ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਅੱਜ 63 ਸਾਲਾਂ ਦੇ ਹੋ ਗਏ ਹਨ। ਯੋਗਰਾਜ ਸਿੰਘ ਦਾ ਜਨਮ 25 ਮਾਰਚ, 1958 ਨੂੰ ਲੁਧਿਆਣਾ, ਪੰਜਾਬ ਵਿਖੇ ਹੋਇਆ। ਯੋਗਰਾਜ ਸਿੰਘ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫ਼ਿਲਮਾਂ ਦੇ ਚੁੱਕੇ ਹਨ। ਯੋਗਰਾਜ ਸਿੰਘ ਨੇ ਆਪਣੇ ਕਰੀਅਤ ਦੀ ਸ਼ੁਰੂਆਤ ਕ੍ਰਿਕਟ ਦੇ ਖੇਡ ਮੈਦਾਨ ਤੋਂ ਕੀਤੀ ਸੀ ਪਰ ਬਦਕਿਸਮਤੀ ਨਾਲ ਉਨ੍ਹਾਂ ਦਾ ਇਹ ਸਫਰ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਅੱਜ ਤੁਹਾਨੂੰ ਯੋਗਰਾਜ ਸਿੰਘ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ–
ਕ੍ਰਿਕਟ ਦਾ ਸਫਰ
ਯੋਗਰਾਜ ਸਿੰਘ ਨੇ ਸਾਲ 1976-77 ਦੇ ਸੀਜ਼ਨ ’ਚ ਘਰੇਲੂ ਕ੍ਰਿਕਟ ’ਚ ਕਦਮ ਰੱਖਿਆ ਤੇ 1985-86 ’ਚ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ। ਇੰਨੇ ਘੱਟ ਸਮੇਂ ’ਚ ਵੀ ਉਹ ਭਾਰਤੀ ਕ੍ਰਿਕਟ ਟੀਮ ’ਚ ਜਗ੍ਹਾ ਬਣਾਉਣ ’ਚ ਸਫਲ ਰਹੇ। ਉਨ੍ਹਾਂ ਦੀ ਚੋਣ ਨੇ ਕਈ ਲੋਕਾਂ ਨੂੰ ਹੈਰਾਨ ਕੀਤਾ ਸੀ। ਉਨ੍ਹਾਂ ਦਾ ਟੈਸਟ ਡੈਬਿਊ ਨਿਊਜ਼ੀਲੈਂਡ ਖ਼ਿਲਾਫ਼ ਵੇਲਿੰਗਟਨ ’ਚ ਹੋਇਆ। ਇਸ ’ਚ ਉਨ੍ਹਾਂ ਨੂੰ ਇਕੋ ਵਿਕੇਟ ਮਿਲੀ। ਹਾਲਾਂਕਿ ਉਨ੍ਹਾਂ ਦਾ ਟੈਸਟ ਕਰੀਅਰ ਇਕ ਮੈਚ ਤੋਂ ਅੱਗੇ ਨਹੀਂ ਵੱਧ ਸਕਿਆ। ਉਥੇ ਇਸ ਦੌਰੇ ’ਤੇ ਉਨ੍ਹਾਂ ਨੇ ਸੱਤ ਮੈਚ ਵੀ ਖੇਡੇ। ਇਨ੍ਹਾਂ ਮੈਚਾਂ ’ਚ ਉਹ ਕੁਲ 13 ਵਿਕੇਟਾਂ ਹੀ ਲੈ ਸਕੇ। ਉਨ੍ਹਾਂ ਲਈ ਇਹ ਦੌਰਾ ਭੁਲਾ ਦੇਣ ਵਾਲਾ ਰਿਹਾ।
ਯੋਗਰਾਜ ਸਿੰਘ ਨੇ ਭਾਰਤ ਲਈ ਛੇ ਵਨਡੇ ਮੁਕਾਬਲੇ ਵੀ ਖੇਡੇ। ਇਨ੍ਹਾਂ ਛੇ ਮੈਚਾਂ ’ਚੋਂ ਚਾਰ ਮੈਚ ਉਹ ਨਿਊਜ਼ੀਲੈਂਡ ਦੇ ਖ਼ਿਲਾਫ਼ ਉਤਰੇ ਤਾਂ ਦੋ ’ਚ ਆਸਟ੍ਰੇਲੀਆ ਦੇ ਖ਼ਿਲਾਫ਼। ਇਨ੍ਹਾਂ ਮੈਚਾਂ ’ਚ ਉਨ੍ਹਾਂ ਨੇ ਚਾਰ ਵਿਕੇਟਾਂ ਲਈਆਂ। 