ਪੰਜਾਬ ਵਿੱਚ ਖੇਤੀ ਅਤੇ ਬਾਗਬਾਨੀ ਦੇ ਧੰਦੇ ਨੂੰ ਘਾਟੇ ਵਾਲਾ ਸੌਦਾ ਦੱਸ ਕੇ ਕਿਸਾਨਾਂ ਕੋਲੋਂ ਉਸ ਦੀ ਜ਼ਮੀਨ ਖੋਹ ਕੇ ਅੰਨਦਾਤੇ ਨੂੰ ਵਿਹਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਪੰਜਾਬ ਦੀ ਉਪਜਾਊ ਧਰਤੀ ਹਰ ਤਰ੍ਹਾਂ ਦੇ ਫਲ, ਫੁੱਲ, ਸਬਜ਼ੀਆਂ ਅਤੇ ਫਸਲਾਂ ਨੂੰ ਉਗਾਉਣ ਦੀ ਸਮਰੱਥਾ ਰੱਖਦੀ ਹੈ। ਜ਼ਰੂਰਤ ਹੈ ਤਾਂ ਸਿਰਫ ਨਵੀਆਂ ਤਕਨੀਕਾਂ ਅਪਣਾ ਕੇ ਖਰਚੇ ਘਟਾਉਣ ਦੀ, ਕਿਉਂਕਿ ਪੰਜਾਬ ਦੇ ਬਹੁਤ ਗਿਣਤੀ ਕਿਸਾਨ ਅੱਜ ਵੀ ਫੁੱਲਾਂ, ਫਸਲਾਂ ਅਤੇ ਬਾਗਬਾਨੀ ਦੇ ਧੰਦੇ 'ਤੇ ਮਾਹਿਰਾਂ ਦੀ ਸਲਾਹ ਲਏ ਬਿਨ੍ਹਾਂ ਹੀ ਬੇਲੋੜੇ ਖਰਚ ਕਰ ਰਹੇ ਹਨ। ਜਿਸ ਕਰਕੇ ਇਹ ਧੰਦੇ ਘਾਟੇ ਵਾਲਾ ਸੌਦਾ ਬਣਦੇ ਜਾ ਰਹੇ ਹਨ। ਜਿਹੜੇ ਕਿਸਾਨ ਪੂਰੀ ਵਿਉਂਬੰਦੀ ਬਣਾ ਕੇ ਖੇਤੀ, ਬਾਬਗਾਨੀ ਜਾਂ ਸਬਜੀਆਂ ਦੀ ਕਾਸ਼ਤ ਕਰਦੇ ਹਨ। ਉਹ ਬਹੁਤ ਵਧੀਆ ਆਮਦਨ ਲੈ ਰਹੇ ਹਨ।
ਇਸੇ ਤਰ੍ਹਾਂ ਦਾ ਹੀ ਇੱਕ ਕਿਸਾਨ ਬਲਬੀਰ ਸਿੰਘ ਢਿੱਲੋਂ ਨਿੰਬੂਆਂ ਦਾ ਬਾਗ ਲਗਾ ਕੇ ਬੂਟਿਆਂ ਤੋਂ ਡਾਲਰ ਝਾੜਨ ਦਾ ਕੰਮ ਕਰ ਰਿਹਾ ਹੈ। ਜ਼ਿਲ੍ਹਾ ਪਟਿਆਲੇ ਦੇ ਵੱਡੇ ਪਿੰਡ ਸ਼ੁਤਰਾਣਾ ਵਿਖੇ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੇ ਨਾਲ ਹੀ ਇਸ ਕਿਸਾਨ ਨੇ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਨਿੰਬੂਆਂ ਦਾ ਬਾਗ ਲਗਾਉਣ ਦੀ ਯੋਜਨਾ ਤਿਆਰ ਕੀਤੀ ਸੀ। ਜਿਹੜੀ ਪੂਰੀ ਤਰ੍ਹਾਂ ਸਫਲ ਹੋਈ ਹੈ। ਤਿੰਨ ਏਕੜ ਵਿੱਚ ਲੱਗੇ ਨਿੰਬੂਆਂ ਦੇ ਬੂਟਿਆਂ ਨੇ ਤਿੰਨ ਸਾਲ ਬਾਅਦ ਆਮਦਨ ਦੇਣੀ ਸ਼ੁਰੂ ਕੀਤੀ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2015 ਵਿੱਚ ਪ੍ਰਤੀ ਏਕੜ ਵਿੱਚ 400 ਬੂਟੇ ਕਾਗਜ਼ੀ ਨਿੰਬੂਆਂ ਦੇ ਲਗਾਏ ਸਨ।
ਜਿਹੜੇ ਉਸ ਨੂੰ 150 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਮਿਲੇ ਸਨ ਅਤੇ ਤਿੰਨ ਏਕੜ ਵਿੱਚ 1200 ਬੂਟੇ ਨਿੰਬੂਆਂ ਦੇ ਲਗਾਏ ਗਏ। ਨਿੰਬੂਆਂ ਤੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਆਮਦਨ ਪ੍ਰਤੀ ਏਕੜ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਇਹ ਆਮਦਨ ਹਰ ਸਾਲ ਵਧਣੀ ਜਾਣੀ ਹੈ ਕਿਉਂਕਿ ਕਾਗਜੀ ਨਿੰਬੂ ਦੀ ਕਿਸਮ ਦਾ ਬੂਟਾ ਤਕਰੀਬਨ 11 ਫੁੱਟ ਉੱਚੇ ਰੁੱਖ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਨਿੰਬੂ ਬੂਟੇ ਤੋਂ ਡਾਲਰਾਂ ਵਾਂਗ ਡਿੱਗਦੇ ਹਨ। ਜਿਨ੍ਹਾਂ ਨੂੰ ਸਿਰਫ ਇਕੱਠੇ ਹੀ ਕਰਨਾ ਪੈਂਦਾ ਹੈ। ਜੇਕਰ ਪੰਜਾਬ ਵਿੱਚ ਵੀ ਕਿਸਾਨੀ ਤੇ ਬਾਗਬਾਨੀ ਨੂੰ ਸਰਕਾਰਾਂ ਸੱਚੇ ਮਨ ਨਾਲ ਉਤਸ਼ਾਹਿਤ ਕਰਨ ਤਾਂ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਡਾਲਰ ਕਮਾਉਣ ਦੀ ਜ਼ਰੂਰਤ ਨਹੀਂ ਹੈ।
ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਹਰੇ ਮਟਰ, ਗੋਭੀ, ਟਮਾਟਰ, ਖੀਰੇ, ਖੁੰਬਾਂ ਆਦਿ ਵਰਗੀਆਂ ਫਸਲਾਂ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਦੀ ਆਮਦਨ ਕਰ ਰਹੇ ਹਨ। ਕਾਗਜ਼ੀ ਨਿੰਬੂ ਦਾ ਭਾਅ ਮਾਰਕੀਟ ਵਿੱਚ 50 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪ ਜਾਂਦਾ ਹੈ। ਇਸ ਕਿਸਮ ਦੇ ਨਿੰਬੂਆਂ ਨੂੰ ਵੇਚਣ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਉਦੀ। ਕਿਉਂਕਿ ਕਾਗਜ਼ੀ ਕਿਸਮ ਦਾ ਨਿੰਬੂ ਛਿਲਕਾ ਮੋਟਾ ਹੋਣ ਕਰਕੇ ਛੇਤੀ ਖ਼ਰਾਬ ਨਹੀ ਹੁੰਦਾ। ਕਾਗਜ਼ੀ ਨਿੰਬੂ ਦੀ ਦੂਸਰੀ ਖੂਬੀ ਇਹ ਹੈ ਕਿ ਇਸ ਨੂੰ ਬੂਟੇ ਨਾਲੋਂ ਤੋੜਨਾ ਨਹੀਂ ਪੈਂਦਾ। ਸਗੋਂ 80 ਫੀਸਦੀ ਪੱਕ ਕੇ ਬੂਟੇ ਨਾਲੋਂ ਆਪਣੇ ਆਪ ਹੀ ਟੁੱਟ ਕੇ ਧਰਤੀ 'ਤੇ ਡਿੱਗ ਪੈਂਦਾ ਹੈ। ਬੂਟਿਆਂ ਹੇਠੋਂ ਨਿੰਬੂ ਇਕੱਠੇ ਹੀ ਕਰਨੇ ਪੈਂਦੇ ਹਨ।
ਬੂਟੇ ਹੇਠਾਂ ਡਿੱਗਿਆ ਫਲ ਦੋ ਹਫਤੇ ਤੱਕ ਵੀ ਖ਼ਰਾਬ ਨਹੀਂ ਹੁੰਦਾ। ਜਿਸ ਕਰਕੇ ਵਿਹਲਾ ਸਮਾਂ ਹੋਣ 'ਤੇ ਜਦ ਮਰਜ਼ੀ ਨਿੰਬੂਆਂ ਨੂੰ ਇਕੱਠੇ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਨਿੰਬੂਆਂ ਦੇ ਬਾਗ ਨੂੰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਕੋਹੜ ਰੋਗ ਲੱਗਣ ਤੋਂ ਬਿਨ੍ਹਾਂ ਇਸ ਕਿਸਮ ਨੂੰ ਹੋਰ ਕਈ ਬੀਮਾਰੀ ਨਹੀ ਲਗਦੀ। ਨਿੰਬੂਆਂ ਦਾ ਬਾਗ ਲਗਾਉਣ ਤੋਂ ਬਾਅਦ ਇਸ ਵਿੱਚ ਪਹਿਲੇ ਤਿੰਨ ਸਾਲ ਵੇਲ੍ਹਾ ਵਾਲੀਆਂ ਕਿਸਮਾਂ ਨੂੰ ਛੱਡ ਕੇ ਸਬਜੀਆਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।
