ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਸ਼ਾਸਕਾਂ ਵਲੋਂ ਭਾਰਤ ’ਚ ਜਾਅਲੀ ਕਰੰਸੀ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਸਮੱਗਲਿੰਗ, ਅੱਤਵਾਦੀਆਂ ਦੀ ਘੁਸਪੈਠ ਆਦਿ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਦੀ ਫੌਜ ਅਤੇ ਖੁਫੀਆ ਏਜੰਸੀ ਆਈ.ਐੱਸ.ਆਈ. ਲਾਲਚ ਦੇ ਕੇ ਕੁਝ ਦੇਸ਼ਧ੍ਰੋਹੀ ਭਾਰਤੀਆਂ ਤੋਂ ਹੀ ਆਪਣੇ ਦੇਸ਼ ਲਈ ਜਾਸੂਸੀ ਵੀ ਕਰਵਾ ਰਹੀ ਹੈ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 2 ਅਗਸਤ, 2023 ਨੂੰ ਕੋਲਕਾਤਾ ਪੁਲਸ ਨੇ ‘ਭਗਤ ਬੰਸ਼ੀ ਝਾ’ ਨਾਂ ਦੇ ਨੌਜਵਾਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਅਤੇ ਤਸਵੀਰਾਂ, ਵੀਡੀਓ ਅਤੇ ਆਨਲਾਈਨ ਚੈਟ ਰਾਹੀਂ ਦੇਸ਼ ਦੀਆਂ ਗੁਪਤ ਸੂਚਨਾਵਾਂ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 13 ਦਸੰਬਰ, 2023 ਨੂੰ ਮਹਾਰਾਸ਼ਟਰ ਐਂਟੀ ਟੈਰਰਿਸਟ ਸਕੁਐਡ (ਏ.ਟੀ.ਐੱਸ.) ਨੇ ਮੁੰਬਈ ਦੇ ਮਝਗਾਓਂ ਡੌਕ ’ਚ ਬਤੌਰ ਅਪ੍ਰੈਂਟਿਸ ਕੰਮ ਕਰਨ ਵਾਲੇ ਗੌਰਵ ਪਾਟਿਲ ਨਾਂ ਦੇ ਵਿਅਕਤੀ ਨੂੰ ‘ਪਾਕਿਸਤਾਨ ਬੇਸਡ ਇੰਟੈਲੀਜੈਂਸ ਆਪ੍ਰੇਟਿਵ’ (ਪੀ.ਆਈ.ਓ.) ਦੀਆਂ 2 ਏਜੰਟਾਂ ਪਾਇਲ ਏਂਜਲ ਅਤੇ ਆਰਤੀ ਸ਼ਰਮਾ ਨੂੰ ਗੁਪਤ ਜਾਣਕਾਰੀਆਂ ਸ਼ੇਅਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਗੌਰਵ ਪਾਟਿਲ ’ਤੇ ਦੋਸ਼ ਹੈ ਕਿ ਉਸ ਨੇ ਮਈ 2023 ਤੋਂ ਅਕਤੂਬਰ, 2023 ਤੱਕ ਸੋਸ਼ਲ ਮੀਡੀਆ ਪਲੇਟਫਾਰਮਾਂ, ਫੇਸਬੁੱਕ ਅਤੇ ਵ੍ਹਟਸਐਪ ਦੇ ਜ਼ਰੀਏ ਮਹਿਲਾ ਹੈਂਡਲਰਾਂ ਨਾਲ ਸੰਪਰਕ ਦੌਰਾਨ ਉਨ੍ਹਾਂ ਨਾਲ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਜਾਣਕਾਰੀ ਸ਼ੇਅਰ ਕੀਤੀ ਅਤੇ ਉਸ ਦੇ ਬਦਲੇ ’ਚ ਪੈਸੇ ਲਏ। ਮਝਗਾਓਂ ਡੌਕ ’ਤੇ ਕੰਮ ਕਰਨ ਦੇ ਕਾਰਨ ਉਸ ਨੂੰ ਜਲ ਸੈਨਾ ਦੇ ਜੰਗੀ ਬੇੜਿਆਂ ਦੇ ਆਉਣ-ਜਾਣ ਦਾ ਪਤਾ ਹੁੰਦਾ ਸੀ।
