ਇਨ੍ਹੀਂ ਦਿਨੀਂ ਕਰਨਾਟਕ ’ਚ ਸਾਹਮਣੇ ਆਏ ਇਕ ਹਾਈ ਪ੍ਰੋਫਾਈਲ ਸੈਕਸ ਸਕੈਂਡਲ ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ। ਭਾਜਪਾ ਦੀ ਗੱਠਜੋੜ ਸਹਿਯੋਗੀ ਜਦ (ਐੱਸ.) ਦੇ ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵੇਗੌੜਾ ਦੇ ਵਿਧਾਇਕ ਬੇਟੇ ਐੱਚ.ਡੀ. ਰੇਵੰਨਾ (67) ਅਤੇ ਸੰਸਦ ਮੈਂਬਰ ਪੋਤਰੇ ਪ੍ਰਜਵਲ ਰੇਵੰਨਾ (33) ਵਿਰੁੱਧ ਉਨ੍ਹਾਂ ਦੀ 47 ਸਾਲਾ ਘਰੇਲੂ ਸਹਾਇਕਾ, ਜੋ ਐੱਚ.ਡੀ. ਰੇਵੰਨਾ ਦੀ ਪਤਨੀ ‘ਭਵਾਨੀ’ ਦੀ ਰਿਸ਼ਤੇਦਾਰ ਵੀ ਹੈ, ਨੇ ਸੈਕਸ ਸ਼ੋਸ਼ਣ ਅਤੇ ਬਲੈਕਮੇਲ ਕਰਨ ਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ ਹੈ।
ਇਸ ’ਚ ਕਿਹਾ ਗਿਆ ਹੈ ਕਿ ਜਦ ਵੀ ਐੱਚ.ਡੀ. ਰੇਵੰਨਾ ਦੀ ਪਤਨੀ ਘਰ ਨਹੀਂ ਹੁੰਦੀ ਸੀ ਤਾਂ ਉਹ ਉਸ ਨੂੰ ਕਮਰੇ ’ਚ ਬੁਲਾ ਕੇ ਫਲ ਦੇਣ ਦੇ ਬਹਾਨੇ ਇੱਧਰ-ਉੱਧਰ ਸਰੀਰ ਨੂੰ ਛੂੰਹਦਾ ਸੀ ਅਤੇ ਬਾਅਦ ’ਚ ਉਸ ਦੀ ਸਾੜ੍ਹੀ ਦੇ ਪਿੰਨ ਕੱਢ ਕੇ ਉਸ ਦਾ ਸੈਕਸ ਸ਼ੋਸ਼ਣ ਕਰਦਾ ਸੀ।
ਐੱਫ.ਆਈ.ਆਰ. ਦੇ ਅਨੁਸਾਰ ਔਰਤਾਂ ਜਦ ਕਿਚਨ ’ਚ ਕੰਮ ਕਰ ਰਹੀਆਂ ਹੁੰਦੀਆਂ ਤਾਂ ਪ੍ਰਜਵਲ ਆ ਕੇ ਉਨ੍ਹਾਂ ਨੂੰ ਪਿੱਛਿਓਂ ਗਲ ਨੂੰ ਲਾ ਲੈਂਦਾ ਅਤੇ ਉਨ੍ਹਾਂ ਦੇ ਢਿੱਡ ’ਤੇ ਮੁੱਕਾ ਮਾਰਦਾ ਸੀ। ਸਹਾਇਕਾ ਨੇ ਦੱਸਿਆ, ‘‘ਪ੍ਰਜਵਲ ਦਾ ਇੰਨਾ ਡਰ ਸੀ ਕਿ ਉਸ ਦੇ ਆਉਂਦਿਆਂ ਹੀ ਅਸੀਂ ਸਟੋਰ ’ਚ ਲੁਕ ਜਾਂਦੀਆਂ ਸੀ।’’ ਔਰਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪ੍ਰਜਵਲ ਉਸ ਦੀ ਬੇਟੀ ਨੂੰ ਵੀਡੀਓ ਕਾਲ ਕਰਦਾ ਅਤੇ ਉਸ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕਰਦਾ ਸੀ ਜਿਸ ਪਿੱਛੋਂ ਉਸ ਦੀ ਬੇਟੀ ਨੇ ਪ੍ਰਜਵਲ ਦਾ ਨੰਬਰ ਬਲਾਕ ਕਰ ਦਿੱਤਾ ਸੀ।
ਇਸ ਦਰਮਿਆਨ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਜਵਲ ਦੇ 200 ਤੋਂ ਵੱਧ ਵੀਡੀਓ ਵਾਇਰਲ ਹੋਏ ਹਨ। ਇਨ੍ਹਾਂ ’ਚ ਪ੍ਰਜਵਲ ਵੀਡੀਓ ਸ਼ੂਟ ਕਰਦਾ ਅਤੇ ਔਰਤਾਂ ਖੁਦ ਨੂੰ ਛੱਡਣ ਲਈ ਉਸ ਨੂੰ ਬੇਨਤੀ ਕਰਦੀਆਂ ਦਿਖਾਈ ਦੇ ਰਹੀਆਂ ਹਨ। ਇਕ ਵੀਡੀਓ ’ਚ 63 ਸਾਲਾ ਇਕ ਔਰਤ ਪ੍ਰਜਵਲ ਦੀਆਂ ਮਿੰਨਤਾਂ ਕਰਦੀ ਕਹਿ ਰਹੀ ਹੈ, ‘‘ਮੇਰੇ ਨਾਲ ਅਜਿਹਾ ਨਾ ਕਰੋ ਅਤੇ ਮਿਹਰਬਾਨੀ ਕਰ ਕੇ ਇਸ ਨੂੰ ਰਿਕਾਰਡ ਨਾ ਕਰੋ।’’
‘ਕਰਨਾਟਕ ਮਹਿਲਾ ਕਮਿਸ਼ਨ’ ਦੀ ਚੇਅਰਪਰਸਨ ‘ਨਾਗ ਲਕਸ਼ਮੀ ਚੌਧਰੀ’ ਨੇ ਇਸ ਨੂੰ ਸੂਬੇ ਦਾ ਸਭ ਤੋਂ ਵੱਡਾ ਸੈਕਸ ਸਕੈਂਡਲ ਦੱਸਿਆ ਅਤੇ ਕਿਹਾ, ‘‘ਇਹ ਵੀਡੀਓ ਇੰਨੇ ਇਤਰਾਜ਼ਯੋਗ ਹਨ ਕਿ ਨਾ ਮੈਂ ਇਨ੍ਹਾਂ ਨੂੰ ਦੇਖ ਸਕੀ ਅਤੇ ਨਾ ਇਨ੍ਹਾਂ ਬਾਰੇ ਦੱਸ ਸਕਦੀ ਹਾਂ।’’
ਪ੍ਰਜਵਲ ਦੇ ਚਾਚਾ, ਪਾਰਟੀ ਦੀ ਸੂਬਾਈ ਇਕਾਈ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਕਿਹਾ ਹੈ ਕਿ, ‘‘ਜੇ ਕਿਸੇ ਵੀ ਗਲਤ ਕੰਮ ’ਚ ਕੋਈ ਸ਼ਾਮਲ ਹੈ ਤਾਂ ਉਸ ਨੂੰ ਕਾਨੂੰਨ ਤਹਿਤ ਸਜ਼ਾ ਮਿਲੇਗੀ।’’
