ਬਠਿੰਡਾ (ਵਰਮਾ)- ਕਹਿਣ ਨੂੰ ਤਾਂ ਪੇਇੰਗ ਗੇਸਟ ਪਰ ਇਸ ਨੂੰ ਪੀ. ਜੀ. ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਚਲਨ ਦੋ ਦਹਾਕਿਆਂ ਤੋਂ ਚੱਲ ਰਿਹਾ ਹੈ। ਇੰਡਸਟਰੀ ਤੇ ਐਜੂਕੇਸ਼ਨ ਹੱਬ ਹੋਣ ਕਾਰਨ ਦੂਰ-ਦੂਰ ਤੋਂ ਲੋਕ ਇਥੇ ਆ ਕੇ ਰੁਕਦੇ ਹਨ, ਬਦਲੇ ’ਚ ਪੀ. ਜੀ. ਸੰਚਾਲਕ ਉਨ੍ਹਾਂ ਤੋਂ ਮੋਟੀ ਰਕਮ ਵਸੂਲਦੇ ਹਨ। ਦੂਜੇ ਸੂਬਿਆਂ ਸਮੇਤ ਆਸ-ਪਾਸ ਦੇ ਲੋਕ ਵੀ ਨੌਕਰੀ, ਕੰਮਕਾਰ, ਪਡ਼੍ਹਾਈ, ਕਾਰੋਬਾਰ ਆਦਿ ਥਾਵਾਂ ’ਤੇ ਕੰਮ ਕਰਨ ਵਾਲੇ ਕਰਮਚਾਰੀ ਇਨ੍ਹਾਂ ਪੀ. ਜੀ. ’ਚ ਰਹਿੰਦੇ ਹਨ। ਇਨ੍ਹਾਂ ’ਚੋਂ ਕੁਝ ਅਪਰਾਧਿਕ ਕਿਸਮ ਦੇ ਲੋਕ ਵੀ ਆ ਜਾਂਦੇ ਹਨ, ਜੋ ਵਾਰਦਾਤ ਤੋਂ ਬਾਅਦ ਚਲੇ ਜਾਂਦੇ ਹਨ। ਜਿਨ੍ਹਾਂ ਨੂੰ ਬਾਅਦ ’ਚ ਲੱਭਣਾ ਮੁਸ਼ਕਲ ਹੁੰਦਾ ਹੈ। ਪੀ. ਜੀ. ਦੇ ਨਾਲ ਮਕਾਨ ਮਾਲਕਾਂ ਨੂੰ ਵੀ ਕਿਰਾਏਦਾਰਾਂ ਦੀ ਸੂਚਨਾ ਪੁਲਸ ਨੂੰ ਦੇਣੀ ਜ਼ਰੂਰੀ ਹੈ ਪਰ ਪੈਸੇ ਦੇ ਲਾਲਚ ’ਚ ਲੋਕ ਸਰਕਾਰ ਨਾਲ ਸਬੰਧਤ ਵਿਭਾਗ ਨੂੰ ਸੂਚਨਾ ਦੇਣ ’ਚ ਲਾਪ੍ਰਵਾਹੀ ਕਰਦੇ ਹਨ, ਜੋ ਵੱਡੀ ਵਾਰਦਾਤ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ। ਇਸ ਦੀ ਉਦਾਹਰਣ ਮਸ਼ਹੂਰ ਗੈਂਗਸਟਰ ਸ਼ੇਰਾ ਖੁੱਬਨ ਦਾ ਐਨਕਾਊਂਟਰ ’ਚ ਮਾਰੇ ਜਾਣਾ, ਨਾਭਾ ਬਰੇਕ ਜੇਲ ਦਾ ਮਾਸਟਰਮਾਈਂਡ ਤੇ ਪੰਜਾਬ ਨੂੰ ਦਹਿਲਾਉਣ ਵਾਲਾ ਮਸ਼ਹੂਰ ਗੈਂਗਸਟਰ ਵਿੱਕੀ ਗੌਂਡਰ ਤੋਂ ਇਲਾਵਾ ਕਈ ਅਜਿਹੇ ਗੈਂਗਸਟਰ ਹਨ ਜੋ ਪੀ. ਜੀ. ’ਚ ਰਹਿ ਚੁੱਕੇ ਹਨ। ਅਲਕਾਇਦਾ ਨਾਲ ਜੁਡ਼ੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਜਿਸ ’ਤੇ 12 ਲੱਖ ਰੁਪਏ ਦਾ ਇਨਾਮ ਵੀ ਹੈ ਤੇ ਮਾਲਵਾ ’ਚ ਦੇਖੇ ਜਾਣ ਤੋਂ ਬਾਅਦ ਪੰਜਾਬ ਨੂੰ ਹਾਈ ਅਲਰਟ ’ਤੇ ਰੱਖਿਆ ਹੋਇਆ ਹੈ, ਹੋ ਸਕਦਾ ਹੈ ਉਹ ਵੀ ਕਿਸੇ ਪੀ. ਜੀ. ’ਚ ਰਹਿ ਰਿਹਾ ਹੋਵੇ।
