ਲੰਡਨ (ਰਾਜਵੀਰ ਸਮਰਾ)- ਮਲਟੀਕਲਚਰਲ ਵੈਲਫੇਅਰ ਸੰਸਥਾ ਵਲੋਂ ਲੰਡਨ ਵਿਖੇ ਸਾਲਾਨਾ ਸਮਾਗਮ ਆਯੋਜਿਤ ਕੀਤਾ ਗਿਆ।ਤਰਲੋਚਨ ਸਿੰਘ ਸਾਹਨੀ ,ਰਾਣੀ ਵੇਦ ,ਮਿ.ਅਜਾਦ ਆਦਿ ਕਲਚਰਲ ਸੁਸਾਇਟੀ ਦੇ ਆਗੂਆਂ ਦੀ ਅਗਵਾਈ ਵਿੱਚ ਕਰਵਾਏ ਇਸ ਸ਼ਾਨਦਾਰ ਸਮਾਗਮ ਦੌਰਾਨ ਇੰਡੀਅਨ ਹਾਈ ਕਮਿਸ਼ਨਰ ਏ.ਐਸ.ਰਾਜਨ,ਸੰਸਦ ਮੈਂਬਰ ਵਰਿੰਦਰ ਸ਼ਰਮਾ, ਸੰਸਦ ਮੈਂਬਰ ਸੀਮਾ ਮਲਹੋਤਰਾ, ਡਾ.ਓਂਕਾਰ ਸਹੋਤਾ, ਲਾਰਡ ਸ਼ੇਖ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਵਰਿੰਦਰ ਸ਼ਰਮਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਲਟੀਕਲਚਰਲ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮ ਸਾਡੇ ਸਮਾਜ ਦੇ ਲੋਕਾਂ ਲਈ ਇੱਕ ਮਿਸਾਲ ਹਨ। ਉਨ੍ਹਾਂ ਸੰਸਥਾ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਲੋਖਵੰਦਾਂ ਦੀ ਮਦਦ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ’ਚ ਸਹਿਯੋਗ ਦੇਣ ਲਈ ਉਹ ਵਚਨਬੱਧ ਹੋਣਗੇ। ਸਮਾਗਮ ਦੌਰਾਨ ਸੰਸਥਾ ਦੇ ਆਗੂ ਤਰਲੋਚਨ ਸਿੰਘ ਸਾਹਨੀ ਨੇ ਮਲਟੀਕਲਚਰਲ ਸੰਸਥਾ ਦੀਆਂ ਗਤੀਵਿਧੀਆਂ ਤੇ ਚਲੰਤ ਮਾਮਲਿਆਂ ਉੱਤੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਇਸ ਮੌਕੇ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਖਾਲਸਾ ਏਡ ਵਲੋਂ ਦੇਸ਼ਾਂ-ਵਿਦੇਸ਼ਾਂ ’ਚ ਲੋੜਵੰਦਾਂ ਦੀ ਕੀਤੀ ਜਾ ਰਹੀ ਆਰਥਿਕ ਸਹਾਇਤਾ ਨੂੰ ਮੱਦੇ ਨਜ਼ਰ ਰਖਦਿਆਂ ਸੰਸਥਾ ਵਲੋਂ ਸਹਾਇਤਾ ਦੇ ਵਜੋਂ ਪ੍ਰਧਾਨਗੀ ਮੰਡਲ ਵਲੋਂ ਖਾਲਸਾ ਏਡ ਦੇ ਮੁੱਖੀ ਰਵੀ ਸਿੰਘ ਨੂੰ 5100 ਪੌਂਡ ਦਾ ਚੈਕ ਭੇਟ ਕੀਤਾ।ਸਮਾਗਮ ਦੌਰਾਨ ਛੋਟੇ ਬੱਚਿਆਂ ਵਲੋਂ ਧਾਰਮਿਕ ਅਤੇ ਸੱਭਿਆਚਾਰਕ ਗੀਤ, ਕੋਰਿਓਗ੍ਰਾਫੀ ਤੇ ਸਕਿੱਟਾ ਦੀ ਸਫਲ ਪੇਸ਼ਕਾਰੀ ਕਰਕੇ ਹਾਜ਼ਰੀਨ ਦਾ ਭਰਪੂਰ ਮਨੋਰੰਜਨ ਕੀਤਾ ਗਿਆ।ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਉਂਦਿਆਂ ਦਲਬੀਰ ਸੰਧੂ ਨੇ ਆਖਿਆ ਕਿ ਕਲਚਰਲ ਸੰਸਥਾ ਪੰਜਾਬ ਦੇ ਅਮੀਰ ਅਤੇ ਸੱਭਿਆਚਾਰਕ ਵਿਰਸੇ ਨੂੰ ਦੇਸ਼ ਤੋਂ ਬਾਹਰ ਵਿਦੇਸ਼ਾਂ ’ਚ ਉਤਸ਼ਾਹਿਤ ਕਰਨ ਲਈ ਸਮੇਂ-ਸਮੇਂ ’ਤੇ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਆਯੋਜਿਤ ਕਰਵਾ ਰਹੀ ਹੈ, ਜਿਨ੍ਹਾਂ ਨੂੰ ਨਿਰੰਤਰ ਕਰਵਾਉਣ ਲਈ ਸੰਸਥਾ ਦੇ ਸਮੂਹ ਅਹੁਦੇਦਾਰ ਵਚਨਬੱਧ ਹਨ। ਮਲਟੀਕਲਚਰਲ ਸੰਸਥਾ ਦੇ ਇਸ ਸਮਾਗਮ ਨੂੰ ਸਫਲ ਬਣਵਾਉਣ ਲਈ ਬਲਵਿੰਦਰ ਸਿੰਘ ਰੰਧਾਵਾ, ਰਾਜਿੰਦਰ ਕੌਰ ਰੰਧਾਵਾ, ਹਰਜੀਤ ਸਿੰਘ ਸਹਿਗਲ, ਮਿ .ਓੁਬਰਾਏ, ਕੌਂਸਲਰ ਸਚਿਨ ਗੁਪਤਾ, ਸੁਰਿੰਦਰ ਸਿੰਘ ਚਿੰਦ, ਕਮਲਜੀਤ ਸਿੰਘ, ਮਿ .ਵਾਲੀਆ, ਹੈਰੀ ਸਿੰਘ, ਮਿ.ਬੋਪਾਰਾਏ ਆਦਿ ਆਗੂਆਂ ਦਾ ਯੋਗਦਾਨ ਰਿਹਾ।ਪ੍ਰੋਗਰਾਮ ਦੇ ਅਖੀਰ ’ਚ ਪ੍ਰਬੰਧਕਾਂ ਵਲੋਂ ਸਮਾਗਮ ਦੌਰਾਨ ਭਾਗ ਲੈਣ ਵਾਲੇ ਬੱਚਿਆਂ, ਭੰਗੜਾ ਕਲਾਕਾਰਾਂ ਤੇ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ।
ਟੋਰਾਂਟੋ 'ਚ 2 ਲੜਕੀਆਂ ਦਾ ਸਰੀਰਕ ਸ਼ੋਸ਼ਣ, ਪੁਲਸ ਨੇ ਜਾਰੀ ਕੀਤੀ ਫੋਟੋ
NEXT STORY