ਅੰਮ੍ਰਿਤਸਰ ਦੇ 1919 ਦੇ ਜਲ੍ਹਿਆਂਵਾਲ਼ੇ ਬਾਗ਼ ਦੇ ਖ਼ੂਨੀ ਸਾਕਾ ਸਾਡੀ ਚੇਤਨਾ ਨੂੰ 100 ਸਾਲ ਬਾਅਦ ਵੀ ਹਿਲਾਉਂਦਾ ਹੈ। ਇਹ ਸਾਕਾ ਸਾਡੇ ਮਨਾਂ ਵਿਚ ਵੱਡਾ ਰੋਸ ਬਣਕੇ ਬਹਿ ਗਿਆ ਸੀ, ਇਸ ਦੀ ਮਿਸਾਲ ਇੱਥੋਂ ਹੀ ਸਮਝ ਸਕਦੇ ਹਾਂ ਕਿ ਸ਼ਹੀਦ ਉੱਧਮ ਸਿੰਘ ਨੇ 21 ਸਾਲਾਂ ਬਾਅਦ ਕੈਕਸਟਨ ਹਾਲ ਲੰਡਨ 'ਚ 13 ਮਾਰਚ 1940 ਨੂੰ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨਕੇ ਸਾਕਾ 1919 ਦੇ ਜ਼ਖ਼ਮਾਂ ਦਾ ਬਦਲਾ ਲਿਆ। 14 ਮਾਰਚ 1940 ਨੂੰ ਡੇਲੀ ਮੇਲ ਦੀ ਖ਼ਬਰ ਸੀ ਕਿ ਮੁੰਹਮਦ ਸਿੰਘ ਆਜ਼ਾਦ ਨਾਮ ਦੇ ਭਾਰਤੀ ਬੰਦੇ ਨੇ ਓਡਵਾਇਰ ਦਾ ਕਤਲ ਕਰ ਦਿੱਤਾ।
1947 ਤੱਕ ਆਉਂਦੇ ਆਉਂਦੇ ਡਾ. ਸੈਫ਼ੂਦੀਨ ਕਿਚਲੂ ਨੂੰ ਉਨ੍ਹਾਂ ਦੇ ਯੋਗਦਾਨ ਨੂੰ ਸ਼ਹਿਰ ਭੁੱਲ ਗਿਆ। ਬਟਵਾਰੇ 'ਚ ਧਰਤੀ ਦੇ ਦੋ ਟੁਕੜੇ ਹੋ ਗਏ। ਵੰਡ ਨੇ ਲੋਕਾਂ ਦੇ ਮਨ ਵੀ ਵੰਡ ਦਿੱਤੇ। ਹੁਣ ਡਾ. ਕਿਚਲੂ ਨੂੰ ਵੇਖਣ ਵਾਲੀ ਇਕ ਅੱਖ ਉਨ੍ਹਾਂ ਨੂੰ ਮੁਸਲਮਾਨ ਵੇਖਦੀ ਸੀ।
ਹੈਵਾਨੀਅਤ ਦਾ ਇਹ ਦੌਰ ਕਹਿੰਦਾ ਸੀ ਕਿਹੜਾ ਕਿਚਲੂ ਤੇ ਕਿਹੜਾ ਦੇਸ਼ ਭਗਤ ?
ਉਨ੍ਹਾਂ ਸਮਿਆਂ ਦੀ ਫਿਰਕੂ ਹਵਾ ਦੇ ਜਨੂੰਨੀਆਂ ਨੇ ਅੰਮ੍ਰਿਤਸਰ ਕਚਹਿਰੀ ਰੋਡ 'ਤੇ ਉਨ੍ਹਾਂ ਦੀ ਕੋਠੀ ਨੂੰ ਘੇਰਾ ਪਾ ਲਿਆ। ਹਥਿਆਰਬੰਦ ਜਨੂੰਨੀਆਂ ਤੋਂ ਉਸ ਸਮੇਂ ਬਚਾਉਣ ਲਈ ਰੱਬ ਦੇ ਬੰਦੇ ਮੇਘ ਸਿੰਘ, ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲ਼ਵੱਢੀ ਅੱਗੇ ਆਏ। ਉਨ੍ਹਾਂ ਡਾਕਟਰ ਕਿਚਲੂ ਅਤੇ ਪਰਿਵਾਰ ਨੂੰ ਹਿਫ਼ਾਜ਼ਤ ਨਾਲ ਦਿੱਲੀ ਪਹੁੰਚਾਇਆ, ਜਿੱਥੋਂ ਉਹ ਨਵੇਂ ਦੇਸ਼ ਪਾਕਿਸਤਾਨ ਨੂੰ ਰਵਾਨਾ ਹੋਏ। ਅੰਮ੍ਰਿਤਸਰ ਦੀ ਗਲ਼ੀਆਂ ਦਾ ਇਹ ਦੌਰ ਆਖਰ ਡਾਕਟਰ ਕਿਚਲੂ ਕਿਵੇਂ ਯਾਦ ਕਰਦੇ ਰਹੇ ਹੋਣਗੇ? 2020 ਦੇ ਇਸ ਦੌਰ 'ਚ ਅਕਸਰ ਸੱਥਾਂ 'ਚ ਗੱਲਾਂ ਹੁੰਦੀਆਂ ਹਨ ਕਿ ਦੇਸ਼ ਦੀ ਹਵਾ ਬਦਲ ਗਈ ਹੈ। ਜਲ੍ਹਿਆਂਵਾਲ਼ੇ ਬਾਗ਼ ਦੀ ਸ਼ਹਾਦਤ ਨਾਲ ਸਾਨੂੰ ਫਿਰ ਤੋਂ ਆਪਣੇ ਨਹੁੰ-ਮਾਸ ਦੇ ਰਿਸ਼ਤੇ ਨੂੰ ਮੁੜ ਤੋਂ ਸੁਰਜੀਤ ਕਰਨਾ ਪੈਣਾ ਹੈ।
ਇਸ ਖਾਸ ਪੇਸ਼ਕਸ਼ ਨੂੰ ਪੜ੍ਹਦਿਆਂ ਜ਼ਰਾ ਪਤਾ ਤਾਂ ਕਰਿਓ ਕਿ ਸ਼ਹਿਰ 'ਚ ਡਾ.ਕਿਚਲੂ ਅਤੇ ਸਤਪਾਲ ਦਾ ਘਰ ਹੁਣ ਕਿੱਥੇ ਹੈ ? ਜੇ ਉਸ ਘਰ ਨੂੰ ਲੱਭ ਲਿਆ ਤਾਂ ਸਮਝ ਲੈਣਾ ਸਾਡੇ ਦਿਲ 'ਚ ਅੱਜ ਵੀ ਇਨਸਾਨੀਅਤ ਜਿਊਂਦੀ ਹੈ।
ਖੂਨੀ ਸਾਕੇ ਤੋਂ ਬਾਅਦ ਅੰਗਰੇਜ਼ ਸਰਕਾਰ ਵਲੋਂ ਸਥਾਪਿਤ ਕੀਤੀਆਂ ਆਰਜ਼ੀ ਤੰਬੂ ਅਦਾਲਤਾਂ
13 ਦਿਨ 13 ਅਪ੍ਰੈਲ ਅਤੇ ਖ਼ੂਨੀ ਸਾਕਾ
