ਸਪੋਰਟਸ ਡੈਸਕ- ਕਪਤਾਨ ਹਰਮਨਪ੍ਰੀਤ ਕੌਰ ਦੀਆਂ ਅਜੇਤੂ 95 ਦੌੜਾਂ ਦੀ ਮਦਦ ਨਾਲ ਮੁੰਬਈ ਇੰਡੀਅਨਜ਼ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਮੈਚ ’ਚ ਸ਼ਨੀਵਾਰ ਨੂੰ ਗੁਜਰਾਤ ਜਾਇੰਟਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਹਰਮਨਪ੍ਰੀਤ ਨੇ 48 ਗੇਂਦਾਂ ਦੀ ਆਪਣੀ ਪਾਰੀ ’ਚ 10 ਚੌਕੇ ਤੇ 5 ਛੱਕੇ ਲਾਏ। ਉਥੇ ਹੀ, ਸਲਾਮੀ ਬੱਲੇਬਾਜ਼ ਯਾਸਤਿਕਾ ਭਾਟੀਆ ਨੇ 36 ਗੇਂਦਾਂ ’ਚ 49 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਮੁੰਬਈ ਨੇ ਪਲੇਆਫ਼ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਤੇ ਉਹ ਅਜਿਹਾ ਕਰਨ ਵਾਲੀ ਇਸ ਸਾਲ ਦੀ ਪਹਿਲੀ ਟੀਮ ਬਣ ਗਈ ਹੈ।
ਇਸ ਤੋਂ ਪਹਿਲਾਂ ਕਪਤਾਨ ਬੇਥ ਮੂਨੀ ਤੇ ਹੇਮਲਤਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ ਗੁਜਰਾਤ ਨੇ 7 ਵਿਕਟਾਂ ’ਤੇ 190 ਦੌੜਾਂ ਦਾ ਵਿਸ਼ਾਲ ਟੀਚਾ ਖੜ੍ਹਾ ਕੀਤਾ ਸੀ, ਪਰ ਮੁੰਬਈ ਨੇ ਇਕ ਗੇਂਦ ਬਾਕੀ ਰਹਿੰਦਿਆਂ ਟੀਚਾ ਹਾਸਲ ਕਰ ਲਿਆ। ਯਾਸਤਿਕਾ ਤੇ ਹੈਲੀ ਮੈਥਿਊਜ਼ (18) ਨੇ ਮੁੰਬਈ ਨੂੰ ਸ਼ਾਨਦਾਰ ਸ਼ੁਰੁਆਤ ਦਿਵਾਉਂਦੇ ਹੋਏ 6.3 ਓਵਰਾਂ ’ਚ 50 ਦੌੜਾਂ ਜੀ ਓਪਨਿੰਗ ਸਾਂਝੇਦਾਰੀ ਕੀਤੀ। ਯਾਸਤਿਕਾ ਤੇ ਨੈਟ ਸਿਕਵਰ ਬ੍ਰੰਟ ਹਾਲਾਂਕਿ ਟੀਮ ਦੀਆਂ 100 ਦੌੜਾਂ ਬਣਨ ਤੋਂ ਪਹਿਲਾਂ ਆਊਟ ਹੋ ਗਈ।

ਆਖਰੀ 5 ਓਵਰਾਂ ’ਚ ਮੁੰਬਈ ਨੂੰ 72 ਦੌੜਾਂ ਦੀ ਲੋੜ ਸੀ। ਹਰਮਨਪ੍ਰੀਤ ਨੇ 40 ਦੇ ਸਕੋਰ ’ਤੇ ਸਨੇਹ ਰਾਣਾ ਦੀ ਗੇਂਦ ਨੂੰ ਬਾਊਂਡਰੀ ਦੇ ਕੋਲ ਫੋਬੇ ਲਿਚਫੀਲਡ ਤੋਂ ਮਿਲੇ ਜੀਵਨਦਾਨ ਦਾ ਪੂਰਾ ਫਾਇਦਾ ਚੁੱਕਿਆ ਤੇ ਟੀਮ ਨੂੰ ਜਿੱਤ ਤਕ ਪਹੁੰਚਾਇਆ। ਉਸ ਨੇ ਚੌਥੀ ਵਿਕਟ ਲਈ ਅਮੇਲੀਆ ਕੇਰ (12) ਨਾਲ 38 ਗੇਂਦਾਂ ਵਿਚ 93 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਉਸ ਨੇ ਰਾਣਾ ਦੇ ਕਰਵਾਏ 18ਵੇਂ ਓਵਰ ’ਚ 24 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਬੇਥ ਮੂਨੀ ਨੇ 35 ਗੇਂਦਾਂ ’ਚ 8 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ। ਉਥੇ ਹੀ, ਹੇਮਲਤਾ ਨੇ 40 ਗੇਂਦਾਂ ’ਚ 74 ਦੌੜਾਂ ਬਣਾਈਆਂ, ਜਿਸ ਵਿਚ 9 ਚੌਕੇ ਤੇ 2 ਛੱਕੇ ਸ਼ਾਮਲ ਸਨ। ਦੋਵਾਂ ਨੇ ਦੂਜੀ ਵਿਕਟ ਲਈ 11 ਓਵਰਾਂ ’ਚ 121 ਦੌੜਾਂ ਦੀ ਸਾਂਝੇਦਾਰੀ ਕੀਤੀ।

ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਉਸ ਨੇ ਸਲਾਮੀ ਬੱਲੇਬਾਜ਼ ਲੌਰਾ ਵੋਲਵਾਰਟ (13) ਦੀ ਵਿਕਟ ਜਲਦੀ ਗੁਆ ਦਿੱਤੀ, ਜਿਸ ਨੂੰ ਹੈਲੀ ਮੈਥਿਊਜ਼ ਨੇ ਆਊਟ ਕੀਤਾ। ਲਗਾਤਾਰ ਦੂਜਾ ਅਰਧ ਸੈਂਕੜਾ ਲਾਉਣ ਵਾਲੀ ਮੂਨੀ ਤੇ ਹੇਮਲਤਾ ਨੇ ਇਸ ਤੋਂ ਬਾਅਦ ਮੁੰਬਈ ਦੀਆਂ ਗੇਂਦਬਾਜ਼ਾਂ ਨੂੰ ਮੈਦਾਨ ਦੇ ਚਾਰੇ ਪਾਸੇ ਸ਼ਾਟਸ ਲਗਾਏ। ਮੂਨੀ ਨੇ ਨੈਟ ਸਿਕਵਰ ਬ੍ਰੰਟ ਨੂੰ ਸਟ੍ਰੇਟ ’ਤੇ ਛੱਕਾ ਲਾਇਆ ਤੇ ਸ਼ਬਨਮ ਇਸਮਾਈਲ ਨੂੰ ਲਗਾਤਾਰ ਦੋ ਚੌਕੇ ਲਾਏ। ਤੇਜ਼ ਗੇਂਦਬਾਜ਼ ਪੂਜਾ ਵਸਤਾਰਕਰ ਨੂੰ ਮੂਨੀ ਨੇ ਵਿਕਟਕੀਪਰ ਦੇ ਪਿੱਛੇ ਵੱਲ ਸਕੂਪ ਸ਼ਾਟ ’ਤੇ 2 ਛੱਕੇ ਲਾਏ।

ਦੂਜੇ ਪਾਸੇ ਹੇਮਲਤਾ ਨੇ ਲੈੱਗ ਸਪਿਨਰ ਅਮੇਲੀਆ ਕੇਰ ਨੂੰ 10ਵੇਂ ਓਵਰ ’ਚ 2 ਚੌਕੇ ਤੇ 1 ਛੱਕੇ ਸਮੇਤ 15 ਦੌੜਾਂ ਬਣਾਈਆਂ। ਮੂਨੀ ਨੇ ਆਪਣਾ ਅਰਧ ਸੈਂਕੜਾ 27 ਗੇਂਦਾਂ ’ਚ ਪੂਰਾ ਕੀਤਾ ਤੇ ਹੇਮਲਤਾ ਨੇ 28 ਗੇਂਦਾਂ ’ਚ ਇਹ ਅੰਕੜਾ ਛੂਹਿਆ। ਮੂਨੀ 14ਵੇਂ ਓਵਰ ਵਿਚ ਸਟ੍ਰੇਟੇਜਿਕ ਟਾਈਮ ਆਊਟ ਤੋਂ ਬਾਅਦ ਆਪਣੀ ਵਿਕਟ ਗੁਆ ਬੈਠੀ, ਜਿਸ ਨਾਲ ਗੁਜਰਾਤ ਦੀ ਰਨ ਰੇਟ ’ਤੇ ਰੋਕ ਲੱਗੀ। ਆਫ ਸਪਿਨਰ ਸਾਜਨਾ ਸਜੀਵਨ ਨੇ ਉਸ ਨੂੰ ਪੈਵੇਲੀਅਨ ਭੇਜਿਆ। ਹੇਮਲਤਾ ਨੂੰ ਇਸਮਾਈਲ ਨੇ ਆਊਟ ਕੀਤਾ। ਗੁਜਰਾਤ ਨੇ ਆਖਰੀ 4 ਵਿਕਟਾਂ 28 ਦੌੜਾਂ ਦੇ ਅੰਦਰ ਗੁਆ ਦਿੱਤੀਆਂ।

48 ਗੇਂਦਾਂ 'ਚ 10 ਚੌਕੇ ਤੇ 5 ਛੱਕਿਆਂ ਦੀ ਮਦਦ ਨਾਲ ਨਾਬਾਦ 95 ਦੌੜਾਂ ਬਣਾਉਣ ਵਾਲੀ ਮੁੰਬਈ ਇੰਡੀਅਨਜ਼ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੋਹਿਤ ਸ਼ਰਮਾ ਦੀ ਕਪਤਾਨੀ 'ਚ ਖਿਡਾਰੀਆਂ ਨੂੰ ਨਿਖਰਦੇ ਦੇਖ ਕੇ ਚੰਗਾ ਲੱਗਾ: ਰਾਹੁਲ ਦ੍ਰਾਵਿੜ
NEXT STORY