ਜਪੁਜੀ ਸਾਹਿਬ ਦਾ ਰੂਹਾਨੀ ਜਜ਼ਬਾ
ਪਉੜੀ 32ਵੀਂ
ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ।।
ਇਸ ਪਉੜੀ ਵਿਚ ਦੋ ਨੁਕਤੇ ਧਿਆਨ ਦੇਣ ਯੋਗ ਹਨ। ਪਹਿਲਾ ਨੁਕਤਾ ਇਹ ਕਿ ਰੱਬ ਜੀ ਨਾਲ ਇਕ ਮਿਕ ਹੋਣ ਲਈ ਉਸ ਦਾ ਨਾਮ ਜਪਣਾ ਜ਼ਰੂਰੀ ਹੈ, ਦੂਜਾ ਨੁਕਤਾ ਇਹ ਕਿ ਅਸੀਂ ਭਾਵੇਂ ਲੱਖਾਂ ਵਾਰੀ ਉਸ ਦਾ ਨਾਮ ਲਈਏ ਪਰ ਉਸ ਦੀ ਪ੍ਰਾਪਤੀ ਲਈ ਉਸ ਦੀ ਮਿਹਰ ਦਾ ਹੋਣਾ ਬਹੁਤ ਜ਼ਰੂਰੀ ਹੈ। ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਮਾਤਮਾ ਨਹੀਂ ਮਿਲਦਾ। ਅਸੀਂ ਇਸ ਨੂੰ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਅਸੀਂ ਕਿਸੇ ਆਪਣੇ ਸੱਜਣ ਨੂੰ ਮਿਲਣ ਬਹੁਤ ਜ਼ਿਆਦਾ ਸਫਰ ਕਰ ਕੇ ਅਨੇਕਾਂ ਔਕੜਾਂ ਝੱਲ ਕੇ ਉਸ ਦੇ ਘਰ ਦੇ ਦਰਵਾਜ਼ੇ ’ਤੇ ਪਹੁੰਚ ਜਾਈਏ ਪਰ ਉਸ ਸੱਜਣ ਨੂੰ ਅਸੀਂ ਤਾਂ ਹੀ ਮਿਲ ਸਕਦੇ ਹਾਂ ਜੇ ਉਹ ਆਪਣੇ ਘਰ ਦਾ ਦਰਵਾਜ਼ਾ ਖੋਲ੍ਹੇਗਾ। ਦਰਵਾਜ਼ਾ ਤਾਂ ਅੰਦਰ ਵਾਲੇ ਨੇ ਹੀ ਖੋਲ੍ਹਣਾ ਹੈ। ਸੋ ਅਸੀਂ ਭਾਵੇਂ ਲੱਖਾਂ ਯਤਨ ਕਰੀਏ ਹੀਲੇ-ਵਸੀਲੇ ਵਰਤੀਏ ਪਰ ਉਹ ਅਕਾਲ ਪੁਰਖ ਤਾਂ ਹੀ ਮਿਲੇਗਾ ਜੇ ਉਸਦੀ ਕਿਰਪਾ ਹੋਵੇਗੀ। ਇਸਦਾ ਮਤਲਬ ਇਹ ਨਹੀਂ ਕਿ ਯਤਨ ਹੀ ਨਹੀਂ ਕਰਨੇ। ਯਤਨ ਕਰਨੇ ਹਨ ਪਰ ਉਨ੍ਹਾਂ ਦਾ ਮਾਣ-ਹੰਕਾਰ ਨਹੀਂ ਕਰਨਾ ਕਿਉਂਕਿ ਪਿਛਲੀਆਂ ਪਉੜੀਆਂ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਦੱਸਿਆ ਹੈ ਕਿ ਰੱਬ ਤੋਂ ਵਿਛੋੜੇ ਦਾ ਕਾਰਨ ਹੀ ਸਾਡਾ ਹੰਕਾਰ ਹੈ। ਹੰਕਾਰ ਕੀ ਹੈ ਕਿ ਮੈਂ ਬਹੁਤ ਸਿਆਣਾ ਹਾਂ, ਮੈਨੂੰ ਸਾਰੀ ਜ਼ਿੰਦਗੀ ਦੀ ਸਮਝ ਹੈ, ਦੁਨਿਆਵੀ ਤੌਰ ’ਤੇ ਹੋ ਸਕਦਾ ਕੋਈ ਬਹੁਤ ਚਲਾਕ ਹੋਵੇ ਪਰ ਵਾਹਿਗੁਰੂ ਤਾਂ ਸਾਡੇ ਅੰਦਰ ਨੂੰ ਜਾਣਦਾ ਹੈ ਕਿ ਸਾਡੇ ਅੰਦਰ ਕਿੰਨੀ ਖੋਟ ਅਤੇ ਕਿੰਨੀ ਸੱਚਾਈ ਹੈ। ਅੰਦਰਲੀ ਖੋਟ ਨੂੰ ਦੂਰ ਕਰਨ ਲਈ ਆਪਾਂ ਭਾਵ ਛੱਡਣਾ ਜ਼ਰੂਰੀ ਹੈ, ਮਨ ਦੀ ਮੱਤ ਨੂੰ ਛੱਡ ਕੇ ਉਸ ਦੀ ਸਿਫਤ ਸਲਾਹ ਕੀਤਿਆਂ ਹੀ ਉਸ ਦੀ ਮਿਹਰ ਦੇ ਪਾਤਰ ਬਣੀਦਾ ਹੈ।
ਜਿਵੇਂ ਬਾਬਾ ਸ਼ੇਖ ਫਰੀਦ ਜੀ ਆਪਣੀ ਬਾਣੀ ਵਿਚ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਕਿ ਮੀਂਹ ਪੈ ਰਿਹਾ ਹੋਵੇ ਤਾਂ ਨੀਵੀਆਂ ਪੈਲੀਆਂ ਵਿਚ ਪਾਣੀ ਠਹਿਰ ਜਾਂਦਾ ਹੈ ਅਤੇ ਫਸਲ ਚੋਖੀ ਹੁੰਦੀ ਹੈ ਪਰ ਉੱਚੇ ਖੇਤ ਮੀਂਹ ਪੈਣ ਦੇ ਬਾਵਜੂਦ ਸੁੱਕੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਉੱਚੇ ਹੋਣ ਦਾ ਹੰਕਾਰ ਹੈ, ‘ਫਰੀਦਾ ਗਰਬੁ ਜਿਨਾ ਵਡਿਆਈਆਂ ਧਨਿ ਜੋਬਨਿ ਆਗਾਹ।। ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ।। ਇਸੇ ਤਰ੍ਹਾਂ ਜਿੰਨਾਂ ਬੰਦਿਆਂ ਨੂੰ ਆਪਣੇ ਕੀਤੇ ਕੰਮਾਂ ਦਾ ਹੰਕਾਰ ਹੋ ਜਾਂਦਾ ਹੈ ਉਹ ਰੱਬ ਦੀ ਬਖਸ਼ਿਸ਼ ਤੋਂ ਸੱਖਣੇ ਰਹਿ ਕੇ ਵੱਡੀਆਂ-ਵੱਡੀਆਂ ਗੱਪਾਂ ਤਾਂ ਮਾਰ ਸਕਦੇ ਹਨ ਪਰ ਵਾਹਿਗੁਰੂ ਜੀ ਨਾਲ ਇਕ-ਮਿਕ ਨਹੀਂ ਹੋ ਸਕਦੇ।
ਪਉੜੀ 33ਵੀਂ
ਵੀ ਆਖਣਿ ਜੋਰੁ ਚੁਪੈ ਨਹੀਂ ਜੋਰੁ।।