* 4 ਫਰਵਰੀ, 2024 ਨੂੰ ਉੱਤਰ ਪ੍ਰਦੇਸ਼ ਐਂਟੀ ਟੈਰਰਿਸਟ ਸਕੁਐਡ (ਏ.ਟੀ.ਐੱਸ.) ਨੇ ਆਈ.ਐੱਸ.ਆਈ. ਲਈ ਜਾਸੂਸੀ ਕਰਨ ਵਾਲੇ ਮਾਸਕੋ (ਰੂਸ) ਸਥਿਤ ਭਾਰਤੀ ਦੂਤਘਰ ਦੇ ਕਰਮਚਾਰੀ ਸਤੇਂਦਰ ਸਿਵਾਲ ਨੂੰ ਮੇਰਠ ਤੋਂ ਗ੍ਰਿਫਤਾਰ ਕੀਤਾ। ਪੁੱਛ-ਗਿੱਛ ਦੌਰਾਨ ਉਸ ਨੇ ਭਾਰਤੀ ਦੂਤਘਰ, ਰੱਖਿਆ ਮੰਤਰਾਲਾ, ਵਿਦੇਸ਼ ਮੰਤਰਾਲਾ ਅਤੇ ਭਾਰਤੀ ਫੌਜੀ ਸੰਸਥਾਨ ਦੀਆਂ ਮਹੱਤਵਪੂਰਨ ਖੁਫੀਆ ਸੂਚਨਾਵਾਂ ਪਾਕਿਸਤਾਨੀ ਹੈਂਡਲਰਾਂ ਨੂੰ ਭੇਜਣ ਦੀ ਗੱਲ ਮੰਨੀ।
* 15 ਮਾਰਚ, 2024 ਨੂੰ ਰਾਜਸਥਾਨ ਪੁਲਸ ਦੇ ਖੁਫੀਆ ਵਿੰਗ ਨੇ ‘ਕੋਟਪੁਤਲੀ ਬਹਿਰੋੜ’ ਜ਼ਿਲੇ ਦੇ ਆਨੰਦਰਾਜ ਸਿੰਘ ਨਾਂ ਦੇ ਵਿਅਕਤੀ ਨੂੰ ਫੌਜ ਦੀ ਸੰਵੇਦਨਸ਼ੀਲ ਜਾਣਕਾਰੀ ਜਮ੍ਹਾ ਕਰ ਕੇ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਦੀ ਆਈ.ਐੱਸ.ਆਈ. ਦੀਆਂ 3 ਮਹਿਲਾ ਹੈਂਡਲਰਾਂ ਨਾਲ ਸ਼ੇਅਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 9 ਅਪ੍ਰੈਲ, 2024 ਨੂੰ ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੀ ਪੁਲਸ ਨੇ ਭਾਰਤੀ ਫੌਜ ਦੀ ਜਾਸੂਸੀ ਕਰਨ ਵਾਲੇ ਬਿਹਾਰ ਦੇ ਰਹਿਣ ਵਾਲੇ ਮਜ਼ਹਰ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਛਾਉਣੀ ’ਚ ਜੇ.ਸੀ.ਬੀ. ਚਲਾਉਣ ਦਾ ਕੰਮ ਕਰਨ ਵਾਲਾ ਮਜ਼ਹਰ ਫੌਜ ਦੀਆਂ ਗੁਪਤ ਸੂਚਨਾਵਾਂ ਦੀ ਵੀਡੀਓ ਬਣਾ ਕੇ ਪਾਕਿਸਤਾਨ ਭੇਜਦਾ ਹੁੰਦਾ ਸੀ।
* 29 ਅਪ੍ਰੈਲ, 2024 ਨੂੰ ਗੁਜਰਾਤ ਐਂਟੀ ਟੈਰਰਿਸਟ ਸਕੁਐਡ (ਏ.ਟੀ.ਐੱਸ.) ਨੇ ਜਾਮਨਗਰ ਦੇ ਰਹਿਣ ਵਾਲੇ ਮੁਹੰਮਦ ਸਕਲੈਨ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਸਕਲੈਨ ਦੇ ਵਿਰੁੱਧ ਦੋਸ਼ ਹੈ ਕਿ ਉਸ ਨੇ ਇਕ ਭਾਰਤੀ ਸਿਮ ਖਰੀਦ ਕੇ ਉਸ ’ਤੇ ਆਪਣਾ ਵ੍ਹਟਸਐਪ ਐਕਟੀਵੇਟ ਕਰਵਾ ਲਿਆ ਜਿਸ ਦੀ ਵਰਤੋਂ ਉਸ ਦੇ ਪਾਕਿਸਤਾਨੀ ਹੈਂਡਲਰ ਕਰਦੇ ਸਨ। ਇਸ ਨੰਬਰ ਦੀ ਵਰਤੋਂ ਜੰਮੂ-ਕਸ਼ਮੀਰ ’ਚ ਤਾਇਨਾਤ ਭਾਰਤੀ ਫੌਜੀ ਅਧਿਕਾਰੀਆਂ ਦੀ ਜਾਸੂਸੀ ਕਰਨ ਅਤੇ ਮੁਹੰਮਦ ਸਕਲੈਨ ਦੇ ਪਾਕਿਸਤਾਨੀ ਹਾਕਮਾਂ ਨੂੰ ਗੁਪਤ ਜਾਣਕਾਰੀ ਭੇਜਣ ਲਈ ਕੀਤੀ ਜਾਂਦੀ ਸੀ।
