ਅੱਜ ਮੈਨੂੰ ਉਸ ਕਾਲੇ ਦੌਰ ਦੀ ਯਾਦ ਆ ਰਹੀ ਹੈ, ਜਦੋਂ 25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਦੇਸ਼ 'ਚ ਐਮਰਜੈਂਸੀ ਲਾਗੂ ਕੀਤੀ ਸੀ। ਉਸ ਦਿਨ ਮੈਂ ਲਾਲਾ ਜੀ ਦੇ ਨਾਲ ਸੀ, ਜਦੋਂ ਸਾਨੂੰ ਅੰਬਾਲਾ ਨੇੜੇ ਦੇਸ਼ 'ਚ ਐਮਰਜੈਂਸੀ ਲਾਏ ਜਾਣ ਦੀ ਖਬਰ ਮਿਲੀ। ਅਸੀਂ ਤੁਰੰਤ ਜਲੰਧਰ ਪਰਤ ਆਏ ਅਤੇ ਇਸ ਤੋਂ ਅਗਲੇ ਦਿਨ ਲਾਲਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਉਨ੍ਹਾਂ ਨੂੰ ਪਹਿਲਾਂ ਜਲੰਧਰ ਜੇਲ 'ਚ ਲਿਜਾਇਆ ਗਿਆ। ਉਥੇ ਲਾਲਾ ਜੀ ਦਾ ਪੇਟ ਖਰਾਬ ਹੋਣ ਦੀ ਜਾਣਕਾਰੀ ਮਿਲਣ 'ਤੇ ਜੇਲ ਸੁਪਰਡੈਂਟ ਨੇ ਉਨ੍ਹਾਂ ਪ੍ਰਤੀ ਆਦਰ ਦੀ ਭਾਵਨਾ ਨਾਲ ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖਿਆ। ਬਾਅਦ ਵਿਚ ਜਦੋਂ ਮੈਂ ਅਤੇ ਰਮੇਸ਼ ਜੀ ਉਨ੍ਹਾਂ ਨੂੰ ਜੇਲ 'ਚ ਮਿਲਣ ਗਏ ਤਾਂ ਅਸੀਂ ਆਪਣੇ ਨਾਲ ਐਮਰਜੈਂਸੀ ਦੇ ਵਿਰੁੱਧ ਪਰਚੇ, ਪੈਂਫਲੇਟ ਆਦਿ ਲੈ ਗਏ, ਜੋ ਲਾਲਾ ਜੀ ਨੇ ਬਾਅਦ 'ਚ ਸਿਆਸੀ ਕੈਦੀਆਂ ਨੂੰ ਵੰਡ ਦਿੱਤੇ, ਜਿਨ੍ਹਾਂ ਨੂੰ ਪੜ੍ਹ ਕੇ ਉਨ੍ਹਾਂ ਦਾ ਸਮਾਂ ਚੰਗਾ ਬੀਤ ਜਾਂਦਾ।
ਇਸੇ ਕਾਰਨ ਸੀ. ਆਈ. ਡੀ. ਵਲੋਂ ਜੇਲ 'ਚ ਲਾਲਾ ਜੀ ਨਾਲ ਉਥੋਂ ਦੇ ਸਟਾਫ ਵਲੋਂ ਚੰਗਾ ਸਲੂਕ ਕਰਨ ਅਤੇ ਐਮਰਜੈਂਸੀ ਸੰਬੰਧੀ ਲਿਟਰੇਚਰ ਪਹੁੰਚਣ ਦੀ ਰਿਪੋਰਟ 'ਤੇ ਉਨ੍ਹਾਂ ਨੂੰ ਉਥੋਂ ਟਰਾਂਸਫਰ ਕਰ ਕੇ ਫਿਰੋਜ਼ਪੁਰ ਜੇਲ ਭੇਜ ਦਿੱਤਾ। ਉਥੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਵੈਮ ਸੇਵਕਾਂ ਅਤੇ ਜਨਤਾ ਪਾਰਟੀ ਦੇ ਨੇਤਾਵਾਂ ਤੋਂ ਇਲਾਵਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਮੇਤ ਵੱਡੀ ਗਿਣਤੀ 'ਚ ਅਕਾਲੀ ਆਗੂ ਵੀ ਕੈਦ ਸਨ।