44 ਦੌੜਾਂ ਦੇ ਕੇ ਦੋ ਵਿਕੇਟਾਂ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਰਿਹਾ। ਉਥੇ ਛੇ ਮੈਚਾਂ ਦੀਆਂ ਚਾਰ ਪਾਰੀਆਂ ’ਚੋਂ ਉਹ ਇਕ ਦੌੜ ਬਣਾ ਸਕੇ। ਯੋਗਰਾਜ ਨੇ 30 ਫਰਸਟ ਕਲਾਸ ਤੇ 13 ਏ ਲਿਸਟ ਦੇ ਮੈਚ ਵੀ ਖੇਡੇ ਪਰ ਇਥੇ ਵੀ ਉਨ੍ਹਾਂ ਦੀ ਖੇਡ ਸਾਧਾਰਨ ਹੀ ਰਹੀ। ਫਰਸਟ ਕਲਾਸ ’ਚ ਉਨ੍ਹਾਂ ਦੇ ਹਿੱਸੇ 66 ਵਿਕੇਟਾਂ ਆਈਆਂ, ਉਥੇ ਏ ਲਿਸਟ ’ਚ ਯੋਗਰਾਜ ਨੇ 13 ਵਿਕੇਟਾਂ ਲਈਆਂ। ਸੱਟਾਂ ਕਾਰਨ ਉਨ੍ਹਾਂ ਦਾ ਕ੍ਰਿਕਟ ਕਰੀਅਰ ਛੇਤੀ ਹੀ ਖ਼ਤਮ ਹੋ ਗਿਆ। ਯੋਗਰਾਜ ਦਾ ਆਖਰੀ ਵਨਡੇ ਮੁਕਾਬਲਾ ਨਿਊਜ਼ੀਲੈਂਡ ਖ਼ਿਲਾਫ਼ ਸੀ।
ਫ਼ਿਲਮੀ ਸਫਰ
ਯੋਗਰਾਜ ਸਿੰਘ ਨੇ ਕ੍ਰਿਕਟ ਤੋਂ ਬਾਅਦ ਪੰਜਾਬੀ ਫ਼ਿਲਮਾਂ ਵੱਲ ਰੁਖ਼ ਕੀਤਾ। ਯੋਗਰਾਜ ਨੇ ਪੰਜਾਬੀ ਫ਼ਿਲਮ ਇੰਡਸਟਰੀ ’ਚ ਸ਼ਾਨਦਾਰ ਕਿਰਦਾਰ ਨਿਭਾਏ ਹਨ, ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ’ਚ ਅੱਜ ਵੀ ਘਰ ਕੀਤਾ ਹੋਇਆ ਹੈ। ਯੋਗਰਾਜ ਸਿੰਘ ਨੇ ‘ਬਟਵਾਰਾ’ ਫ਼ਿਲਮ ਨਾਲ ਅਦਾਕਾਰੀ ਦੇ ਖੇਤਰ ’ਚ ਆਪਣੀ ਵਿਲੱਖਣ ਪਛਾਣ ਬਣਾਈ ਸੀ। ਪੰਜਾਬੀ ਫ਼ਿਲਮ ‘ਯਾਰ ਗਰੀਬਾਂ ਦਾ’ ਨੇ ਯੋਗਰਾਜ ਸਿੰਘ ਨੂੰ ਪੰਜਾਬੀ ਫ਼ਿਲਮ ਇੰਡਸਟਰੀ ’ਚ ਸਥਾਪਿਤ ਕੀਤਾ। ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਯੋਗਰਾਜ ਸਿੰਘ ਹਰ ਫ਼ਿਲਮ ਲਈ ਲਾਜ਼ਮੀ ਹੋ ਗਿਆ। ਯੋਗਰਾਜ ਅਭਿਨੈ ਦਾ ਸਾਗਰ ਹੈ। ਉਨ੍ਹਾਂ ਦੀ ਦਮਦਾਰ ਆਵਾਜ਼ ਤੇ ਡਾਇਲਾਗ ਬੋਲਣ ਦਾ ਤਰੀਕਾ ਹਮੇਸ਼ਾ ਹੀ ਲੋਕਾਂ ’ਚ ਖਿੱਚ ਦਾ ਕੇਂਦਰ ਬਣਦਾ ਹੈ। ਯੋਗਰਾਜ ਸਿੰਘ ਨੇ ‘ਜੱਟ ਤੇ ਜ਼ਮੀਨ’, ‘ਕੁਰਬਾਨੀ ਜੱਟ ਦੀ’, ‘ਬਦਲਾ ਜੱਟੀ ਦਾ’, ‘ਇਨਸਾਫ’, ‘ਲਲਕਾਰਾ ਜੱਟੀ ਦਾ’, ‘ਜੱਟ ਪੰਜਾਬ ਦਾ’, ‘ਜ਼ਖਮੀ ਜਾਗੀਰਦਾਰ’, ‘ਨੈਣ ਪ੍ਰੀਤੋ ਦੇ’, ‘ਵਿਛੋੜਾ’, ‘ਵੈਰੀ’, ‘ਜੱਟ ਸੁੱਚਾ ਸਿੰਘ ਸੂਰਮਾ’ ਵਰਗੀਆਂ ਕਈ ਫ਼ਿਲਮਾਂ ਦਰਸ਼ਕਾਂ ਦੀ ਝੋਲੀ ’ਚ ਪਾਈਆਂ। ਯੋਗਰਾਜ ਸਿੰਘ ਹੁਣ ਤਕ 80 ਤੋਂ ਵੱਧ ਫ਼ਿਲਮਾਂ ’ਚ ਕੰਮ ਕਰ ਚੁੱਕੇ ਹਨ।