ਦੱਸਿਆ ਜਾਂਦਾ ਹੈ ਕਿ ਭਾਜਪਾ ਦੇ ਸੀਨੀਅਰ ਲੋਕਾਂ ਨੇ ਵੀਡੀਓ ਦਾ ਹਵਾਲਾ ਦਿੰਦੇ ਹੋਏ ਐੱਚ.ਡੀ. ਦੇਵੇਗੌੜਾ ਨੂੰ ਕਿਹਾ ਸੀ ਕਿ ਉਹ ਪ੍ਰਜਵਲ ਨੂੰ ਟਿਕਟ ਨਾ ਦੇਣ, ਪਰ ਐੱਚ.ਡੀ. ਦੇਵੇਗੌੜਾ ਨੇ ਭਾਜਪਾ ਨੂੰ ਪ੍ਰਜਵਲ ਦੀ ਜਿੱਤ ਦਾ ਭਰੋਸਾ ਦਿਵਾਇਆ ਸੀ। ਪ੍ਰਜਵਲ ਦੇ ਪਿਤਾ ਐੱਚ.ਡੀ. ਰੇਵੰਨਾ ਨੇ ਕਿਹਾ, ‘‘ਇਹ ਵੀਡੀਓ 4-5 ਸਾਲ ਪੁਰਾਣੇ ਹਨ।’’
26 ਅਪ੍ਰੈਲ ਨੂੰ ਹਾਸਨ ਲੋਕ ਸਭਾ ਸੀਟ ’ਤੇ ਵੋਟਿੰਗ ਪਿੱਛੋਂ, ਜਿਥੋਂ ਜਦ (ਐੱਸ.) ਨੇ ਪ੍ਰਜਵਲ ਨੂੰ ਦੁਬਾਰਾ ਉਮੀਦਵਾਰ ਬਣਾਇਆ ਹੈ, ਉਹ ਜਰਮਨੀ ਚਲਾ ਗਿਆ ਅਤੇ ਵਿਦੇਸ਼ ਜਾਂਦੇ-ਜਾਂਦੇ ਉਸ ਨੇ ਇਨ੍ਹਾਂ ਵੀਡੀਓਜ਼ ਨੂੰ ‘ਫੇਕ’ ਦੱਸਿਆ ਹੈ।
ਦੂਸਰੇ ਪਾਸੇ ਕਾਂਗਰਸ ਆਗੂ ਅਤੇ ਸੂਬਾ ਸਰਕਾਰ ’ਚ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਹੈ ਕਿ ‘‘ਭਾਜਪਾ-ਜਦ (ਐੱਸ.) ਨੂੰ ਪ੍ਰਜਵਲ ਬਾਰੇ ਪਤਾ ਸੀ। ਹਜ਼ਾਰਾਂ ਪੀੜਤ ਹਨ, ਜਿਨ੍ਹਾਂ ਨਾਲ ਪ੍ਰਜਵਲ ਨੇ ਦੁਰਵਿਵਹਾਰ ਕੀਤਾ। ਭਾਜਪਾ ਦੇ ਕਈ ਆਗੂਆਂ ਨੂੰ ਰੇਵੰਨਾ ਵਲੋਂ ਸੈਕਸ ਸ਼ੋਸ਼ਣ ਦੇ ਮਾਮਲੇ ’ਚ ਪੱਤਰ ਮਿਲੇ ਸਨ। ਇਸ ਦੇ ਬਾਵਜੂਦ ਉਸ ਨੂੰ ਲੋਕ ਸਭਾ ਸੀਟ ਦਾ ਟਿਕਟ ਦਿੱਤਾ ਗਿਆ।’’