ਉਥੇ ਵੀ ਜੇਲ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਸਹਿਯੋਗ ਨਾਲ ਅਖਬਾਰਾਂ, ਰਸਾਲੇ ਅਤੇ ਗੁਪਤ ਸਾਹਿਤ ਪਹੁੰਚਾਉਣ ਦਾ ਪ੍ਰਬੰਧ ਹੋ ਗਿਆ ਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਜੋ ਲਿਟਰੇਚਰ ਦੇ ਕੇ ਆਉਂਦੇ, ਉਸ ਨੂੰ ਉਹ ਉਥੇ ਸਿਆਸੀ ਕੈਦੀਆਂ 'ਚ ਵੰਡ ਦਿੰਦੇ ਸਨ।
ਉਨ੍ਹੀਂ ਦਿਨੀਂ ਉਥੋਂ ਦੇ ਜੇਲ ਸੁਪਰਡੈਂਟ ਦੇ ਪਿਤਾ ਨੇ ਆਪਣੇ ਸਪੁੱਤਰ ਨੂੰ ਚਿੱਠੀ ਲਿਖੀ ਸੀ ਕਿ ''ਲਾਲਾ ਜੀ ਤੇਰੀ ਜੇਲ ਵਿਚ ਹਨ ਤਾਂ ਸਮਝ ਤੇਰੇ ਪਿਤਾ ਹੀ ਜੇਲ 'ਚ ਹਨ, ਇਸ ਲਈ ਉਨ੍ਹਾਂ ਦੀ ਸੇਵਾ 'ਚ ਕੋਈ ਕਮੀ ਨਾ ਰਹਿਣ ਦੇਣਾ।''
ਜਿਨ੍ਹੀਂ ਦਿਨੀਂ ਲਾਲਾ ਜੀ ਫਿਰੋਜ਼ਪੁਰ ਜੇਲ 'ਚ ਸਨ, ਕੈਦੀਆਂ ਦਰਮਿਆਨ ਪੈਰੋਲ 'ਤੇ ਜਾਣ ਦੀ ਅਰਜ਼ੀ ਦੇਣ ਦੀ ਚਰਚਾ ਹੋਣ ਲੱਗੀ ਤਾਂ ਲਾਲਾ ਜੀ ਨੇ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਬਾਹਰ ਜਾਂਦਿਆਂ ਹੀ ਪੁਲਸ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਵੇਗੀ। ਅਕਾਲੀ ਤਾਂ ਮੰਨ ਗਏ ਪਰ ਜਨਤਾ ਪਾਰਟੀ ਦੇ ਕੁਝ ਮੈਂਬਰ ਨਹੀਂ ਮੰਨੇ ਅਤੇ ਬਾਹਰ ਆਉਣ 'ਤੇ ਉਹ ਅਜੇ ਆਪਣੇ ਘਰ ਵੀ ਨਹੀਂ ਪਹੁੰਚੇ ਸਨ ਕਿ ਉਨ੍ਹਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ।
ਫਿਰੋਜ਼ਪੁਰ ਜੇਲ 'ਚ ਲਾਲਾ ਜੀ ਵਲੋਂ ਐਮਰਜੈਂਸੀ ਵਿਰੁੱਧ ਲਿਟਰੇਚਰ ਵੰਡਣ ਦੀ ਸ਼ਿਕਾਇਤ 'ਤੇ ਉਨ੍ਹਾਂ ਨੂੰ ਨਾਭਾ ਜੇਲ ਭੇਜ ਦਿੱਤਾ ਗਿਆ ਅਤੇ ਨਾਭਾ ਜਾਣ 'ਤੇ ਉਥੋਂ ਦੇ ਜੇਲਰ ਨੇ ਵੀ ਉਨ੍ਹਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਅਤੇ ਹਮੇਸ਼ਾ ਉਨ੍ਹਾਂ ਨਾਲ ਸਹਿਯੋਗ ਕੀਤਾ।
