ਅਵਿਵਸਥਾ ਦੀਆਂ ਸ਼ਿਕਾਰ ਭਾਰਤੀ ਜੇਲਾਂ ’ਚ ਨਸ਼ਿਆਂ, ਮੋਬਾਇਲ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਆਦਿ ਦੀ ਬਰਾਮਦਗੀ ਲਗਾਤਾਰ ਜਾਰੀ ਹੈ, ਜਿਨ੍ਹਾਂ ’ਚ ਕਈ ਮਾਮਲਿਆਂ ’ਚ ਜੇਲਾਂ ਦਾ ਸਟਾਫ ਵੀ ਸ਼ਾਮਲ ਪਾਇਆ ਜਾ ਰਿਹਾ ਹੈ। ਪਿਛਲੇ ਚਾਰ ਦਿਨਾਂ ਦੀਆਂ ਉਦਾਹਰਣਾਂ ਹੇਠ ਲਿਖੀਆਂ ਹਨ :
* 8 ਅਕਤੂਬਰ ਨੂੰ ਮੁੰਬਈ ਦੀ ਹਾਈ ਸਕਿਓਰਿਟੀ ਆਰਥਰ ਰੋਡ ਜੇਲ ’ਚ ਤਾਇਨਾਤ ਇਕ ਕਾਂਸਟੇਬਲ ‘ਵਿਵੇਕ ਨਾਇਕ’ ਨੂੰ ਕੈਦੀਆਂ ਨੂੰ ਨਸ਼ਾ ਪਹੁੰਚਾਉਂਦੇ ਹੋਏ ਫੜਿਆ ਗਿਆ। ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ’ਚ ਉਸਦੀ ਤਲਾਸ਼ੀ ਲੈਣ ’ਤੇ ਉਸ ਦੇ ਅੰਡਰਵੀਅਰ ’ਚ ਇਕ ਪਲਾਸਟਿਕ ਦੀ ਥੈਲੀ ’ਚ ਲੁਕੋ ਕੇ ਰੱਖੇ ਹੋਏ 8 ਕੈਪਸੂਲ ਬਰਾਮਦ ਹੋਏ, ਜਿਨ੍ਹਾਂ ’ਚ 70 ਗ੍ਰਾਮ ਹਸ਼ੀਸ਼ ਸੀ।
*7 ਅਕਤੂਬਰ ਨੂੰ ਚੰਡੀਗੜ੍ਹ ਪੁਲਸ ਨੇ ਜ਼ਿਲਾ ਅਦਾਲਤ ’ਚ ਪੇਸ਼ੀ ਦੌਰਾਨ ਇਕ ਵਿਚਾਰ-ਅਧੀਨ ਕੈਦੀ ਨੂੰ 14 ਗ੍ਰਾਮ ਚਰਸ ਮੁਹੱਈਆ ਕਰਵਾਉਣ ਦੇ ਦੋਸ਼ ’ਚ ਸੀਨੀਅਰ ਕਾਂਸਟੇਬਲ ‘ਪ੍ਰਵੇਸ਼’ ਨੂੰ ਗ੍ਰਿਫਤਾਰ ਕੀਤਾ। ਉਸ ’ਤੇ ਇਕ ਹਜ਼ਾਰ ਰੁਪਏ ਰਿਸ਼ਵਤ ਦੀ ਰਕਮ ਆਪਣੇ ਬੈਂਕ ਖਾਤੇ ’ਚ ਟਰਾਂਸਫਰ ਕਰਵਾਉਣ ਦਾ ਵੀ ਦੋਸ਼ ਹੈ।
* 5 ਅਕਤੂਬਰ ਨੂੰ ਸਹਰਸਾ (ਬਿਹਾਰ) ਜੇਲ ’ਚ ‘ਰਾਜੇਸ਼ ਕੁਮਾਰ’ ਨਾਂ ਦੇ ਗਾਰਡ ਨੂੰ 2 ਮੋਬਾਇਲਾਂ, ਇਕ ਪੈਕਟ ਸਿਗਰਟ ਅਤੇ 200 ਗ੍ਰਾਮ ਨਸ਼ੀਲੀਆਂ ਗੋਲੀਆਂ ਆਦਿ ਪਾਬੰਦੀਸ਼ੁਦਾ ਸਾਮਾਨ ਨਾਲ ਫੜਿਆ ਪਰ ਮਾਫੀਨਾਮਾ ਲਿਖਣ ਪਿੱਛੋਂ ਉਹ ਫਰਾਰ ਹੋ ਗਿਆ, ਜਿਸ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
