ਵੰਡ ਤੋਂ ਬਾਅਦ ਪਾਕਿਸਤਾਨ ’ਚ ਰਹਿ ਗਏ ਹਿੰਦੂ, ਸਿੱਖ, ਇਸਾਈ, ਪਾਰਸੀ ਅਤੇ ਅਹਿਮਦੀਆ ਆਦਿ ਘੱਟਗਿਣਤੀਆਂ ’ਤੇ ਹਿੰਸਾ, ਭੇਦਭਾਵ, ਈਸ਼-ਨਿੰਦਾ, ਧਰਮ ਪਰਿਵਰਤਨ, ਕੁੜੀਆਂ ਦੇ ਅਗਵਾ, ਜਬਰ-ਜ਼ਨਾਹ ਅਤੇ ਜ਼ਬਰਦਸਤੀ ਵਿਆਹ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਿੰਧ ’ਚ ਇਸ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।
ਬ੍ਰਿਟਿਸ਼ ਹਿੰਦੂ ਸੰਗਠਨ ‘ਇਨਸਾਈਡ ਯੂ. ਕੇ.’ ਅਨੁਸਾਰ 1941 ’ਚ ਅੱਜ ਦੇ ਪਾਕਿਸਤਾਨ ਵਾਲੇ ਖੇਤਰ ’ਚ ਹਿੰਦੂਆਂ ਦੀ ਆਬਾਦੀ 14.6 ਫ਼ੀਸਦੀ ਸੀ ਜੋ ਹੁਣ ਸਿਰਫ਼ 1.7 ਫ਼ੀਸਦੀ ਰਹਿ ਗਈ ਹੈ। ਇਹੀ ਹਾਲ ਹੋਰ ਘੱਟਗਿਣਤੀ ਭਾਈਚਾਰਿਆਂ ਦਾ ਵੀ ਹੈ।
ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ ਪਾਕਿਸਤਾਨ ’ਚ ਘੱਟਗਿਣਤੀਆਂ ਨਾਲ ਭੇਦਭਾਵ ਸਿਖ਼ਰ ’ਤੇ ਹੈ। ਉੱਥੇ ਘੱਟਗਿਣਤੀਆਂ ਨੂੰ ਨਾ ਆਸਾਨੀ ਨਾਲ ਰੁਜ਼ਗਾਰ ਮਿਲਦਾ ਹੈ ਅਤੇ ਨਾ ਹੀ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ। ਸਕੂਲਾਂ ’ਚ ਵਿਦਿਆਰਥੀਆਂ ਨੂੰ ਘੱਟਗਿਣਤੀ ਭਾਈਚਾਰੇ ਦੇ ਬੱਚਿਆਂ ਵਿਰੁੱਧ ਨਫ਼ਰਤ ਦਾ ਪਾਠ ਪੜ੍ਹਾਇਆ ਜਾਂਦਾ ਹੈ।
ਹਿੰਦੂਆਂ ਦਾ ਇਕ ਵੱਡਾ ਹਿੱਸਾ ਸਿੰਧ ਦੇ ਪੇਂਡੂ ਇਲਾਕਿਆਂ (ਜਿਵੇਂ ਸੰਘਾਰ ਅਤੇ ਥਾਰਪਾਕਰ) ’ਚ ਰਹਿੰਦਾ ਹੈ। ਇਨ੍ਹਾਂ ਦਾ ਇਕ ਵੱਡਾ ਵਰਗ ਦਲਿਤ ਜਾਂ ਅਨੁਸੂਚਿਤ ਜਾਤੀਆਂ ਨਾਲ ਸੰਬੰਧਤ ਹੈ, ਜਿਸ ਦੇ ਮੈਂਬਰ ਅਕਸਰ ਭੂਮੀਹੀਣ ਮਜ਼ਦੂਰਾਂ ਜਾਂ ਸਫ਼ਾਈ ਕਰਮਚਾਰੀਆਂ ਵਜੋਂ ਕੰਮ ਕਰਦੇ ਹਨ। ਪਾਕਿਸਤਾਨ ਦੇ ਹਿੱਸੇ ਵਾਲੇ ਪੰਜਾਬ ’ਚ ਵੀ ਹਿੰਦੂਆਂ ਦੀਆਂ ਛੋਟੀਆਂ-ਛੋਟੀਆਂ ਬਸਤੀਆਂ ਹਨ।
ਸੁਰੱਖਿਆ ਦੀ ਘਾਟ, ਧਾਰਮਿਕ ਭੇਦਭਾਵ ਅਤੇ ਆਰਥਿਕ ਤੰਗੀ ਦੇ ਕਾਰਨ ਕਈ ਹਿੰਦੂ ਅਤੇ ਸਿੱਖ ਪਰਿਵਾਰ ਪਾਕਿਸਤਾਨ ਛੱਡ ਕੇ ਭਾਰਤ ਜਾਂ ਹੋਰ ਦੇਸ਼ਾਂ ਵੱਲ ਪਰਵਾਸ ਕਰਨ ਲਈ ਮਜਬੂਰ ਹੋ ਰਹੇ ਹਨ।
