ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਟੀ-20 ਵਿਸ਼ਵ ਕੱਪ 2026 ਦੌਰਾਨ ਕਪਤਾਨ ਸੂਰਿਆਕੁਮਾਰ ਯਾਦਵ ਦੀ ਸ਼ਾਨਦਾਰ ਅਗਵਾਈ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਹੈ। ਗੰਭੀਰ ਨੇ ਕਿਹਾ ਕਿ ਸੂਰਿਆ ਦੀ 'ਸੰਜਮੀ ਅਤੇ ਸ਼ਾਂਤ ਲੀਡਰਸ਼ਿਪ' ਨੇ ਕੋਚ ਵਜੋਂ ਉਨ੍ਹਾਂ ਦੇ ਦਬਾਅ ਭਰੇ ਕੰਮ ਨੂੰ ਕਾਫ਼ੀ ਸੌਖਾ ਬਣਾ ਦਿੱਤਾ ਹੈ। ਉਨ੍ਹਾਂ ਅਨੁਸਾਰ, ਸੂਰਿਆਕੁਮਾਰ ਇੱਕ ਅਜਿਹੇ ਕਪਤਾਨ ਹਨ ਜੋ ਹਰ ਕਸੌਟੀ 'ਤੇ ਖਰੇ ਉਤਰਦੇ ਹਨ ਅਤੇ ਮੈਦਾਨ ਦੇ ਅੰਦਰ ਤੇ ਬਾਹਰ ਮਾਹੌਲ ਨੂੰ ਸ਼ਾਂਤ ਰੱਖਣ ਦੀ ਕਾਬਲੀਅਤ ਰੱਖਦੇ ਹਨ।
ਕੋਚ ਦਾ ਸੁਪਨਾ ਹੈ ਸੂਰਿਆ ਵਰਗਾ ਕਪਤਾਨ
'ਸਟਾਰ ਸਪੋਰਟਸ' ਵੱਲੋਂ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਗੰਭੀਰ ਨੇ ਕਿਹਾ ਕਿ ਕਿਸੇ ਵੀ ਕੋਚ ਲਈ ਇਹ ਸੁਪਨਾ ਹੁੰਦਾ ਹੈ ਕਿ ਉਸ ਦਾ ਕਪਤਾਨ ਦਬਾਅ ਵਿੱਚ ਸਹੀ ਫੈਸਲੇ ਲਵੇ। ਉਨ੍ਹਾਂ ਕਿਹਾ, "ਮੇਰੇ ਲਈ ਖਿਡਾਰੀ ਸੂਰਿਆਕੁਮਾਰ ਨੂੰ ਵੱਖ ਰੱਖਿਆ ਜਾ ਸਕਦਾ ਹੈ, ਪਰ ਕਪਤਾਨ ਵਜੋਂ ਉਨ੍ਹਾਂ ਨੇ ਮੇਰੀ ਜ਼ਿੰਦਗੀ ਬਹੁਤ ਆਸਾਨ ਬਣਾ ਦਿੱਤੀ ਹੈ।" ਗੰਭੀਰ ਅਨੁਸਾਰ, ਇਹ ਦੇਸ਼ ਲਈ ਬਹੁਤ ਚੰਗੀ ਗੱਲ ਹੈ ਕਿ ਭਾਰਤੀ ਟੀਮ ਦੀ ਕਮਾਨ ਅਜਿਹੇ ਖਿਡਾਰੀ ਦੇ ਹੱਥ ਵਿੱਚ ਹੈ ਜਿਸ ਦਾ ਦਿਲ ਸਹੀ ਜਗ੍ਹਾ 'ਤੇ ਹੈ ਅਤੇ ਜੋ ਮੁਸ਼ਕਲ ਹਾਲਾਤ ਵਿੱਚ ਵੀ ਸ਼ਾਂਤ ਰਹਿਣਾ ਜਾਣਦਾ ਹੈ।
ਬੱਲੇ ਤੇ ਕਪਤਾਨੀ ਦੋਵਾਂ 'ਚ ਧਮਾਕਾ
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਅਮਰੀਕਾ ਵਿਰੁੱਧ ਖੇਡੇ ਗਏ ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਜਦੋਂ ਭਾਰਤ ਦਾ ਬੱਲੇਬਾਜ਼ੀ ਕ੍ਰਮ ਲੜਖੜਾ ਰਿਹਾ ਸੀ, ਤਾਂ ਸੂਰਿਆਕੁਮਾਰ ਨੇ 49 ਗੇਂਦਾਂ ਵਿੱਚ ਨਾਬਾਦ 84 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਿਆ ਅਤੇ ਟੀਮ ਨੂੰ ਜਿੱਤ ਦਿਵਾਈ ਸੀ। ਰੋਹਿਤ ਸ਼ਰਮਾ ਦੇ ਟੀ-20 ਤੋਂ ਸੰਨਿਆਸ ਲੈਣ ਤੋਂ ਬਾਅਦ ਸੂਰਿਆ ਨੂੰ ਕਮਾਨ ਸੌਂਪੀ ਗਈ ਸੀ ਅਤੇ ਉਨ੍ਹਾਂ ਨੇ ਹੁਣ ਤੱਕ ਹਰ ਉਮੀਦ 'ਤੇ ਖਰਾ ਉਤਰ ਕੇ ਦਿਖਾਇਆ ਹੈ।
ਡੇਵਿਸ ਕੱਪ 'ਚ ਦਕਸ਼ਿਨੇਸ਼ਵਰ ਦਾ ਧਮਾਕਾ; ਪੇਸ ਦੇ 20 ਸਾਲ ਪੁਰਾਣੇ ਰਿਕਾਰਡ ਦੀ ਕੀਤੀ ਬਰਾਬਰੀ
NEXT STORY