* 5 ਅਕਤੂਬਰ ਨੂੰ ਹੀ ਲੁਧਿਆਣਾ ਦੀ ਬ੍ਰੋਸਟਲ ਜੇਲ ’ਚ ਕੈਦੀਆਂ ਨੂੰ ਵਰਜਿਤ ਚੀਜ਼ਾਂ ਸਪਲਾਈ ਕਰ ਕੇ ਉਨ੍ਹਾਂ ਕੋਲੋਂ ਮੋਟੀ ਰਕਮ ਵਸੂਲ ਕਰਨ ਵਾਲੇ ਵਾਰਡਨ ਅਮਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ ਹੈ ਕਿ ਉਹ ਜੇਲ ’ਚ ਬੰਦ ਕੈਦੀਆਂ ਨਾਲ ਯੂ. ਪੀ. ਆਈ. ਰਾਹੀਂ ਆਪਣੇ ਖਾਤੇ ’ਚ ਪੈਸੇ ਪੁਆ ਕੇ ਉਨ੍ਹਾਂ ਨੂੰ ਇਹ ਚੀਜ਼ਾਂ ਮੁਹੱਈਆ ਕਰਵਾਉਂਦਾ ਸੀ।
ਉਕਤ ਮਾਮਲਿਆਂ ਤੋਂ ਸਪੱਸ਼ਟ ਹੈ ਕਿ ਜਿਨ੍ਹਾਂ ਲੋਕਾਂ ’ਤੇ ਜੇਲਾਂ ’ਚ ਨਾਜ਼ਾਇਜ਼ ਵਸਤੂਆਂ ਦੀ ਸਮੱਗਲਿੰਗ ਰੋਕਣ ਅਤੇ ਕਾਨੂੰਨ ਵਿਵਸਥਾ ਬਹਾਲ ਕਰਨ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ’ਚੋਂ ਹੀ ਕਈ ਲੋਕ ਜੇਲਾਂ ’ਚ ਬੰਦ ਕੈਦੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਕੇ ਜੇਲਾਂ ’ਚ ਅਨੁਸ਼ਾਸਨਹੀਣਤਾ ਨੂੰ ਬੜ੍ਹਾਵਾ ਦੇ ਰਹੇ ਹਨ।
ਇਸ ਲਈ ਅਜਿਹੇ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਰਕਸ਼ਕਾਂ ਨੂੰ ਹੀ ਭਕਸ਼ਕ ਬਣਨ ਤੋਂ ਰੋਕਿਆ ਜਾ ਸਕੇ ਅਤੇ ਜੇਲਾਂ ’ਚ ਅਨੁਸ਼ਾਸਨ ਬਹਾਲ ਹੋਵੇ।
-ਵਿਜੇ ਕੁਮਾਰ
ਯੂ.ਪੀ. : ਸਕੂਲਾਂ ’ਚ ਮੋਬਾਇਲ ਫੋਨਾਂ ’ਤੇ ਪਾਬੰਦੀ, ਇਹ ਦੇਸ਼ ਦੇ ਸਾਰੇ ਸਕੂਲਾਂ ’ਚ ਲਾਗੂ ਹੋਵੇ!
NEXT STORY