ਸ੍ਰੀ ਕੀਰਤਪੁਰ ਸਾਹਿਬ (ਬਾਲੀ) : ਸੋਮਵਾਰ ਦੀ ਸਵੇਰੇ ਪੁਰਾਣਾ ਬੱਸ ਅੱਡਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਫੌਜੀ ਨੇ ਤੇਜ਼ਧਾਰ ਖੋਖਰੀ ਨਾਲ ਵਾਰ ਕਰਕੇ ਆਪਣੀ ਪ੍ਰੇਮਿਕਾ ਦੇ ਮੰਗੇਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਦੋਂ ਕਿ ਪ੍ਰੇਮਿਕਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਜੋ ਕਿ ਇਸ ਸਮੇਂ ਪੀ. ਜੀ. ਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਹੈ। ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਹਮਲਾਵਰ ਨੌਜਵਾਨ ਦੀ ਚੰਗੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਵੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਲਾਜ ਅਧੀਨ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਨੀਰਜ ਸ਼ਰਮਾ (27) ਪੁੱਤਰ ਤੇਲੂ ਰਾਮ ਵਾਸੀ ਪਿੰਡ ਸਰਜੇੜਾ ਥਾਣਾ ਤੇ ਜਿਲ੍ਹਾ ਊਨਾ (ਹਿ.ਪ੍ਰ) ਵਜੋਂ ਹੋਈ ਹੈ, ਜੋ ਕਿ ਨਾਲਾਗੜ੍ਹ (ਹਿ.ਪ੍ਰ) ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਸੀ। ਜ਼ਖਮੀ ਲੜਕੀ ਦੀ ਪਛਾਣ ਸ਼ਿਵਾਨੀ ਸਰਮਾ ((26) ਪੁੱਤਰੀ ਪ੍ਰਮੋਦ ਕੁਮਾਰ ਵਾਸੀ ਪਿੰਡ ਭੜੋਲੀਆਂ ਕਲਾਂ ਜਿਲ੍ਹਾ ਊਨਾ ਵਜੋਂ ਹੋਈ ਹੈ, ਜੋ ਕਿ ਮ੍ਰਿਤਕ ਨੌਜਵਾਨ ਨੀਰਜ ਸ਼ਰਮਾ ਦੀ ਮੰਗੇਤਰ ਸੀ। ਉਕਤ ਲੜਕੀ ਬੱਦੀ (ਹਿ.ਪ੍ਰ) ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੀ ਹੈ, ਜਦਕਿ ਹਮਲਾਵਰ ਨੌਜਵਾਨ ਦੀ ਪਛਾਣ ਕਮਲ ਦੇਵ (27) ਪੁੱਤਰ ਸ਼ੰਭੂ ਨਾਥ ਪਿੰਡ ਚੰਗਰ ਹੰਡੋਲਾ ਜ਼ਿਲ੍ਹਾ ਊਨਾ (ਹਿ.ਪ੍ਰ) ਵਜੋਂ ਹੋਈ ਹੈ, ਜੋ ਕਿ ਭਾਰਤੀ ਫੌਜ ਵਿਚ ਕਾਂਸਟੇਬਲ ਵਜੋਂ ਤਾਇਨਾਤ ਹੈ।
ਥਾਣਾ ਸ੍ਰੀ ਕੀਰਤਪੁਰ ਦੇ ਐਸ.ਐਚ.ਓ. ਇੰਸਪੈਕਟਰ ਕੁਲਭੁਸਣ ਸ਼ਰਮਾ ਅਤੇ ਜਾਂਚ ਅਧਿਕਾਰੀ ਏ.ਐਸ.ਆਈ ਚਿੰਰਜੀ ਲਾਲ ਨੇ ਦੱਸਿਆ ਕਿ ਪੁਲਸ ਨੇ ਜ਼ਖਮੀ ਲੜਕੀ ਸ਼ਿਵਾਨੀ ਸ਼ਰਮਾ ਦੇ ਬਿਆਨਾਂ ਦੇ ਅਧਾਰ 'ਤੇ ਹਮਲਾਵਰ ਨੌਜਵਾਨ ਕਮਲ ਦੇਵ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ ਹੈ, ਜੋ ਇਸ ਸਮੇਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਲਾਜ ਅਧੀਨ ਹੈ।
ਕੀ ਹੈ ਮਾਮਲਾ