ਕੁਝ ਹੀ ਦਿਨਾਂ ਬਾਅਦ ਲਾਲਾ ਜੀ ਨੂੰ ਪਟਿਆਲਾ ਜੇਲ ਭੇਜ ਦਿੱਤਾ ਗਿਆ। ਉਥੇ ਪਹੁੰਚਣ ਤੋਂ ਕੁਝ ਦਿਨਾਂ ਬਾਅਦ ਹੀ ਸਾਬਕਾ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਜੀ ਵੀ ਉਥੇ ਆ ਗਏ। ਉਨ੍ਹਾਂ ਦੇ ਕਾਲ ਕਠੋੜੀ 'ਚ ਹੋਣ ਦੇ ਬਾਵਜੂਦ ਲਾਲਾ ਜੀ ਨੂੰ ਇਸ ਦਾ ਪਤਾ ਲੱਗ ਗਿਆ ਤੇ ਲਾਲਾ ਜੀ ਨੇ ਉਨ੍ਹਾਂ ਨੂੰ ਐਮਰਜੈਂਸੀ ਰਸਾਲੇ ਤੇ ਪੈਂਫਲੇਟ ਆਦਿ ਭੇਜਣੇ ਸ਼ੁਰੂ ਕਰ ਦਿੱਤੇ।
ਬਾਅਦ 'ਚ ਜਦੋਂ ਚੰਦਰ ਸ਼ੇਖਰ ਜੀ ਲਾਲਾ ਜੀ ਦੀ ਹੱਤਿਆ ਤੋਂ ਬਾਅਦ ਇਕ ਯਾਦਗਾਰੀ ਸਮਾਗਮ 'ਚ ਜਲੰਧਰ ਆਏ ਤਾਂ ਉਨ੍ਹਾਂ ਨੇ ਕਿਹਾ ਸੀ ਕਿ ''ਜਦੋਂ ਜੇਲ 'ਚ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਤਾਂ ਲਾਲਾ ਜੀ ਨੇ ਮੈਨੂੰ ਅਖਬਾਰਾਂ-ਰਸਾਲੇ ਪੜ੍ਹਨ ਲਈ ਭੇਜੇ।''
ਜਦੋਂ ਲਾਲਾ ਜੀ ਨੂੰ ਲੱਗਾ ਕਿ ਉਨ੍ਹਾਂ ਨੂੰ ਇਸੇ ਤਰ੍ਹਾਂ ਇਕ ਤੋਂ ਦੂਜੀ ਜੇਲ 'ਚ ਬਦਲਿਆ ਜਾਂਦਾ ਰਹੇਗਾ ਤਾਂ ਉਨ੍ਹਾਂ ਨੇ ਉਥੇ ਹੀ ਆਪਣੀਆਂ ਅੱਖਾਂ, ਗਦੂਦਾਂ ਅਤੇ ਹੱਥ ਦਾ ਆਪ੍ਰੇਸ਼ਨ ਵੀ ਰਾਜਿੰਦਰਾ ਹਸਪਤਾਲ 'ਚ ਡਾ. ਸਾਰੋਵਾਲ ਦੀ ਦੇਖ-ਰੇਖ ਹੇਠ ਕਰਵਾਇਆ।
ਉਨ੍ਹੀਂ ਦਿਨੀਂ ਹੀ ਲੋਕ ਸਭਾ ਸਪੀਕਰ ਸ਼੍ਰੀ ਗੁਰਦਿਆਲ ਸਿੰਘ ਢਿੱਲੋਂ 'ਪੰਜਾਬ ਕੇਸਰੀ' ਦੇ ਦਫਤਰ 'ਚ ਆਏ ਅਤੇ ਉਨ੍ਹਾਂ ਨੇ ਮੇਰੇ ਤੋਂ ਲਾਲਾ ਜੀ ਦਾ ਹਾਲ-ਚਾਲ ਪੁੱਛਿਆ। ਉਦੋਂ ਰਮੇਸ਼ ਜੀ ਸਰਕਾਰ ਵਲੋਂ ਸਾਡੇ 'ਤੇ ਕੀਤੇ ਗਏ ਮੁਕੱਦਮਿਆਂ ਦੇ ਸਿਲਸਿਲੇ 'ਚ ਚੰਡੀਗੜ੍ਹ ਗਏ ਹੋਏ ਸਨ।
