ਘੋਰ ਅਵਿਵਸਥਾ ਦੀਆਂ ਸ਼ਿਕਾਰ ਭਾਰਤੀ ਜੇਲਾਂ ’ਚੋਂ 2024 ’ਚ 178 ਕੈਦੀ ਫ਼ਰਾਰ ਹੋਏ। ਇਨ੍ਹਾਂ ’ਚੋਂ 39 ਕੈਦੀ ਜੇਲਾਂ ਦੇ ਅੰਦਰੋਂ, 65 ਕੈਦੀ ਪੁਲਸ ਹਿਰਾਸਤ ’ਚੋਂ ਅਤੇ 74 ਕੈਦੀ ਜੇਲਾਂ ਦੇ ਬਾਹਰੋਂ ਫ਼ਰਾਰ ਹੋਏ।
ਇਹ ਮਾੜਾ ਚੱਕਰ ਅਜੇ ਵੀ ਰੁਕਿਆ ਨਹੀਂ ਹੈ ਅਤੇ ਜੇਲਾਂ ’ਚ ਵੱਖ-ਵੱਖ ਦੋਸ਼ਾਂ ਹੇਠ ਬੰਦ ਕੈਦੀਆਂ ਦੇ ਫ਼ਰਾਰ ਹੋਣ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਹਨ, ਜੋ ਇਸ ਸਾਲ ਸਾਹਮਣੇ ਆਈਆਂ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :
* 2 ਜਨਵਰੀ ਨੂੰ ‘ਹਜ਼ਾਰੀਬਾਗ’ (ਝਾਰਖੰਡ) ਸਥਿਤ ਹਾਈ ਸਕਿਓਰਿਟੀ ਜੇਲ, ਜਿੱਥੇ ਅਨੇਕਾਂ ਨਕਸਲੀ ਅਤੇ ਹਾਈ ਪ੍ਰੋਫਾਈਲ ਕੈਦੀ ਬੰਦ ਹਨ, ਤੋਂ ਆਪਣੀ ਕੋਠੜੀ ਦੀ ਖਿੜਕੀ ਦੀਆਂ ਸੀਖਾਂ ਕੱਟ ਕੇ ‘ਪੋਕਸੋ ਐਕਟ’ (ਲਿੰਗਿਕ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ) ਅਤੇ ‘ਸਮੂਹਿਕ ਜਬਰ-ਜ਼ਨਾਹ’ ਦੇ ਦੋਸ਼ ’ਚ ਬੰਦ 2 ਕੈਦੀ ਫਰਾਰ ਹੋ ਗਏ।
* 4 ਜਨਵਰੀ ਨੂੰ ‘ਅਨੌਗੀ’ (ਕਨੌਜ, ਉੱਤਰ ਪ੍ਰਦੇਸ਼) ਸਥਿਤ ਜ਼ਿਲਾ ਜੇਲ ’ਚ ਚੋਰੀ ਅਤੇ ‘ਪੋਕਸੋ ਐਕਟ’ (ਲਿੰਗਿਕ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ) ਅਧੀਨ ਬੰਦ 2 ਵਿਚਾਰਅਧੀਨ ਕੈਦੀ ਆਪਣੀ ਬੈਰਕ ਦੇ ਬਾਥਰੂਮ ਦੀ ਖਿੜਕੀ ਦਾ ਸਰੀਆ ਤੋੜ ਕੇ ਬਾਹਰ ਨਿਕਲੇ ਅਤੇ ਫਿਰ ਜੇਲ ਦੇ ਕੰਬਲਾਂ ਤੇ ਚਾਦਰਾਂ ਨੂੰ ਆਪਸ ’ਚ ਬੰਨ੍ਹ ਕੇ ਇਕ ਲੰਮੀ ਰੱਸੀ ਬਣਾ ਕੇ ਕੰਧ ਟੱਪ ਕੇ ਫ਼ਰਾਰ ਹੋ ਗਏ।
ਭੱਜਣ ਦੌਰਾਨ ਕੰਧ ਤੋਂ ਡਿੱਗਣ ਕਾਰਨ ਇਕ ਕੈਦੀ ਜ਼ਖਮੀ ਹੋ ਗਿਆ, ਜਿਸ ਨੂੰ ਪੁਲਸ ਨੇ ਫੜ ਲਿਆ ਪਰ ਦੂਜਾ ਕੈਦੀ ਹੱਥ ਨਹੀਂ ਆਇਆ। ਇਸ ਲਾਪ੍ਰਵਾਹੀ ਲਈ ਜੇਲਰ ਅਤੇ ਡਿਪਟੀ ਜੇਲਰ ਸਮੇਤ 5 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ।
