ਭਾਰਤ ’ਚ ਹਰ ਸਾਲ 5 ਲੱਖ ਲੋਕਾਂ ਦੀ ਮੌਤ ਦਿਲ, ਜਿਗਰ ਜਾਂ ਫਿਰ ਕਿਡਨੀ ਫੇਲ ਹੋ ਜਾਣ ਕਾਰਨ ਅੰਗਦਾਨੀਆਂ ਦੀ ਘਾਟ ਕਾਰਨ ਹੁੰਦੀ ਹੈ। ਕਈ ਵਾਰ ਕਿਸੇ ਹਾਦਸੇ ’ਚ ਵਿਅਕਤੀ ਦੇ ‘ਬ੍ਰੇਨ ਡੈੱਡ’ ਹੋ ਜਾਣ ’ਤੇ ਉਸ ਦਾ ਬਚਣਾ ਮੁਸ਼ਕਿਲ ਹੁੰਦਾ ਹੈ। ਤਦ ਅਜਿਹੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਨ ਕੀਤੇ ਗਏ ਉਨ੍ਹਾਂ ਦੇ ਅੰਗ ਕਿਸੇ ਦੂਜੇ ਮੌਤ ਕੰਢੇ ਪਏ ਰੋਗੀ ਦੀ ਜ਼ਿੰਦਗੀ ਬਚਾ ਸਕਦੇ ਹਨ।
ਹਾਦਸਿਆਂ ਦੇ ਸਿੱਟੇ ਵਜੋਂ ਹੋਣ ਵਾਲੀਆਂ ਮੌਤਾਂ ’ਚੋਂ ਵੱਡੀ ਗਿਣਤੀ ‘ਬ੍ਰੇਨ ਡੈੱਥ’ ਕਾਰਨ ਹੁੰਦੀਆਂ ਹਨ ਭਾਵ ਸਿਰ ’ਤੇ ਸੱਟ ਲੱਗਣ ਨਾਲ ਹੋਈ ਮੌਤ।
‘ਬ੍ਰੇਨ ਡੈੱਡ’ ਵਿਅਕਤੀ ਦਾ ਲਿਵਰ ਤਿੰਨ ਲੋਕਾਂ ਦੇ ਕੰਮ ਆ ਸਕਦਾ ਹੈ। ਦਾਨ ਕੀਤੀ ਗਈ ਚਮੜੀ ਪੰਜ ਸਾਲ ਤੱਕ ਸੁਰੱਖਿਅਤ ਰਹਿੰਦੀ ਹੈ ਅਤੇ ਤੇਜ਼ਾਬ ਹਮਲੇ, ਆਤਿਸ਼ਬਾਜ਼ੀ ਦੇ ਸ਼ਿਕਾਰ ਜਾਂ ਸੜੇ ਲੋਕਾਂ ਦੇ ਕੰਮ ਆ ਸਕਦੀ ਹੈ।
ਹਾਲਾਂਕਿ ਭਾਰਤ ’ਚ ਅੰਗਦਾਨ ਦਾ ਰੁਝਾਨ ਬਹੁਤ ਘੱਟ ਹੈ ਪਰ ਅਜਿਹੇ ਜਾਗਰੂਕ ਲੋਕ ਇੱਥੇ ਜ਼ਰੂਰ ਮੌਜੂਦ ਹਨ ਜੋ ਆਪਣੇ ਦੁੱਖ ’ਚ ਵੀ ਸਿਆਣਪ ਤੋਂ ਕੰਮ ਲੈਂਦੇ ਹੋਏ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੇ ਅੰਗਾਂ ਦਾ ਦਾਨ ਕਰ ਕੇ ਦੂਜਿਆਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਦੇ ਹਨ, ਜਿਨ੍ਹਾਂ ਦੀਆਂ ਚੰਦ ਤਾਜ਼ਾਂ ਉਦਾਹਰਣਾਂ ਹੇਠਾਂ ਦਰਜ ਹਨ :
* 4 ਮਾਰਚ, 2024 ਨੂੰ ਸਿਰਫ 26 ਸਾਲ ਦੀ ਉਮਰ ’ਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੇ ਹਰਿਆਣਾ ਦੇ ਵੱਲਭਗੜ੍ਹ ਜ਼ਿਲੇ ਦੇ ‘ਵਿਜੇ’ ਦੇ ‘ਬ੍ਰੇਨ ਡੈੱਡ’ ਹੋ ਜਾਣ ’ਤੇ ਦੁੱਖ ਦੀ ਘੜੀ ’ਚ ਵੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਅੰਗਦਾਨ ਕਰਨ ਦਾ ਫੈਸਲਾ ਲਿਆ ਅਤੇ ਉਨ੍ਹਾਂ ਦੇ ਦਿਲ, ਲਿਵਰ ਅਤੇ ਕਿਡਨੀ ਤਿੰਨ ਵੱਖ-ਵੱਖ ਲੋੜਵੰਦ ਰੋਗੀਆਂ ਦੇ ਸਰੀਰ ’ਚ ਟਰਾਂਸਪਲਾਂਟ ਕਰ ਕੇ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ।
