ਵਿਆਖਿਆ ਸ੍ਰੀ ਜਪੁ ਜੀ ਸਾਹਿਬ

You Are HereDharm
Monday, March 20, 2017-8:02 AM

ਬਾਣੀ ਦੇ ਕਈ ਸਤਰ ਹਨ। ਸਥੂਲ ਸਰੀਰ ਦੀ ਇਕ ਆਪਣੀ ਬਾਣੀ ਹੈ। ਓ, ਅ. ...... 1,2 ਆਦਿ ਅੱਖਰਾਂ ਤੋਂ ਰਚਿਤ ਇਕ ਬਾਣੀ ਹੈ। ਮਨ ਦੇ ਫੁਰਨੇ ਵੀ ਆਕਾਰ ਧਾਰਨ ਕਰਕੇ, ਸਿੱਧੇ ਮਨ ਤੋਂ ਹੀ ਪ੍ਰਗਟ ਹੋ ਕੇ, ਇਧਰ-ਓਧਰ ਗਤੀ ਕਰਦੇ ਹਨ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਨ—ਇਹ ਮਨ ਦੀ ਬਾਣੀ ਹੈ। ਇਕ ਹੋਰ ਬਾਣੀ ਹੈ, ਜਿਹੜੀ ਪ੍ਰਾਣੀ ਦੇ ਸੰਪੂਰਨ ਅਸਤਿਤਵ ਤੋਂ ਅਰਥਾਤ ਉਸ ਦੇ ਸਥੂਲ ਸੂਖਮ ਤੇ ਕਾਰਨ ਤਿੰਨਾਂ ਸਰੀਰਾਂ ਤੋਂ ਪ੍ਰਗਟ ਹੁੰਦੀ ਹੈ। ਇਹ ਤਾਂ ਇਸ ਤਰ੍ਹਾਂ ਦੀ ਬਾਣੀ ਹੈ, ਜਿਸ ਵਿਚ ਕੋਈ ਛਲ-ਕਪਟ ਨਹੀਂ - ਇਹ ਪ੍ਰਾਣੀ ਦੇ ਅਸਤਿਤਵ ਦਾ ਬਾਣੀ ਰੂਪ ਵਿਚ ਪ੍ਰਗਟਾਵਾ ਹੈ। ਜੇ ਇਹ ਬਾਣੀ ਇਕ ਛੋਟਾ ਜਿਹਾ ਬਾਲਕ ਬੋਲਦਾ ਹੈ—ਭਾਵੇਂ ਉਸਦੀ ਜੀਭ ਅਜੇ ਸਪੱਸ਼ਟ ਉਚਾਰਣ ਨਹੀਂ ਕਰ ਸਕਦੀ ਪਰ ਇਹ ਤੋਤਲੀ ਜਿਹੀ ਸਭ ਨੂੰ ਬਹੁਤ ਮਿੱਠੀ ਤੇ ਪਿਆਰੀ ਲੱਗਦੀ ਹੈ ਪਰ ਇਸ ਬਾਣੀ 'ਚ ਅਜੇ ਪੂਰਾ ਜ਼ੋਰ ਨਹੀਂ ਹੁੰਦਾ।
ਜੇ ਇਹੋ ਜਿਹੀ ਬਾਣੀ—ਜਿਹੜੀ ਪ੍ਰਾਣੀ ਦੇ ਸੰਪੂਰਨ ਅਸਤਿਤਵ ਤੋਂ ਪ੍ਰਗਟ ਹੁੰਦੀ ਹੈ, ਨੂੰ ਦਸਮ ਦੁਆਰ ਵੱਲ ਗਤੀਸ਼ੀਲ ਕਰ ਦਿੱਤਾ ਜਾਵੇ ਤਾਂ ਇਸ ਵਿਚ ਅਥਾਹ ਜ਼ੋਰ ਭਰ ਜਾਂਦਾ ਹੈ। ਇਹ ਬਾਣੀ ਪ੍ਰਮਾਤਮੀ ਜੋਤਿ ਨਾਲ ਇਕਮਿਕ ਕਰਵਾਉਣ ਦਾ ਸਾਧਨ ਬਣ ਜਾਂਦੀ ਹੈ। ਜੇ ਇਹੋ ਜਿਹੀ ਬਾਣੀ, ਜਿਹੜੀ ਸਿੱਧੀ ਦਸਮ ਦੁਆਰ ਤੋਂ ਹੇਠਾਂ ਆਉਂਦੀ ਹੈ ਤੇ ਮੂੰਹ ਰਾਹੀਂ ਉਚਾਰਣ ਕੀਤੇ ਜਾਣ 'ਤੇ ਦੂਜੇ ਪ੍ਰਾਣੀਆਂ ਨੂੰ ਸੁਣਾਈ ਦੇਵੇ ਤਾਂ ਇਹ ਬਾਣੀ ਦੂਜਿਆਂ ਦੇ ਦਿਲਾਂ ਨੂੰ ਠੰਡਕ ਦੇਣ ਵਾਲੀ—ਸਿੱਧੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਕਰਨ ਵਾਲੀ ਬਣ ਜਾਂਦੀ ਹੈ।
''ਸਾਧੂ ਬੋਲੇ ਸਹਿਜ ਸੁਭਾਇ, ਸਾਧੂ ਕਾ ਬੋਲਿਆ ਬੇਅਰਥ ਨ ਜਾਇ'' ਇਹ ਇਹੋ ਜਿਹੀ ਬਾਣੀ ਹੈ, ਜਿਹੜੀ ਬਿਨਾਂ ਕਿਸੇ ਲੋਭ, ਲਾਲਚ, ਕ੍ਰੋਧ, ਮੋਹ ਦੇ ਅਧੀਨ ਹੋਏ ਤੇ ਕਿਸੇ ਦੇ ਬੁਲਾਏ 'ਤੇ ਨਹੀਂ, ਸਗੋਂ ਸਹਿਜ ਹੀ ਬੋਲੀ ਜਾਂਦੀ ਹੈ।
ਇਕ ਉਹ ਵੀ ਬਾਣੀ ਹੈ, ਜਿਹੜੀ ਅੰਦਰ ਕੁਝ ਤੇ ਬਾਹਰ ਕੁਝ ਹੁੰਦੀ ਹੈ। ਇਹੋ ਜਿਹੀ ਬਾਣੀ, ਭਾਵੇਂ ਕਿੰਨੀ ਮਿੱਠੀ ਹੋਵੇ, ਪ੍ਰਮਾਤਮੀ ਚੇਤਨਾ ਤੋਂ ਦੂਰ ਕਰਨ ਵਾਲੀ ਹੀ ਹੁੰਦੀ ਹੈ।
ਦੇਵਤੇ ਵੀ ਆਪਣੀ ਬਾਣੀ ਵਿਚ ਗੱਲ ਕਰਦੇ ਹਨ। ਇਹ ਬਾਣੀ ਬੈਖਰੀ-ਬੈਖਰੀ ਅੱਖਰਾਂ ਤੋਂ ਰਹਿਤ-ਸਿੱਧੇ ਹੀ ਸ਼ਕਤੀ ਸੰਪਦਨਾਂ ਤੋਂ ਰਚਿਤ ਹੁੰਦੀ ਹੈ। ਕੀ ਅਕਾਲ ਪੁਰਖ ਦੀ ਵੀ ਕੋਈ ਬਾਣੀ ਹੈ? ਨਿਰਸੰਦੇਹ ਉਹ ਵੀ ਹੈ, ਜੇ ਉਹ ਨਾ ਹੋਵੇ ਤਾਂ ਉਸਦੇ ਹੁਕਮ ਦਾ ਪ੍ਰਕਾਸ਼—ਸਭ ਜਗਤ ਵਿਚ ਕਿਵੇਂ ਹੋਵੇਗਾ ਪਰ ਇਸ ਬਾਣੀ ਨੂੰ ਕੋਈ ਵਿਰਲਾ ਅੰਤਰਮੁਖੀ ਗਿਆਨੀ ਪੂਰਨ ਸਮਾਧੀ ਵਿਚ ਹੀ ਸੁਣ ਸਕਦਾ ਹੈ।

Popular News

!-- -->