30 ਮਾਰਚ 1919 : ਮਹਾਤਮਾ ਗਾਂਧੀ ਦੀ ਅਗਵਾਈ 'ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ਦੀ ਨੀਂਹ 24 ਫਰਵਰੀ 1919 ਨੂੰ ਰੱਖੀ ਗਈ। 2 ਮਾਰਚ ਨੂੰ ਅੰਦੋਲਣ ਦਾ ਮੈਨੀਫੈਸਟੋ ਪੇਸ਼ ਕੀਤਾ ਗਿਆ, ਜੋ ਉਨ੍ਹਾਂ ਦਿਨਾਂ 'ਚ ਅਖ਼ਬਾਰਾਂ 'ਚ ਵੀ ਪ੍ਰਕਾਸ਼ਿਤ ਹੋਇਆ। ਇਸੇ ਲੜੀ 'ਚ 30 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਸਾਰੇ ਕੰਮ, ਹਰ ਦੁਕਾਨ, ਦਫਤਰ ਬੰਦ ਕਰਨ ਨੂੰ ਕਿਹਾ ਗਿਆ ਪਰ ਇਹ ਹੜਤਾਲ 6 ਅਪ੍ਰੈਲ ਨੂੰ ਬਦਲ ਦਿੱਤੀ ਗਈ। 6 ਅਪ੍ਰੈਲ ਤਾਰੀਖ਼ ਬਦਲਣ ਦੀ ਖ਼ਬਰ ਸਭ ਤੱਕ ਨਾ ਪਹੁੰਚੀ ਅਤੇ ਬਹੁਤ ਸਾਰੀਆਂ ਥਾਵਾਂ 'ਤੇ ਹੜਤਾਲ 30 ਮਾਰਚ ਨੂੰ ਹੋਈ। ਇਹ ਬਹੁਤ ਸ਼ਾਂਤਮਈ ਹੜਤਾਲ ਸੀ ਪਰ ਦਿੱਲੀ ਵਿਚ ਰੇਲਵੇ ਸਟੇਸ਼ਨ 'ਤੇ ਹਿੰਸਾ ਹੋਈ। ਅੰਮ੍ਰਿਤਸਰ 'ਚ ਇਸ ਵੇਲੇ 25 ਤੋਂ 30 ਹਜ਼ਾਰ ਦਾ ਇੱਕਠ ਹੋ ਗਿਆ।
ਮਹਾਤਮਾ ਗਾਂਧੀ ਦੀ ਅਗਵਾਈ 'ਚ ਰੱਖੀ ਗਈ ਸੀ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ਦੀ ਨੀਂਹ
2 ਅਪ੍ਰੈਲ 1919 : ਇਸ ਦਿਨ ਪਿਛਲੇ ਦੋ ਦਿਨਾਂ ਤੋਂ ਵੀ ਵੱਧ ਇੱਕਠ ਹੋਇਆ। ਜਲ੍ਹਿਆਂਵਾਲ਼ੇ ਬਾਗ਼ 'ਚ ਇਸ ਇਕੱਠ ਨੂੰ ਸਵਾਮੀ ਸੱਤਿਆ ਦਿਓ ਨੇ ਸੰਬੋਧਿਤ ਕੀਤਾ ਅਤੇ ਨਾ ਮਿਲਵਰਤਨ ਸੱਤਿਆਗ੍ਰਹਿ ਅੰਦੋਲਨ ਬਾਰੇ ਰੌਲੇਟ ਕਾਨੂੰਨ ਦੇ ਵਿਰੋਧ 'ਚ ਲੋਕਾਂ ਅੱਗੇ ਆਪਣੀ ਗੱਲ ਵਿਸਥਾਰ ਨਾਲ ਰੱਖੀ।
6 ਅਪ੍ਰੈਲ 1919 : ਡੀ.ਸੀ. ਮਾਈਲਜ਼ ਇਰਵਿੰਗ ਨੇ 5 ਅਪ੍ਰੈਲ ਨੂੰ ਬੈਠਕ ਸੱਦੀ ਤਾਂਕਿ ਅੰਮ੍ਰਿਤਸਰ 'ਚ ਕਿਸੇ ਤਰ੍ਹਾਂ ਵੀ ਹੜਤਾਲ ਨੂੰ ਹੁੰਗਾਰਾ ਨਾ ਮਿਲੇ। ਇਸ ਹੜਤਾਲ ਦੀ ਅਗਵਾਈ ਸਥਾਨਕ ਆਗੂ ਡਾ.ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੇ ਕੀਤੀ। ਮੁੰਬਈ ਦੇ ਚੌਪਾਟੀ 'ਚ ਮਹਾਤਮਾ ਗਾਂਧੀ ਨੇ 1 ਲੱਖ ਲੋਕਾਂ ਦੇ ਇੱਕਠ ਨੂੰ ਸੰਬੋਧਣ ਕੀਤਾ। ਇਸ ਤੋਂ ਅਗਲੇ ਦਿਨ ਰੌਲੇਟ ਐਕਟ ਨੂੰ ਟਿੱਚ ਜਾਣਦਿਆਂ ਬਿਨਾਂ ਮਨਜ਼ੂਰੀ ਤੋਂ 'ਸੱਤਿਆਗ੍ਰਹਿ' ਅਖ਼ਬਾਰ ਵੀ ਕੱਢਿਆ।
9 ਅਪ੍ਰੈਲ 1919 : ਇਸ ਦਿਨ ਸ਼੍ਰੀ ਰਾਮ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਰਪਿਤ 'ਰਾਮ ਨੌਮੀ' ਸੀ। ਇਹ ਅੰਗਰੇਜ਼ਾਂ ਲਈ ਬਿਲਕੁਲ ਅਣਸੁਖਾਂਵੀ ਗੱਲ ਹੋ ਨਿਭੜੀ। ਹਿੰਦੂ-ਮੁਸਲਮਾਨ ਏਕਤਾ ਦੀ ਸ਼ਾਂਤਮਈ ਕਤਾਰਾਂ ਅੰਮ੍ਰਿਤਸਰ ਦੀ ਗਲ਼ੀਆਂ 'ਚ ਤੁਰ ਰਹੀਆਂ ਸਨ। ਇਕ-ਦੂਜੇ ਨੂੰ ਸਾਂਝੇ ਘੜੇ 'ਚ ਪਾਣੀ ਪਿਆਇਆ ਜਾ ਰਿਹਾ ਸੀ ਅਤੇ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲੱਗ ਰਹੇ ਸਨ। ਡਾ. ਹਾਫ਼ਿਜ਼ ਮੁੰਹਮਦ ਬਸ਼ੀਰ ਦੀ ਅਗਵਾਈ 'ਚ ਕਿਚਲੂ ਸੱਤਿਆਪਾਲ ਕੀ ਜੈ,ਗਾਂਧੀ ਕੀ ਜੈ ਅਤੇ ਹਿੰਦੂ-ਮੁਸਲਿਮ ਕੀ ਜੈ ਦੇ ਨਾਅਰੇ ਲੱਗ ਰਹੇ ਸਨ। ਇਸ ਦੌਰਾਨ ਅੰਗਰੇਜ਼ ਸਰਕਾਰ ਲਈ ਦੁਚਿੱਤੀ ਇਹ ਵੀ ਸੀ ਕਿ ਇਹ ਹੜਤਾਲ ਸ਼ਾਂਤਮਈ ਸੀ ਅਤੇ ਨਾਲੋਂ ਨਾਲ ਇਕ ਬੈਂਡ ਬਰਤਾਨਵੀਆਂ ਦਾ ਗੀਤ 'ਗੋਡ ਸੇਵ ਦੀ ਕਿੰਗ' ਪੂਰੇ ਆਦਰ ਸਤਕਾਰ ਨਾਲ ਗਾ ਰਿਹਾ ਸੀ। ਇਹ ਪੂਰਾ ਵਰਤਾਰਾ ਬਰਤਾਨੀਆਂ ਦੇ ਫੁੱਟ ਪਾਓ ਅਤੇ ਰਾਜ ਕਰੋ ਦੇ ਨਾਅਰੇ ਦਾ ਮਜ਼ਾਕ ਉਡਾ ਰਿਹਾ ਸੀ। ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ ਅਤੇ ਹਰਿਆਣੇ ਦੇ ਪਲਵਰ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਵਾਪਸ ਮੋੜ ਦਿੱਤਾ ਗਿਆ।
10 ਅਪ੍ਰੈਲ 1919 : 9 ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਡਾ.ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ। 10 ਅਪ੍ਰੈਲ ਸਵੇਰੇ 11 ਵਜੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਤੋਂ ਬਾਹਰ ਧਰਮਸ਼ਾਲਾ 'ਚ ਨਜ਼ਰਬੰਦ ਕਰਨ ਲਈ ਰਵਾਨਾ ਕਰ ਦਿੱਤਾ। ਇਹ ਖ਼ਬਰ ਸ਼ਹਿਰ 'ਚ ਫੈਲ ਗਈ ਅਤੇ ਅੰਦੋਲਣ ਲਈ ਜੁਟੀ ਭੀੜ ਨੇ ਹਿੰਸਕ ਰੂਪ ਲੈ ਲਿਆ। ਇਕ ਘਟਨਾ ਰੇਲਵੇ ਸਟੇਸ਼ਨ 'ਤੇ ਵਾਪਰੀ। ਲੋਕਾਂ ਦੀ ਭੀੜ ਭੰਡਾਰੀ ਪੁੱਲ 'ਤੇ ਸੀ ਜੀਹਨੂੰ ਪੁਲਸ ਨੇ ਰੋਕਣ ਦੀ ਕੌਸ਼ਿਸ਼ ਕੀਤਾ। ਇਸ ਧੱਕਾ ਮੁੱਕੀ 'ਚ ਵੱਧ ਰਹੀ ਭੀੜ ਡੀ.ਸੀ. ਦਫਤਰ ਨੂੰ ਘੇਰਨ ਦੀ ਤਿਆਰੀ 'ਚ ਸੀ। ਇਸ ਦੌਰਾਨ ਗੋਲੀਬਾਰੀ 'ਚ 20 ਜਣੇ ਮਾਰੇ ਗਏ। ਹਾਲ ਬਾਜ਼ਾਰ ਵਿਖੇ ਤਿੰਨ ਬੈਂਕ, 3 ਡਾਕਘਰ ਅਤੇ ਇਕ ਚਰਚ 'ਤੇ ਹਮਲਾ ਹੋ ਗਿਆ। ਨੈਸ਼ਨਲ ਬੈਂਕ ਸਟੀਵਰਟ ਅਤੇ ਸਕੋਟ ਦਾ ਸੀ ਅਤੇ ਅਲਾਂਈਸ ਬੈਂਕ 'ਚ ਥੋਮਸਨ ਸੀ। ਰੋਸ ਅਤੇ ਥੌਮਸਨ ਨੂੰ ਬੈਂਕ ਦੇ ਆਪਣੇ ਭਾਰਤੀ ਕਲਰਕਾਂ ਨੇ ਕਿਸੇ ਤਰ੍ਹਾਂ ਬਚਾ ਲਿਆ। ਇਸੇ ਦੌਰਾਨ 5 ਯੂਰੂਪੀਆਂ ਨੂੰ ਵੀ ਮਾਰਿਆ ਗਿਆ। ਸ਼ਹਿਰ ਦੇ ਦੂਜੇ ਹਿੱਸੇ ਰੇਲਵੇ ਸਟੇਸ਼ਨ 'ਤੇ ਅੱਗ ਲਾ ਦਿੱਤੀ ਗਈ। ਇਸ ਦੌਰਾਨ 2 ਵਜੇ ਦੁਪਹਿਰ ਕੈਪਟਨ ਕਰੈਂਪਟਨ ਆਪਣੀ 1 ਗੋਰਖਾ ਬਟਾਲੀਅਨ ਦੇ 260 ਫੌਜੀਆਂ ਨਾਲ ਪੇਸ਼ਾਵਰ ਜਾ ਰਿਹਾ ਸੀ। ਸਟੇਸ਼ਨ ਦੇ ਹਲਾਤ ਵੇਖ ਉਹਨਾਂ ਉੱਥੇ ਮੋਰਚਾ ਸਾਂਭ ਲਿਆ।
ਇਸ ਦੌਰਾਨ ਭੀੜ ਵਲੋਂ ਡਾਗਾਂ ਮਾਰਕੇ ਗਾਰਡ ਰਬਿਨਸਨ ਦਾ ਕਤਲ ਕਰ ਦਿੱਤਾ ਅਤੇ ਸਟੇਸ਼ਨ ਮਾਸਟਰ ਬੈਨੇਟ ਜ਼ਖ਼ਮੀ ਹੋ ਗਿਆ। ਸਟੇਸ਼ਨ 'ਤੇ ਹੋਈ ਇਸੇ ਹਿੰਸਾ 10 ਭਾਰਤੀ ਮਾਰੇ ਗਏ ਅਤੇ 30 ਤੋਂ ਵਧੇਰੇ ਜ਼ਖ਼ਮੀ ਹੋ ਗਏ। ਅੰਮ੍ਰਿਤਸਰ ਦੀ ਅੰਦਰੂਨ ਕੰਧ ਦੇ ਪੁਰਾਣੇ ਸ਼ਹਿਰ 'ਚ ਜਨਾਨਾ ਹਸਪਤਾਲ ਦੀ ਡਾਕਟਰ ਈਸਡਨ 'ਤੇ ਹਮਲਾ ਹੋਇਆ ਪਰ ਮੌਕੇ 'ਤੇ ਬਚਾ ਲਿਆ ਗਿਆ। ਦੂਜੇ ਪਾਸੇ ਕੁੜੀਆਂ ਦੇ ਮਿਸ਼ਨ-ਡੇ ਸਕੂਲ ਦੀ ਸੁਪਰੀਟੈਡਿੰਟ ਮਾਰਸੀਲਾ ਸ਼ੇਅਰਵੁੱਡ ਹਿੰਸਕ ਭੀੜ ਦਾ ਸ਼ਿਕਾਰ ਹੋਈ। ਸ਼ੇਅਰਵੁੱਡ ਨਾਲ ਇਹ ਘਟਨਾ ਕੂਚਾ ਕੌੜੀਆਂਵਾਲ਼ਾ 'ਚ ਵਾਪਰੀ। 10 ਅਪ੍ਰੈਲ ਦੇ ਇਸ ਦਿਨ ਦੀਆਂ ਹਿੰਸਕ ਘਟਨਾਵਾਂ ਨੇ ਅੰਮ੍ਰਿਤਸਰ ਦਾ ਮਾਹੌਲ ਕਾਫੀ ਨਾਜ਼ੁਕ ਕਰ ਦਿੱਤਾ ਸੀ।
11 ਅਪ੍ਰੈਲ 1919 : ਪਿਛਲੇ ਦਿਨ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਲਾਤ ਨਾਜ਼ੁਕ ਤਾਂ ਸਨ ਹੀ ਪਰ ਅਫ਼ਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ। ਇਕ ਅਫ਼ਵਾਹ ਸੀ ਕਿ ਅੰਮ੍ਰਿਤਸਰ 'ਤੇ ਹਵਾਈ ਜਹਾਜ਼ਾਂ ਨਾਲ ਬੰਬ ਧਮਾਕੇ ਕੀਤੇ ਜਾਣਗੇ। ਹੁਣ ਤੱਕ ਹਿੰਸਾ ਦੌਰਾਨ ਮਾਰੇ ਗਿਆਂ ਨੂੰ ਸਸਕਾਰ ਅਤੇ ਦਫਨਾਉਣ ਲਈ 2 ਵਜੇ ਤੱਕ ਦਾ ਸਮਾਂ ਦਿੱਤਾ। ਡੀ.ਸੀ. ਦਾ ਹੁਕਮ ਸੀ ਕਿ ਸਸਕਾਰ ਅਤੇ ਜਨਾਜ਼ੇ ਦੌਰਾਨ ਬਹੁਤੀ ਭੀੜ ਨਹੀਂ ਹੋ ਸਕਦੀ। ਸਾਰੀਆਂ ਲਾਸ਼ਾਂ ਨੂੰ ਅੰਤਿਮ ਕਿਰਿਆ ਲਈ ਸੁਲਤਾਨਵਿੰਡ ਦੇ ਇਲਾਕੇ 'ਚ ਪਹੁੰਚਾਇਆ ਗਿਆ। ਏ.ਜੇ.ਡਬਲਿਊ ਕਿਚਨ ਕਮਿਸ਼ਨਰ ਲਾਹੌਰ ਡਿਵੀਜਨ ਨੂੰ ਸਾਰੇ ਹਲਾਤ ਦਾ ਚਾਰਜ ਦਿੱਤਾ ਗਿਆ।ਬਾਕੀ ਕਾਰਵਾਈ ਫੌਜ ਹਵਾਲੇ ਕਰ ਦਿੱਤੀ ਅਤੇ ਜਲੰਧਰ ਤੋਂ ਜਨਰਲ ਡਾਇਰ ਆਪਣੀ 45 ਵੀਂ ਬ੍ਰਿਗੇਡ ਨਾਲ ਰਾਤ 9 ਵਜੇ ਅੰਮ੍ਰਿਤਸਰ ਆ ਗਿਆ। ਜਨਰਲ ਡਾਇਰ ਨੇ ਇੱਥੇ ਰਾਮ ਬਾਗ਼ 'ਚ ਆਪਣਾ ਫੌਜੀ ਕੈਂਪ ਸਥਾਪਿਤ ਕਰ ਲਿਆ।
12 ਅਪ੍ਰੈਲ 1919 : ਜਨਰਲ ਡਾਇਰ ਨੇ ਪੂਰੇ ਸ਼ਹਿਰ ਦੀ ਗਸ਼ਤ ਕੀਤੀ।ਇਸ ਦੌਰਾਨ ਡਾਇਰ ਨਾਲ 400 ਫੌਜੀ ਅਤੇ 2 ਕਾਰਾਂ ਸਨ। ਦੂਜੇ ਪਾਸੇ ਅੰਦੋਲਨਕਾਰੀਆਂ ਵਲੋਂ ਹਿੰਦੂ ਸਭਾ ਸਕੂਲ 'ਚ ਜਲ੍ਹਿਆਂਵਾਲ਼ੇ ਬਾਗ਼ 'ਚ ਇੱਕਠ ਕਰਨ ਦਾ ਸੱਦਾ ਦਿੱਤਾ ਗਿਆ।
ਕਾਲਾ ਐਤਵਾਰ 13 ਅਪ੍ਰੈਲ 1919
ਐਤਵਾਰ ਨੂੰ ਹਲਾਤ ਬਹੁਤ ਨਾਜ਼ੁਕ ਸਨ। 10 ਅਪ੍ਰੈਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਵਿਸਾਖੀ ਮੌਕੇ ਇਕੱਠੀਆਂ ਹੋ ਰਹੀਆਂ ਸਨ। ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਿੰਸਕ ਹਲਾਤ ਅਤੇ ਸੱਤਿਆਗ੍ਰਹਿ ਅੰਦੋਲਣ ਦਾ ਜਮਘਟ ਸੀ। ਉਨ੍ਹਾਂ ਦਿਨਾਂ ਦੇ ਸ਼ਹਿਰ ਦੇ ਹਲਾਤ ਕੀ ਸਨ, ਇਸ ਦਾ ਜ਼ਿਕਰ ਉੱਪਰ ਕਰ ਚੁੱਕੇ ਹਾਂ।
ਸਵੇਰੇ ਜਨਰਲ ਡਾਇਰ ਅਤੇ ਮਾਈਲਜ਼ ਇਰਵਿੰਗ ਨੇ ਸ਼ਹਿਰ 'ਚ ਗਸ਼ਤ ਕੀਤੀ ਅਤੇ ਪੰਜਾਬੀ-ਉਰਦੂ 'ਚ ਹੋਕਾ ਦਿੱਤਾ ਕਿ ਸ਼ਹਿਰ 'ਚ ਇੱਕਠ ਨਾ ਕੀਤਾ ਜਾਵੇ,ਇੰਝ ਕਰਨ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਹੋਕਾ ਜਲ੍ਹਿਆਂਵਾਲ਼ਾ ਬਾਗ਼ ਤੋਂ ਦੂਰ 19 ਹੋਰਨਾਂ ਥਾਵਾਂ 'ਤੇ ਦਿੱਤਾ ਗਿਆ ਸੀ। ਖ਼ਾਲਸੇ ਦੇ ਜਨਮ ਦਿਨ ਨੂੰ ਮਨਾਉਂਦੀਆਂ ਸੰਗਤਾਂ ਵਿਹਲ 'ਚ ਬਾਗ਼ ਵਾਲੀ ਥਾਂ 'ਤੇ ਆਰਾਮ ਕਰਨ ਲਈ ਬੈਠੀਆਂ ਸਨ। ਦੂਜੇ ਪਾਸੇ ਸੱਤਿਆਗ੍ਰਹਿ ਦੇ ਹੱਕ 'ਚ ਰੌਲੇਟ ਐਕਟ ਦੇ ਵਿਰੋਧ 'ਚ ਵੀ ਇੱਥੇ ਲੋਕ ਇੱਕਠੇ ਹੋਣ ਲੱਗੇ। ਇੱਕਠ 'ਚ ਅੰਦੋਲਣਕਾਰੀ ਵੀ ਸਨ,ਦੂਰ ਦੁਰਾਡਿਓਂ ਆਏ ਲੋਕ ਵੀ ਅਤੇ ਇਨ੍ਹਾਂ ਲੋਕਾਂ 'ਚ ਬੱਚੇ, ਜਨਾਨੀਆਂ,ਬਜ਼ੁਰਗ ਹਰ ਕੋਈ ਸੀ।
ਦੁਪਹਿਰ 1.30 ਵਜੇ ਜਨਰਲ ਡਾਇਰ ਨੂੰ ਖ਼ਬਰ ਪਹੁੰਚੀ ਕਿ ਬਾਗ਼ 'ਚ ਇੱਕਠ ਹੋ ਰਿਹਾ ਹੈ ਅਤੇ ਇਹਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਸ ਦਿਨ ਸ਼ਾਮ 5 ਵਜੇ ਤੱਕ 15000-20000 ਲੋਕਾਂ ਦਾ ਵੱਡਾ ਇੱਕਠ ਜਲ੍ਹਿਆਂਵਾਲ਼ੇ ਬਾਗ਼ 'ਚ ਸੀ। ਉਸ ਸਮੇਂ ਸਟੇਜ ਤੋਂ ਵੱਖ-ਵੱਖ ਬੁਲਾਰੇ ਲੋਕਾਂ ਨੂੰ ਰੌਲੇਟ ਐਕਟ ਦੇ ਵਿਰੋਧ 'ਚ ਸੰਬੋਧਿਤ ਹੋ ਰਹੇ ਸਨ। ਬ੍ਰਿਜ ਬੈਕਾਲ ਆਪਣੀ 'ਫਰਿਆਦ' ਕਵਿਤਾ ਸੁਣਾਕੇ ਮੰਚ ਤੋਂ ਹੇਠਾਂ ਆਇਆ ਸੀ ਅਤੇ 'ਵਕਤ' ਸਮਾਚਾਰ ਦਾ ਸੰਪਾਦਕ ਦੁਰਗਾ ਦਾਸ ਵੈਦ ਸਟੇਜ ਤੋਂ ਸੰਬੋਧਣ ਹੋਣ ਆ ਗਿਆ ਸੀ।ਜਨਰਲ ਡਾਇਰ ਨੇ ਬਿਨਾਂ ਚੇਤਾਵਨੀ ਤੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। 10 ਮਿੰਟ 'ਚ 15000 ਨਿੱਹਥੇ ਲੋਕਾਂ ਦੀ ਕੁਰਲਾਹਟ ਨਾਲ ਧਰਤੀ ਥਰਥਰਾ ਗਈ। ਕਹਿੰਦੇ ਹਨ ਕਿ ਡਾਇਰ ਨੇ 1650 ਰੌਂਦ ਚਲਾਏ ਜਿਨ੍ਹਾਂ 'ਚੋਂ 303 ਗੋਲ਼ੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ 'ਤੇ ਮੌਜੂਦ ਹਨ। ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ਼ ਦੇ ਖ਼ੂਹ 'ਚ ਛਾਲਾਂ ਮਾਰੀਆਂ।ਇਸ ਵਹਿਸ਼ਤ ਭਰੀ ਕਾਰਵਾਈ 'ਚ 400 ਤੋਂ 2000 ਬੰਦਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਅਜੇ ਤੱਕ ਕੋਈ ਵੀ ਪੁਖ਼ਤਾ ਗਿਣਤੀ ਸਾਹਮਣੇ ਨਹੀਂ ਆਈ।ਇਸ ਦੌਰਾਨ ਫੌਜ ਅਤੇ ਲੋਕਾਂ 'ਚ 40 ਗਜ਼ ਦਾ ਫਾਸਲਾ ਸੀ। ਡਾਇਰ ਦੀ ਇਸ ਕਾਰਵਾਈ 'ਚ 54 ਸਿੱਖ ਰੈਜੀਮੈਂਟ, 29 ਗੋਰਖਾ ਅਤੇ ਸਿੰਧੀ,ਬਲੋਚੀ ਪਠਾਣਾਂ ਦੀ 59 ਸਿੰਧ ਰਾਈਫਲ ਨੇ ਹਿੱਸਾ ਲਿਆ।
