ਲੰਡਨ : ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਪ੍ਰਸ਼ੰਸਕ ਦੁਨੀਆ ਭਰ ਵਿਚ ਹਨ। ਇਸ ਧਾਕੜ ਖਿਡਾਰੀ ਦਾ ਹਰ ਕ੍ਰਿਕਟ ਪ੍ਰਸ਼ੰਸਕ ਸਨਮਾਨ ਕਰਦਾ ਹੈ। ਜਦੋਂ ਉਸ ਦੇ ਬੱਲੇ ਤੋਂ ਸੈਂਕੜਾ ਨਿਕਲਦਾ ਤਾਂ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਬਣ ਜਾਂਦਾ। ਸੈਂਕੜੇ ਤੋਂ ਖੁੰਝਣ 'ਤੇ ਹਰ ਕ੍ਰਿਕਟ ਪ੍ਰਸ਼ੰਸਕ ਉਦਾਸ ਹੋ ਜਾਂਦਾ। ਉੱਥੇ ਹੀ ਸਚਿਨ ਨਾਲ ਜੁੜਿਆ ਇਕ ਦਿਲਚਸਪ ਕਿੱਸਾ ਹੈ, ਜਿਸ ਦੇ ਬਾਰੇ ਲੋਕਾਂ ਨੰ ਸ਼ਾਇਦ ਹੀ ਪਤਾ ਹੋਵੇਗਾ।
ਇਹ ਹੈ ਦਿਲਚਸਪ ਕਿੱਸਾ
ਦਰਅਸਲ, ਇੰਗਲੈਂਡ ਦੀ ਟੀਮ 'ਚੋਂ ਬਾਹਰ ਚੱਲ ਰਹੇ ਤੇਜ਼ ਗੇਂਦਬਾਜ਼ ਟਿਮ ਬ੍ਰੈਸਨੇਨ ਨੇ ਦਾਅਵਾ ਕੀਤਾ ਹੈ ਕਿ 2011 ਵਿਚ ਟੈਸਟ ਦੌਰਾਨ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ 100ਵਾਂ ਕੌਮਾਂਤਰੀ ਸੈਂਕੜਾ ਲਾਉਣ ਤੋਂ ਰੋਕਣ ਦੇ ਬਾਅਦ ਉਸ ਨੂੰ ਅਤੇ ਆਸਟਰੇਲੀਆਈ ਅੰਪਾਇਰ ਰੋਡ ਟਕਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਬ੍ਰੈਸਨੇਨ ਨੇ ਕਿਹਾ ਕਿ 2011 ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਖਿਲਾਫ ਤੇਂਦੁਲਕਰ ਨੇ ਆਪਣਾ 99ਵਾਂ ਸੈਂਕੜਾ ਪੂਰਾ ਕੀਤਾ ਸੀ ਅਤੇ ਉੱਥੇ ਹੀ ਇੰਗਲੈਂਡ ਖਿਲਾਫ਼ ਓਵਲ ਟੈਸਟ ਦੀ ਦੂਜੀ ਪਾਰੀ ਵਿਚ ਉਹ ਜਦੋਂ 91 ਦੌੜਾ ਬਣਾ ਕੇ ਖੇਡ ਰਹੇ ਸਨ ਤਦ ਉਸ ਦੀ ਗੇਂਦ 'ਤੇ ਅੰਪਾਇਰ ਟਕਰ ਨੇ ਇਸ ਬੱਲੇਬਾਜ਼ ਨੂੰ ਐੱਲ. ਬੀ. ਡਲਬਯੂ. ਕਰਾਰ ਦਿੱਤਾ ਸੀ।
ਘਰ ਦੇ ਪਤੇ 'ਤੇ ਭੇਜੀਆਂ ਗਈਆਂ ਧਮਕੀਆਂ ਵਾਲੀਆਂ ਚਿੱਠੀਆਂ
ਬ੍ਰੈਸਨੇਨ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਹ ਗੇਂਦ ਸ਼ਾਇਦ ਲੈਗ ਸਟੰਪ ਤੋਂ ਬਾਹਰ ਜਾ ਰਹੀ ਸੀ ਅਤੇ ਆਸਟਰੇਲੀਆਈ ਅੰਪਾਇਰ ਟਕਰ ਨੇ ਸਚਿਨ ਨੂੰ ਆਊਟ ਦੇ ਦਿੱਤਾ। ਉਹ ਸੈਂਕੜੇ ਦੇ ਕਾਫੀ ਨੇੜੇ ਸੀ। ਉਹ ਯਕੀਨੀ ਤੌਰ 'ਤੇ ਸੈਂਕੜਾ ਬਣਾ ਲੈਂਦੇ। ਅਸੀਂ ਸੀਰੀਜ਼ ਜਿੱਤੇ ਤੇ ਦੁਨੀਆ ਦੀ ਨੰਬਰ ਇਕ ਟੀਮ ਬਣੇ। ਉਸ ਨੇ ਕਿਹਾ ਕਿ ਸਾਨੂੰ ਦੋਵਾਂ (ਮੈਨੂੰ ਤੇ ਅੰਪਾਇਰ) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ। ਇਸ ਤੋਂ ਕਾਫੀ ਦੇਰ ਬਾਅਦ ਵੀ ਅਜਿਹਾ ਚਲਦਾ ਰਿਹਾ। ਲੋਕਾਂ ਨੇ ਧਮਕੀ ਵਾਲੀਆਂ ਚਿੱਠੀਆਂ ਮੇਰੇ ਤੇ ਟਕਰ ਦੇ ਘਰ ਦੇ ਪਤੇ 'ਤੇ ਭੇਜੀਆਂ। ਉਸ ਵਿਚ ਲਿਖਿਆ ਹੁੰਦਾ ਸੀ ਕਿ ਤੁਸੀਂ ਸਚਿਨ ਨੂੰ ਆਊਟ ਕਿਵੇਂ ਦਿੱਤਾ ਜਦਕਿ ਗੇਂਦ ਲੈਗ ਸਟੰਪ ਤੋਂ ਬਾਹਰ ਜਾ ਰਹੀ ਸੀ।
ਬ੍ਰੈਸਨੇਨ ਮੁਤਾਬਕ ਇਨ੍ਹਾਂ ਧਮਕੀਆਂ ਨੂੰ ਦੇਖਦਿਆਂ ਟਕਰ ਨੂੰ ਆਪਣੀ ਸੁਰੱਖਿਆ ਵਧਾਉਣੀ ਪਈ। ਉਸ ਨੇ ਕਿਹਾ ਕਿ ਕੁਝ ਮਹੀਨਿਆਂ ਬਾਅਦ ਅੰਪਾਇਰ ਰੋਡ ਟਕਰ ਮੈਨੂੰ ਮਿਲੇ ਤੇ ਕਹਿਣ ਲੱਗੇ ਕਿ ਦੋਸਤ, ਮੈਨੂੰ ਸੁਰੱਖਿਆ ਗਾਰਡ ਰੱਖਣਾ ਪਿਆ। ਆਸਟਰੇਲੀਆ ਵਿਚ ਉਸ ਦੇ ਘਰ ਦੇ ਆਲੇ-ਦੁਆਲੇ ਪੁਲਸ ਦੀ ਸੁਰੱਖਿਆ ਸੀ। ਇਸ ਤੋਂ ਬਾਅਦ 2012 ਏਸ਼ੀਆ ਕੱਪ ਦੌਰਾਨ ਬੰਗਲਾਦੇਸ਼ ਖਿਲਾਫ਼ ਸੈਂਕੜਾ ਲਗਾ ਕੇ ਸਚਿਨ ਨੇ ਆਪਣੇ ਸੈਂਕੜਿਆਂ ਦਾ ਸੈਂਕੜਾ ਪੂਰਾ ਕੀਤਾ।
ਸਚਿਨ ਨੇ ਦਿੱਤਾ ਲਾਕਡਾਊਨ 'ਚ ਫਿੱਟਨੈਸ ਬਰਕਰਾਰ ਰੱਖਣ ਦਾ ਮੰਤਰ
NEXT STORY