ਕਈ ਸਾਲਾਂ ਤੋਂ ਗੰਗਾ ਦੀ ਸਫਾਈ ਦੇ ਨਾਂ ’ਤੇ ਕੇਂਦਰ ਅਤੇ ਸਬੰਧਤ ਸੂਬਿਆਂ ਦੇ ਪੱਧਰ ’ਤੇ ਕਈ ਯਤਨ ਕੀਤੇ ਜਾ ਚੁੱਕੇ ਹਨ। ਕਈ ਦਹਾਕੇ ਬੀਤ ਜਾਣ ’ਤੇ ਵੀ ਗੰਗਾ ਦੀ ਮੁਕੰਮਲ ਸਫਾਈ ਦੀਆਂ ਕਈ ਵੱਡੀਆਂ ਮੁਹਿੰਮਾਂ ਗੰਗੋਤਰੀ ’ਚੋਂ ਨਿਕਲਣ ਵਾਲੀ ਪਵਿੱਤਰ ਗੰਗਾ ਅਤੇ ਸਾਗਰ ’ਚ ਮਿਲਣ ਵਾਲੀ ਅਸ਼ੁੱਧ ਗੰਗਾ ਦਾ ਫਰਕ ਖਤਮ ਨਹੀਂ ਕਰ ਸਕੀਆਂ। ਗੰਗਾ ਦੇ ਬਾਰੇ ’ਚ ਵਿਚਾਰ ਕਰਨ ਤੋਂ ਪਹਿਲਾਂ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗੰਗਾ ਸਾਡੇ ਦੇਸ਼ ਲਈ ਕਿਸ ਤਰ੍ਹਾਂ ਮਹੱਤਵਪੂਰਨ ਹੈ। ਦੇਸ਼ ਦਾ ਬਹੁਗਿਣਤੀ ਹਿੰਦੂ ਭਾਈਚਾਰਾ ਗੰਗਾ ਨੂੰ ਮਾਂ ਦੇ ਵਾਂਗ ਮੰਨ ਕੇ ਪੂਜਾ ਕਰਦਾ ਹੈ। ਗੰਗਾ ਜਲ ਦੀ ਵਰਤੋਂ ਸਾਰੀਆਂ ਧਾਰਮਿਕ ਰਸਮਾਂ ’ਚ ਅਤੇ ਜ਼ਿੰਦਗੀ ਦੀ ਅੰਤਿਮ ਯਾਤਰਾ ਤੱਕ ਕੀਤੀ ਜਾਂਦੀ ਹੈ। ਗੰਗਾ ’ਚ ਸਨਾਨ ਨੂੰ ਇਕ ਮਹਾਨ ਧਾਰਮਿਕ ਕਾਰਜ ਮੰਨਿਆ ਜਾਂਦਾ ਹੈ। ਹਿੰਦੂਆਂ ਦੇ ਇਨ੍ਹਾਂ ਸਾਰੇ ਭਰੋਸਿਆਂ ਅਤੇ ਮਾਨਤਾਵਾਂ ਨੂੰ ਭਾਈਚਾਰਕ ਕਹਿ ਕੇ ਸੀਮਤ ਨਹੀਂ ਕੀਤਾ ਜਾ ਸਕਦਾ। ਗੰਗਾ ਜਲ ਆਪਣੇ ਆਪ ’ਚ ਇਕ ਮਹਾਨ ਔਸ਼ਧੀ ਸਿੱਧ ਹੋ ਚੁੱਕੀ ਹੈ। ਗੌਮੁਖ ਤੋਂ ਹਿਮਾਲਿਆ ਪਰਬਤ ਦੀਆਂ ਅਣਗਿਣਤ ਪਹਾੜੀਆਂ ’ਚੋਂ ਨਿਕਲਣ ਵਾਲੀ ਮਾਂ ਗੰਗਾ ਦਾ ਜਲ ਕਈ ਤੱਤਾਂ ਦੀ ਛੋਹ ਨਾਲ ਔਸ਼ਧੀ ਬਣਨ ਦੀ ਯੋਗਤਾ ਪ੍ਰਾਪਤ ਕਰਦਾ ਹੈ।