ਮੈਂ ਢਿੱਲੋਂ ਸਾਹਿਬ ਨੂੰ ਕਿਹਾ, ''ਐਮਰਜੈਂਸੀ ਲੱਗੀ ਹੋਈ ਹੈ। ਅਜਿਹੀ ਸਥਿਤੀ 'ਚ ਤੁਸੀਂ 'ਪੰਜਾਬ ਕੇਸਰੀ' ਦਫਤਰ ਆਉਣ ਦਾ ਜੋਖਿਮ ਕਿਉਂ ਉਠਾਇਆ?'' ਇਸ 'ਤੇ ਉਹ ਤੁਰੰਤ ਬੋਲੇ, ''ਸਰਕਾਰ ਮੇਰਾ ਕੀ ਵਿਗਾੜ ਲਵੇਗੀ? ਲਾਲਾ ਜੀ ਮੇਰੇ ਮਿੱਤਰ ਹਨ ਅਤੇ ਉਹ ਕਿਉਂਕਿ ਬੀਮਾਰ ਹਨ, ਇਸ ਲਈ ਉਨ੍ਹਾਂ ਕੋਲ ਪਰਿਵਾਰ ਦੇ ਮੈਂਬਰਾਂ ਦਾ ਰਹਿਣਾ ਜ਼ਰੂਰੀ ਹੈ। ਮੈਂ ਅੰਮ੍ਰਿਤਸਰ ਜਾ ਕੇ ਜ਼ੈਲ ਸਿੰਘ ਨੂੰ ਫੋਨ ਕਰਦਾ ਹਾਂ।''
ਉਨ੍ਹਾਂ ਨੇ ਉਸੇ ਦਿਨ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਲਾਲਾ ਜੀ ਦੀ ਦੇਖਭਾਲ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਸਾਡੇ ਪਰਿਵਾਰ ਦੇ ਇਕ ਮਰਦ ਤੇ ਇਕ ਔਰਤ ਨੂੰ ਰਹਿਣ ਦੀ ਮਨਜ਼ੂਰੀ ਦੇਣ ਵਾਸਤੇ ਕਹਿ ਦਿੱਤਾ। ਇਸ ਤੋਂ ਬਾਅਦ ਮੇਰੇ ਭਾਬੀ ਜੀ ਤੇ ਮੇਰੀ ਪਤਨੀ ਵਾਰੀ-ਵਾਰੀ ਹਸਪਤਾਲ 'ਚ ਰਹਿਣ ਲੱਗੀਆਂ।
ਮੈਂ ਵੀ ਰੋਜ਼ ਸ਼ਾਮ ਨੂੰ ਸਾਢੇ 5 ਵਜੇ ਜਲੰਧਰ ਤੋਂ ਪਟਿਆਲਾ ਜਾਂਦਾ ਅਤੇ ਰਾਤ ਦਾ ਖਾਣਾ ਲਾਲਾ ਜੀ ਨਾਲ ਹੀ ਖਾਂਦਾ। ਰਾਤ ਨੂੰ ਉਥੇ ਉਨ੍ਹਾਂ ਨਾਲ ਰਹਿ ਕੇ ਅਗਲੇ ਦਿਨ ਸਵੇਰੇ 10 ਵਜੇ ਜਲੰਧਰ ਪਹੁੰਚ ਜਾਂਦਾ।
ਸ਼੍ਰੀ ਢਿੱਲੋਂ ਦੇ ਕਹਿਣ 'ਤੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਹਸਪਤਾਲ ਆ ਕੇ ਲਾਲਾ ਜੀ ਨੂੰ ਮਿਲਣ ਦੀ ਯੋਜਨਾ ਬਣਾਈ। ਪਟਿਆਲਾ ਦੇ ਡਿਪਟੀ ਕਮਿਸ਼ਨਰ ਜੋਗਿੰਦਰ ਸਿੰਘ ਕੌਮੀ ਨੇ ਇਸ ਦੀ ਸੂਚਨਾ ਲਾਲਾ ਜੀ ਨੂੰ ਹਸਪਤਾਲ 'ਚ ਆ ਕੇ ਦਿੱਤੀ ਤਾਂ ਉਨ੍ਹਾਂ ਕਿਹਾ, ''ਉਹ ਹਸਪਤਾਲ 'ਚ ਮੈਨੂੰ ਮਿਲਣ ਕਦੇ ਨਹੀਂ ਆਉਣਗੇ।''
