ਦਸੰਬਰ 2012 ਦੇ ਨਿਰਭਯਾ ਬਲਾਤਕਾਰ ਕਾਂਡ ਤੋਂ ਬਾਅਦ ਹੋਏ ਹੰਗਾਮੇ ਅਤੇ ਦੇਸ਼ਵਿਆਪੀ ਮੁਜ਼ਾਹਰਿਆਂ ਤੋਂ ਬਾਅਦ ਕੇਂਦਰ ਤੇ ਸੂਬਾ ਸਰਕਾਰਾਂ ਨੇ ਹਰਕਤ ਵਿਚ ਆ ਕੇ ਕੁਝ ਕਾਨੂੰਨੀ ਵਿਵਸਥਾਵਾਂ ਕੀਤੀਆਂ ਸਨ, ਜਿਨ੍ਹਾਂ ਕਾਰਨ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ 'ਚ ਕੁਝ ਕਮੀ ਆਈ ਪਰ ਛੇਤੀ ਹੀ ਸਭ ਕੁਝ ਪੁਰਾਣੀ ਲੀਹ 'ਤੇ ਪਰਤ ਆਇਆ ਹੈ।
ਇਥੋਂ ਤਕ ਕਿ ਰਾਜਧਾਨੀ ਦਿੱਲੀ 'ਚ ਔਰਤਾਂ ਵਿਰੁੱਧ ਅਪਰਾਧਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੰਨ 2013 'ਚ 12410 ਔਰਤਾਂ ਵੱਖ-ਵੱਖ ਅਪਰਾਧਾਂ ਦਾ ਸ਼ਿਕਾਰ ਹੋਈਆਂ ਤੇ 2014 'ਚ ਇਨ੍ਹਾਂ ਦੀ ਗਿਣਤੀ ਵਧ ਕੇ 14687 ਹੋ ਗਈ।
ਇਸੇ ਤਰ੍ਹਾਂ 2013 'ਚ ਬਲਾਤਕਾਰ ਦੇ 1571 ਕੇਸ ਦਰਜ ਕੀਤੇ ਗਏ, ਜੋ 2014 ਵਿਚ ਵਧ ਕੇ 2069 ਹੋ ਗਏ। ਦੱਖਣੀ ਦਿੱਲੀ ਦੇ 'ਪਾਸ਼' ਇਲਾਕੇ ਨੇ ਤਾਂ ਔਰਤਾਂ ਵਿਰੁੱਧ ਅਪਰਾਧਾਂ 'ਚ ਗੋਵਿੰਦਪੁਰੀ, ਅੰਬੇਦਕਰ ਨਗਰ ਅਤੇ ਕੰਝਾਵਾਲਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਵਸੰਤ ਵਿਹਾਰ 'ਚ ਇਸ ਸਾਲ ਬਲਾਤਕਾਰ ਦੇ ਮਾਮਲੇ 80 ਫੀਸਦੀ ਵਧੇ ਹਨ।
ਦਿੱਲੀ ਪੁਲਸ ਵਲੋਂ ਹੁਣੇ-ਹੁਣੇ ਕੀਤੇ ਗਏ ਇਕ ਸਰਵੇਖਣ ਮੁਤਾਬਿਕ ਬਾਹਰੀ ਦਿੱਲੀ ਦੇ ਅਮਨ ਵਿਹਾਰ ਅਤੇ ਦੱਖਣ-ਪੂਰਬੀ ਦਿੱਲੀ ਦੇ ਅੰਬੇਦਕਰ ਨਗਰ ਤੇ ਗੋਵਿੰਦਪੁਰੀ 'ਚ ਬਲਾਤਕਾਰ ਦੀਆਂ ਪੀੜਤ ਅਤੇ ਬਲਾਤਕਾਰੀ ਸਾਰੇ ਅਨਪੜ੍ਹ, ਸਕੂਲ 'ਚ ਪੜ੍ਹਾਈ ਛੱਡ ਚੁੱਕੇ ਤੇ ਗਰੀਬ ਘਰਾਣਿਆਂ ਨਾਲ ਸੰਬੰਧਿਤ ਹਨ।
ਇਨ੍ਹਾਂ ਇਲਾਕਿਆਂ 'ਚ ਪਿਛਲੇ ਸਾਲ ਬਲਾਤਕਾਰ ਦੇ 103 ਕੇਸ ਹੋਏ ਸਨ, ਜਿਨ੍ਹਾਂ 'ਚੋਂ 59 ਨਾਬਾਲਗਾਂ ਨਾਲ ਸੰਬੰਧਿਤ ਸਨ ਅਤੇ ਘੱਟੋ-ਘੱਟ 18 ਨਾਬਾਲਗ ਪੀੜਤ ਕੁੜੀਆਂ ਦੀ ਉਮਰ 12 ਸਾਲ ਤੋਂ ਘੱਟ ਸੀ। ਇਕ ਪੀੜਤਾ ਗ੍ਰੈਜੂਏਟ ਅਤੇ ਹੋਰ ਦੂਜੀ ਤੋਂ ਪੰਜਵੀਂ ਜਮਾਤ ਤਕ ਪੜ੍ਹੀਆਂ ਹੋਈਆਂ ਸਨ।
ਗੈਰ-ਕੁਦਰਤੀ ਸੰਭੋਗ ਦੇ 25 ਮਾਮਲਿਆਂ 'ਚੋਂ 7 ਮਾਮਲਿਆਂ ਵਿਚ ਪੀੜਤ ਕੁੜੀਆਂ ਦੇ ਪਿਤਾ, 4 ਮਾਮਲਿਆਂ ਵਿਚ ਮਤਰੇਏ ਪਿਤਾ, 2 ਮਾਮਲਿਆਂ ਵਿਚ ਬਜ਼ੁਰਗਾਂ ਤੋਂ ਇਲਾਵਾ ਸਹੇਲੀਆਂ ਜਾਂ ਮਰਦ ਮਿੱਤਰ, ਚਾਚਾ, ਭਰਾ, ਗੁਆਂਢੀ, ਜੀਜਾ, ਚਚੇਰੇ ਭਰਾ ਅਤੇ ਹੋਰ ਰਿਸ਼ਤੇਦਾਰ ਸ਼ਾਮਿਲ ਸਨ।
ਰਾਜਧਾਨੀ ਵਿਚ 10 ਫੀਸਦੀ ਮਕਾਨਾਂ 'ਚ ਪਖਾਨੇ ਨਹੀਂ ਹਨ, 11 ਫੀਸਦੀ ਲੋਕ ਝੌਂਪੜੀਆਂ ਵਿਚ ਰਹਿੰਦੇ ਹਨ ਅਤੇ 18.8 ਫੀਸਦੀ ਮਕਾਨਾਂ 'ਚ ਵਿਆਹੁਤਾ ਜੋੜਿਆਂ ਲਈ ਵੱਖਰੇ ਕਮਰੇ ਨਹੀਂ ਹਨ। ਖਸਤਾਹਾਲ ਮਕਾਨਾਂ, ਹਨੇਰ ਭਰੀਆਂ ਗਲੀਆਂ ਅਤੇ ਬਿਨਾਂ ਪਖਾਨਿਆਂ ਦੇ ਮਕਾਨਾਂ ਵਾਲੇ ਇਨ੍ਹਾਂ ਇਲਾਕਿਆਂ ਵਿਚ ਜ਼ਿਆਦਾਤਰ ਦੋਸ਼ੀ ਮਜ਼ਦੂਰ, ਫੈਕਟਰੀ ਵਰਕਰ, ਗਾਰਡ ਜਾਂ ਢਾਬਿਆਂ ਆਦਿ 'ਤੇ ਕੰਮ ਕਰਨ ਵਾਲੇ ਆਪਣੇ ਪਰਿਵਾਰਾਂ ਤੋਂ ਦੂਰ ਰਹਿਣ ਵਾਲੇ ਲੋਕ ਸਨ।
'ਸਮਾਜਿਕ ਖੋਜ ਕੇਂਦਰ' ਦੀ ਡਾਇਰੈਕਟਰ ਰੰਜਨਾ ਕੁਮਾਰੀ ਦਾ ਕਹਿਣਾ ਹੈ ਕਿ ''ਸਰਕਾਰ ਵਲੋਂ ਉਨ੍ਹਾਂ ਇਲਾਕਿਆਂ 'ਚ ਜੀਵਨ ਦੇ ਗੁਜ਼ਾਰੇ ਲਾਇਕ ਸਥਿਤੀਆਂ 'ਚ ਸੁਧਾਰ ਕਰਨ ਦੀ ਲੋੜ ਹੈ, ਜਿਥੇ ਔਰਤਾਂ ਨੂੰ ਜੰਗਲ-ਪਾਣੀ ਲਈ ਘਰੋਂ ਬਾਹਰ ਜਾਣਾ ਪੈਂਦਾ ਹੈ, ਜਿਸ ਕਾਰਨ ਉਹ ਬਲਾਤਕਾਰੀਆਂ ਦੇ ਨਿਸ਼ਾਨੇ 'ਤੇ ਆਸਾਨੀ ਨਾਲ ਆ ਜਾਂਦੀਆਂ ਹਨ।''
ਰਾਜਧਾਨੀ 'ਚ ਬੁਨਿਆਦੀ ਢਾਂਚੇ ਦੀ ਘਾਟ ਔਰਤਾਂ ਵਿਰੁੱਧ ਅਪਰਾਧਾਂ ਨੂੰ ਸ਼ਹਿ ਦੇ ਰਹੀ ਹੈ। ਲਾਈਟ ਦੇ ਕਾਫੀ ਪ੍ਰਬੰਧ, ਜਨਤਕ ਟਰਾਂਸਪੋਰਟ ਤੇ ਪੁਲਸ ਫੋਰਸਾਂ ਦੀ ਘਾਟ ਸਪੱਸ਼ਟ ਦਿਖਾਈ ਦਿੰਦੀ ਹੈ।