ਦੱਸਣਯੋਗ ਹੈ ਕਿ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਪੰਜਾਬੀ ਫ਼ਿਲਮਾਂ ਬਣਨੀਆਂ ਲਗਭਗ ਬੰਦ ਹੋ ਗਈਆਂ ਸਨ। ਇਸ ਸਮੇਂ ਯੋਗਰਾਜ ਸਿੰਘ ਨੇ ਕਈ ਪੰਜਾਬੀ ਗੀਤਾਂ ਦੇ ਫਿਲਮਾਂਕਣ ’ਚ ਵੀ ਕੰਮ ਕੀਤਾ। ਜਦੋਂ ਮੁੜ ਪੰਜਾਬੀ ਸਿਨੇਮਾ ਸਰਗਰਮ ਹੋਇਆ ਤਾਂ ਯੋਗਰਾਜ ਸਿੰਘ ਵੀ ਮੁੜ ਪਰਦੇ ’ਤੇ ਛਾ ਗਏ।
ਯੋਗਰਾਜ ਸਿੰਘ ਨੇ ਬਾਲੀਵੁੱਡ ਫ਼ਿਲਮਾਂ ’ਚ ਵੀ ਕੰਮ ਕੀਤਾ ਹੈ। ਯੋਗਰਾਜ ‘ਤੀਨ ਥੇ ਭਾਈ’, ‘ਸਿੰਘ ਇਜ਼ ਬਲਿੰਗ’ ਤੇ ‘ਭਾਗ ਮਿਲਖਾ ਭਾਗ’ ਫ਼ਿਲਮਾਂ ’ਚ ਸ਼ਾਨਦਾਰ ਅਭਿਨੈ ਕਰ ਚੁੱਕੇ ਹਨ।
ਵਿਵਾਦਾਂ ’ਚ ਵੀ ਘਿਰੇ
ਯੋਗਰਾਜ ਸਿੰਘ ਦਾ ਕਰੀਅਰ ਵਿਵਾਦਾਂ ਨਾਲ ਵੀ ਭਰਿਆ ਰਿਹਾ ਹੈ। ਯੋਗਰਾਜ ਸਿੰਘ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ ’ਚ ਆ ਜਾਂਦੇ ਹਨ। ਹਾਲ ਹੀ ’ਚ ਉਨ੍ਹਾਂ ਦਾ ਕਿਸਾਨ ਅੰਦੋਲਨ ਦੌਰਾਨ ਦਿੱਤਾ ਬਿਆਨ ਕਾਫੀ ਵਾਇਰਲ ਹੋਇਆ ਸੀ, ਜਿਸ ਦੀ ਹਿੰਦੂ ਭਾਈਚਾਰੇ ਦੇ ਲੋਕਾਂ ਵਲੋਂ ਕਾਫੀ ਨਿੰਦਿਆ ਕੀਤੀ ਗਈ ਸੀ। ਇਸ ਬਿਆਨ ਤੋਂ ਬਾਅਦ ਯੋਗਰਾਜ ਸਿੰਘ ਦੀ ਗ੍ਰਿਫਤਾਰੀ ਦੀ ਵੀ ਮੰਗ ਕੀਤੀ ਗਈ ਸੀ। ਉਥੇ ਯੋਗਰਾਜ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ’ਤੇ ਵੀ ਵੱਡੇ ਦੋਸ਼ ਲਗਾ ਚੁੱਕੇ ਹਨ। ਯੋਗਰਾਜ ਸਿੰਘ ਦਾ ਕਹਿਣਾ ਸੀ ਕਿ ਧੋਨੀ ਕਰਕੇ ਉਨ੍ਹਾਂ ਦੇ ਬੇਟੇ ਯੁਵਰਾਜ ਸਿੰਘ ਦਾ ਕ੍ਰਿਕਟ ਕਰੀਅਰ ਖਰਾਬ ਹੋਇਆ ਹੈ।
ਨੋਟ– ਯੋਗਰਾਜ ਸਿੰਘ ਦੀ ਕਿਹੜੀ ਫ਼ਿਲਮ ਤੁਹਾਡੀ ਫੇਵਰੇਟ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।
ਕ੍ਰਿਕਟਰ ਯੁਵਰਾਜ ਸਿੰਘ ਨੇ ਬਦਲੀ ਲੁੱਕ, ਪ੍ਰਸ਼ੰਸਕਾਂ ਨੂੰ ਆ ਰਹੀ ਹੈ ਖ਼ੂਬ ਪਸੰਦ
NEXT STORY