ਅੱਜਕਲ ਲੋਕ ਜਿਥੇ ਵੱਡੀ ਸੰਖਿਆ ਵਿਚ ਡਿਜੀਟਲ ਪੇਮੈਂਟਸ ਕਰ ਰਹੇ ਹਨ ਅਤੇ ਦੇਸ਼ ਕੈਸ਼ਲੈੱਸ ਅਰਥਵਿਵਸਥਾ ਵੱਲ ਵਧ ਰਿਹਾ ਹੈ, ਅਜਿਹੇ ਵਿਚ ਰਿਸ਼ਵਤਖੋਰ ਕਰਮਚਾਰੀਆਂ ਨੇ ਵੀ ਨਕਦ ਰਿਸ਼ਵਤ ਲੈਂਦੇ ਹੋਏ ਫਡ਼ੇ ਜਾਣ ਦੇ ਡਰ ਤੋਂ ‘ਗੂਗਲ ਪੇਅ’, ‘ਫੋਨ ਪੇਅ’, ‘ਪੇਅਟੀਐੱਮ’ ਆਦਿ ਯੂ. ਪੀ. ਆਈ. ਮਾਧਿਅਮਾਂ ਰਾਹੀਂ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ਵਿਚ ਕੁਝ ਸੂਬਿਆਂ ਵਿਚ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਡਿਜੀਟਲ ਪੇਮੈਂਟ ਐਪਸ ਰਾਹੀਂ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਏ ਹਨ।
* 16 ਜੁਲਾਈ ਨੂੰ ਅੰਮ੍ਰਿਤਸਰ (ਪੰਜਾਬ) ਦੇ ਪਹੂਵਿੰਡ ਸਰਕਲ ਦੇ ਪਟਵਾਰੀ ਰਣਜੋਧ ਸਿੰਘ ਨੂੰ ਵਿਜੀਲੈਂਸ ਬਿਊਰੋ ਨੇ ‘ਗੂਗਲ ਪੇਅ’ ਰਾਹੀਂ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਫੜਿਆ।
* 7 ਜੂਨ ਨੂੰ ਬਿਜਨੌਰ (ਉੱਤਰ ਪ੍ਰਦੇਸ਼) ਵਿਚ ਧਾਮਪੁਰ ਤਹਿਸੀਲ ਦੇ ਤਹਿਸੀਲਦਾਰ ਕਮਲੇਸ਼ ਕੁਮਾਰ ਨੂੰ ਮੁਅੱਤਲ ਕੀਤਾ ਗਿਆ। ਜਾਂਚ ਦੌਰਾਨ ਉਸ ਵੱਲੋਂ ਆਪਣੇ ਡਰਾਈਵਰ ਨਦੀਮ ਦੇ ਖਾਤੇ ਵਿਚ 3 ਸਾਲਾਂ ਵਿਚ 21 ਲੱਖ ਰੁਪਏ ਦੀ ਰਕਮ ਦੇ ਲੈਣ-ਦੇਣ ਦਾ ਪਤਾ ਲੱਗਿਆ, ਜਿਸ ਦੀ ਉਗਰਾਹੀ ਖੋਦਾਈ ਵਾਹਨਾਂ ਦੀ ਐਂਟਰੀ ਦੇ ਨਾਂ ’ਤੇ ਕੀਤੀ ਗਈ।
* 31 ਮਈ ਨੂੰ ਪੰਜਾਬ ਸਟੇਟ ਪਾਵਰ ਸਪਲਾਈ ਕਾਰਪੋਰੇਸ਼ਨ ਦੇ ਲੁਧਿਆਣਾ ਫੋਕਲ ਪੁਆਇੰਟ ਡਵੀਜ਼ਨ ਵਿਚ ਤਾਇਨਾਤ ਐੱਸ. ਡੀ. ਓ. ਮੋਹਨ ਲਾਲ ਅਤੇ ਇਕ ਲਾਈਨਮੈਨ ਹਰਦੀਪ ਸਿੰਘ ਨੂੰ ਇਕ ਵਿਅਕਤੀ ਦਾ ਬਿਜਲੀ ਕੁਨੈਕਸ਼ਨ ਨਾ ਕੱਟਣ ਦੇ ਬਦਲੇ ਵਿਚ ਉਸ ਕੋਲੋਂ 5000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਫੜਿਆ ਗਿਆ। ਬਾਅਦ ਵਿਚ ਜਾਂਚ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਦੋਵਾਂ ਨੇ ਉਕਤ ਵਿਅਕਤੀ ਕੋਲੋਂ 34,000 ਰੁਪਏ ਦੀ ਰਿਸ਼ਵਤ ‘ਫੋਨ ਪੇਅ’ ਰਾਹੀਂ ਲਈ ਸੀ।