ਜ਼ਖਮੀ ਲੜਕੀ ਸ਼ਿਵਾਨੀ ਸ਼ਰਮਾ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਮੰਗਣੀ ਨੀਰਜ ਸ਼ਰਮਾ ਨਾਲ ਹੋਈ ਹੈ। ਹਮਲਾਵਰ ਨੌਜਵਾਨ ਕਮਲ ਦੇਵ ਨਾਲ ਉਸ ਦੇ ਮੰਗਣੀ ਤੋਂ ਪਹਿਲਾਂ ਪ੍ਰੇਮ ਸਬੰਧ ਸਨ ਪਰ ਕਮਲ ਦੇਵ ਦੇ ਪਰਿਵਾਰਕ ਮੈਂਬਰਾਂ ਨੇ ਉਸ ਨਾਲ ਕਮਲ ਦੇਵ ਦਾ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਸ਼ਿਵਾਨੀ ਦੇ ਪਰਿਵਾਰਕ ਮੈਂਬਰਾ ਨੇ ਉਸ ਦੀ ਮੰਗਣੀ ਨੀਰਜ ਸ਼ਰਮਾ ਨਾਲ ਕਰ ਦਿੱਤੀ ਅਤੇ ਉਨਾਂ ਦੇ ਵਿਆਹ ਦੀ ਤਰੀਕ 28 ਅਗਸਤ ਰੱਖੀ ਗਈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਵੀ ਕਮਲ ਦੇਵ ਉਸ ਨੂੰ ਤੰਗ-ਪਰੇਸ਼ਾਨ ਕਰਦਾ ਰਿਹਾ। ਸੋਮਵਾਰ ਸਵੇਰੇ ਵੀ ਉਹ ਜਦੋਂ ਆਪਣੇ ਮੰਗੇਤਰ ਨੀਰਜ ਸ਼ਰਮਾ ਨਾਲ ਊਨਾ ਤੋਂ ਬੱਸ ਵਿਚ ਸਵਾਰ ਹੋ ਕੇ ਕੰਮ ਲਈ ਆਪਣੀ ਫੈਕਟਰੀ ਲਈ ਜਾ ਰਹੇ ਸਨ ਤਾਂ ਕਮਲ ਦੇਵ ਵੀ ਮਹਿਤਪੁਰ ਤੋਂ ਉਨ੍ਹਾਂ ਦੀ ਬੱਸ ਵਿਚ ਸਵਾਰ ਹੋ ਗਿਆ। ਜਦੋਂ ਉਹ ਸ੍ਰੀ ਕੀਰਤਪੁਰ ਸਾਹਿਬ ਆ ਕੇ ਬੱਸ ਚੋਂ ਉਤਰੇ ਤਾਂ ਦੋਸ਼ੀ ਨੌਜਵਾਨ ਨੇ ਨੀਰਜ ਸ਼ਰਮਾ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਸ਼ਿਵਾਨੀ ਨੇ ਆਪਣੇ ਮੰਗੇਤਰ ਨੂੰ ਬਚਾਉਣ ਲਈ ਆਪਣੀ ਬਾਂਹ ਅੱਗੇ ਕੀਤੀ ਤਾਂ ਕਮਲ ਦੇਵ ਨੇ ਖੌਖਰੀ ਨਾਲ ਵਾਰ ਕਰਕੇ ਉਸ ਦਾ ਗੁੱਟ ਵੱਢ ਦਿੱਤਾ ਅਤੇ ਇਸ ਤੋਂ ਬਾਅਦ ਉਸ ਨੇ ਨੀਰਜ ਸ਼ਰਮਾ ਦੇ ਗਲੇ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਲੋਕਾਂ ਨੇ ਹਮਲਾਵਰ ਨੂੰ ਕੀਤਾ ਕਾਬੂ
ਸ੍ਰੀ ਕੀਰਤਪੁਰ ਸਾਹਿਬ ਦੇ ਪੁਰਾਣੇ ਬੱਸ ਅੱਡੇ 'ਤੇ ਅਚਾਨਕ ਵਾਪਰੀ ਇਸ ਘਟਨਾ ਦੌਰਾਨ ਮੌਕੇ 'ਤੇ ਮੋਜੂਦ ਲੋਕਾਂ ਚੋਂ ਇੱਕ ਨੌਜਵਾਨ ਨੇ ਹਮਲਾਵਰ ਕਮਲ ਦੇਵ 'ਤੇ ਡੰਡੇ ਨਾਲ ਵਾਰ ਕਰਕੇ ਉਸ ਦੇ ਹੱਥ ਵਿਚ ਫੜ੍ਹੀ ਖੋਖਰੀ ਨੂੰ ਹੇਠਾਂ ਸੁਟਵਾ ਦਿਤਾ। ਇਸ ਤੋਂ ਬਾਅਦ ਇੱਕਠੇ ਹੋਏ ਲੋਕਾਂ ਨੇ ਹਮਲਾਵਰ ਨੂੰ ਕਾਬੂ ਕਰ ਕੇ ਉਸ ਦਾ ਚੰਗਾ ਕੁਟਾਪਾ ਚਾੜ੍ਹਿਆ ਅਤੇ ਬਾਅਦ ਵਿਚ ਪੁਲਸ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ, ਜਦਕਿ ਜਖਮੀ ਲੜਕੀ ਅਤੇ ਉਸ ਦੇ ਮੰਗੇਤਰ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਪਰ ਡਾਕਟਰਾਂ ਨੇ ਜ਼ਖਮੀ ਨੀਰਜ ਸ਼ਰਮਾ ਨੂੰ ਮ੍ਰਿਤਕ ਕਰਾਰ ਦਿੱਤਾ। ਪੁਲਸ ਨੇ ਮ੍ਰਿਤਕ ਨੌਜਵਾਨ ਨੀਰਜ ਸ਼ਰਮਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ।
ਦੇਸੀ ਸ਼ਰਾਬ ਮਾਫੀਆ ਤੇ ਪ੍ਰਸ਼ਾਸਨ ਖਿਲਾਫ ਕੀਤਾ ਗਿਆ ਰੋਸ ਪ੍ਰਦਰਸ਼ਨ
NEXT STORY