ਗੰਗਾ ਜਲ ਦੇ ਇਸ ਔਸ਼ਧੀ ਗੁਣਾਂ ਕਾਰਨ ਗੰਗਾ ਜਲ ’ਚ ਸਨਾਨ ਨਾਲ ਕਈ ਸਰੀਰਕ ਰੋਗ ਦੂਰ ਹੁੰਦੇ ਹਨ ਅਤੇ ਮਾਨਸਿਕ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸ ਤੋਂ ਵੀ ਵੱਡਾ ਅਹਿਮ ਤੱਥ ਇਹ ਹੈ ਕਿ ਪੰਜ ਸੂਬਿਆਂ- ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਤੋਂ ਹੁੰਦੀ ਹੋਈ ਮਾਂ ਗੰਗਾ ਲਗਭਗ 50 ਕਰੋੜ ਦੇਸ਼ਵਾਸੀਆਂ ਲਈ ਅੰਨ ਆਦਿ ਪੈਦਾ ਕਰਨ ਵਾਲੀ ਭੂਮੀ ਦੀ ਸਿੰਚਾਈ ਵੀ ਕਰਦੀ ਹੈ। ਇਸ ਲਈ ਗੰਗਾ ਦਾ ਮਹੱਤਵ ਆਪਣੇ ਆਪ ਹੀ ਸਭ ਤੋਂ ਉਪਰ ਸਿੱਧ ਹੁੰਦਾ ਹੈ ਪਰ ਗੌਮੁਖ ’ਚੋਂ ਨਿਕਲਣ ਵਾਲੀ ਮਾਂ ਗੰਗਾ ਦੀ ਪਵਿੱਤਰ ਧਾਰਾ ਉਦਯੋਗਿਕ ਕੈਮੀਕਲ ਅਤੇ ਕਚਰੇ ਦੇ ਨਾਲ-ਨਾਲ ਹੋਰ ਕਈ ਤਰ੍ਹਾਂ ਦੀਆਂ ਅਸ਼ੁੱਧੀਆਂ ਦੀ ਮਿਲਾਵਟ ਹੁੰਦਿਆਂ ਹੀ ਅਸੀਂ ਆਪਣੇ ਦੇਸ਼ ਦੀ ਇਕ ਮਹਾਨ ਔਸ਼ਧੀ ’ਚ ਜ਼ਹਿਰ ਦੀ ਮਿਲਾਵਟ ਨੂੰ ਬੰਦ ਕਰਨ ’ਚ ਸਮਰੱਥ ਕਿਉਂ ਨਹੀਂ ਹੋ ਸਕਦੇ। ਮਾਂ ਗੰਗਾ ਦੀ ਸਵੱਛਤਾ ਨੂੰ ਲੈ ਕੇ ਬੀਤੇ ਕਈ ਦਹਾਕਿਆਂ ’ਚ ਅਥਾਹ ਧਨ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ।
