ਸਪੋਰਟਸ ਡੈਸਕ– ਕਪਤਾਨ ਮੇਗ ਲੈਨਿੰਗ (55) ਦੇ ਅਰਧ ਸੈਂਕੜੇ ਤੋਂ ਬਾਅਦ ਜੋਸ ਜੋਨਾਸਨ (22 ਦੌੜਾਂ ’ਤੇ 3 ਵਿਕਟਾਂ) ਤੇ ਰਾਧਾ ਯਾਦਵ (20 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਸਪਿਨ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.)-2024 ਦੇ ਮੈਚ ਵਿਚ ਗੁਜਰਾਤ ਜਾਇੰਟਸ ਨੂੰ 25 ਦੌੜਾਂ ਨਾਲ ਹਰਾ ਦਿੱਤਾ।
ਦਿੱਲੀ ਨੇ 8 ਵਿਕਟਾਂ ’ਤੇ 163 ਦੌੜਾਂ ਬਣਾਉਣ ਤੋਂ ਬਾਅਦ ਗੁਜਰਾਤ ਦੀ ਪਾਰੀ ਨੂੰ 8 ਵਿਕਟਾਂ ’ਤੇ 138 ਦੌੜਾਂ ’ਤੇ ਰੋਕ ਦਿੱਤਾ। ਦਿੱਲੀ ਦੀ ਚਾਰ ਮੈਚਾਂ ਵਿਚ ਇਹ ਤੀਜੀ ਜਿੱਤ ਹੈ ਤੇ ਟੀਮ ਅੰਕ ਸੂਚੀ ਵਿਚ ਚੋਟੀ ’ਤੇ ਪਹੁੰਚ ਗਈ ਹੈ। ਗੁਜਰਾਤ ਦੀ ਟੀਮ ਨੂੰ ਇੰਨੇ ਹੀ ਮੈਚਾਂ ਤੋਂ ਬਾਅਦ ਅਜੇ ਵੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਟੀਚੇ ਦਾ ਪਿੱਛਾ ਕਰਦੇ ਹੋਏ ਗੁਜਰਾਤ ਲਈ ਐਸ਼ਲੇ ਗਾਰਡਨਰ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਵੱਡਾ ਸਕੋਰ ਬਣਾਉਣ ਵਿਚ ਸਫਲ ਨਹੀਂ ਹੋਈ। ਗਾਰਡਨਰ ਨੇ 31 ਗੇਂਦਾਂ ’ਚ 40 ਦੌੜਾਂ ਦਾ ਯੋਗਦਾਨ ਦਿੱਤਾ।
ਇਸ ਤੋਂ ਪਹਿਲਾਂ ਗੁਜਰਾਤ ਨੇ ਜ਼ਖ਼ਮੀ ਹਰਲੀਨ ਦਿਓਲ ਤੇ ਸਨੇਹ ਰਾਣਾ ਦੀ ਜਗ੍ਹਾ ਤਰਨੁਮ ਪਠਾਨ ਤੇ ਵੇਦਾ ਕ੍ਰਿਸ਼ਣਾਮੂਰਤੀ ਨੂੰ ਸ਼ਾਮਲ ਕੀਤਾ ਜਦਕਿ ਦਿੱਲੀ ਨੇ ਤੇਜ਼ ਗੇਂਦਬਾਜ਼ ਮੈਰੀਜੇਨ ਕੈਪ ਤੇ ਮੀਨੂ ਮਣੀ ਨੂੰ ਆਰਾਮ ਦਿੱਤਾ ਤੇ ਐਨਾਬੇਲ ਸਦਰਲੈਂਡ ਤੇ ਤੇਜ਼ ਗੇਂਦਬਾਜ਼ ਟਿਟਾਸ ਸਾਧੂ ਨੂੰ ਟੀਮ ਵਿਚ ਸ਼ਾਮਲ ਕੀਤਾ ਸੀ।
ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਸ਼ੈਫਾਲੀ ਵਰਮਾ ਨੇ ਖੱਬੇ ਹੱਥ ਦੀ ਸਪਿਨਰ ਤਨੁਜਾ ਕੰਵਰ ਵਿਰੁੱਧ ਛੱਕਾ ਤੇ ਚੌਕਾ ਲਾ ਕੇ ਇਕ ਵਾਰ ਫਿਰ ਦਿੱਲੀ ਨੂੰ ਤੇਜ਼ ਸ਼ੁਰੂਆਤ ਦਿਵਾਈ। ਉਸ ਦੀ ਪਾਰੀ ਹਾਲਾਂਕਿ ਲੰਬੀ ਨਹੀਂ ਚੱਲ ਸਕੀ ਤੇ ਉਹ 9 ਗੇਂਦਾਂ ਵਿਚ 13 ਦੌੜਾਂ ਬਣ ਕੇ ਮੇਘਨਾ ਸਿੰਘ ਦੀ ਗੇਂਦ ’ਤੇ ਆਊਟ ਹੋ ਗਈ। ਲੈਨਿੰਗ ਨੂੰ 30 ਦੌੜਾਂ ਦੇ ਸਕੋਰ ’ਤੇ ਜੀਵਨਦਾਨ ਮਿਲਿਆ।