* 23 ਮਈ ਨੂੰ ਭਾਰਗੋ ਕੈਂਪ, ਜਲੰਧਰ ’ਚ ਤਾਇਨਾਤ ਹੈੱਡ ਕਾਂਸਟੇਬਲ ਰਘੂਨਾਥ ਸਿੰਘ ‘ਫੋਨ ਪੇਅ’ ਰਾਹੀਂ 2 ਕਿਸ਼ਤਾਂ ਵਿਚ 2100 ਰੁਪਏ ਰਿਸ਼ਵਤ ਲੈਂਦਾ ਫੜਿਆ ਗਿਆ।
*9 ਅਪ੍ਰੈਲ ਨੂੰ ਕਾਨਪੁਰ (ਉੱਤਰ ਪ੍ਰਦੇਸ਼) ਵਿਚ ਪੁਲਸ ਕਰਮਚਾਰੀਆਂ ਸਾਮਾਨ ਨਾਲ ਲੱਦਿਆ ਇਕ ਟਰੱਕ ਰੋਕਿਆ ਅਤੇ ਖੁਦ ਨੂੰ ਜੀ. ਐੱਸ. ਟੀ. ਅਧਿਕਾਰੀ ਦੱਸ ਕੇ ਸਾਮਾਨ ਦੇ ਮਾਲਕ ਕੋਲੋਂ 10,000 ਰੁਪਏ ਰਿਸ਼ਵਤ ‘ਗੂਗਲ ਪੇਅ’ ਰਾਹੀਂ ਲੈ ਲਈ ਪਰ ਜਦ ਪੀੜਤ ਵਪਾਰੀ ਨੇ ਪੁਲਸ ਕਮਿਸ਼ਨਰ ਕੋਲ ਇਸ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਤਾਂ ਕੇਸ ਦਰਜ ਹੁੰਦਿਆਂ ਹੀ ਰਿਸ਼ਵਤ ਲੈਣ ਵਾਲਿਆਂ ਨੇ ‘ਗੂਗਲ ਪੇਅ’ ਰਾਹੀਂ ਹੀ 10,000 ਰੁਪਏ ਦੀ ਰਕਮ ਪੀੜਤ ਨੂੰ ਵਾਪਸ ਭੇਜ ਦਿੱਤੀ।
* 30 ਮਾਰਚ ਨੂੰ ਇਕ ਮੋਟਰਸਾਈਕਲ ਚਾਲਕ ਨੇ ਮੁੰਬਈ ਪੁਲਸ ਦੇ ਇਕ ਕਾਂਸਟੇਬਲ ’ਤੇ ‘ਗੂਗਲ ਪੇਅ’ ਰਾਹੀਂ 500 ਰੁਪਏ ਰਿਸ਼ਵਤ ਲੈਣ ਦਾ ਦੋਸ਼ ਲਾਇਆ।
* 21 ਫਰਵਰੀ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਦੇ ਕਸਟਮ ਸੁਪਰਿੰਟੈਂਡੈਂਟ ਅਤੇ ਇਕ ਹੌਲਦਾਰ ਵਿਰੁੱਧ ‘ਗੂਗਲ ਪੇਅ’ ਰਾਹੀਂ 7000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ।
ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਵੀਰੇਂਦਰ ਕੁਮਾਰ ਅਨੁਸਾਰ,‘‘ਪਿਛਲੇ ਕੁਝ ਸਮੇਂ ਦੌਰਾਨ ਇਸ ਤਰ੍ਹਾਂ ਦੇ ਘੱਟ ਤੋਂ ਘੱਟ ਇਕ ਦਰਜਨ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਰਕਮ ਦੇ ਲੈਣ-ਦੇਣ ਦਾ ਸਪੱਸ਼ਟ ਸਬੂਤ ਹੋਣ ਕਾਰਨ ਸਾਡੇ ਲਈ ਅਦਾਲਤ ਵਿਚ ਦੋਸ਼ੀਆਂ ਵਿਰੁੱਧ ਦੋਸ਼ ਸਿੱਧ ਕਰਨਾ ਸੌਖਾ ਹੋ ਗਿਆ ਹੈ।’’