ਕੁਝ ਸਮੇਂ ਪਹਿਲਾਂ ਮੈਂ ਆਪਣੀ ਧਰਮਪਤਨੀ ਨਾਲ ਰਿਸ਼ੀਕੇਸ਼ ਗੰਗਾ ਦਰਸ਼ਨ ਲਈ ਗਿਆ ਸੀ। ਲਗਭਗ 3 ਦਿਨ ਅਸੀਂ ਪਰਮਾਰਥ ਨਿਕੇਤਨ ਪ੍ਰਵਾਸ ਕਰਦੇ ਹੋਏ ਵਿਸ਼ਵ ਸ਼ਾਂਤੀ ਲਈ ਦੂਤ ਪੂਜਨੀਕ ਸਵਾਮੀ ਚਿਦਾਨੰਦ ਸਰਸਵਤੀ ਜੀ ਨਾਲ ਕਈ ਵਾਰ ਗੰਗਾ ਸਵੱਛਤਾ ’ਤੇ ਵਿਚਾਰ-ਵਟਾਂਦਰਾ ਕੀਤਾ। ਮੇਰਾ ਵਿਚਾਰ ਹੈ ਕਿ ਜੇ ਇਨ੍ਹਾਂ ਸੁਝਾਵਾਂ ’ਤੇ ਸਾਡੀਆਂ ਸਰਕਾਰਾਂ ਸਿੱਧੇ ਤੌਰ ’ਤੇ ਜਾਂ ਰਾਸ਼ਟਰੀ ਹਰਿਤ ਟ੍ਰਿਬਿਊਨਲ ਵਰਗੇ ਕਾਨੂੰਨੀ ਮਾਹਿਰਾਂ ਨਾਲ ਇਸ ਬਾਰੇ ਵਿਚਾਰ ਕਰਕੇ ਕੰਮ ਸ਼ੁਰੂ ਕਰਨ ਤਾਂ ਆਉਣ ਵਾਲੇ 10 ਸਾਲਾਂ ’ਚ ਯਕੀਨੀ ਤੌਰ ’ਤੇ ਗੌਮੁਖ ਤੋਂ ਗੰਗਾ ਸਾਗਰ ਤੱਕ ਪਵਿੱਤਰ ਗੰਗਾ ਜਲ ਮੁਹੱਈਆ ਹੋ ਸਕੇਗਾ।
ਜਿਸ ਤਰ੍ਹਾਂ ਕੌਮਾਂਤਰੀ ਹੱਦਾਂ ’ਤੇ ਕੰਡਿਆਲੀਆਂ ਤਾਰਾਂ ਅਤੇ ਫੌਜ ਦੀ ਵਿਵਸਥਾ ਕੀਤੀ ਜਾਂਦੀ ਹੈ, ਉਸੇ ਭਾਵਨਾ ਨਾਲ ਮਾਂ ਗੰਗਾ ਦੀ ਰੱਖਿਆ ਕਰਨ ਲਈ ਗੰਗਾ ਨਦੀ ਦੇ ਦੋਵਾਂ ਕਿਨਾਰਿਆਂ ’ਤੇ ਲਗਾਤਾਰ ਪਾਈਪ ਵਿਛਾਉਣ ਦੇ ਕਾਰਜ ਸੰਪੰਨ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਪਾਈਪਾਂ ਨੂੰ ਮਾਂ ਗੰਗਾ ਦੀ ਰੱਖਿਆ ਲਾਈਨ ਸਮਝਣਾ ਚਾਹੀਦਾ ਹੈ। ਇਨ੍ਹਾਂ ਪਾਈਪ ਲਾਈਨਾਂ ’ਚ ਸਮੁੱਚੇ ਉਦਯੋਗਾਂ ਦਾ ਕਚਰਾ ਅਤੇ ਗੰਦੇ ਨਾਲਿਆਂ ਦਾ ਪਾਣੀ ਛੱਡਿਆ ਜਾਵੇ। ਇਹ ਪਾਈਪ ਲਾਈਨਾਂ ਗੰਗੋਤਰੀ ਤੋਂ ਗੰਗਾ ਸਾਗਰ ਤਕ ਜ਼ਿਆਦਾਤਰ ਖੇਤਰਾਂ ’ਚ ਵਿਛਾਈਆਂ ਜਾਣ, ਇਸ ’ਚ ਸਿਰਫ ਕੁਝ ਜੰਗਲੀ ਖੇਤਰਾਂ ਨੂੰ ਛੱਡਿਆ ਜਾ ਸਕਦਾ ਹੈ। ਇਨ੍ਹਾਂ ਪਾਈਪ ਲਾਈਨਾਂ ਦੀ ਚੌੜਾਈ ਅਤੇ ਗੁਣਵੱਤਾ ਆਦਿ ਦਾ ਨਿਰਧਾਰਨ ਮਾਹਿਰਾਂ ਦੀ ਸਲਾਹ ਨਾਲ ਹੋਵੇਗਾ।