* 15 ਮਾਰਚ ਨੂੰ ਦਿੱਲੀ ਦੇ ‘ਸਰ ਗੰਗਾ ਰਾਮ ਹਸਪਤਾਲ’ ’ਚ ਕਿਡਨੀ ਟਰਾਂਸਪਲਾਂਟ ਲਈ ਭਰਤੀ ਸ਼ਿਵਪੁਰੀ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ‘ਰਾਜੇਸ਼’ ਨੂੰ ਉਨ੍ਹਾਂ ਦੇ ਪਿਤਾ ਦੀ ਕਿਡਨੀ ਟਰਾਂਸਪਲਾਂਟ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਗੰਭੀਰ ਬ੍ਰੇਨ ਸਟ੍ਰੋਕ ਨਾਲ ‘ਰਾਜੇਸ਼’ ਦੀ ਮੌਤ ਹੋ ਗਈ ਪਰ ਇਸ ਦੁੱਖ ਦੀ ਘੜੀ ’ਚ ਵੀ ਉਨ੍ਹਾਂ ਦੇ ਪਿਤਾ ‘ਰਾਮ ਸਿੰਘ’ ਨੇ ‘ਰਾਜੇਸ਼’ ਦੇ ਅੰਗਾਂ ਨੂੰ ਦਾਨ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਦਿਲ ਅਤੇ ਲਿਵਰ ਦੀ ਤਕਲੀਫ ਨਾਲ ਜੂਝ ਰਹੇ 2 ਰੋਗੀਆਂ ਨੂੰ ਜੀਵਨਦਾਨ ਮਿਲਿਆ।
* 18 ਮਾਰਚ ਨੂੰ ਕੈਥਲ (ਹਰਿਆਣਾ) ਜ਼ਿਲੇ ਦੇ ਰਹਿਣ ਵਾਲੇ 20 ਸਾਲਾ ‘ਸਾਹਿਲ’ ਦੀ ਮੌਤ ਪਿੱਛੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਉਨ੍ਹਾਂ ਦੇ ਦਿਲ ਅਤੇ ਕਿਡਨੀ ਦੇ ਅੰਗਦਾਨ ਨਾਲ 2 ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਅਤੇ 2 ਕਾਰਨੀਆ ਦੇ ਟਰਾਂਸਪਲਾਂਟ ਨਾਲ 2 ਲੋਕਾਂ ਦੀਆਂ ਅੱਖਾਂ ਨੂੰ ਰੌਸ਼ਨੀ ਮਿਲੀ।
* 21 ਮਾਰਚ ਨੂੰ ਲੁਧਿਆਣਾ ਦੇ ‘ਅਕਾਈ ਹਸਪਤਾਲ’ ’ਚ ਦਾਖਲ ਕਿਡਨੀ ਰੋਗ ਤੋਂ ਪੀੜਤ ਇਕ ਔਰਤ ਨੂੰ ਇਕ ‘ਬ੍ਰੇਨ ਡੈੱਡ’ ਵਿਅਕਤੀ ਦੀ ਕਿਡਨੀ ਮਿਲਣ ਨਾਲ ਨਵੀਂ ਜ਼ਿੰਦਗੀ ਮਿਲੀ।
* 26 ਮਾਰਚ ਨੂੰ ਓਡਿਸ਼ਾ ਦੇ ਖੁਰਦਾ ਜ਼ਿਲੇ ’ਚ ਸੀ.ਆਰ.ਪੀ.ਐੱਫ. ਦੇ ਜਵਾਨ ‘ਕ੍ਰਿਸ਼ਨ ਚੰਦਰ ਮਹਾਬੋਈ’ ਦੇ ਦਿਹਾਂਤ ਪਿੱਛੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਅੰਗਦਾਨ ਕਰ ਕੇ ਦਿਲ ਕੋਲਕਾਤਾ ਦੇ ਇਕ ਰੋਗੀ ਨੂੰ ਅਤੇ ਲਿਵਰ ਮੁੰਬਈ ਦੇ ਇਕ ਹੋਰ ਰੋਗੀ ਨੂੰ ਦੇਣ ਦਾ ਫੈਸਲਾ ਕੀਤਾ।
* 9 ਅਪ੍ਰੈਲ ਨੂੰ ਮੂਲ ਧੰਧੂਕਾ (ਅਹਿਮਦਾਬਾਦ) ਦੇ ਰਹਿਣ ਵਾਲੇ 52 ਸਾਲਾ ‘ਰਾਜੂ ਭਾਈ ਪਰਮਾਰ’ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਾਨ ਕੀਤੀਆਂ ਗਈਆਂ 2 ਕਿਡਨੀਆਂ, ਲਿਵਰ ਅਤੇ 2 ਅੱਖਾਂ ਨੂੰ ਵੱਖ-ਵੱਖ ਹਸਪਤਾਲਾਂ ’ਚ ਦਾਖਲ ਮਰੀਜ਼ਾਂ ’ਚ ਟਰਾਂਸਪਲਾਂਟ ਕਰਨ ਲਈ ਭੇਜਿਆ ਗਿਆ, ਜਦ ਕਿ ਉਨ੍ਹਾਂ ਦੀ ਚਮੜੀ ਸਿਵਲ ਹਸਪਤਾਲ ਦੇ ਸਕਿਨ ਬੈਂਕ ’ਚ ਦਾਨ ਕੀਤੀ ਗਈ।
