ਨਵੀਂ ਦਿੱਲੀ : ਯੁਵਰਾਜ ਸਿੰਘ ਆਈ. ਪੀ. ਐੱਲ. 2019 ਲਈ ਖੁੱਦ ਨੂੰ ਤਿਆਰ ਕਰਨ 'ਚ ਲੱਗੇ ਹਨ। ਆਈ. ਪੀ. ਐੱਲ. 23 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਮੁੰਬਈ ਇੰਡੀਅਨਸ ਵੱਲੋਂ ਇਕ ਕਰੋੜ 'ਚ ਖਰੀਦੇ ਗਏ ਖੱਬੇ ਹੱਥ ਦੇ ਇਸ ਕ੍ਰਿਕਟਰ ਨੂੰ ਵਿਸ਼ਵਾਸ ਹੈ ਕਿ ਉਹ ਇਕ ਵਾਰ ਫਿਰ ਆਪਣੀ ਕਾਬਲੀਅਤ ਸਾਬਤ ਕਰਨਗੇ। ਯੁਵਰਾਜ ਪਿਛਲੇ ਕੁਝ ਆਈ. ਪੀ. ਐੱਲ. ਸੀਜ਼ਨ ਤੋਂ ਲਗਾਤਾਰ ਬਿਹਤਰ ਪ੍ਰਦਰਸ਼ਨ ਨਹੀਂ ਕਰ ਰਹੇ। ਤਿਆਰੀਆਂ ਦੌਰਾਨ ਯੁਵੀ ਨੂੰ ਨੈਟ 'ਤੇ ਅਭਿਆਸ ਕਰਦੇ ਦੇਖਿਆ ਗਿਆ। ਯੁਵੀ ਭਾਰਤੀ ਟੀਮ ਦੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੇ ਹੈਲੀਕਾਪਟਰ ਸ਼ਾਟ ਦਾ ਅਭਿਆਸ ਕਰਦੇ ਦਿਖਾਈ ਦਿੱਤੇ। ਆਪਣੇ ਖਾਸ ਅੰਦਾਜ਼ ਵਿਚ ਬੱਲੇਬਾਜ਼ੀ ਕਰ ਰਹੇ ਯੁਵਰਾਜ ਨੇ ਆਫ ਸਪਿਨਰ ਦੀ ਇਕ ਫਲਾਈਟੇਡ ਗੇਂਦ ਨੂੰ ਮਿਡ ਵਿਕਟ ਦੇ ਉੱਪਰੋਂ ਮਾਰਿਆ। ਉਸ ਦਾ ਫਾਲੋਅ ਥਰੂ ਧੋਨੀ ਦੇ ਹੈਲੀਕਾਪਟਰ ਸ਼ਾਟ ਦੌਰਾਨ ਫਾਲੋਅ ਥਰੂ ਵਰਗਾ ਹੀ ਸੀ।
ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਕੋਈ ਕ੍ਰਿਕਟਰ ਧੋਨੀ ਦੇ ਸ਼ਾਟ ਦੀ ਕਾਪੀ ਕਰ ਰਿਹਾ ਸੀ। ਰਾਸ਼ਿਦ ਖਾਨ, ਮੁਹੰਮਦ ਸ਼ਹਿਜਾਦ ਵੀ ਕਈ ਮੈਚਾਂ ਵਿਚ ਇਸ ਸ਼ਾਟ ਦਾ ਅਭਿਆਸ ਕਰ ਚੁੱਕੇ ਹਨ। ਯੁਵਰਾਜ ਸਿੰਘ ਆਈ. ਪੀ. ਐੱਲ. ਨਿਲਾਮੀ ਦੇ ਪਹਿਲੇ ਗੇੜ ਵਿਚ ਅਨਸੋਲਡ ਰਹਿਣ ਤੋਂ ਬਾਅਦ ਮੁੰਬਈ ਇੰਡੀਅਨਸ ਵੱਲੋਂ ਬੇਹੱਦ ਘੱਟ ਕੀਮਤ 'ਤੇ ਖਰੀਦੇ ਗਏ ਅਤੇ ਹੁਣ ਉਹ ਇਸ ਮੌਕੇ ਨੂੰ ਗੁਆਉਣਾ ਨਹੀਂ ਚਾਹੁੰਦੇ। ਮੁੰਬਈ ਇੰਡੀਅਨਸ ਚੌਥਾ ਆਈ. ਪੀ. ਐੱਲ. ਖਿਤਾਬ ਜਿੱਤਣ ਲਈ ਬੇਕਰਾਰ ਹੋਵੇਗੀ, ਕਿਉਂਕਿ 2018 ਦਾ ਸੀਜ਼ਨ ਉਸ ਲਈ ਬਹੁਤ ਖਰਾਬ ਰਿਹਾ ਸੀ।
ਦੱਸਣਯੋਗ ਹੈ ਕਿ ਮੁੰਬਈ ਇੰਡੀਅਨਸ ਪਹਿਲੇ ਗੇੜ ਵਿਚ ਜ਼ਿਆਦਾਤਰ ਮੈਚ ਹਾਰਨ ਤੋਂ ਬਾਅਦ 5ਵੇਂ ਨੰਬਰ 'ਤੇ ਰਹੀ ਸੀ। ਹਾਲਾਂਕਿ 3 ਵਾਰ ਟਾਈਟਲ ਜਿੱਤਣ ਵਾਲੀ ਮੁੰਬਈ ਇੰਡੀਅਨਸ ਨੇ ਦੂਜੇ ਗੇੜ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਪਲੇਆਫ 'ਚ ਜਗ੍ਹਾ ਬਣਾਈ ਪਰ ਮੁੰਬਈ ਦਾ ਮਿਡਲ ਆਰਡਰ ਇਕ ਵਾਰ ਫਿਰ ਅਸਫਲ ਸਾਬਤ ਹੋਇਆ। ਯੁਵਰਾਜ ਨੂੰ ਖਰੀਦਣ ਦਾ ਮਕਸਦ ਸ਼ਾਇਦ ਮਿਡਲ ਆਰਡਰ ਨੂੰ ਮਜ਼ਬੂਤ ਕਰਨਾ ਹੀ ਹੋਵੇਗਾ। ਆਈ. ਪੀ. ਐੱਲ. ਵਿਚ ਮੁੰਬਈ ਇੰਡੀਅਨਸ ਨੂੰ ਆਪਣਾ ਪਹਿਲਾ ਮੈਚ ਦੂਜੇ ਦਿਨ ਦਿੱਲੀ ਕੈਪੀਟਲਸ ਦੇ ਨਾਲ 24 ਮਾਰਚ ਨੂੰ ਖੇਡਣਾ ਹੈ। ਜਦਕਿ ਚੇਨਈ ਸੁਪਰਕਿੰਗਜ਼ ਅਤੇ ਰਾਇਲ ਚੈਲੰਜਰਸ ਬੰਗਲੁਰੂ ਵਿਚਾਲੇ ਟੂਰਨਾਮੈਂਟ ਦਾ ਪਹਿਲਾ ਮੈਚ 23 ਮਾਰਚ ਨੂੰ ਖੇਡਿਆ ਜਾਵੇਗਾ।
ਪੰਤ ਦੇ ਬਚਾਅ 'ਚ ਉੱਤਰੇ ਧਵਨ, ਕਿਹਾ- ਜੇਕਰ ਧੋਨੀ ਹੁੰਦੇ ਤਾਂ ਬਦਲ ਸਕਦਾ ਸੀ ਮੈਚ
NEXT STORY