* 17 ਫ਼ਰਵਰੀ ਨੂੰ ‘ਜੰਮੂ ਬਾਲ ਸੁਧਾਰ ਘਰ’ ’ਚ ਬੰਦ 2 ਪਾਕਿਸਤਾਨੀ ਬਾਲ ਕੈਦੀ ਅਤੇ ਇਕ ਭਾਰਤੀ ਕੈਦੀ ਪਿਸਤੌਲ ਨਾਲ ਤਾਬੜਤੋੜ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ ਜਿਨ੍ਹਾਂ ’ਚੋਂ 2 ਨੂੰ ਬਾਅਦ ’ਚ ਫੜ ਲਿਆ ਗਿਆ। ਕੈਦੀਆਂ ਦੇ ਹਮਲੇ ਨਾਲ ਇਕ ਐੱਸ. ਪੀ. ਓ. ‘ਵਿਨੈ ਕੁਮਾਰ’ ਤੇ ਹੈੱਡ ਕਾਂਸਟੇਬਲ ‘ਪ੍ਰਵੀਨ ਕੁਮਾਰ’ ਜ਼ਖਮੀ ਹੋ ਗਏ।
* 28 ਮਾਰਚ ਨੂੰ ‘ਰੇਵਾੜੀ’ (ਹਰਿਆਣਾ) ਦੇ ‘ਫਿਦੇੜੀ ਪਿੰਡ’ ’ਚ ਨਵ-ਨਵੀਂ ਬਣੀ ਹਾਈਟੈੱਕ ਜ਼ਿਲਾ ਜੇਲ ਦੀ ਸੁਰੱਖਿਆ ’ਚ ਸੰਨ੍ਹ ਲਾ ਕੇ ਉੱਤਰ ਪ੍ਰਦੇਸ਼ ਦੇ 2 ਵਿਚਾਰਅਧੀਨ ਕੈਦੀ ‘ਜ਼ਾਹਿਦ’ ਅਤੇ ‘ਫ਼ੈਜ਼ਾਨ’ ਪੌੜੀ ਦੀ ਸਹਾਇਤਾ ਨਾਲ ਕੰਧ ਟੱਪ ਕੇ ਫ਼ਰਾਰ ਹੋ ਗਏ ਜਿਨ੍ਹਾਂ ਨੂੰ ਪੁਲਸ ਨੇ ਬਾਅਦ ’ਚ ਦੁਬਾਰਾ ਗ੍ਰਿਫ਼ਤਾਰ ਕਰ ਲਿਆ।
* 22 ਜੂਨ ਨੂੰ ਸਵੇਰ ਦੇ ਸਮੇਂ ‘ਬਰੇਲੀ’ (ਉੱਤਰ ਪ੍ਰਦੇਸ਼) ਦੀ ਸੈਂਟਰਲ ਜੇਲ ’ਚ ‘ਪੋਕਸੋ ਐਕਟ’ ਅਤੇ ਜਬਰ-ਜ਼ਨਾਹ ਦੇ ਦੋਸ਼ ਹੇਠ ਉਮਰਕੈਦ ਦੀ ਸਜ਼ਾ ਕੱਟ ਰਿਹਾ ਕੈਦੀ ‘ਦਿਨੇਸ਼ ਕੁਮਾਰ’ ਜੇਲ ਕੰਪਲੈਕਸ ਦੇ ਐਗਰੀਕਲਚਰ ਫ਼ਾਰਮ ’ਚ ਕੰਮ ਕਰਨ ਦੌਰਾਨ ਉੱਥੇ ਤਾਇਨਾਤ 10 ਸੁਰੱਖਿਆ ਕਰਮਚਾਰੀਆਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਫ਼ਰਾਰ ਹੋ ਗਿਆ।
* 26 ਸਤੰਬਰ ਨੂੰ ਦੇਰ ਸ਼ਾਮ ‘ਅਰਰੀਆ’ (ਬਿਹਾਰ) ਦੀ ਜ਼ਿਲਾ ਜੇਲ ’ਚ ਚੋਰੀ ਦੇ ਦੋਸ਼ ’ਚ ਬੰਦ ਇਕ ਕੈਦੀ ਸੁਰੱਖਿਆ ’ਚ ਤਾਇਨਾਤ ਕਰਮਚਾਰੀਆਂ ਨੂੰ ਚਕਮਾ ਦੇ ਕੇ ਜੇਲ ਦੀ ਛੱਤ ਤੱਕ ਜਾ ਪਹੁੰਚਿਆ ਅਤੇ ਉੱਥੋਂ ਪਾਣੀ ਦੀ ਪਲਾਸਟਿਕ ਦੀ ਪਾਈਪ ਦੇ ਸਹਾਰੇ ਹੇਠਾਂ ਉੱਤਰ ਕੇ ਕੰਧ ਟੱਪ ਕੇ ਭੱਜ ਗਿਆ।
* 22-23 ਅਕਤੂਬਰ ਨੂੰ ‘ਚੇਨਈ’ (ਤਾਮਿਲਨਾਡੂ) ਦੀ ਹਾਈ-ਸਕਿਓਰਿਟੀ ਵਾਲੀ ‘ਪੁਝਲ’ ਜੇਲ ਤੋਂ ਲਗਾਤਾਰ 2 ਦਿਨਾਂ ’ਚ 2 ਵੱਖ-ਵੱਖ ਕੈਦੀ ਫ਼ਰਾਰ ਹੋ ਗਏ।
