27 ਅਕਤੂਬਰ, 2026 ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜਲੰਧਰ ਦੀ ਯੁੱਗ-ਪਰਿਵਰਤਕ ਯਾਤਰਾ ਦੇ 75 ਸਾਲ ਪੂਰੇ ਹੋ ਗਏ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਯਾਤਰਾ ਦੌਰਾਨ ਉਹ ਨਾ ਸਿਰਫ ਸੇਠ ਕਿਸ਼ਨ ਦਾਸ ਦੇ ਨਿਵਾਸ ’ਤੇ ਠਹਿਰੇ ਅਤੇ ਉਨ੍ਹਾਂ ਨੂੰ ਮਿਲੇ, ਸਗੋਂ ਉਨ੍ਹਾਂ ਨੇ ਮੇਰੇ ਜੱਦੀ ਖੇਤਰ, ਬੂਟਾ ਮੰਡੀ—ਜੋ ਉਸ ਸਮੇਂ ਦੇ ਜਲੰਧਰ ਸ਼ਹਿਰ ਦੇ ਬਾਹਰੀ ਇਲਾਕੇ ’ਚ ਦਲਿਤਾਂ ਦਾ ਇਕ ਪ੍ਰਮੁੱਖ ਕੇਂਦਰ ਸੀ, ’ਚ ਇਕ ਵਿਸ਼ਾਲ ਜਨਸਭਾ ਨੂੰ ਵੀ ਸੰਬੋਧਨ ਕੀਤਾ।
ਇਸ ਵਿਸ਼ੇ ’ਤੇ ਲਿਖਣ ਦੀ ਮੇਰੀ ਪ੍ਰੇਰਣਾ ਬੂਟਾ ਮੰਡੀ ਦੇ ਅੰਬੇਡਕਰ ਭਵਨ ਵੱਲੋਂ ਇਸ ਯਾਤਰਾ ਨੂੰ 27 ਅਕਤੂਬਰ ਨੂੰ ‘ਸਮ੍ਰਿਤੀ ਦਿਵਸ’ ਵਜੋਂ ਮਨਾਉਣ ਦੇ ਫ਼ੈਸਲੇ ਤੋਂ ਜਾਗੀ ਅਤੇ ਇਹ ਪੂਰੀ ਤਰ੍ਹਾਂ ਉਚਿਤ ਵੀ ਹੈ। ਭਾਵੇਂ ਨੇਤਾ ਜੀ ਵੱਲੋਂ 27 ਅਕਤੂਬਰ ਨੂੰ ਬੂਟਾ ਮੰਡੀ ’ਚ (ਦੇਸ਼ ਦੇ ਉੱਭਰਦੇ ਸਿਆਸੀ ਦ੍ਰਿਸ਼ ’ਤੇ) ਅਤੇ 28 ਅਕਤੂਬਰ ਨੂੰ ਡੀ. ਏ. ਵੀ. ਕਾਲਜ ’ਚ (ਭਾਰਤ ’ਚ ਸੰਸਦੀ ਲੋਕਤੰਤਰ ਦੇ ਭਵਿੱਖ ’ਤੇ) ਦਿੱਤੇ ਭਾਸ਼ਣ ਚੰਗੀ ਤਰ੍ਹਾਂ ਦਸਤਾਵੇਜ਼ੀ ਰੂਪ ’ਚ ਦਰਜ ਹਨ ਅਤੇ ਅੱਜ ਵੀ ਓਨੇ ਹੀ ਢੁਕਵੇਂ ਹਨ ਜਿੰਨੇ 1951 ’ਚ ਆਜ਼ਾਦ ਭਾਰਤ ਗਣਰਾਜ ਦੇ ਉਦੈ ਸਮੇਂ ਸਨ, ਫਿਰ ਵੀ ਇਸ ਯਾਤਰਾ ਨਾਲ ਜੁੜੀਆਂ ਕੁਝ ਅਜਿਹੀਆਂ ਅਨਮੋਲ ਯਾਦਾਂ ਹਨ ਜਿਨ੍ਹਾਂ ਨੂੰ ਮੈਂ ਸਾਲਾਂ ਤੋਂ ਸੰਭਾਲ ਕੇ ਰੱਖਿਆ ਹੈ। ਜ਼ੁਬਾਨੀ ਇਤਿਹਾਸ ਦੇ ਇਕ ਅੰਸ਼ ਵਜੋਂ ਮੈਂ ਉਨ੍ਹਾਂ ’ਚੋਂ ਕੁਝ ਇੱਥੇ ਸਾਂਝੀਆਂ ਕਰ ਰਿਹਾ ਹਾਂ। ਬਾਬਾ ਸਾਹਿਬ ਅੰਬੇਡਕਰ ਦੀ ਜਲੰਧਰ ਦੀ ਇਹ ਇਤਿਹਾਸਕ ਯਾਤਰਾ ਬਦਲਦੇ ਸਮਾਜਿਕ-ਸਿਆਸੀ ਪਰਿਵੇਸ਼ ਦੇ ਇਕ ਅਤਿਅੰਤ ਮਹੱਤਵਪੂਰਨ ਦੌਰ ’ਚ ਹੋਈ ਸੀ।
ਅਕਤੂਬਰ 1951 ’ਚ ਬਾਬਾ ਸਾਹਿਬ ਦੀ ਜਲੰਧਰ ਯਾਤਰਾ, ਜਿਸ ਦੀ ਮੇਜ਼ਬਾਨੀ ਅਤੇ ਆਯੋਜਨ ਸੇਠ ਕਿਸ਼ਨ ਦਾਸ ਦੀ ਅਗਵਾਈ ’ਚ ਅਤੇ ਉਨ੍ਹਾਂ ਦੇ ਨੌਜਵਾਨ ਸਾਥੀਆਂ, ਕੇ ਸੁਲੇਖ, ਪ੍ਰੀਤਮ ਰਾਮਦਾਸਪੁਰੀ, ਭਾਗਮਲ ਪਾਗਲ, ਕਰਤਾਰਾ ਰਾਮ ਮੜ੍ਹਾਸ ਸਮੇਤ ਹੋਰਨਾਂ ਦੇ ਸਹਿਯੋਗ ਨਾਲ ਏ. ਆਈ. ਐੱਸ. ਸੀ. ਐੱਫ. ਦੀ ਪੰਜਾਬ ਇਕਾਈ ਵੱਲੋਂ ਕੀਤਾ ਗਿਆ ਸੀ, ਇਸੇ ਪ੍ਰਕਿਰਿਆ ਅਤੇ ਟੀਚੇ ਨੂੰ ਅੱਗੇ ਵਧਾਉਣ ਲਈ ਸੀ।
ਇਸ ਯਾਤਰਾ ਨਾਲ ਜੁੜੀਆਂ ਕੁਝ ਯਾਦਾਂ ਅਤੇ ਦਿਲਚਸਪ ਤੱਥ:
ਬਾਬਾ ਸਾਹਿਬ ਅੰਮ੍ਰਿਤਸਰ ਦੇ ਰਾਜਾਸਾਂਸੀ (ਹੁਣ ਸ੍ਰੀ ਗੁਰੂ ਰਾਮਦਾਸ ਜੀ) ਹਵਾਈ ਅੱਡੇ ’ਤੇ ਉੱਤਰੇ। ਉੱਥੇ ਉਨ੍ਹਾਂ ਦੇ ਪੈਰੋਕਾਰਾਂ, ਜਿਨ੍ਹਾਂ ’ਚ ਜ਼ਿਆਦਾਤਰ ਦਲਿਤ ਭਾਈਚਾਰੇ ਦੇ ਸਨ, ਵੱਲੋਂ ਉਨ੍ਹਾਂ ਦਾ ਅਜਿਹਾ ਬੇਮਿਸਾਲ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਜੋ ਕਿਸੇ ਆਮ ਨਾਗਰਿਕ ਲਈ ਕਲਪਨਾ ਤੋਂ ਪਰੇ ਸੀ। ਏ. ਆਈ. ਐੱਸ. ਸੀ. ਐੱਫ. ਨੇ ਸੜਕੀ ਮਾਰਗ ਤੋਂ ਜਲੰਧਰ ਜਾਣ ਦੇ ਸਾਰੇ ਪ੍ਰਬੰਧ ਕੀਤੇ ਸਨ। ਮੇਰੇ ਸਾਥੀ ਬੂਟਾ ਮੰਡੀ ਵਾਸੀ ਅਤੇ ਸੇਠ ਕਿਸ਼ਨ ਦਾਸ ਦੇ ਭਤੀਜੇ ਪ੍ਰੀਤਮ ਰਾਮਦਾਸਪੁਰੀ ਉਨ੍ਹਾਂ ਨੂੰ ਆਪਣੀ ਨਿੱਜੀ ਸੈਲੂਨ ਕਾਰ ’ਚ ਲੈ ਕੇ ਆਏ। ਸੁਰੱਖਿਆ ਸਥਿਤੀ ਨੂੰ ਵੇਖਦਿਆਂ, ਸਮਰਪਿਤ ਵਰਕਰ ਪ੍ਰੀਤਮ ਰਾਮਦਾਸਪੁਰੀ ਨਿੱਜੀ ਰਿਵਾਲਵਰ ਨਾਲ ਲੈਸ ਸਨ। ਹਵਾਈ ਅੱਡੇ ’ਤੇ ਸਵਾਗਤੀ ਲਾਈਨ ’ਚ ਬਾਬਾ ਸਾਹਿਬ ਦੇ ਚਰਨ ਛੂਹਣ ਵਾਲੇ ਨੌਜਵਾਨਾਂ ’ਚ ਡਾ. ਭਗਤ ਸਿੰਘ ਵੀ ਸ਼ਾਮਲ ਸਨ।
ਸੜਕੀ ਮਾਰਗ ਦੀ ਇਹ ਯਾਤਰਾ ਵੱਧ ਤੋਂ ਵੱਧ 2 ਘੰਟਿਆਂ ਦੀ ਹੋਣੀ ਚਾਹੀਦੀ ਸੀ ਪਰ ਇਸ ’ਚ 6 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਾ। ਜਨਤਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਅੰਬੇਡਕਰ ਸਾਹਿਬ ਦੇ ਕਾਫ਼ਲੇ ਨੂੰ ਕਈ ਥਾਵਾਂ ’ਤੇ ਯੋਜਨਾਬੱਧ ਅਤੇ ਸੁਭਾਵਿਕ ਰੂਪ ’ਚ ਰੁਕਣਾ ਪਿਆ। ਲੋਕ ਇੰਨੇ ਭਾਵੁਕ ਸਨ ਕਿ ਉਹ ਸਮਕਾਲੀ ਭਾਰਤ ਦੇ ਮਹਾਨ ਸਪੂਤਾਂ ’ਚੋਂ ਇਕ ਦੀ ਝਲਕ ਪਾਉਣ ਲਈ ਇਕ-ਦੂਜੇ ’ਤੇ ਡਿੱਗਦੇ ਜਾ ਰਹੇ ਸਨ।
ਮੇਰੇ ਪਿਤਾ ਸੋਢੀ ਰਾਮ, ਜੋ ਉਸ ਸਮੇਂ ਲਗਭਗ 25 ਸਾਲ ਦੇ ਨੌਜਵਾਨ ਸਨ ਅਤੇ ਫੰਡ ਇਕੱਠਾ ਕਰਨ ਵਾਲੇ ਇਕ ਨੌਜਵਾਨ ਵਲੰਟੀਅਰ ਵਜੋਂ ਇਸ ਯਾਤਰਾ ਨਾਲ ਜੁੜੇ ਸਨ, ਨੇ ਮੈਨੂੰ ਦੱਸਿਆ ਕਿ ਬੂਟਾ ਮੰਡੀ ਦੇ ਗੁਰੂ ਰਵਿਦਾਸ ਗੁਰਦੁਆਰੇ ਤੋਂ ਲੈ ਕੇ ਅੰਬੇਡਕਰ ਭਵਨ ਤੱਕ, ਆਸ-ਪਾਸ ਦੀ ਵਿਸ਼ਾਲ ਖੇਤੀਬਾੜੀ ਜ਼ਮੀਨ ’ਚ 7 ਲੱਖ ਤੋਂ ਵੱਧ ਲੋਕ ਦੱਬੇ-ਕੁਚਲੇ ਅਤੇ ਸ਼ੋਸ਼ਿਤ ਜਨ-ਸਮੂਹ ਦੇ ਮਸੀਹਾ ਨੂੰ ਵੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮੈਨੂੰ ਲੱਗਦਾ ਹੈ ਕਿ ਜਲੰਧਰ ਨੇ ਆਪਣੇ ਸਦੀਆਂ ਦੇ ਇਤਿਹਾਸ ’ਚ ਅਜਿਹਾ ਵਿਸ਼ਾਲ ਜਨ-ਸੈਲਾਬ ਕਦੇ ਨਹੀਂ ਵੇਖਿਆ ਸੀ।