ਇਸ ਤੋਂ ਪਹਿਲਾਂ ਭਾਜਪਾ ਆਗੂ ‘ਦੇਵਰਾਜੇ ਗੌੜਾ’ ਦਾ 8 ਦਸੰਬਰ, 2023 ਨੂੰ ਸੂਬਾ ਭਾਜਪਾ ਪ੍ਰਧਾਨ ਵਿਜੇਂਦਰ ਨੂੰ ਲਿਖਿਆ ਪੱਤਰ ਸਾਹਮਣੇ ਆਇਆ ਸੀ, ਜਿਸ ’ਚ ਉਨ੍ਹਾਂ ਨੇ ਆਪਣੇ ਕੋਲ ਇਕ ਪੈਨ ਡਰਾਈਵ ਹੋਣ ਦਾ ਦਾਅਵਾ ਕਰਦਿਆਂ ਕਿਹਾ ਸੀ ਕਿ ਉਸ ’ਚ ਪ੍ਰਜਵਲ ਵਲੋਂ ਔਰਤਾਂ ਦੇ ਸੈਕਸ ਸ਼ੋਸ਼ਣ ਦੇ 2976 ਵੀਡੀਓ ਹਨ ਜਿਨ੍ਹਾਂ ’ਚੋਂ ਕੁਝ ਔਰਤਾਂ ਸਰਕਾਰੀ ਅਧਿਕਾਰੀ ਵੀ ਹਨ।
ਇਸ ਦਰਮਿਆਨ ਜਦ (ਐੱਸ.) ਨੇ ਇਸ ਮਾਮਲੇ ਦੀ ਜਾਂਚ ਲਈ ਗਠਿਤ ਐੱਸ.ਆਈ.ਟੀ. ਦੀ ਰਿਪੋਰਟ ਆਉਣ ਤੱਕ ਪ੍ਰਜਵਲ ਰੇਵੰਨਾ ਨੂੰ ਪਾਰਟੀ ’ਚੋਂ ਮੁਅੱਤਲ ਕਰ ਦਿੱਤਾ ਹੈ ਅਤੇ ਅਸਲੀਅਤ ਕੀ ਹੈ ਇਹ ਜਾਂਚ ਰਿਪੋਰਟ ਆਉਣ ਪਿੱਛੋਂ ਹੀ ਸਾਫ ਹੋਵੇਗਾ।
ਸਿਆਸਤ ’ਚ ਆਗੂਆਂ ਦੇ ਦਾਗੀ ਹੋਣ ਦੀ ਗੱਲ ਨਵੀਂ ਨਹੀਂ ਹੈ। ਅਪਰਾਧਿਕ ਪਿਛੋਕੜ ਵਾਲੇ ਆਗੂ ਹਮੇਸ਼ਾ ਮੌਜੂਦ ਰਹੇ ਹਨ। ਲੋਕ ਸਭਾ ਦੇ ਤੀਜੇ ਪੜਾਅ ਲਈ ਹੋਣ ਵਾਲੀ ਵੋਟਿੰਗ ’ਚ ਵੀ ਚੋਣ ਲੜ ਰਹੇ 1352 ਉਮੀਦਵਾਰਾਂ ’ਚੋਂ 244 ਅਪਰਾਧਿਕ ਪਿਛੋਕੜ ਵਾਲੇ ਹਨ।
ਇਹ ਸਿਆਸਤ ਹੈ ਅਤੇ ਇਸ ’ਚ ਕੁਝ ਵੀ ਹੋ ਸਕਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਮਾਮਲੇ ਦੀ ਜਾਂਚ ਰਿਪੋਰਟ ’ਚ ਕੀ ਨਿਕਲਦਾ ਹੈ ਅਤੇ ਜਦ (ਐੱਸ.) ਦੀ ਲੀਡਰਸ਼ਿਪ ਇਸ ਸਬੰਧ ’ਚ ਕੀ ਕਾਰਵਾਈ ਕਰਦੀ ਹੈ।
-ਵਿਜੇ ਕੁਮਾਰ
ਪਿੰਡ ਛੱਡਣ ਦੀ ਗੱਲ ਨੂੰ ਲੈ ਕੇ ਗੁੱਸੇ ਹੋਇਆ ਪਤੀ, ਸੁੱਤੀ ਪਈ ਪਤਨੀ ਦੇ ਸਿਰ 'ਚ ਕਹੀ ਮਾਰ ਕੇ ਦਿੱਤੀ ਦਰਦਨਾਕ ਮੌਤ
NEXT STORY