ਨਾ ਤਾਂ ਮਨੁੱਖ ਦੇ ਬੋਲਣ ਵਿਚ ਕੋਈ ਬਲ ਹੈ ਤੇ ਨਾ ਹੀ ਉਸ ਦੀ ਚੁੱਪ ਵਿਚ, ਭਾਵ ਉਸ ਪ੍ਰਮਾਤਮਾ ਨੂੰ ਪਾਠ ਕਰ ਕੇ ਜਾਂ ਮੌਨ ਧਾਰਨ ਕਰ ਕੇ ਨਹੀਂ ਪਾਇਆ ਜਾ ਸਕਦਾ, ਜੇ ਬੰਦੇ ਨੂੰ ਇਨ੍ਹਾਂ ਚੀਜ਼ਾਂ ਦਾ ਹੰਕਾਰ ਹੈ ਉਸ ਤੋਂ ਭੀਖ ਮੰਗਣ ਵਿਚ ਵੀ ਕੋਈ ਤਾਕਤ ਨਹੀਂ ਹੈ ਅਤੇ ਦਾਨ ਕਰਨ ਵਿਚ ਵੀ ਕੋਈ ਤਾਕਤ ਨਹੀਂ ਹੈ। ਨਾ ਹੀ ਮਨੁੱਖ ਦਾ ਜੰਮਣ ਅਤੇ ਮਰਨ ’ਤੇ ਜ਼ੋਰ ਹੈ। ਮਨੁੱਖ ਦਾ ਨਾ ਰਾਜ ਭਾਗ ਤੇ ਅਤੇ ਨਾ ਹੀ ਧਨ ਸੰਪਤੀ ’ਤੇ ਕਬਜ਼ਾ ਹੈ ਅਤੇ ਨਾ ਹੀ ਇਨ੍ਹਾਂ ਨੂੰ ਸਾਂਭਣ ਵਾਸਤੇ ਜੋ ਦਿਮਾਗ ਵਿਚ ਵਾਦ-ਵਿਵਾਦ ਚੱਲ ਰਹੇ ਹਨ ਉਨ੍ਹਾਂ ਵਿਚ ਕੋਈ ਤਾਕਤ ਹੈ। ਮਨੁੱਖ ਦੀ ਦਿਮਾਗੀ ਸ਼ਕਤੀ ਤੇ ਗਿਆਨ ਵਿਚ ਵੀ ਕੋਈ ਜ਼ੋਰ ਨਹੀਂ ਹੈ, ਨਾ ਹੀ ਮਨੁੱਖ ਕੋਲ ਕੋਈ ਐਸੀ ਤਾਕਤ ਤੇ ਤਰਤੀਬ ਹੈ ਜਿਸ ਦੁਆਰਾ ਉਹ ਦੁਨੀਆਂ ਦੇ ਝਮੇਲਿਆਂ ਤੋਂ ਛੁਟਕਾਰਾ ਪਾ ਸਕੇ।
ਇਸ ਪਉੜੀ ਦੀ ਤੀਜੀ ਪੰਗਤੀ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਸ ਵਿਚ ਜ਼ਿੰਦਗੀ ਦੀ ਸੱਚਾਈ ਹੈ। ਵਾਹਿਗੁਰੂ ਨੇ ਸਾਨੂੰ ਪੁੱਛਿਆ ਨਹੀਂ ਕਿ ਤੁਸੀਂ ਜਨਮ ਲੈਣਾ ਚਾਹੁੰਦੇ ਹੋ ਅਤੇ ਨਾ ਹੀ ਉਸ ਨੇ ਦੱਸਣਾ ਹੈ ਕਿ ਮਰਨਾ ਕਦੋਂ ਹੈ। ਜਨਮ-ਮਰਨ ਦੋਵੇਂ ਉਸ ਨੇ ਆਪਣੇ ਹੱਥ ਵਿਚ ਰੱਖੇ ਹੋਏ ਹਨ। ਸਾਡੇ ਕੋਲ ਜਨਮ ਅਤੇ ਮੌਤ ਦੇ ਵਿਚਕਾਰ ਦਾ ਸਮਾਂ ਜਿਸ ਨੂੰ ਅਸੀਂ ਜੀਵਨ ਆਖਦੇ ਹਾਂ ਉਹ ਹੈ। ਇਸ ਜੀਵਨ ਨੂੰ ਅਸੀਂ ਕਿਸ ਤਰ੍ਹਾਂ ਜਿਉਂਦੇ ਹਾਂ ਇਸਦੀ ਸੋਚ ਸ਼ਕਤੀ ਅਤੇ ਬੁੱਧੀ ਸਾਨੂੰ ਰੱਬ ਜੀ ਨੇ ਦਿੱਤੀ ਹੈ ਪਰ ਬੰਦਾ ਸੋਚਦਾ ਹੈ ਕਿ ਜੀਵਨ ਅਤੇ ਮੌਤ ਉਸ ਦੇ ਵੱਸ ਵਿਚ ਹਨ, ਉਸ ਨੂੰ ਹੰਕਾਰ ਹੈ ਪਰ ਇਹ ਮਨੁੱਖ ਦਾ ਘੁਮੰਡ ਹੈ। ਸਾਨੂੰ ਹਰ ਤਰੀਕੇ ਦਾ ਹੰਕਾਰ ਛੱਡ ਕੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਜਿਸ ਦੇ ਹੱਥ ਵਿਚ ਸਭ ਕੁਝ ਹੈ। ਸਾਡੀ ਤਾਕਤ ਸਾਡਾ ਹੱਠ ਵਾਹਿਗੁਰੂ ਦੇ ਸਾਹਮਣੇ ਕੁਝ ਵੀ ਨਹੀਂ ਹੈ। ਸਿਰਫ ਵਾਹਿਗੁਰੂ ਦੇ ਹੱਥ ਵਿਚ ਤਾਕਤ ਹੈ ਉਹ ਆਪਣੀ ਦੁਨੀਆ ਸਾਜ ਕੇ ਆਪ ਹੀ ਉਸ ਦੀ ਸੰਭਾਲ ਕਰਦਾ ਹੈ। ਉਸ ਦੇ ਘਰ ਵਿਚ ਨਾ ਕੋਈ ਉੱਚਾ ਉੱਤਮ ਹੈ, ਨਾ ਹੀ ਕੋਈ ਨੀਵਾਂ ਨੀਚ ਹੈ।
ਪਉੜੀ 34
ਰਾਤੀਂ ਰੁਤੀ ਥਿਤੀ ਵਾਰ।।
ਇਸ ਪਉੜੀ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਖੰਡ ਦਾ ਵਰਣਨ ਕੀਤਾ ਹੈ। ਗੁਰੂ ਸਾਹਿਬ ਜੀ ਨੇ ਪ੍ਰਮਾਤਮਾ ਦੀ ਸਾਰੀ ਕਾਇਨਾਤ ਦੀ ਹੋਂਦ ਨੂੰ ਚਾਰ ਖੰਡਾਂ ਵਿਚ ਵੰਡਿਆ ਹੈ। ਇਨ੍ਹਾਂ ਖੰਡਾਂ ਨੂੰ ਉਨ੍ਹਾਂ ਨੇ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਅਤੇ ਕਰਮ ਖੰਡ ਆਖਿਆ ਹੈ। ਧਰਮ ਖੰਡ ਦੀ ਵਿਆਖਿਆ ਕਰਦਿਆਂ ਆਖਿਆ ਹੈ ਕਿ ਉਸ ਵਾਹਿਗੁਰੂ ਨੇ ਦਿਨ-ਰਾਤ, ਮੌਸਮ (ਰੁੱਤਾਂ), ਤਾਰੀਖਾਂ ਅਤੇ ਦਿਨ ਰਚਾਏ ਹਨ, ਉਸ ਨੇ ਹੀ ਹਵਾ, ਪਾਣੀ, ਅੱਗ ਅਤੇ ਪਾਤਾਲ ਪੈਦਾ ਕਰ ਕੇ ਇਨ੍ਹਾਂ ਸਾਰਿਆਂ ਦੇ ਵਿਚਕਾਰ ਧਰਤੀ ਨੂੰ ਬਣਾ ਕੇ ਧਰਮ ਕਮਾਉਣ ਦਾ ਥਾਂ ਬਣਾ ਦਿੱਤਾ ਹੈ। ਇਸ ਧਰਤੀ ’ਤੇ ਕਈ ਜੁਗਤੀਆਂ ਅਤੇ ਕਈ ਰੰਗਾਂ ਦੇ ਜੀਵ ਵਸਦੇ ਹਨ, ਜਿਨ੍ਹਾਂ ਦੇ ਅਨੇਕਾਂ ਤੇ ਅਣਗਿਣਤ ਨਾਂ ਹਨ।