* 3 ਮਈ, 2024 ਨੂੰ ਹੁਸ਼ਿਆਰਪੁਰ ਪੁਲਸ ਨੇ ਭਾਰਤੀ ਫੌਜ ਦੀਆਂ ਜਾਣਕਾਰੀਆਂ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਭੇਜਣ ਵਾਲੇ ਏਜੰਟ ਹਰਪ੍ਰੀਤ ਸਿੰਘ ਉਰਫ ਪਾਸਟਰ ਜਾਨਸਨ ਪੁੱਤਰ ਸਵਰਨ ਸਿੰਘ ਨੂੰ ਰਾਮਨਗਰ ਚੌਕ ਤੋਂ ਗ੍ਰਿਫਤਾਰ ਕੀਤਾ।
ਪੁਲਸ ਅਨੁਸਾਰ ਹਰਪ੍ਰੀਤ ਸਿੰਘ 2 ਵਾਰ ਪਾਕਿਸਤਾਨ ਜਾ ਕੇ ਆਇਆ ਹੈ। ਉੱਥੇ ਉਸ ਦੀ ਮੁਲਾਕਾਤ ਆਈ.ਐੱਸ.ਆਈ. ਅਤੇ ਪੁਲਸ ਦੇ ਅਧਿਕਾਰੀਆਂ ਨਾਲ ਹੋਈ।
ਉਹ ਉਨ੍ਹਾਂ ਨੂੰ ਵ੍ਹਟਸਐਪ ਅਤੇ ਇੰਟਰਨੈੱਟ ਐਪਸ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਭਾਰਤੀ ਫੌਜ ਦੀਆਂ ਸੰਵੇਦਨਸ਼ੀਲ ਸੂਚਨਾਵਾਂ, ਟਿਕਾਣਿਆਂ ਅਤੇ ਫੌਜ ਦੀ ਭਰਤੀ ਪ੍ਰਕਿਰਿਆ ਸਬੰਧੀ ਸੂਚਨਾਵਾਂ ਭੇਜਣ ਦੇ ਬਦਲੇ ’ਚ ਉਨ੍ਹਾਂ ਤੋਂ ਮੋਟੀ ਰਕਮ ਵਸੂਲ ਕਰਦਾ ਸੀ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਸਾਡੇ ਦੇਸ਼ ’ਚ ਰਹਿਣ ਵਾਲੀਆਂ ਕੁਝ ਕਾਲੀਆਂ ਭੇਡਾਂ ਇਸ ਤਰ੍ਹਾਂ ਦੀਆਂ ਦੇਸ਼ਧ੍ਰੋਹੀ ਸਰਗਰਮੀਆਂ ’ਚ ਸ਼ਾਮਲ ਹੋ ਕੇ ਆਪਣੇ ਹੀ ਦੇਸ਼ ਦੀਆਂ ਜੜ੍ਹਾਂ ਵੱਢਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਇਸ ਲਈ ਸਾਡੀ ਸਰਕਾਰ ਨੂੰ ਆਪਣੇ ਹੀ ਦੇਸ਼ ’ਚ ਬੈਠੇ ਉਨ੍ਹਾਂ ਦੇਸ਼ਧ੍ਰੋਹੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਤੁਰੰਤ ਫੜਨਾ ਚਾਹੀਦਾ ਹੈ ਜੋ ਆਪਣੇ ਹੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਹੇ ਹਨ।
ਬਕੌਲ ਸ਼ਾਇਰ :
ਕਹਿਨੀ ਹੈ ਏਕ ਬਾਤ ਹਮੇਂ ਇਸ ਦੇਸ਼ ਕੇ ਪਹਿਰੇਦਾਰੋਂ ਸੇ,
ਸੰਭਲ ਕੇ ਰਹਿਨਾ ਅਪਨੇ ਘਰ ਮੇਂ, ਛਿਪੇ ਹੁਏ ਗੱਦਾਰੋਂ ਸੇ।
-ਵਿਜੇ ਕੁਮਾਰ
ਰਾਵਣ ਨੂੰ ਗਿਆਨ ਦਾ ਹੰਕਾਰ ਅਤੇ ਸ੍ਰੀ ਰਾਮ ਨੂੰ ਹੰਕਾਰ ਦਾ ਗਿਆਨ
NEXT STORY