ਸਨਮਾਨਿਤ ਮਹਿਮਾਨ ਲਈ ਜਲੰਧਰ ਦੇ ਨੇੜੇ ਸਥਿਤ ਇਕ ਛੋਟੇ ਜਿਹੇ ਕਸਬੇ ਕਰਤਾਰਪੁਰ ਤੋਂ ਗੁਰੂਆਂ ਦੀ ਇਕ ਵਿਸ਼ੇਸ਼ ਅਤੇ ਖ਼ਾਸ ਕੁਰਸੀ (ਚਾਂਦੀ ਦੀ ਬਣੀ) ਲਿਆਂਦੀ ਗਈ ਸੀ ਪਰ ਬਾਬਾ ਸਾਹਿਬ ਨੇ ਇਸ ਦਲੀਲ ਨਾਲ ਉਸ ਕੁਰਸੀ ’ਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਕ ਸਾਧਾਰਨ ਵਿਅਕਤੀ ਹਨ ਅਤੇ ਗ਼ਰੀਬ ਤੇ ਬੇਸਹਾਰਾ ਲੋਕਾਂ ਦੇ ਨਿਮਾਨੇ ਪ੍ਰਤੀਨਿਧੀ ਹਨ ਪਰ ਆਯੋਜਕਾਂ ਦੇ ਬਹੁਤ ਬੇਨਤੀ ’ਤੇ ਉਨ੍ਹਾਂ ਨੂੰ ਮੰਨਣਾ ਪਿਆ, ਕਿਉਂਕਿ ਆਯੋਜਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਬਾਬਾ ਸਾਹਿਬ ਕਿਸੇ ਵੀ ਹੋਰ ਵਿਅਕਤੀ ਨਾਲੋਂ ਵੱਧ ਆਦਰਯੋਗ ਹਨ।
ਉਸ ਸਮੇਂ ਦੇ ਸਾਡੇ ਪੁਰਖੇ ਦੂਰਦਰਸ਼ੀ ਲੋਕਾਂ ਦਾ ਸਮੂਹ ਸਨ। ਇਹ ਫ਼ੈਸਲਾ ਲਿਆ ਗਿਆ ਕਿ ਆਦਰਯੋਗ ਮਹਿਮਾਨ ਨੂੰ 1100 ਰੁਪਏ ਦੀ ਇਕ ਪ੍ਰਤੀਕਾਤਮਕ ਰਾਸ਼ੀ ਦੀ ਥੈਲੀ ਭੇਟ ਕੀਤੀ ਜਾਵੇ। ਇਸ ਤੱਥ ਦੇ ਬਾਵਜੂਦ ਕਿ ਬੂਟਾ ਮੰਡੀ ਦੇ ਪ੍ਰਸਿੱਧ ਸਮਾਜਿਕ-ਸਿਆਸੀ ਵਰਕਰ ਸੇਠ ਸੁੰਦਰ ਦਾਸ ਕਾਂਗਰਸ ਪਾਰਟੀ ਦੇ ਸਮਰਥਕ ਸਨ, ਸੇਠ ਕਿਸ਼ਨ ਦਾਸ ਦੀ ਅਗਵਾਈ ’ਚ ਏ. ਆਈ. ਐੱਸ. ਸੀ. ਐੱਫ. ਦੇ ਆਯੋਜਕਾਂ ਨੇ ਸੇਠ ਸੁੰਦਰ ਦਾਸ ਨੂੰ ਉਹ ਥੈਲੀ ਸੌਂਪਣ ਦੇ ਸਨਮਾਨ ਲਈ ਚੁਣਿਆ, ਕਿਉਂਕਿ ਅੰਬੇਡਕਰ ਭਾਈਚਾਰੇ ਲਈ ਸਿਆਸੀ ਮਤਭੇਦਾਂ ਤੋਂ ਕਿਤੇ ਉੱਪਰ ਇਕ ਆਦਰਸ਼ ਸਨ। ਸੇਠ ਸੁੰਦਰ ਦਾਸ ਨੇ ਵੀ ਪੂਰੀ ਉਦਾਰਤਾ ਨਾਲ ਸਹਿਮਤੀ ਪ੍ਰਗਟਾਈ ਅਤੇ ਇਸ ਕੰਮ ਨੂੰ ਸ਼ਾਲੀਨਤਾ ਨਾਲ ਸੰਪੂਰਨ ਕੀਤਾ।