ਇਹ ਖ਼ਬਰ ਵੀ ਪੜ੍ਹੋ - ਜਲ੍ਹਿਆਂਵਾਲਾ ਬਾਗ਼ : ਖ਼ੂਨੀ ਸਾਕੇ ਦੇ ਵਾਪਰਣ ਤੋਂ ਪਹਿਲਾਂ ਦੀ ਮੁਕੰਮਲ ਕਹਾਣੀ
14 ਅਪ੍ਰੈਲ ਨੂੰ ਜਨਰਲ ਡਾਇਰ ਦਾ ਸੰਬੋਧਨ
"ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਇਕ ਸਿਪਾਹੀ 'ਤੇ ਫੌਜੀ ਹਾਂ।ਜੇਕਰ ਤੁਸੀ ਅਮਨ ਚਾਹੁੰਦੇ ਹੋ ਤਾਂ ਮੇਰੇ ਹੁਕਮ ਮੰਨੋ ਅਤੇ ਸਾਰੇ ਆਪਣੀਆਂ ਦੁਕਾਨਾਂ ਖੋਲ੍ਹੋ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ। ਮੇਰੇ ਲਈ ਫਰਾਂਸ ਦਾ ਜੰਗ-ਏ-ਮੈਦਾਨ ਅਤੇ ਅੰਮ੍ਰਿਤਸਰ ਇਕੋ ਬਰਾਬਰ ਹੈ। ਮੈਂ ਇਕ ਫੌਜੀ ਹੋਣ ਦੇ ਨਾਤੇ ਸਿੱਧਾ-ਸਾਧਾ ਚੱਲਾਂਗਾ। ਨਾ ਮੈਂ ਸੱਜੇ ਜਾਵਾਂਗਾ…ਨਾ ਹੀ ਖੱਬੇ …ਦੁਕਾਨਾਂ ਤਾਕਤ ਨਾਲ ਅਤੇ ਬੰਦੂਕਾਂ ਨਾਲ ਖੁਲਵਾ ਲਈਆਂ ਜਾਣਗੀਆਂ। ਤੁਸੀਂ ਸਰਕਾਰ ਦਾ ਵਿਰੋਧ ਕਰਦੇ ਹੋ ਅਤੇ ਬੰਗਾਲ ਦੇਸ਼-ਧ੍ਰੋਹ ਦੀ ਗੱਲ ਕਰਦਾ ਹੋ। ਮੈਂ ਇਨ੍ਹਾਂ ਸਭ ਦੀ ਰਿਪੋਰਟ ਕਰਾਂਗਾ। ਮੈਨੂੰ ਫੌਜ 'ਚ ਆਪਣੀਆਂ ਸੇਵਾਵਾਂ ਨਿਭਾਉਂਦੇ ਤੀਹ ਵਰ੍ਹੇ ਹੋ ਚੱਲੇ ਹਨ। ਮੈਂ ਸਮਝਦਾ ਹਾਂ ਕਿ ਭਾਰਤੀ ਫੌਜੀ ਅਤੇ ਸਿੱਖ ਬਹੁਤ ਚੰਗੇ ਹੁੰਦੇ ਹਨ। ਜੇਕਰ ਤੁਹਾਨੂੰ ਕੋਈ ਬਦਮਾਸ਼ ਤੰਗ ਕਰਦਾ ਹੈ ਤਾਂ ਇਸਦੀ ਖਬਰ ਮੈਨੂੰ ਦਿਓ, ਮੈਂ ਉਸ 'ਤੇ ਗੋਲੀ ਚਲਾ ਦਿਆਂਗਾ। ਇਸ ਲਈ ਮੇਰਾ ਹੁਕਮ ਮੰਨੋ ਅਤੇ ਆਪਣੀਆਂ ਦੁਕਾਨਾਂ ਖੋਲ੍ਹੋ। ਜੇ ਤੁਸੀਂ ਜੰਗ ਚਾਹੁੰਦੇ ਹੋ ਤਾਂ ਬੋਲ ਦਿਓ। ਤੁਸੀਂ ਬ੍ਰਿਟਿਸ਼ ਲੋਕਾਂ ਨੂੰ ਮਾਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਜਿਸਦਾ ਬਦਲਾ ਤੁਹਾਡੇ ਤੋਂ ਅਤੇ ਤੁਹਾਡੇ ਬੱਚਿਆਂ ਤੋਂ ਲਿਆ ਜਾਵੇਗਾ।''
ਜਨਰਲ ਡਾਇਰ
15 ਅਪ੍ਰੈਲ ਮਾਰਸ਼ਲ ਲਾਅ
13 ਅਪ੍ਰੈਲ ਦੀ ਘਟਨਾ ਤੋਂ ਬਾਅਦ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਲਾ ਦਿੱਤਾ ਗਿਆ। ਇਸ ਤੋਂ ਬਾਅਦ ਜਨਰਲ ਡਾਇਰ ਨੇ ਫਿਰ ਸ਼ਹਿਰ ਨੂੰ ਸੰਬੋਧਿਤ ਕੀਤਾ।ਹੁਣ ਸ਼ਹਿਰ 'ਚ ਮਾਰਸ਼ਲ ਲਾਅ ਲਾਗੂ ਸੀ। ਪ੍ਰੈੱਸ ਨੂੰ ਪੂਰੀ ਤਰ੍ਹਾਂ ਜ਼ਬਤ ਕਰ ਲਿਆ ਗਿਆ। ਅੰਮ੍ਰਿਤਸਰ ਦੀਆਂ ਤਮਾਮ ਖ਼ਬਰਾਂ ਦੇਸ਼ ਦੁਨੀਆਂ ਦੇ ਦੂਜੇ ਹਿੱਸੇ ਬਹੁਤ ਦੇਰ ਨਾਲ ਪਹੁੰਚੀਆਂ। ਬਾਗ਼ 'ਚ ਜ਼ਖ਼ਮੀਆਂ ਦੀ ਹਾਲਤ ਬਹੁਤ ਨਾਜ਼ੁਕ ਸੀ। ਉਨ੍ਹਾਂ ਨੂੰ ਮੁੱਢਲੀ ਡਾਕਟਰੀ ਜਾਂਚ ਦੀ ਕੋਈ ਸਹੂਲਤ ਜਾਂ ਬੰਦੋਬਸਤ ਨਹੀਂ ਸੀ। ਕੂਚਾ ਕੌੜਿਆਂਵਾਲ਼ੇ ਜਿੱਥੇ ਸ਼ੀਅਰਵੁੱਡ ਨਾਲ ਹਾਦਸਾ ਹੋਇਆ ਸੀ 'ਚ ਅੰਗਰੇਜ਼ਾਂ ਨੇ ਅਜਬ ਦਸਤੂਰ ਚਲਾਇਆ। ਇਸ ਗਲੀ 'ਚੋਂ ਸਭ ਨੂੰ ਲੰਮੇ ਪੈਕੇ ਘਿਸਰਕੇ ਤੁਰਨਾ ਪੈਂਦਾ ਸੀ। ਅਜਿਹਾ ਕਰਨ 'ਤੇ ਕੜਿੱਕੀ ਨਾਲ ਬੰਨ੍ਹ ਨੰਗਾ ਕਰ ਕੌੜੇ ਮਾਰੇ ਜਾਂਦੇ ਸਨ। ਇਸ ਸਾਕੇ 'ਚ ਬੀਬੀ ਅਤਰ ਕੌਰ ਅਤੇ ਰਤਨਾ ਦੇਵੀ ਦਾ ਜ਼ਿਕਰ ਉੱਚੇਚਾ ਆਉਂਦਾ ਹੈ। ਬੀਬੀ ਅਤਰ ਕੌਰ ਆਪਣੇ ਛੇ ਮਹੀਨੇ ਦੇ ਗਰਭ ਨਾਲ ਸੀ ਅਤੇ ਆਪਣੇ ਪਤੀ ਭਾਗ ਮੱਲ ਭਾਟੀਆ ਦੀ ਲੋਥ ਨੂੰ ਆਪ-ਆਪਣੇ ਮੋਢੇ 'ਤੇ ਢੋਇਆ। ਇਸ ਦੌਰਾਨ ਉਸ ਨੇ ਹੋਰਨਾਂ ਜ਼ਖ਼ਮੀਆਂ ਦੀ ਮਦਦ ਵੀ ਕੀਤੀ। ਮਾਰਸ਼ਲ ਲਾਅ ਹੋਣ ਕਰਕੇ ਕੋਈ ਇਕ ਦੂਜੇ ਦੀ ਮਦਦ ਨੂੰ ਅੱਗੇ ਨਹੀਂ ਸੀ ਵੱਧ ਰਿਹਾ। ਇਸ ਖ਼ੂਨੀ ਵਿਸਾਖੀ ਨੂੰ ਰਤਨਾ ਦੇਵੀ ਦੇ ਪਤੀ ਦਾ ਵੀ ਕਤਲ ਹੋਇਆ। ਰਤਨਾ ਦੇਵੀ ਸਾਰੀ ਰਾਤ ਆਪਣੇ ਪਤੀ ਦੀ ਲੋਥ ਲਈ ਪਹਿਰਾ ਦਿੰਦੀ ਰਹੀ। ਬਾਗ਼ 'ਚ ਲਾਸ਼ਾਂ ਦੇ ਢੇਰ ਸਨ ਅਤੇ ਅਵਾਰਾ ਕੁੱਤਿਆਂ ਦੀ ਹੇੜ ਲਾਸ਼ਾਂ ਨੂੰ ਸੁੰਘਦੀ ਫਿਰਦੀ ਸੀ। ਰਤਨਾ ਦੇਵੀ ਸਾਰੀ ਰਾਤ ਜਾਗਦੀ ਰਹੀ ਤਾਂ ਕਿ ਉਸ ਦੇ ਘਰਵਾਲੇ ਦੀ ਲਾਸ਼ ਨੂੰ ਕੋਈ ਜਾਨਵਰ ਮੂੰਹ ਨਾ ਮਾਰੇ। ਸਵੇਰ ਹੁੰਦਿਆਂ ਰਤਨਾ ਦੇਵੀ ਆਪਣੇ ਘਰਵਾਲੇ ਦੀ ਲੋਥ ਚੁੱਕਕੇ ਘਰਾਂ ਨੂੰ ਪਰਤ ਰਹੀ ਸੀ। ਅਸੀਂ ਸਮਝ ਸਕਦੇ ਹਾਂ ਕਿ ਉਨ੍ਹਾਂ ਦਿਨਾਂ 'ਚ ਕਿੰਨੇ ਪਰਿਵਾਰਾਂ ਦੇ ਜਨਾਜੇ ਅਜਾਈਂ ਉੱਠ ਗਏ। ਇਹ ਸਾਕਾ 100 ਸਾਲ ਬਾਅਦ ਵੀ ਮਨੁੱਖਤਾ ਦੇ ਘਾਣ ਵਾਲਾ ਵੱਡਾ ਜ਼ਖ਼ਮ ਹੈ।
ਜਲ੍ਹਿਆਂਵਾਲਾ ਬਾਗ ਦਾ ਉਹ ਗੇਟ, ਜਿੱਥੋਂ ਜਨਰਲ ਡਾਇਰ ਆਪਣੀ ਫੌਜ ਸਣੇ ਦਾਖਣ ਹੋਇਆ ਸੀ।
ਅਖ਼ੀਰ…
13 ਅਪ੍ਰੈਲ ਦੀ ਘਟਨਾ ਤੋਂ ਬਾਅਦ ਬਰਤਾਨਵੀ ਭਾਰਤ ਸਰਕਾਰ ਨੇ ਅਗਲੇ ਸਾਲ ਪੂਰੇ ਘਟਨਾਕ੍ਰਮ ਦੀ ਨਿਸ਼ਾਨਦੇਹੀ ਕੀਤੀ ਅਤੇ ਮ੍ਰਿਤਕ ਪਰਿਵਾਰ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਗਿਆ। ਕਈ ਪਰਿਵਾਰਾਂ ਨੇ ਇਹ ਮੁਆਵਜ਼ਾ ਲੈਣ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਇਲਾਵਾ ਕਾਂਗਰਸ ਨੇ ਇਸ ਸਾਕੇ ਬਾਰੇ ਆਪਣੀ ਰਿਪੋਰਟ ਤਿਆਰ ਕੀਤੀ। ਇਤਿਹਾਸ 'ਚ ਇਹ ਵੀ ਜ਼ਿਕਰ ਹੈ ਕਿ ਕਾਂਗਰਸ ਦਾ ਵੱਡਾ ਇਜਲਾਸ ਦਸੰਬਰ 1918 ਨੂੰ ਤੈਅ ਹੋ ਗਿਆ ਸੀ ਕਿ ਅਗਲੇ ਸਾਲ ਇਸੇ ਮਹੀਨੇ 1919 'ਚ ਸੰਮੇਲਨ ਅੰਮ੍ਰਿਤਸਰ ਹੋਵੇਗਾ। ਇਸ ਸੰਮੇਲਨ 'ਚ ਕਾਂਗਰਸ ਨੇ ਜਲ੍ਹਿਆਂਵਾਲ਼ਾ ਬਾਗ਼ ਬਾਰੇ ਕੁਝ ਨਹੀਂ ਬੋਲਿਆ ਅਤੇ ਨਾ ਹੀ ਡਾਇਰ ਦੀ ਕਾਰਵਾਈ ਨੂੰ ਨਿੰਦਿਆ।