ਹੋਇਆ ਵੀ ਅਜਿਹਾ ਹੀ। ਉਹ ਲਾਲਾ ਜੀ ਨੂੰ ਮਿਲਣ ਪਟਿਆਲਾ ਪਹੁੰਚੇ ਪਰ ਉਨ੍ਹਾਂ ਨਾਲ ਕਾਰ 'ਚ ਬੈਠੇ ਉਨ੍ਹਾਂ ਦੇ ਇਕ ਕਾਂਗਰਸੀ ਮਿੱਤਰ ਨੇ ਉਨ੍ਹਾਂ ਨੂੰ ਵਾਰ-ਵਾਰ ਸਮਝਾਇਆ ਕਿ ਲਾਲਾ ਜੀ ਨਾਲ ਮੁਲਾਕਾਤ ਦੀ ਖਬਰ ਮਿਲਣ 'ਤੇ ਇੰਦਰਾ ਗਾਂਧੀ ਨਾਰਾਜ਼ ਹੋ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦੇਵੇਗੀ। ਆਖਿਰ ਉਹ ਲਾਲਾ ਜੀ ਨੂੰ ਮਿਲੇ ਬਿਨਾਂ ਰਾਜਿੰਦਰਾ ਹਸਪਤਾਲ ਤੋਂ ਥੋੜ੍ਹੀ ਦੂਰ ਪਹਿਲਾਂ ਪੈਂਦੇ ਠੀਕਰੀਵਾਲਾ ਚੌਕ 'ਚੋਂ ਹੀ ਵਾਪਸ ਚਲੇ ਗਏ।
ਹਸਪਤਾਲ 'ਚ ਜਦੋਂ ਲਾਲਾ ਜੀ ਦੀ ਸਿਹਤ ਕੁਝ ਖਰਾਬ ਹੋਣੀ ਸ਼ੁਰੂ ਹੋਈ ਤਾਂ ਉਨ੍ਹਾਂ ਨੂੰ 4 ਜਨਵਰੀ 1977 ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆ। ਇਸ ਤੋਂ 14 ਦਿਨਾਂ ਬਾਅਦ 18 ਜਨਵਰੀ ਨੂੰ ਇੰਦਰਾ ਗਾਂਧੀ ਨੇ ਦੇਸ਼ ਭਰ 'ਚ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਅਤੇ ਲੱਗਭਗ 2 ਲੱਖ ਭਾਰਤ ਵਾਸੀ, ਜਿਨ੍ਹਾਂ ਨੂੰ 19 ਮਹੀਨਿਆਂ ਤਕ ਬਿਨਾਂ ਮੁਕੱਦਮਾ ਚਲਾਏ ਅਤੇ ਬਿਨਾਂ ਕੋਈ ਜੁਰਮ ਦੱਸਿਆਂ ਹੀ ਨਜ਼ਰਬੰਦ ਕਰ ਦਿੱਤਾ ਗਿਆ ਸੀ, ਜੇਲਾਂ 'ਚੋਂ ਬਾਹਰ ਆ ਗਏ।
ਇਸ ਜੇਲ ਯਾਤਰਾ ਦੌਰਾਨ ਲਾਲਾ ਜੀ ਨੂੰ ਜੇਲ ਦੇ ਅਧਿਕਾਰੀਆਂ, ਪੁਲਸ ਮੁਲਾਜ਼ਮਾਂ ਅਤੇ ਡਾ. ਸਾਰੋਵਾਲ ਸਮੇਤ ਸਾਰੇ ਸਰਕਾਰੀ ਡਾਕਟਰਾਂ ਤੇ ਹੋਰ ਸਟਾਫ ਨੇ ਬਹੁਤ ਜ਼ਿਆਦਾ ਪਿਆਰ ਤੇ ਸਨਮਾਨ ਦਿੱਤਾ।
ਇਥੇ ਮੈਂ ਇਸ ਗੱਲ ਦਾ ਖਾਸ ਤੌਰ 'ਤੇ ਜ਼ਿਕਰ ਕਰਨਾ ਚਾਹਾਂਗਾ ਕਿ ਐਮਰਜੈਂਸੀ ਦੇ ਦੌਰ 'ਚ ਬੰਦੀ ਬਣਾਏ ਗਏ ਲੋਕਾਂ ਨਾਲ ਪੁਲਸ ਅਤੇ ਹੋਰ ਸਾਰੇ ਸੰਬੰਧਤ ਮਹਿਕਮਿਆਂ ਦੇ ਸਟਾਫ ਦਾ ਰਵੱਈਆ ਬਹੁਤ ਹਮਦਰਦੀ ਭਰਿਆ ਸੀ ਅਤੇ ਦਿਲੋਂ ਉਹ ਐਮਰਜੈਂਸੀ ਨਾਲ ਸਹਿਮਤ ਨਹੀਂ ਸਨ। —ਵਿਜੇ ਕੁਮਾਰ
ਰਾਸ਼ਟਰਪਤੀ ਦੀ ਚੋਣ ਵਿਰੋਧੀ ਧਿਰ ਲਈ ਇਕਜੁੱਟ ਹੋਣ ਦਾ ਚੰਗਾ ਮੌਕਾ
NEXT STORY