ਮਾਂ ਗੰਗਾ ਦੀਆਂ ਇਨ੍ਹਾਂ ਸੁਰੱਖਿਆ ਪਾਈਪ ਲਾਈਨਾਂ ਨੂੰ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਾਲਾ ਨੂੰ ਪ੍ਰਮੁੱਖ ਜ਼ਿੰਮੇਵਾਰੀ ਦਿੱਤੀ ਜਾਣਾ ਚਾਹੀਦੀ ਹੈ।
ਇਨ੍ਹਾਂ ਸੁਰੱਖਿਆ ਤੇ ਸਵੱਛਤਾ ਪਾਈਪ ਲਾਈਨਾਂ ਦੇ ਪ੍ਰਤੀ ਇਕ ਜਾਂ ਦੋ ਕਿਲੋਮੀਟਰ ਦੀ ਦੂਰੀ ’ਤੇ ਟ੍ਰੀਟਮੈਂਟ ਪਲਾਂਟ ਲਾਏ ਜਾਣ, ਜਿੱਥੇ ਗੰਦੇ ਪਾਣੀ ਦਾ ਮਲ ਤੇ ਕਚਰਾ ਕੱਢਿਆ ਜਾਵੇਗਾ ਅਤੇ ਸਾਫ ਜਲ ਨੂੰ ਵੀ ਗੰਗਾ ਨਦੀ ’ਚ ਵਹਾਅ ਕੇ ਖੇਤਾਂ ’ਚ ਸਿੰਚਾਈ ਲਈ ਵਰਤਿਆ ਜਾਵੇ।
ਗੰਗਾ ਨਦੀ ’ਚ ਛੋਟੀਆਂ-ਵੱਡੀਆਂ ਨਦੀਆਂ ਅਤੇ ਨਾਲਿਆਂ ਦੇ ਮਿਲਣ ਵਾਲੇ ਸਥਾਨਾਂ ’ਤੇ ਵੀ ਲੋੜ ਅਨੁਸਾਰ ਛੋਟੇ ਜਾਂ ਵੱਡੇ ਟ੍ਰੀਟਮੈਂਟ ਪਲਾਂਟ ਲਾਏ ਜਾਣ। ਟ੍ਰੀਟਮੈਂਟ ਪਿੱਛੋਂ ਇਨ੍ਹਾਂ ਦੇ ਪਾਣੀ ਦੀ ਸਹੀ ਵਰਤੋਂ ਵੀ ਸਿਰਫ ਖੇਤੀ ਲਈ ਨਿਰਧਾਰਿਤ ਹੋਵੇ।
ਇਸ ਕੰਮ ਲਈ ਕੇਂਦਰ ਸਰਕਾਰ ਬੁਨਿਆਦੀ ਫੰਡ ਨਿਰਧਾਰਿਤ ਕਰੇ, ਜੋ ਹੁਣ ਤੱਕ ਗੰਗਾ ਸਵੱਛਤਾ ਲਈ ਖਰਚ ਕੀਤਾ ਜਾ ਰਿਹਾ ਹੈ। ਇਸ ਦੇ ਇਲਾਵਾ ਛੋਟੇ-ਵੱਡੇ ਸਾਰੇ ਉਦਯੋਗਾਂ ਤੋਂ ਉਨ੍ਹਾਂ ਵੱਲੋਂ ਪੈਦਾ ਕੀਤੇ ਕੂੜੇ ਆਦਿ ਦੀ ਨਿਕਾਸੀ ਦੇ ਅਨੁਸਾਰ ਹਰ ਸਾਲ ਟੈਕਸ ਵਾਂਗ ਧਨ ਇਕੱਠਾ ਕੀਤਾ ਜਾਵੇ।
