ਬਠਿੰਡਾ, (ਸੁਖਵਿੰਦਰ)- ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਹਰਿਆਣਾ ਸ਼ਰਾਬ ਅਤੇ ਲਾਹਣ ਬਰਾਮਦ ਕਰ ਕੇ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਸ ਦੇ ਏ. ਐੱਸ. ਆਈ. ਅਮਰਿੰਦਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਬੀੜ ਤਲਾਬ ਤੋਂ ਰਾਧਾ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਟਿਕਾਣੇ ਤੋਂ 5 ਲੀਟਰ ਲਾਹਣ ਬਰਾਮਦ ਕੀਤੀ ਹੈ।
ਉਕਤ ਵਿਅਕਤੀ ਨਾਜਾਇਜ਼ ਸ਼ਰਾਬ ਤਿਆਰ ਕਰ ਕੇ ਅੱਗੇ ਲੋਕਾਂ ਨੂੰ ਵੇਚਦਾ ਸੀ। ਇਕ ਹੋਰ ਮਾਮਲੇ ਵਿਚ ਸਦਰ ਰਾਮਪੁਰਾ ਪੁਲਸ ਦੇ ਏ. ਐੱਸ. ਆਈ. ਜਗਦੇਵ ਸਿੰਘ ਨੇ ਪਿੰਡ ਰਾਮਪੁਰਾ ਤੋਂ ਕਮਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਪਾਸੋਂ 24 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।
ਇਸੇ ਤਰ੍ਹਾਂ ਥਾਣਾ ਕੋਟਫੱਤਾ ਪੁਲਸ ਵੱਲੋਂ ਪਿੰਡ ਜੋਧਪੁਰ ਰੋਮਾਣਾ ਵਿਖੇ ਨਾਕੇਬੰਦੀ ਦੌਰਾਨ ਇਕ ਮੋਟਰਸਾਈਕਲ ਅਤੇ ਦੋ ਸਕੂਟਰਾਂ ਨੂੰ ਸ਼ੱਕ ਦੇ ਆਧਾਰ 'ਤੇ ਆਪਣੇ ਕਬਜ਼ੇ ਵਿਚ ਲੈ ਕੇ 90 ਬੋਤਲਾਂ ਹਰਿਆਣਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਉਕਤ ਵਿਅਕਤੀ ਮੋਟਰਸਾਈਕਲ ਰਾਹੀਂ ਹਰਿਆਣਾ ਤੋਂ ਸ਼ਰਾਬ ਲਿਆ ਰਹੇ ਸਨ। ਪੁਲਸ ਨੇ ਮੌਕੇ ਤੋਂ ਰਾਜਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦਕਿ ਗੁਰਚਰਨ ਸਿੰਘ ਅਤੇ ਕੁੱਕੀ ਸਿੰਘ ਵਾਸੀ ਗਹਿਰੀ ਭਾਗੀ ਪੁਲਸ ਦੇ ਹੱਥ ਨਹੀਂ ਲੱਗ ਸਕੇ। ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੁਕਾਨ 'ਚੋਂ ਨਕਦੀ ਅਤੇ ਸਾਮਾਨ ਚੋਰੀ, ਅਣਪਛਾਤੇ ਨਾਮਜ਼ਦ
NEXT STORY