ਉਸ ਨੇ ਦੂਜੀ ਵਿਕਟ ਲਈ ਐਲਿਸ ਕੈਪਸੀ ਦੇ ਨਾਲ 38 ਦੌੜਾਂ ਜਦਕਿ ਜੇਮਿਮਾ ਰੋਡ੍ਰਿਗੇਜ਼ ਦੇ ਨਾਲ ਤੀਜੀ ਵਿਕਟ ਲਈ 47 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦਾ ਸਕੋਰ ਚਲਾਈ ਰੱਖਿਆ। ਲੈਨਿੰਗ ਨੇ 41 ਗੇਂਦਾਂ ਵਿਚ 6 ਚੌਕੇ ਤੇ 1 ਛੱਕੇ ਦੀ ਮਦਦ ਨਾਲ 55 ਦੌੜਾਂ ਦੀ ਪਾਰੀ ਖੇਡੀ। ਕੈਪਸੀ ਨੇ 17 ਗੇਂਦਾਂ ਵਿਚ 5 ਚੌਕਿਆਂ ਦੀ ਮਦਦ ਨਾਲ 27 ਦੌੜਾਂ ਬਣਾਈਆਂ ਪਰ ਜੇਮਿਮਾ 10 ਗੇਂਦਾਂ ਵਿਚ 7 ਦੌੜਾਂ ਹੀ ਬਣਾ ਸਕੀ।
ਜੇਮਿਮਾ ਦੀ ਹੌਲੀ ਬੱਲੇਬਾਜ਼ੀ ਵਿਚਾਲੇ ਲੈਨਿੰਗ ਨੇ ਕੈਥਰੀਨ ਬ੍ਰਾਇਸ ਵਿਰੁੱਧ ਛੱਕਾ ਲਾਇਆ। ਉਸ ਨੇ 39 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਹ ਮੇਘਨਾ ਦੀ ਗੇਂਦ ’ਤੇ ਹੇਮਲਤਾ ਨੂੰ ਕੈਚ ਦੇ ਕੇ ਪੈਵੇਲੀਅਨ ਪਰਤੀ। ਲੈਨਿੰਗ ਦੇ ਆਊਟ ਹੋਣ ਤੋਂ ਬਾਅਦ ਦਿੱਲੀ ਦੀ ਰਨ ਰੇਟ ’ਤੇ ਰੋਕ ਲਾਈ। ਟੀਮ 15.2 ਤੋਂ 19.3 ਓਵਰਾਂ ਤਕ ਇਕ ਵੀ ਚੌਕਾ ਲਗਾਉਣ ਵਿਚ ਅਸਫਲ ਰਹੀ। ਗੁਰਜਾਤ ਕੋਲ ਹਾਲਾਂਕਿ ਦਿੱਲੀ ਨੂੰ ਹੋਰ ਘੱਟ ਸਕੋਰ ’ਤੇ ਰੋਕਣ ਦਾ ਮੌਕਾ ਸੀ ਪਰ ਟੀਮ ਨੇ ਖਰਾਬ ਫੀਲਡਿੰਗ ਕੀਤੀ ਤੇ ਕਈ ਕੈਚ ਛੱਡੇ, ਜਿਸ ਕਾਰਨ ਦਿੱਲੀ 163 ਦੌੜਾਂ ਤੱਕ ਪਹੁੰਚਣ 'ਚ ਸਫ਼ਲ ਹੋਈ।
ਦਿੱਲੀ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੀ ਜੇਸ ਜੋਨਾਸਨ ਨੂੰ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ। ਉਸ ਨੇ ਆਪਣੇ 4 ਓਵਰਾਂ ਦੇ ਸਪੈੱਲ 'ਚ 22 ਦੌੜਾਂ ਦੇ ਕੇ ਗੁਜਰਾਤ ਦੀਆਂ 3 ਬੱਲੇਬਾਜ਼ਾਂ ਨੂੰ ਆਉਟ ਕੀਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਕੋਵਸਕੀ ਦੇ ਸਿਰ ’ਚ ਫਿਰ ਲੱਗੀ ਸੱਟ
NEXT STORY