ਸਾਲ 2026 ’ਚ ਪਾਕਿਸਤਾਨ ’ਚ ਘੱਟਗਿਣਤੀ ਭਾਈਚਾਰਿਆਂ (ਹਿੰਦੂ, ਇਸਾਈ, ਅਹਿਮਦੀਆ ਆਦਿ) ਵਿਰੁੱਧ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ, ਹੱਤਿਆ ਅਤੇ ਤਸ਼ੱਦਦ ਦੀਆਂ ਕਈ ਗੰਭੀਰ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* 16 ਮਈ ਨੂੰ ਸਰਗੋਧਾ ਜ਼ਿਲੇ ’ਚ ‘ਅਹਿਮਦੀ’ ਘੱਟਗਿਣਤੀ ਭਾਈਚਾਰੇ ਦੇ ਡਾਕਟਰ ਸ਼ੇਖ ਮਹਿਮੂਦ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 18 ਜੂਨ ਨੂੰ ‘ਖੈਬਰ-ਪਖ਼ਤੂਨਖ਼ਵਾ’ ਪ੍ਰਾਂਤ ਦੇ ਇਕ ਗੁਰਦੁਆਰੇ ’ਚ ਸਿੱਖ ਬਜ਼ੁਰਗ ਜੋੜੇ ਦੀ ਹੱਤਿਆ ਕਰ ਦਿੱਤੀ ਗਈ।
* 8 ਜੁਲਾਈ ਨੂੰ ‘ਮਸਤੁੰਗ’ ਜ਼ਿਲੇ ’ਚ 2 ਇਸਾਈ ਨੌਜਵਾਨਾਂ ‘ਆਯੂਸ਼ ਮਸੀਹ’ ਅਤੇ ‘ਡੋਮਨਿਕ ਮਸੀਹ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।
* 23 ਅਗਸਤ ਨੂੰ ‘ਨੋਸ਼ਕੀ ਬਾਜ਼ਾਰ’ ’ਚ ਕੁਝ ਹਥਿਆਰਬੰਦ ਲੋਕਾਂ ਨੇ ਨੌਜਵਾਨ ਹਿੰਦੂ ਵਪਾਰੀ ‘ਰਾਕੇਸ਼ ਕੁਮਾਰ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 24 ਅਗਸਤ ਨੂੰ ਸਿੰਧ ’ਚ ਇਕ ਘੱਟਗਿਣਤੀ ਹਿੰਦੂ ਕਿਸਾਨ ‘ਕੈਲਾਸ਼’ ਦੀ ਉਸ ਦੇ ਮਕਾਨ ਮਾਲਕ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 29 ਅਗਸਤ ਨੂੰ ਸਿੰਧ ਦੇ ‘ਟੰਡੋ ਅੱਲ੍ਹਾਯਾਰ ਸ਼ਹਿਰ’ ’ਚ 2 ਨਾਬਾਲਗ ਹਿੰਦੂ ਭੈਣਾਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਬਾਅਦ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ। ਇਸ ਮਾਮਲੇ ’ਚ ਪੁਲਸ ਨੇ ਕਾਫ਼ੀ ਸਮੇਂ ਬਾਅਦ 7 ਅਕਤੂਬਰ ਨੂੰ 2 ਦੋਸ਼ੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ।
