ਫ਼ਰੀਦਕੋਟ,(ਹਾਲੀ)—ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਵੀ ਸਰਹੰਦ ਫ਼ੀਡਰ ਅਤੇ ਹੋਰ ਨਹਿਰਾਂ ਵਿੱਚ ਸਨਅਤਾਂ ਦਾ ਜ਼ਹਿਰੀਲਾ ਪਾਣੀ ਪੈਣੋਂ ਨਹੀਂ ਰੋਕਿਆ ਗਿਆ, ਜਿਸ ਕਾਰਨ ਲੋਕਾਂ ਨੂੰ ਅਜੇ ਵੀ ਜ਼ਹਿਰੀਲਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਲ ਤੇ ਸੈਨੀਟੇਸ਼ਨ ਵਿਭਾਗ ਨੇ ਇਲਾਕੇ ਦੇ ਲੋਕਾਂ ਨੂੰ ਜ਼ਹਿਰੀਲੇ ਪਾਣੀ ਤੋਂ ਨਿਜਾਤ ਦਿਵਾਉਣ ਲਈ ਸੁਝਾਅ ਦਿੱਤਾ ਸੀ ਕਿ ਫ਼ਰੀਦਕੋਟ ਸ਼ਹਿਰ ਨੂੰ ਭਾਖੜਾ ਨਹਿਰ ਦਾ ਪਾਣੀ ਮੁਹੱਈਆ ਕਰਵਾਇਆ ਜਾਵੇ, ਜਿਸ ਲਈ ਦਸ ਕਰੋੜ ਰੁਪਏ ਦਾ ਬਜਟ ਤਜਵੀਜ ਕੀਤਾ ਗਿਆ ਸੀ, ਪ੍ਰੰਤੂ ਪੰਜਾਬ ਸਰਕਾਰ ਨੇ ਇਸ ਪ੍ਰੋਜੈਕਟ ਲਈ ਦਸ ਕਰੋੜ ਰੁਪਏ ਜਾਰੀ ਨਹੀਂ ਕੀਤੇ। ਹੁਣ ਸਰਕਾਰ ਬਦਲਣ ਤੋਂ ਬਾਅਦ ਇਸ ਖੇਤਰ ਦੇ ਲੋਕਾਂ ਨੂੰ ਨਵੀਂ ਸਰਕਾਰ ਤੋਂ ਆਸ ਬੱਝੀ ਹੈ ਕਿ ਉਨ੍ਹਾਂ ਨੂੰ ਜ਼ਹਿਰ ਮੁਕਤ ਪਾਣੀ ਜਲਦੀ ਹੀ ਮਿਲਣ ਲੱਗੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਹਿੰਦ ਫ਼ੀਡਰ ਵਿੱਚ ਲੁਧਿਆਣੇ ਦੀ ਸਨਅਤ ਦਾ ਜ਼ਹਿਰੀਲਾ ਪਾਣੀ ਸੁੱਟਿਆ ਜਾ ਰਿਹਾ ਹੈ ਅਤੇ ਇਹੀ ਪਾਣੀ ਮਿਲਾਵਟ ਰਾਹੀਂ ਪੂਰੇ ਦੱਖਣੀ ਪੰਜਾਬ ਨੂੰ ਪੀਣ ਵਾਸਤੇ ਭੇਜਿਆ ਜਾ ਰਿਹਾ ਹੈ। ਗਰਮੀ ਦੇ ਮੌਸਮ ਕਾਰਨ ਨਹਿਰਾਂ ਵਿੱਚ ਪਾਣੀ ਦਾ ਪਹਿਲਾ ਦੇ ਮੁਕਾਬਲੇ ਘਟ ਗਿਆ ਹੈ, ਇਹੀ ਪਾਣੀ ਵਾਟਰ ਵਰਕਸਾਂ ਰਾਹੀਂ ਘਰ ਘਰ ਭੇਜਿਆ ਜਾ ਰਿਹਾ ਹੈ। ਬੀ. ਕੇ. ਯੂ. ਰਾਜੇਵਾਲ ਦੇ ਜ਼ਿਲਾ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਲੋਕਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਦਰਿਆਵਾਂ ਦੇ ਸਾਫ਼ ਪਾਣੀ ਵਿੱਚ ਲੁਧਿਆਣੇ ਦੀ ਸਨਅਤ ਦਾ ਜ਼ਹਿਰੀਲਾ ਪਾਣੀ ਰਲ਼ਣਾ ਬੰਦ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 2008 ਵਿੱਚ ਭਰੋਸਾ ਦਿੱਤਾ ਸੀ ਕਿ ਦਰਿਆਵਾਂ ਵਿੱਚ ਪੈਂਦੇ ਜ਼ਹਿਰੀਲੇ ਪਾਣੀ ਨੂੰ ਰੋਕ ਦਿੱਤਾ ਜਾਵੇਗਾ ਅਤੇ ਲੁਧਿਆਣੇ ਦੇ ਸਨਅਤੀ ਪਾਣੀ ਨੂੰ ਟਰੀਟਮੈਂਟ ਪਲਾਟਾਂ ਰਾਹੀਂ ਸੋਧ ਕੇ ਸਿੰਚਾਈ ਲਈ ਵਰਤਿਆ ਜਾਵੇਗਾ। ਭਾਬਾ ਅਟੋਮਿਕ ਐਨਰਜ਼ੀ ਕੇਂਦਰ ਮੁੰਬਈ ਨੇ 2010 ਵਿੱਚ ਪਾਣੀ ਦੇ ਨਮੂਨੇ ਲੈ ਕੇ ਜਾਂਚ ਦੌਰਾਨ ਸਪੱਸ਼ਟ ਕੀਤਾ ਸੀ ਕਿ ਨਹਿਰਾਂ ਦਾ ਪਾਣੀ ਪੀਣਯੋਗ ਨਹੀਂ ਹੈ ਅਤੇ ਇਸ ਵਿੱਚ ਯੂਰੇਨੀਅਮ, ਆਰਸੈਨਿਕ ਅਤੇ ਹੋਰ ਭਾਰੀ ਧਾਤਾਂ ਮੌਜ਼ੂਦਾ ਹਨ ਜੋ ਮਨੁੱਖੀ ਸਿਹਤ ਲਈ ਘਾਤਕ ਹਨ ਪਰੰਤੂ ਇਸ ਦੇ ਬਾਵਜੂਦ ਲੋਕਾਂ ਨੂੰ ਉਹੀ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ। ਬੇਸ਼ੱਕ ਪੰਜਾਬ ਸਰਕਾਰ ਨੇ ਕੁਦਰਤੀ ਪਾਣੀ ਨੂੰ ਸੁਰੱਖਿਅਤ ਕਰਨ ਦੀ ਥਾਂ ਆਰ.ਓ.ਪਲਾਂਟ ਲਾ ਕੇ ਸਾਫ਼-ਸੁਥਰਾ ਪਾਣੀ ਦੇਣ ਦਾ ਪ੍ਰਚਾਰ ਕੀਤਾ ਹੈ। ਸਰਹਿੰਦ ਫੀਡਰ 'ਚੋਂ ਕਰੀਬ ਦੋ ਦਰਜਨ ਸ਼ਹਿਰ ਅਤੇ ਤਿੰਨ ਪਿੰਡਾਂ ਨੂੰ ਪਾਣੀ ਸਪਲਾਈ ਹੁੰਦਾ ਹੈ। ਜਿਸ ਕਾਰਨ ਲੱਖਾਂ ਦੀ ਆਬਾਦੀ ਨੂੰ ਇਹ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਗੱਲ ਕਰਨ 'ਤੇ ਉਨ੍ਹਾਂ ਦੱਸਿਆ ਕਿ ਨਵੀਂ ਸਰਕਾਰ ਨੇ ਸਰਹੰਦ ਫੀਡਰ ਅਤੇ ਹੋਰ ਨਹਿਰਾਂ ਦੀ ਸਾਫ ਸਫਾਈ ਅਤੇ ਪਾਣੀ ਦੀ ਸ਼ੁੱਧਤਾ ਨੂੰ ਲੈ ਕੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਦਿੱਕਤ ਜਾ ਪ੍ਰੇਸ਼ਾਨੀ ਨਾ ਆਵੇ।
ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ
NEXT STORY