ਅੰਬੇਡਕਰ ਨੇ ਸ਼ਾਮ ਲਗਭਗ 4 ਵਜੇ ਰੈਲੀ ਨੂੰ ਸੰਬੋਧਨ ਕੀਤਾ। ਉਹ ਅਜਿਹੀ ਭਾਸ਼ਾ ’ਚ ਬੋਲੇ ਜਿਸ ਨੂੰ ਆਮ ਲੋਕ ਆਸਾਨੀ ਨਾਲ ਸਮਝ ਸਕਦੇ ਸਨ। ਉਨ੍ਹਾਂ ਦੀ ਸ਼ੈਲੀ ਪਰਿਵਾਰ ਦੇ ਕਿਸੇ ਬਜ਼ੁਰਗ ਵੱਲੋਂ ਛੋਟੇ ਮੈਂਬਰਾਂ ਨੂੰ ਸਮਝਾਉਣ ਵਰਗੀ ਸੀ। ਅੰਬੇਡਕਰ ਦੇ ਨਾਲ ਉਨ੍ਹਾਂ ਦੀ ਪਤਨੀ ਸਵਿਤਾ ਅੰਬੇਡਕਰ, ਸੇਠ ਕਿਸ਼ਨ ਦਾਸ, ਆਰ. ਸੀ. ਪਾਲ (ਸਕੱਤਰ, ਐੱਸ. ਸੀ. ਐੱਫ.) ਅਤੇ ਹੋਰ ਲੋਕ ਮੌਜੂਦ ਸਨ। ਅੰਬੇਡਕਰ ਇੰਨੇ ਲੋਕਪ੍ਰਿਯ ਸਨ ਕਿ ਲੋਕ ਉਨ੍ਹਾਂ ਦੇ ਨੇੜੇ ਆਉਣ, ਉਨ੍ਹਾਂ ਨੂੰ ਛੂਹਣ ਲਈ ਬੇਤਾਬ ਸਨ। ਉਹ ਲਗਭਗ ਡੇਢ ਘੰਟੇ ਤੱਕ ਬੋਲੇ। ਸਰੋਤਿਆਂ ਨੇ ਉਨ੍ਹਾਂ ਨੂੰ ਮੰਤਰਮੁਗਧ ਹੋ ਕੇ ਸੁਣਿਆ। ਹਵਾ ’ਚ ਸਿਰਫ ਉਨ੍ਹਾਂ ਦੀ ਆਵਾਜ਼ ਗੂੰਜ ਰਹੀ ਸੀ।
ਸ਼ਾਮ ਨੂੰ ਬਾਬਾ ਸਾਹਿਬ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਅੰਬੇਡਕਰ ਸਮੇਤ ਉਨ੍ਹਾਂ ਦੇ ਸਾਥੀਆਂ ਨੇ ਸੇਠ ਕਿਸ਼ਨ ਦਾਸ ਦੇ ਨਿਵਾਸ, ਜਿਸ ਨੂੰ ਸਥਾਨਕ ਰੂਪ ’ਚ 'ਕਿਸ਼ਨ ਦਾਸ ਦਾ ਚੁਬਾਰਾ' ਕਿਹਾ ਜਾਂਦਾ ਸੀ, ਦਾ ਦੌਰਾ ਕੀਤਾ ਅਤੇ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕੀਤੀ।
ਭਾਸ਼ਣ ਦੀ ਗੱਲ ਕਰੀਏ ਤਾਂ, ਇਹ ਸਮਾਜ ਦੇ ਹਾਸ਼ੀਏ ’ਚ ਮੌਜੂਦ ਵਰਗਾਂ ਲਈ ਇਕਜੁੱਟ ਹੋ ਕੇ ਸਿਆਸੀ ਸੱਤਾ ਹਾਸਲ ਕਰਨ ਦਾ ਇਕ ਸਪਸ਼ਟ ਸੱਦਾ ਸੀ। ਉਨ੍ਹਾਂ ਕਿਹਾ : ‘ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਸਿਆਸੀ ਸੱਤਾ ਤੋਂ ਬਿਨਾਂ ਅਸੀਂ ਇਸ ਦੁਨੀਆ ’ਚ ਵਜੂਦ ’ਚ ਨਹੀਂ ਰਹਿ ਸਕਦੇ। ਅਸੀਂ ਸੂਬਾਈ ਵਿਧਾਨ ਸਭਾਵਾਂ ਅਤੇ ਕੇਂਦਰੀ ਸੰਸਦ ’ਚ ਸੀਟਾਂ ਦਾ ਰਾਖਵਾਂਕਰਨ ਸੁਰੱਖਿਅਤ ਕਰ ਲਿਆ ਹੈ ਪਰ ਇਹ ਸਿਰਫ 10 ਸਾਲਾਂ ਲਈ ਹੈ ਅਤੇ ਕੋਈ ਨਹੀਂ ਕਹਿ ਸਕਦਾ ਕਿ 10 ਸਾਲਾਂ ਤੋਂ ਬਾਅਦ ਕੀ ਹੋਵੇਗਾ।
ਜੇਕਰ ਸਾਡੇ ਸੱਚੇ ਨੁਮਾਇੰਦੇ ਵਿਧਾਨ ਸਭਾਵਾਂ ਅਤੇ ਸੰਸਦ ’ਚ ਨਹੀਂ ਭੇਜੇ ਗਏ, ਤਾਂ ਸਾਡੇ ਸਾਰੇ ਯਤਨ ਵਿਅਰਥ ਹੋ ਜਾਣਗੇ ਪਰ ਜੇਕਰ ਉਹ ਭੇਜੇ ਜਾਂਦੇ ਹਨ ਤਾਂ ਕੁਝ ਹਾਂਪੱਖੀ ਨਤੀਜਾ ਨਿਕਲੇਗਾ।
ਸਰੋਤਿਆਂ ਦੀਆਂ ਗੜਗੜਾਉਂਦੀ ਤਾੜੀਆਂ ਵਿਚਾਲੇ ਉਨ੍ਹਾਂ ਸਿੱਟਾ ਕੱਢਦਿਆਂ ਕਿਹਾ: 'ਅੰਤ ’ਚ, ਮੈਂ ਤੁਹਾਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਸਿਰਫ ਇਕ ਹੀ ਪਾਰਟੀ ਹੈ ਜੋ ਅਨੁਸੂਚਿਤ ਜਾਤੀਆਂ ਲਈ ਕੁਝ ਕਰ ਸਕਦੀ ਹੈ ਅਤੇ ਉਹ ਹੈ ਸ਼ੈਡਿਊਲਡ ਕਾਸਟਸ ਫੈੱਡਰੇਸ਼ਨ। ਮੈਂ ਤੁਹਾਡੇ ਲਈ ਘਰ ਬਣਾ ਦਿੱਤਾ ਹੈ ਅਤੇ ਹੁਣ ਇਸ ਨੂੰ ਸਹੀ ਸਥਿਤੀ ’ਚ ਬਣਾਈ ਰੱਖਣਾ ਤੁਹਾਡਾ ਕੰਮ ਹੈ।
ਬਾਬਾ ਸਾਹਿਬ ਅੰਬੇਡਕਰ ਦੀ ਇਸ ਯਾਤਰਾ ਨਾਲ ਸੰਬੰਧਤ ਜ਼ੁਬਾਨੀ ਇਤਿਹਾਸ ਦਾ ਇਹ ਵਿਸਤ੍ਰਿਤ ਵੇਰਵਾ ਇਤਿਹਾਸਕ ਰਿਕਾਰਡਾਂ ਨੂੰ ਖੁਸ਼ਹਾਲ ਕਰਨ ਅਤੇ 75 ਸਾਲਾਂ ਤੋਂ ਬਾਅਦ ਇਸ ਮੌਕੇ ਨੂੰ ਯਾਦ ਕਰਦਿਆਂ ਨੌਜਵਾਨ ਵਿਦਵਾਨਾਂ ਤੇ ਖੋਜਕਰਤਾਵਾਂ ਦੇ ਲਾਭ ਦੇ ਉਦੇਸ਼ ਨਾਲ ਲਿਖਿਆ ਗਿਆ ਹੈ। ਅੰਬੇਡਕਰ ਅਤੇ ਉਨ੍ਹਾਂ ਦੀ ਵਿਰਾਸਤ ਆਉਣ ਵਾਲੇ ਸਾਲਾਂ ’ਚ ਵੀ ਸਦਾ ਜ਼ਿੰਦਾ ਰਹੇਗੀ।
-ਰਮੇਸ਼ ਚੰਦਰ
ਖ਼ੈਬਰ ਪਖ਼ਤੂਨਖ਼ਵਾ ’ਚ ਇਮਰਾਨ ਖ਼ਾਨ ਦੀ ਪੀ. ਟੀ. ਆਈ. ਲਈ ਪ੍ਰੀਖਿਆ
NEXT STORY