ਗੁਰੂ ਨਾਨਕ ਸਾਹਿਬ ਜੀ ਇਸ ਪਉੜੀ ਵਿਚ ਵਾਹਿਗੁਰੂ ਦੀ ਪੈਦਾ ਕੀਤੀ ਕਾਇਨਾਤ ਦੀ ਅਨੇਕਤਾ ਦੱਸ ਰਹੇ ਹਨ ਕਿ ਕਈ ਤਰ੍ਹਾਂ ਦੇ ਜੀਵ ਹਨ ਕਿਉਂਕਿ ਅਨੇਕਤਾ ਰੱਬ ਨੇ ਪੈਦਾ ਕੀਤੀ ਹੈ, ਜਦੋਂ ਵੀ ਮਨੁੱਖ ਆਪਣੀ ਛੋਟੀ ਸੋਚ ਸਦਕਾ ਇਸ ਨੂੰ ਖਤਮ ਕਰਨ ਦਾ ਯਤਨ ਕਰਦਾ ਹੈ ਤਾਂ ਉਹ ਕਰਤੇ ਅਤੇ ਕਿਰਤ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰਦਾ ਹੈ ਪਰ ਕਾਮਯਾਬ ਨਹੀਂ ਹੋ ਸਕਦਾ। ਮਨੁੱਖ ਨੂੰ ਕਰਤੇ ਪੁਰਖ ਨਾਲ ਇਕ-ਮਿਕ ਹੋਣ ਲਈ ਧਰਮ ਨੂੰ ਕਮਾਉਣਾ ਹੈ, ਵਾਹਿਗੁਰੂ ਦੀ ਰਜ਼ਾ ਵਿਚ ਰਹਿਣਾ ਹੈ। ਸਾਡੇ ਭਲੇ-ਬੁਰੇ ਕਰਮਾਂ ਦਾ ਫੈਸਲਾ ਉਸ ਪਰਮਾਤਮਾ ਦੀ ਕਚਹਿਰੀ ਵਿਚ ਹੋ ਰਿਹਾ ਹੈ। ਅਸੀਂ ਉਸ ਸਰਬ ਵਿਆਪਕ ਜਾਣੀ ਜਾਣ ਵਾਹਿਗੁਰੂ ਤੋਂ ਕੁਝ ਵੀ ਲੁਕਾ ਨਹੀਂ ਸਕਦੇ। ਸਾਡੇ ਕਰਮ ਸਾਡੇ ਪਰਛਾਵੇਂ ਵਾਂਗ ਸਾਡੇ ਨਾਲ-ਨਾਲ ਤੁਰੀ ਜਾਂਦੇ ਹਨ। ਜੋ ਵਾਹਿਗੁਰੂ ਆਪ ਸਦੀਵੀ ਹੋਂਦ ਵਾਲਾ ਹੈ ਉਸ ਦਾ ਇਨਸਾਫ ਵੀ ਹਮੇਸ਼ਾ ਹੋਂਦ ਵਾਲਾ ਹੈ। ਉਸ ਨੂੰ ਨਿਆਂ ਲਈ ਕਿਸੇ ਗਵਾਹ ਜਾਂ ਸਬੂਤ ਦੀ ਲੋੜ ਨਹੀਂ ਹੈ। ਅਸੀਂ ਦੁਨੀਆ ਦੇ ਸਾਹਮਣੇ ਭਾਵੇਂ ਲੱਖ ਫਰੇਬ ਦਾ ਸਹਾਰਾ ਲੈ ਕੇ ਆਪਣੇ-ਆਪ ਨੂੰ ਚੰਗੇ ਦੱਸੀਏ ਪਰ ਕੌਣ ਖੋਟਾ ਅਤੇ ਖਰਾ ਹੈ ਉਸ ਦਾ ਫੈਸਲਾ ਵਾਹਿਗੁਰੂ ਹੀ ਕਰੇਗਾ।
-ਗਿਆਨੀ ਕੁਲਦੀਪ ਸਿੰਘ ਗੜਗੱਜ
9780351241
ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਪੁੱਜੇਗਾ ਗੁ. ਸ੍ਰੀ ਫਤਿਹਗੜ੍ਹ ਸਾਹਿਬ
NEXT STORY