* ਅਤੇ ਹੁਣ 26 ਅਕਤੂਬਰ ਨੂੰ ‘ਥੇਨੀ’ (ਤਾਮਿਲਨਾਡੂ) ਜ਼ਿਲੇ ਦੀ ‘ਥੇਕਮਪੱਟੀ’ ਸਬ-ਜੇਲ ’ਚ 17 ਵਿਚਾਰਅਧੀਨ ਕੈਦੀਆਂ ਨੇ ਆਪਣੇ ਇਕ ਸਾਥੀ ਨੂੰ ‘ਮਿਰਗੀ ਦਾ ਦੌਰਾ’ ਪੈਣ ਦਾ ਨਾਟਕ ਕਰਵਾਇਆ ਅਤੇ ਜਿਵੇਂ ਹੀ ਜੇਲ ਦੇ ਸੁਰੱਖਿਆ ਕਰਮਚਾਰੀ ਮਦਦ ਲਈ ਦਰਵਾਜ਼ਾ ਖੋਲ੍ਹ ਕੇ ਅੰਦਰ ਗਏ, ਤਾਂ ਕੈਦੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਖ਼ੁਦ ਫ਼ਰਾਰ ਹੋ ਗਏ। ਇਸ ਘਟਨਾ ’ਚ ਜੇਲ ਦੇ ਕੁਝ ਸੁਰੱਖਿਆ ਕਰਮਚਾਰੀ ਵੀ ਜ਼ਖਮੀ ਹੋ ਗਏ।
ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਜੰਗਲ ਅਤੇ ਝਾੜੀਆਂ ’ਚ ਲੁਕੇ ਫ਼ਰਾਰ 17 ’ਚੋਂ 13 ਕੈਦੀਆਂ ਨੂੰ ਦੁਬਾਰਾ ਫੜ ਲਿਆ। ਇਸ ਮਾਮਲੇ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ 9 ਜੇਲ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ।
ਭਾਰਤ ’ਚ ਜੇਲਾਂ ਤੋਂ ਫ਼ਰਾਰੀ ਦੀਆਂ ਘਟਨਾਵਾਂ ਮੁੱਖ ਤੌਰ ’ਤੇ ਜੇਲਾਂ ਦੀ ਸਮਰੱਥਾ ਤੋਂ ਵੱਧ ਭੀੜ, ਕਮਜ਼ੋਰ ਬੁਨਿਆਦੀ ਢਾਂਚੇ ਅਤੇ ਨੁਕਸ ਭਰਪੂਰ ਸੁਰੱਖਿਆ ਵਿਵਸਥਾ ਕਾਰਨ ਹੁੰਦੀਆਂ ਹਨ। ਹਾਲਾਂਕਿ ਅਜਿਹੀ ਹਰੇਕ ਘਟਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਵੱਧ ਮਜ਼ਬੂਤ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਉਨ੍ਹਾਂ ਕਥਿਤ ਦਾਅਵਿਆਂ ਦਾ ਕੋਈ ਨਤੀਜਾ ਨਜ਼ਰ ਨਹੀਂ ਆਉਂਦਾ।
ਕਿਉਂ ਕਿ ਇਹ ਸਭ ਜੇਲਾਂ ’ਚ ਕੈਦੀਆਂ ਦੀ ਸੁਰੱਖਿਆ ’ਚ ਤਾਇਨਾਤ ਕਰਮਚਾਰੀਆਂ ਦੀ ਖੁੰਝ, ਲਾਪ੍ਰਵਾਹੀ ਜਾਂ ਮਿਲੀਭਗਤ ਦਾ ਹੀ ਸਬੂਤ ਹੈ, ਇਸ ਲਈ ਜੇਲਾਂ ਦੀ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ, ਸੁਰੱਖਿਆ ਸਟਾਫ਼ ਨੂੰ ਵਧੇਰੇ ਚੁਸਤ ਕਰਨ, ਜਵਾਬਦੇਹ ਬਣਾਉਣ ਅਤੇ ਦੋਸ਼ੀ ਸਟਾਫ਼ ਨੂੰ ਸਖ਼ਤ ਸਜ਼ਾ ਦੇਣ ਦੀ ਲੋੜ ਹੈ!
-ਵਿਜੇ ਕੁਮਾਰ
ਭੂਟਾਨ: ਖੁਸ਼ੀਆਂ ਇੱਥੇ ਵਸਦੀਆਂ ਹਨ
NEXT STORY