ 17 ਦੌੜਾਂ ਨਾਲ ਹਰਾ ਕੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਜ਼ਖ਼ਮੀ ਰਿਸ਼ਭ ਪੰਤ ਦੀ ਜਗ੍ਹਾ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਵਾਲੇ ਧਰੁਵ ਜੁਰੈਲ ਦੀ ਗੈਰ-ਮੌਜੂਦਗੀ ਵਿਚ ਉੱਤਰ ਪ੍ਰਦੇਸ਼ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 8 ਵਿਕਟਾਂ ’ਤੇ 310 ਦੌੜਾਂ ਬਣਾਈਆਂ।
ਇਸ ਦੇ ਜਵਾਬ ਵਿਚ ਸੌਰਾਸ਼ਟਰ ਨੇ 40.1 ਓਵਰਾਂ ਵਿਚ 3 ਵਿਕਟਾਂ ’ਤੇ 238 ਦੌੜਾਂ ਬਣਾਈਆਂ ਸਨ ਜਦੋਂ ਮੀਂਹ ਕਾਰਨ ਖੇਡ ਰੋਕਣੀ ਪਈ ਜਿਹੜੀ ਦੁਬਾਰਾ ਸ਼ੁਰੂ ਨਹੀਂ ਹੋ ਸਕੀ ਤੇ ਸੌਰਾਸ਼ਟਰ ਨੂੰ ਵੀ. ਜੇ. ਡੀ. ਨਿਯਮ ਦੇ ਤਹਿਤ ਜੇਤੂ ਐਲਾਨ ਕਰ ਦਿੱਤਾ ਗਿਆ। ਸੌਰਾਸ਼ਟਰ ਵੱਲੋਂ ਕਪਤਾਨ ਦੇਸਾਈ ਨੇ 116 ਗੇਂਦਾਂ ਵਿਚ ਅਜੇਤੂ 100 ਦੌੜਾਂ ਬਣਾਈਆਂ। ਉਸ ਨੇ ਪ੍ਰੇਰਕ ਮਾਂਕਡ (66 ਗੇਂਦਾਂ 'ਚ 67 ਦੌੜਾਂ) ਦੇ ਨਾਲ ਦੂਜੀ ਵਿਕਟ ਲਈ 133 ਦੌੜਾਂ ਦੀ ਪਾਰੀ ਖੇਡੀ।
ਬਾਰਸੀਲੋਨਾ ਨੇ ਇਕ ਵਾਰ ਫ਼ਿਰ ਤੋਂ ਰਿਅਲ ਮੈਡ੍ਰਿਡ ਨੂੰ ਹਰਾ ਕੇ ਜਿੱਤਿਆ ਸਪੈਨਿਸ਼ ਸੁਪਰ ਕੱਪ
NEXT STORY