* 2 ਸਤੰਬਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ‘ਮੰਡੀ ਬਹਾਉਦੀਨ’ ਜ਼ਿਲੇ ’ਚ ‘ਅਹਿਮਦੀਆ’ ਭਾਈਚਾਰੇ ਦੇ ‘ਮਿਰਜ਼ਾ ਸਫ਼ਦਰ ਮਹਿਮੂਦ’ (60) ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦੋਂ ਉਹ ਆਪਣੇ ਪ੍ਰਾਰਥਨਾ ਸਥਾਨ ਵੱਲ ਜਾ ਰਹੇ ਸਨ।
* 3 ਅਕਤੂਬਰ ਨੂੰ ਈਸ਼-ਨਿੰਦਾ ਦੇ ਝੂਠੇ ਦੋਸ਼ਾਂ ਨੂੰ ਲੈ ਕੇ ਪੰਜਾਬ ਪ੍ਰਾਂਤ ਦੇ ‘ਸ਼ੇਖੂਪੁਰਾ’ ’ਚ ਹਿੰਸਕ ਭੀੜ ਨੇ ਇਸਾਈਆਂ ਦੇ ਮਕਾਨਾਂ ਅਤੇ ਦੁਕਾਨਾਂ ’ਚ ਅੱਗ ਲਗਾਈ ਅਤੇ ‘ਰਾਏਵਿੰਡ’ ਇਲਾਕੇ ’ਚ ਇਕ ਚਰਚ ’ਚ ਭੰਨ-ਤੋੜ ਕੀਤੀ।
* ਇਸੇ ਸਾਲ ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਸਾਲਾਨਾ ਰਿਪੋਰਟ ‘ਸੈਂਚੁਰੀ ਡਿਨਾਇਡ’ ’ਚ ਦੱਸਿਆ ਗਿਆ ਕਿ ਜੂਨ 2026 ’ਚ ‘ਚੇਨਾਬ’ ਨਗਰ ਇਲਾਕੇ ’ਚ ‘ਅਹਿਮਦੀਆ’ ਭਾਈਚਾਰੇ ਦੇ ਲੋਕਾਂ ਨੂੰ ਜਨਤਕ ਜੀਵਨ ਤੋਂ ਪੂਰੀ ਤਰ੍ਹਾਂ ਅਲੱਗ-ਥਲੱਗ ਕਰਨ ਲਈ ਉਨ੍ਹਾਂ ਦੀਆਂ ਸੰਸਥਾਵਾਂ ’ਤੇ ਗੰਭੀਰ ਹਮਲੇ ਕੀਤੇ ਗਏ।
* ‘ਨੈਸ਼ਨਲ ਕਮਿਸ਼ਨ ਫਾਰ ਜਸਟਿਸ ਐਂਡ ਪੀਸ’ ਦੀ ਰਿਪੋਰਟ ਅਨੁਸਾਰ ਇਸ ਸਾਲ ਘੱਟਗਿਣਤੀ ਕੁੜੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਦਰਜਨਾਂ ਮਾਮਲੇ ਸਾਹਮਣੇ ਆਏ ਹਨ। ਸਿੰਧ ’ਚ 13 ਤੋਂ 15 ਸਾਲ ਦੀਆਂ ਨਾਬਾਲਗ ਬੱਚੀਆਂ ਦਾ ਅਗਵਾ ਕਰਕੇ ਅੱਧਖੜ ਉਮਰ ਦੇ ਲੋਕਾਂ ਨਾਲ ਨਿਕਾਹ ਕਰਵਾ ਦਿੱਤਾ ਗਿਆ।
ਕੁੱਲ ਮਿਲਾ ਕੇ ਪਾਕਿਸਤਾਨ ’ਚ ਘੱਟਗਿਣਤੀਆਂ ਨੂੰ ਦਬਾਉਣ ਲਈ ਈਸ਼-ਨਿੰਦਾ ਕਾਨੂੰਨ ਦੀ ਭਾਰੀ ਦੁਰਵਰਤੋਂ ਕਰਨ ਦੇ ਨਾਲ-ਨਾਲ ਜੀਵਨ ਦੇ ਹਰ ਖੇਤਰ ’ਚ ਉਨ੍ਹਾਂ ਨਾਲ ਘੋਰ ਭੇਦਭਾਵ ਕੀਤਾ ਜਾ ਰਿਹਾ ਹੈ, ਜੋ ਬਹੁਤ ਹੀ ਚਿੰਤਾਜਨਕ ਹੈ।
—ਵਿਜੇ ਕੁਮਾਰ
‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਕਰ ਰਹੀਆਂ’ ਵਿਭਾਗ ਨੂੰ ਬਦਨਾਮ!
NEXT STORY