ਦਿੱਲੀ ਦੇ ਪੁਲਸ ਕਮਿਸ਼ਨਰ ਬੀ. ਐੱਸ. ਬੱਸੀ ਅਨੁਸਾਰ, ''ਔਰਤਾਂ ਵਿਰੁੱਧ ਅਪਰਾਧ ਸਾਡੀ ਸਮਾਜਿਕ ਵਿਵਸਥਾ 'ਤੇ ਇਕ ਧੱਬਾ ਹਨ। ਔਰਤਾਂ ਨੂੰ ਸਨਮਾਨ ਅਤੇ ਆਦਰ ਦੇਣ ਦੇ ਦਾਅਵਿਆਂ ਦੇ ਬਾਵਜੂਦ ਸਾਡਾ ਸਮਾਜ ਮਰਦਾਂ ਦੀ ਅਪਰਾਧਿਕ ਮਾਨਸਿਕਤਾ ਤੋਂ ਮੁਕਤ ਨਹੀਂ ਹੋ ਸਕਿਆ ਹੈ।''
ਸ਼੍ਰੀ ਬੱਸੀ ਨੇ ਔਰਤਾਂ ਨੂੰ ਸਵੈ-ਰੱਖਿਆ ਦੀ ਟ੍ਰੇਨਿੰਗ ਦੇਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਤਾਂ ਕਿ ਉਨ੍ਹਾਂ ਦੇ ਅਤੇ ਮਰਦਾਂ ਵਿਚਾਲੇ ਸਰੀਰਕ ਸਮਰੱਥਾ ਦਾ ਫਰਕ ਘੱਟ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਹ ਯੋਗ ਵਿਅਕਤੀਆਂ ਦੀ ਸਹਾਇਤਾ ਲੈਣ ਦੀ ਯੋਜਨਾ ਵੀ ਬਣਾ ਰਹੇ ਹਨ।
ਦੇਸ਼ ਦੀ ਸਿਆਸੀ ਰਾਜਧਾਨੀ ਹੋਣ ਦੇ ਨਾਤੇ ਦਿੱਲੀ ਸਭ ਤੋਂ ਵੱਧ ਸੁਰੱਖਿਅਤ ਮਹਾਨਗਰ ਹੋਣੀ ਚਾਹੀਦੀ ਸੀ ਪਰ ਇਸ ਦੇ ਉਲਟ ਇਹ ਸਭ ਤੋਂ ਵੱਧ ਅਸੁਰੱਖਿਅਤ ਅਤੇ 'ਬਲਾਤਕਾਰਾਂ ਦੀ ਰਾਜਧਾਨੀ' ਵਜੋਂ ਬਦਨਾਮ ਹੁੰਦੀ ਜਾ ਰਹੀ ਹੈ।
ਇਸ ਦਾ ਨਿਵਾਰਣ ਕਰਨ ਲਈ ਪੁਲਸ ਪ੍ਰਬੰਧਾਂ ਨੂੰ ਚੁਸਤ-ਦਰੁੱਸਤ ਬਣਾਉਣ, ਆਵਾਜਾਈ ਪ੍ਰਣਾਲੀ ਤੇ ਜੀਵਨ ਪੱਧਰ ਸੁਧਾਰਨ, ਝੌਂਪੜ-ਪੱਟੀਆਂ 'ਚ ਜਨਤਕ ਪਖਾਨੇ ਬਣਵਾਉਣ, ਰਿਹਾਇਸ਼ ਮੁਹੱਈਆ ਕਰਵਾਉਣ ਅਤੇ ਅਜਿਹੇ ਅਪਰਾਧਾਂ ਵਿਰੁੱਧ ਲੋਕਾਂ ਨੂੰ ਚੌਕੰਨੇ ਕਰਨ ਲਈ ਜਨ-ਮੁਹਿੰਮ ਚਲਾਉਣ ਦੀ ਲੋੜ ਹੈ।
ਇਸ ਦੇ ਨਾਲ ਹੀ ਬੱਚੀਆਂ ਦੇ ਮਾਤਾ-ਪਿਤਾ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਬੱਚੀਆਂ ਨੂੰ ਅਜਿਹੇ ਹਮਲਿਆਂ ਤੋਂ ਚੌਕਸ ਰਹਿਣ ਲਈ ਜਾਗਰੂਕ ਕਰਨ ਅਤੇ ਜੇ ਉਨ੍ਹਾਂ ਨਾਲ ਕੋਈ ਵੀ ਆਦਮੀ ਕਿਸੇ ਤਰ੍ਹਾਂ ਦਾ ਅਭੱਦਰ ਵਤੀਰਾ ਕਰੇ ਤਾਂ ਉਹ ਉਨ੍ਹਾਂ ਨੂੰ ਜ਼ਰੂਰ ਦੱਸਣ। -ਵਿਜੇ ਕੁਮਾਰ
ਯਾਕੂਬ ਮੈਮਨ ਨੂੰ ਫਾਂਸੀ 'ਹਰੇ ਕਰ ਗਈ ਕਈ ਜ਼ਖ਼ਮ'
NEXT STORY