ਜਿਥੇ ਕੁਝ ਸਰਕਾਰੀ ਮੁਲਾਜ਼ਮ ਡਿਜੀਟਲ ਮਾਧਿਅਮਾਂ ਰਾਹੀਂ ਰਿਸ਼ਵਤ ਲੈ ਕੇ ਆਸਾਨੀ ਨਾਲ ਫੜੇ ਜਾ ਰਹੇ ਹਨ, ਉਥੇ ਹੀ ਕੁਝ ਸਰਕਾਰੀ ਮੁਲਾਜ਼ਮ ਕਾਫੀ ਚਲਾਕ ਸਿੱਧ ਹੋ ਰਹੇ ਹਨ ਅਤੇ ਰਿਸ਼ਵਤ ਦੀ ਰਕਮ ਆਪਣੀ ਥਾਂ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਵੀ ਆਨਲਾਈਨ ਪੇਮੈਂਟ ਰਾਹੀਂ ਵਸੂਲ ਕਰਦੇ ਦੇਖੇ ਗਏ ਹਨ। ਹਾਲ ਹੀ ਵਿਚ ਇਕ ਅਧਿਕਾਰੀ ਵੱਲੋਂ ਰਿਸ਼ਵਤ ਦੀ ਰਕਮ ਖੁਦ ਨਾ ਲੈ ਕੇ ਆਪਣੇ ਇਕ ਜਾਣੂ ਦੁਕਾਨਦਾਰ ਦੇ ਖਾਤੇ ਵਿਚ ਪੁਆਉਣ ਦਾ ਪਤਾ ਲੱਗਾ।
ਪੰਜਾਬ ਦੇ ਅਧਿਕਾਰੀ ਅਨੁਸਾਰ ਅਜਿਹੀਆਂ ਅਨੇਕ ਸ਼ਿਕਾਇਤਾਂ ਮੁੱਖ ਮੰਤਰੀ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ’ਤੇ ਮਿਲੀਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ‘ਗੂਗਲ ਪੇਅ’ ਰਾਹੀਂ ਰਿਸ਼ਵਤ ਮੰਗਣ ਦੀਆਂ ਸ਼ਿਕਾਇਤਾਂ ਮਿਲਣ ’ਤੇ ਪੰਜਾਬ ਵਿਚ ਅਧਿਕਾਰੀਆਂ ਨੇ ਫੋਨਾਂ ਦੀ ਰਿਕਾਰਡਿੰਗ ਸ਼ੁਰੂ ਕਰ ਕੇ ਉਨ੍ਹਾਂ ਦੀ ਫੋਰੈਂਸਿਕ ਜਾਂਚ ਕਰਵਾਉਣ ਪਿੱਛੋਂ ਕਈ ਦੋਸ਼ੀਆਂ ਵਿਰੁੱਧ ਦੋਸ਼ ਪੱਤਰ ਦਾਖਲ ਕੀਤੇ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਸ਼ਵਤ ਦੇ ਅਜਿਹੇ ਮਾਮਲਿਆਂ ’ਚ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦਿਵਾਉਣਾ ਸੌਖਾ ਹੋ ਜਾਂਦਾ ਹੈ। ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਮੁਲਾਜ਼ਮ ਜਲਦੀ ਬਾਜ਼ ਆਉਣ ਵਾਲੇ ਨਹੀਂ ਹਨ, ਇਸ ਲਈ ਅਜਿਹੇ ਲੋਕਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਉਨ੍ਹਾਂ ਦੇ ਅੰਜਾਮ ਤੋਂ ਦੂਸਰਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਰਿਸ਼ਵਤਖੋਰੀ ਦੀ ਆਦਤ ਤੋਂ ਬਾਜ਼ ਆਉਣ।
-ਵਿਜੇ ਕੁਮਾਰ
ਸਿੱਖਿਆ ਜਗਤ ਨਾਲ ਜੁੜੇ ਕੁਝ ਲੋਕਾਂ ’ਚ ਕਾਰੋਬਾਰੀ ਨੈਤਿਕਤਾ ਦੀ ਕਮੀ
NEXT STORY