ਸਰਕਾਰੀ ਆਦੇਸ਼ਾਂ ਦੀਅਾਂ ਉਡ ਰਹੀਆਂ ਨੇ ਧੱਜੀਆਂ ਸਾਰੇ ਪੀ. ਜੀ. ਨੂੰ ਪੰਜੀਕ੍ਰਤ ਕਰਵਾਉਣ ਲਈ ਡੀ. ਸੀ. ਵਲੋਂ ਧਾਰਾ 144 ਤਹਿਤ ਸਾਰੇ ਪੀ. ਜੀ. ਸੰਚਾਲਕਾਂ ਨੂੰ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਬਾਵਜੂਦ ਇਸ ਦੇ 10 ਫੀਸਦੀ ਲੋਕਾਂ ਨੇ ਹੀ ਰਜਿਸਟਰਡ ਕਰਵਾਇਆ ਜਦਕਿ 90 ਫੀਸਦੀ ਪੀ. ਜੀ. ਬਿਨਾਂ ਨਾਂ ਤੇ ਬਿਨਾਂ ਰਜਿਸਟਰੇਸ਼ਨ ਦੇ ਚੱਲ ਰਹੇ ਹਨ। ਦੇਖਿਆ ਜਾਵੇ ਤਾਂ ਹਰ ਮੁਹੱਲੇ ’ਚ 10 ਤੋਂ 15 ਪੀ. ਜੀ. ਖੁੱਲ੍ਹੇ ਹੋਏ ਹਨ। ਸਰਕਾਰੀ ਆਦੇਸ਼ਾਂ ਦੀਅਾਂ ਧੱਜੀਆਂ ਉਡਾਉਂਦਿਆ ਅਜੇ ਤੱਕ ਰਜਿਸਟਰਡ ਨਹੀਂ ਕਰਵਾਇਆ, ਜਿਸ ਕਾਰਨ ਸਰਕਾਰ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਸਰਕਾਰ ਨੂੰ ਲੱਗ ਰਿਹੈ ਕਰੋਡ਼ਾਂ ਦਾ ਚੂਨਾ ਨਾਜਾਇਜ਼ ਤੌਰ ’ਤੇ ਚੱਲ ਰਹੇ ਪੀ. ਜੀ. ਕਾਰਨ ਸਰਕਾਰ ਨੂੰ ਕਰੋਡ਼ਾਂ ਦਾ ਚੂਨਾ ਲੱਗਣ ਦਾ ਸ਼ੱਕ ਹੈ। ਬਿਜਲੀ ਨਿਗਮ ਦੇ ਨਿਯਮਾਂ ਅਨੁਸਾਰ ਪੀ. ਜੀ. ’ਚ ਰਹਿਣ ਵਾਲੇ ਵਿਦਿਆਰਥੀਆਂ ਲਈ ਸਬ ਮੀਟਰ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ ਪਰ ਕਿਤੇ ਵੀ ਮੀਟਰ ਨਹੀਂ ਲਾਏ ਗਏ। ਨਗਰ ਨਿਗਮ ਨੂੰ ਮਿਲਣ ਵਾਲੇ ਪ੍ਰਾਪਰਟੀ ਟੈਕਸ ਦਾ ਵੀ ਨੁਕਸਾਨ ਹੋ ਰਿਹਾ ਹੈ। ਕੀ ਕਹਿਣੈ ਐੱਸ. ਐੱਸ. ਪੀ. ਦਾ ਇਸ ਸਬੰਧੀ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਪੁਲਸ ਵਲੋਂ ਸਾਰੇ ਪੀ. ਜੀ. ’ਤੇ ਜਾਂਚ ਕਰ ਕੇ ਉਨ੍ਹਾਂ ਨੂੰ ਪੰਜੀਕ੍ਰਤ ਕਰਵਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਅਜੀਤ ਰੋਡ ’ਤੇ 180 ਪੀ. ਜੀਜ਼ ਨੂੰ ਨੋਟਿਸ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਕੁਝ ਨੇ ਹੀ ਡੀ. ਸੀ. ਕੋਲ ਰਜਿਸਟਰਡ ਕਰਵਾਇਆ। ਹੋਰਨਾਂ ਨੂੰ ਦੁਬਾਰਾ ਨੋਟਿਸ ਭੇਜਿਆ ਜਾ ਰਿਹਾ ਹੈ, ਜੇਕਰ ਉਨ੍ਹਾਂ ਨੇ ਰਜਿਸਟਰਡ ਨਹੀਂ ਕਰਵਾਇਆ ਤਾਂ ਉਨ੍ਹਾਂ ’ਤੇ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਐੱਸ. ਐੱਸ. ਪੀ. ਨੇ ਮੰਨਿਆ ਕਿ ਪੀ. ਜੀ. ’ਚ ਅਪਰਾਧਿਕ ਕਿਸਮ ਦੇ ਲੋਕ ਵੀ ਆ ਕੇ ਰਹਿੰਦੇ ਹਨ, ਜਿਨ੍ਹਾਂ ਦੀ ਸੂਚਨਾ ਦੇਣਾ ਸੰਚਾਲਕਾਂ ਦਾ ਕੰਮ ਹੈ ਪਰ ਉਹ ਲਾਪ੍ਰਵਾਹੀ ਤੇ ਲਾਲਚ ਦੇ ਕਾਰਨ ਪੁਲਸ ਨੂੰ ਸੂਚਨਾ ਨਹੀਂ ਦਿੰਦੇ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਕੀ ਕਹਿਣੈ ਨਿਗਮ ਕਮਿਸ਼ਨਰ ਦਾ ਨਗਰ ਨਿਗਮ ਕਮਿਸ਼ਨਰ ਰਿਸ਼ੀਪਾਲ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਸਰਵੇ ਕਰਵਾਉਣਗੇ ਕਿ ਸ਼ਹਿਰ ’ਚ ਕਿੰਨੇ ਨਾਜਾਇਜ਼ ਪੀ. ਜੀ. ਤੇ ਹੋਸਟਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਨਿਗਮ ਇਨ੍ਹਾਂ ਤੋਂ ਪ੍ਰਾਪਰਟੀ ਟੈਕਸ ਜ਼ਰੂਰ ਵਸੂਲੇਗਾ, ਜੇਕਰ ਜ਼ਰੂਰਤ ਪਈ ਤਾਂ ਸੀਲ ਵੀ ਕੀਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਨਿਗਮ ਨੂੰ ਪੀ. ਜੀ. ਕਾਰਨ ਲੱਖਾਂ ਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ।
ਸਡ਼ਕ ਹਾਦਸੇ ’ਚ ਡਰੱਗ ਇੰਸਪੈਕਟਰ ਦੀ ਮੌਤ
NEXT STORY