ਨਿੰਬੂ ਜਾਤੀ ਦੀਆਂ ਜਾਲ੍ਹੇਦਾਰ ਜੜ੍ਹਾਂ ਬਹੁਤ ਉਪਰ ਹੁੰਦੀਆਂ ਹਨ। ਜਿਸ ਕਰਕੇ ਲੋਹੇ ਦੇ ਔਜਾਰ ਨਾਲ ਬਾਗ ਦੀ ਗੁਡਾਈ ਨਹੀਂ ਕਰਨੀ ਚਾਹੀਦੀ। ਪਰ ਇਸ ਗੱਲ ਤੋਂ ਬਹੁਤ ਘੱਟ ਬਾਗਬਾਨ ਜਾਣੂ ਹਨ। ਇਹ ਗੁਡਾਈ ਹੀ ਨਿੰਬੂਆਂ ਵਿੱਚ ਬੀਮਾਰੀ ਅਤੇ ਬੂਟੇ ਸੁੱਕਣ ਦਾ ਕਾਰਨ ਬਣਦੀ ਹੈ। ਅਪ੍ਰੈਲ ਅਤੇ ਜੁਲਾਈ ਅਗਸਤ ਵਿੱਚ ਨਿੰਬੂਆਂ ਦੇ ਬੂਟਿਆਂ ਨੂੰ ਯੂਰੀਆ ਅਤੇ ਦਸੰਬਰ ਵਿੱਚ ਰੂੜੀ ਦੀ ਖਾਦ ਪਾਈ ਜਾਂਦੀ ਹੈ। ਮੌਸਮ ਦੇ ਹਿਸਾਬ ਨਾਲ ਬੂਟਿਆਂ ਦੀ ਕਾਂਟ-ਛਾਂਟ ਬਹੁਤ ਜ਼ਰੂਰੀ ਹੈ। ਕਿਉਂਕਿ ਬੂਟਿਆਂ ਦੇ ਵਿਚਕਾਰ ਕੰਢੇਦਾਰ ਟਾਹਣੀਆਂ (ਕਿੱਲ) ਨਿਕਲ ਆਉਦੇ ਹਨ। ਜਿਨ੍ਹਾਂ ਨੂੰ ਕੱਟ ਕੇ ਦਵਾਈ ਦਾ ਸਪਰੇਅ ਕਰਨਾ ਚਾਹੀਦਾ ਹੈ।
ਨਿੰਬੂਆਂ ਦਾ ਬਾਗ ਲਗਾਉਣ 'ਤੇ ਕੋਈ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੇ। ਇੱਕ ਵਾਰ ਬਾਗ ਲਗਾਉਣ ਤੋਂ ਬਾਅਦ ਗਰਮੀ-ਸਰਦੀ ਨਿੰਬੂਆਂ ਦੀ ਫਸਲ ਚਲਦੀ ਰਹਿੰਦੀ ਹੈ ਅਤੇ ਹਫਤੇ ਵਿੱਚ ਦੋ ਤਿੰਨ ਵਾਰ (ਬੂਟਿਆਂ ਦੀ ਗਿਣਤੀ ਦੇ ਹਿਸਾਬ ਨਾਲ) ਨਿੰਬੂ ਵੇਚੇ ਜਾ ਸਕਦੇ ਹਨ। ਸਬਜ਼ੀਆਂ ਜਾਂ ਹੋਰ ਫਲਾਂ ਵਾਂਗ ਕਾਗਜ਼ੀ ਕਿਸਮ ਦੇ ਨਿੰਬੂਆਂ ਦੇ ਖ਼ਰਾਬ ਹੋਣ ਵੀ ਡਰ ਨਹੀ ਹੈ। ਜਦੋਂ ਮਨ ਕਰੇ ਮੰਡੀ ਵਿੱਚ ਵੇਚੇ ਜਾ ਸਕਦੇ ਹਨ। ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਜ਼ਿਆਦਾ ਨਹੀ ਤਾਂ ਇੱਕ ਦੋ ਏਕੜ ਵਿੱਚ ਨਿੰਬੂਆਂ ਦੇ ਨਾਲ ਹੀ ਅਮਰੂਦਾਂ ਦੇ ਬਾਗ ਵੀ ਲਗਾਉਣੇ ਚਾਹੀਦੇ ਹਨ। ਅਮਰੂਦ ਵੀ ਨਿੰਬੂਆਂ ਵਾਂਗ ਬਾਜ਼ਾਰ ਵਿੱਚ ਬਾਰਾਂ ਮਹੀਨੇ 30 ਦਿਨ ਬਹੁਤ ਮਹਿੰਗੇ ਭਾਅ 'ਤੇ ਵਿਕਦਾ ਹੈ।
ਬ੍ਰਿਸ ਭਾਨ ਬੁਜਰਕ ਕਾਹਨਗੜ੍ਹ ਰੋਡ ਪਾਤੜਾਂ
ਜ਼ਿਲ੍ਹਾ ਪਟਿਆਲਾ 98761-01698
ਮਾਰੂਥਲੀ ਟਿੱਡੀਆਂ ਵਿੱਚ ਗਰਮੀਆਂ ਦਾ ਪ੍ਰਜਨਣ ਜਾਰੀ: ਐੱਫ.ਏ.ਓ.
NEXT STORY