* 22 ਅਪ੍ਰੈਲ ਨੂੰ ਪੀ.ਜੀ.ਆਈ. ਐੱਮ.ਐੱਸ. ਰੋਹਤਕ ’ਚ ਬ੍ਰੇਨ ਡੈੱਡ ਹੋ ਚੁੱਕੀ ਇਕ ਔਰਤ ਦੇ ਪਤੀ, ਬੇਟੇ ਅਤੇ ਬੇਟੀ ਨੇ ਆਪਣੀ ਮਾਂ ਦੀਆਂ ਯਾਦਾਂ ਨੂੰ ਜਿਊਂਦੇ ਰੱਖਣ ਦਾ ਫੈਸਲਾ ਕਰਦਿਆਂ ਉਨ੍ਹਾਂ ਦੀ ਕਿਡਨੀ, ਲਿਵਰ, ਫੇਫੜੇ ਅਤੇ ਅੱਖਾਂ ਦਾਨ ਕਰ ਦਿੱਤੀਆਂ, ਜਿਸ ਨਾਲ 4 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ।
* 27 ਅਪ੍ਰੈਲ ਨੂੰ ਚੇਨਈ ਦੇ ‘ਐੱਮ. ਜੀ. ਐੱਮ. ਹੈਲਥ ਕੇਅਰ ਹਸਪਤਾਲ’ ’ਚ ਇਲਾਜ ਅਧੀਨ ਇਕ ਪਾਕਿਸਤਾਨੀ ਦਿਲ ਦੀ ਮਰੀਜ਼ ਲੜਕੀ ਦੇ ਸਰੀਰ ’ਚ ਇਕ 69 ਸਾਲਾ ਬ੍ਰੇਨ ਡੈੱਡ ਔਰਤ ਦਾ ਦਿਲ ਟਰਾਂਸਪਲਾਂਟ ਕਰਨ ਪਿੱਛੋਂ ਉਹ ਖੁਸ਼ੀ-ਖੁਸ਼ੀ ਆਪਣੇ ਦੇਸ਼ ਪਰਤੀ।
ਵਰਨਣਯੋਗ ਹੈ ਕਿ ਕੁਝ ਸਾਲ ਪਹਿਲਾਂ ਤਕ ਲੋਕ ਖੂਨ ਦਾਨ ਕਰਨ ਤੋਂ ਵੀ ਉਸੇ ਤਰ੍ਹਾਂ ਘਬਰਾਇਆ ਕਰਦੇ ਸਨ, ਜਿਵੇਂ ਅੱਜ ਅੰਗਦਾਨ ਕਰਨ ਤੋਂ ਘਬਰਾਉਂਦੇ ਹਨ। ਹਾਲਾਂਕਿ ਖੂਨ ਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਅਤੇ ਕੱਢੇ ਗਏ ਖੂਨ ਦੀ ਕਮੀ ਵੀ ਛੇਤੀ ਹੀ ਪੂਰੀ ਹੋ ਜਾਂਦੀ ਹੈ।
ਮ੍ਰਿਤਕ ਸਰੀਰ ਨੂੰ ਜਲਾਉਣ ਨਾਲ ਉਹ ਅੰਗ ਵੀ ਨਸ਼ਟ ਹੋ ਜਾਂਦੇ ਹਨ, ਜਿਨ੍ਹਾਂ ’ਚ ਜਾਨ ਹੋਣ ਕਾਰਨ ਉਨ੍ਹਾਂ ਨਾਲ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਇਸ ਲਈ ਭਾਰਤੀਆਂ ਨੂੰ ਬ੍ਰੇਨ ਡੈੱਡ ਵਿਅਕਤੀ ਦੇ ਅੰਗਾਂ ਦਾ ਦਾਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਅੰਗਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ।
ਇਸ ਲਈ ਲੋਕਾਂ ਨੂੰ ਆਪਣੀ ਵਿਚਾਰਧਾਰਾ ਵਿਚ ਬਦਲਾਅ ਲਿਆ ਕੇ ਆਪਣੇ ਸਕੇ-ਸੰਬੰਧੀਆਂ ਅਤੇ ਮਿੱਤਰਾਂ-ਜਾਣੂੰਆਂ ਨੂੰ ਅੰਗਦਾਨ ਦੀ ਪ੍ਰਥਾ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ
ਸਾਬਕਾ ਪ੍ਰਧਾਨ ਮੰਤਰੀ ਦੇਵੇਗੌੜਾ ਦੇ ਬੇਟੇ ਅਤੇ ਪੋਤਰੇ ’ਤੇ ਸੈਕਸ ਸ਼ੋਸ਼ਣ ਦੇ ਦੋਸ਼
NEXT STORY