ਕਹਿੰਦੇ ਹਨ ਦਰਬਾਰ ਸਾਹਿਬ ਵਿਖੇ ਜਥੇਦਾਰ ਅਰੂੜ ਸਿੰਘ ਨੇ ਡਾਇਰ ਨੂੰ ਸਨਮਾਨਿਤ ਵੀ ਕੀਤਾ। ਅਰੂੜ ਸਿੰਘ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ। ਇਸ ਲਈ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀਆਂ ਤੋਂ ਮਾਫੀ ਵੀ ਮੰਗੀ ਸੀ। ਇਸ ਘਟਨਾ ਬਾਰੇ ਬਰਤਾਨੀਆ ਦੇ ਪ੍ਰਧਾਨਮੰਤਰੀ ਡੇਵਿਡ ਕੈਮਰੂਨ ਨੇ 2013 'ਚ ਜਲ੍ਹਿਆਂਵਾਲ਼ੇ ਬਾਗ਼ 'ਚ ਬੋਲਦਿਆਂ ਕਿਹਾ ਸੀ ਕਿ ਇਹ ਬਰਤਾਨਵੀ ਇਤਿਹਾਸ ਦਾ ਸ਼ਰਮਨਾਕ ਕਿੱਸਾ ਹੈ। ਕਹਿੰਦੇ ਹਨ ਕਿ ਉਨ੍ਹਾਂ ਸਮਿਆਂ 'ਚ ਇੰਗਲੈਂਡ ਦੇ ਪ੍ਰਧਾਨ ਮੰਤਰੀ ਵਿਨਸੈਂਟ ਚਰਚਿਲ ਨੇ ਡਾਇਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਸੀ।
ਇਸ ਪੂਰੀ ਘਟਨਾ 'ਚ ਸਾਰੀ ਨਫ਼ਰਤ ਡਾਇਰ ਨੂੰ ਲੈਕੇ ਤਾਂ ਹੈ ਪਰ ਹੰਸ ਰਾਜ ਇਤਿਹਾਸ ਦੇ ਅਣਫੋਲੇ ਵਰਕਿਆਂ 'ਚ ਜ਼ਿਕਰ ਕਿਉਂ ਨਾ ਬਣਿਆ? ਹੰਸ ਰਾਜ ਸ਼ਹਿਰ 'ਚ ਸੱਤਿਆਗ੍ਰਹਿ ਦਾ ਜੁਆਇੰਟ ਸਕੱਤਰ ਅਤੇ ਹਿੰਦੂ ਸਭਾ ਸਕੂਲ 'ਚ ਹੋਈ ਬੈਠਕ ਦਾ ਪ੍ਰਬੰਧਕ ਸੀ। ਜ਼ਿਕਰ ਹੈ ਕਿ ਸਾਕੇ ਵਾਲੇ ਦਿਨ ਹੰਸ ਰਾਜ ਚਿੱਟਾ ਰੁਮਾਲ ਸੁੱਟਕੇ ਸਟੇਜ ਤੋਂ ਇਸ਼ਾਰਾ ਕਰ ਉਤਰਿਆ ਸੀ। ਇਹ ਬਾਅਦ 'ਚ ਅੰਗਰੇਜ਼ ਸਰਕਾਰ ਦਾ ਗਵਾਹ ਬਣਿਆ ਅਤੇ ਅੰਗਰੇਜ਼ਾਂ ਨੇ ਹੰਸ ਰਾਜ ਨੂੰ ਇਸ ਲਈ ਦੇਸ਼ ਤੋਂ ਬਾਹਰ ਮਹਿਫੂਜ਼ ਥਾਂ 'ਤੇ ਭੇਜ ਦਿੱਤਾ ਸੀ।]
ਮਾਰਚ 1920 'ਚ ਜਨਰਲ ਡਾਇਰ ਨੂੰ ਜਲੰਧਰ ਤੋਂ ਵਾਪਸ ਬੁਲਾ ਲਿਆ ਸੀ। 1919 ਸਾਕੇ ਤੋਂ ਬਾਅਦ ਹੰਟਰ ਕਮੇਟੀ ਬਣਾਈ ਗਈ। ਵਿਲੀਅਮ ਹੰਟਰ ਇਸ ਕਮੇਟੀ ਦੇ ਚੇਅਰਮੈਨ ਸਨ। ਇਹ ਰਿਪੋਰਟ 46 ਦਿਨਾਂ 'ਚ ਤਿਆਰ ਕੀਤੀ ਗਈ। ਉਨ੍ਹਾਂ ਸਾਲਾਂ 'ਚ ਭਾਰਤ ਦੇ ਵੱਖ-ਵੱਖ ਥਾਵਾਂ 'ਚੋਂ ਅੰਮ੍ਰਿਤਸਰ, ਲਾਹੌਰ, ਗੁਜਰਾਤ, ਰਾਵਲਪਿੰਡੀ ਅਤੇ ਗੁਜਰਾਂਵਾਲਾ ਵੀ ਹਿੰਸਕ ਘਟਨਾਵਾਂ ਹੋਈਆਂ। ਕਮੇਟੀ ਨੇ ਇਨ੍ਹਾਂ ਥਾਵਾਂ 'ਤੇ ਜਾ ਕੇ ਰਿਪੋਰਟ ਤਿਆਰ ਕੀਤੀ। ਹੰਟਰ ਕਮੇਟੀ ਦੀ ਰਿਪੋਰਟ ਇਨਸਾਫ ਦੇ ਨਾਮ 'ਤੇ ਘੱਟਾ ਹੀ ਸੀ। ਹੰਟਰ ਕਮੇਟੀ ਨੇ ਡਾਇਰ ਦੀ ਕਾਰਵਾਈ ਨੂੰ ਅਣਮਨੁੱਖੀ ਕਿਹਾ ਪਰ ਕਿਸੇ ਵੀ ਤਰ੍ਹਾਂ ਸਾਫ ਐਕਸ਼ਨ ਦੀ ਕੋਈ ਸਿਫਾਰਸ਼ ਨਹੀਂ ਕੀਤੀ। ਹੰਟਰ ਕਮੇਟੀ ਸਾਹਮਣੇ ਡਾਇਰ ਨੇ ਆਪਣੇ ਆਪ ਨੂੰ ਸਹੀ ਦੱਸਿਆ। ਇੰਗਲੈਂਡ ਦਾ ਹਾਊਸ ਆਫ ਕਾਮਨ ਬਹੁਮਤ ਤੋਂ ਡਾਇਰ ਦੇ ਹੱਕ 'ਚ ਹੀ ਭੁਗਤਿਆ।
- ਹਰਪ੍ਰੀਤ ਸਿੰਘ
ਅਰਬਾਂ 'ਚ ਵਿਕੀ ਦੁਨੀਆ ਦੀ ਸਭ ਤੋਂ ਮਹਿੰਗੀ ਨੰਬਰ ਪਲੇਟ, ਖਰੀਦਣ ਵਾਲੇ ਨੇ ਰੱਖੀ ਇਹ ਸ਼ਰਤ
NEXT STORY