ਸਾਰੇ ਉਦਯੋਗਾਂ ਲਈ ਸੀ.ਐੱਸ.ਆਰ. ਭਾਵ ਕੰਪਨੀਆਂ ਦੀ ਸਮਾਜਿਕ ਜ਼ਿੰਮੇਵਾਰੀ ਵਾਲੇ ਲੋਕ ਗੰਗਾ ’ਚ ਦਾਖਲ ਹੋਣ ਵਾਲੇ ਸਾਰੇ ਸਰੋਤਾਂ ’ਤੇ ਟ੍ਰੀਟਮੈਂਟ ਪਲਾਂਟ ਲਾਉਣ ਲਈ ਪਾਬੰਦ ਹੋਣੇ ਚਾਹੀਦੇ ਹਨ। ਇਨ੍ਹਾਂ ਟ੍ਰੀਟਮੈਂਟ ਪਲਾਂਟਾਂ ’ਚੋਂ ਨਿਕਲਣ ਵਾਲਾ ਜਲ ਵੀ ਗੰਗਾ ’ਚ ਨਾ ਛੱਡ ਕੇ ਉਸ ਦੀ ਵਰਤੋਂ ਖੇਤਾਂ ਦੀ ਸਿੰਚਾਈ ਲਈ ਕੀਤੀ ਜਾਵੇ।
ਆਖਰੀ ਪਰ ਸਭ ਤੋਂ ਅਹਿਮ ਜਨ ਸਹਿਯੋਗੀ ਅੰਦੋਲਨ ਜਿਸ ਨੂੰ ਸਵਾਮੀ ਚਿਦਾਨੰਦ ਸਰਸਵਤੀ ਜੀ ਵਰਗੇ ਸੰਤ, ਮਹਾਤਮਾ ਅਤੇ ਸਮਾਜਿਕ ਆਗੂ ਸੰਪੰਨ ਕਰ ਸਕਦੇ ਹਨ, ਉਹ ਹੈ ਗੰਗਾ ਨੂੰ ਛੂਹਣ ਵਾਲੇ ਹਰ ਪਿੰਡ ਅਤੇ ਛੋਟੇ-ਵੱਡੇ ਸ਼ਹਿਰ ’ਚ ਗੰਗਾ ਕੰਢੇ ’ਤੇ ਰੋਜ਼ਾਨਾ ਗੰਗਾ ਆਰਤੀ ਲਈ ਮੰਦਰ, ਘਾਟ, ਸ਼ਿਵ ਮੰਦਰ ਸਥਾਪਿਤ ਕੀਤੇ ਜਾਣ, ਜਿਸ ਨਾਲ ਰੋਜ਼ਾਨਾ ਲੋਕਾਂ ’ਚ ਗੰਗਾ ਨੂੰ ਸਵੱਛ ਰੱਖਣ ਦੀ ਪ੍ਰੇਰਣਾ ਦਾ ਸੰਚਾਰ ਕੀਤਾ ਜਾ ਸਕੇ।
ਜੇ ਇਨ੍ਹਾਂ ਸੁਝਾਵਾਂ ਨੂੰ ਲਾਗੂ ਕਰ ਕੇ ਮੁਕੰਮਲ ਕਰਨ ’ਚ ਇਕ ਦਹਾਕਾ ਵੀ ਲੱਗ ਜਾਵੇ ਤਾਂ ਇਹ ਮਹਾ-ਮੁਹਿੰਮ ਦੇਸ਼ਵਾਸੀਆਂ ਲਈ ਮਾਣਮੱਤੀ ਹੋਵੇਗ ਅਤੇ ਸਮੁੱਚੇ ਵਿਸ਼ਵ ਲਈ ਵੀ ਇਕ ਮਹਾਨ ਪ੍ਰੇਰਣਾ ਅਤੇ ਅਧਿਆਤਮਿਕਤਾ ਦਾ ਸੰਚਾਰ ਕਰਨ ਵਾਲੀ ਹੋਵੇਗੀ।
ਅਵਿਨਾਸ਼ ਰਾਇ ਖੰਨਾ, (ਸਾਬਕਾ ਸੰਸਦ ਮੈਂਬਰ)
ਉੱਚ ਗੁਣਵੱਤਾ ਵਿੱਚ ਭਾਰਤ ਨੂੰ ਦੁਨੀਆ ਵਿੱਚ ਮੋਹਰੀ ਬਣਾਉਣਾ
NEXT STORY