13 ਜਨਵਰੀ, 2025 ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਇਸ ਵਾਰ ਦੇ ਮਹਾਕੁੰਭ ਨੇ ਤਾਰਿਆਂ ਦੀ ਸਥਿਤੀ ਅਨੁਸਾਰ, 144 ਸਾਲਾਂ ਬਾਅਦ ਭਾਰਤ ਦੇ ਧਾਰਮਿਕ ਲੋਕਾਂ ਨੂੰ ਸੰਗਮ ਵਿਚ ਇਸ਼ਨਾਨ ਕਰਨ ਦੇ ਬਹਾਨੇ ਪੂਰੇ ਭਾਰਤ ਦੀਆਂ ਧਾਰਮਿਕ, ਅਧਿਆਤਮਿਕ, ਸਮਾਜਿਕ ਪਰੰਪਰਾਵਾਂ ਅਤੇ ਸਾਧੂਆਂ-ਸੰਤਾਂ ਦੀਆਂ ਤਪੱਸਿਆਵਾਂ ਦਾ ਪ੍ਰਤੱਖ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਦਿੱਤਾ। ਸਾਰੀ ਦੁਨੀਆ ਹੈਰਾਨੀ ਨਾਲ ਦੇਖ ਰਹੀ ਹੈ ਕਿ ਕਿਵੇਂ ਕਰੋੜਾਂ ਲੋਕ ਇਕ ਸੀਮਤ ਜਗ੍ਹਾ ਵਿਚ ਆਪਣੇ ਸਦੀਵੀ ਸੱਭਿਆਚਾਰ ਦੇ ਵੱਖ-ਵੱਖ ਰੂਪਾਂ ਨਾਲ ਇਕੱਠੇ ਹੁੰਦੇ ਹਨ।
ਇੰਨੇ ਵੱਡੇ ਸਮਾਗਮ ਨੂੰ ਲਗਾਤਾਰ 45 ਦਿਨਾਂ ਤੱਕ ਆਯੋਜਿਤ ਕਰਨਾ ਪ੍ਰਸ਼ਾਸਕੀ ਦ੍ਰਿਸ਼ਟੀਕੋਣ ਤੋਂ ਵੀ ਕੋਈ ਸੌਖਾ ਕੰਮ ਨਹੀਂ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਖੁਦ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਹੋਣ ਕਾਰਨ ਹੀ ਇਹ ਵੱਡਾ ਪ੍ਰਸ਼ਾਸਕੀ ਕੰਮ ਸੰਭਵ ਹੋ ਸਕਿਆ।
ਹਾਲ ਹੀ ਵਿਚ, ਪੰਡਿਤ ਮਦਨ ਮੋਹਨ ਮਾਲਵੀਆ ਦੇ ਜਨਮ ਦਿਵਸ ਦੇ ਮੌਕੇ ’ਤੇ, ਮੈਨੂੰ ਹਰਿਦੁਆਰ ਵਿਚ ਉਨ੍ਹਾਂ ਦੇ ਹੀ ਇਕ ਚੇਲੇ ਤਪੱਸਵੀ ਸ਼੍ਰੀ ਗਣੇਸ਼ ਜੀ ਵਲੋਂ ਸਥਾਪਿਤ ਸਪਤਰਿਸ਼ੀ ਆਸ਼ਰਮ ਦਾ ਦੌਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇਸ ਆਸ਼ਰਮ ਵਿਚ ਮੈਂ ਇਕ ਪ੍ਰਾਚੀਨ ਰੁੱਖ ਦੇਖਿਆ ਜੋ ਜ਼ਮੀਨ ਤੋਂ ਲਗਭਗ ਇਕ ਫੁੱਟ ਉੱਪਰ ਤੋਂ ਡਿੱਗਿਆ ਹੋਇਆ ਸੀ, ਪਰ ਇਸ ਦੇ ਦੂਜੇ ਸਿਰੇ ’ਤੇ ਹਰੇ ਪੱਤਿਆਂ ਵਾਲੀਆਂ ਬਹੁਤ ਸਾਰੀਆਂ ਟਾਹਣੀਆਂ ਸਨ। ਇਹ ਦ੍ਰਿਸ਼ ਦੇਖ ਕੇ ਮੈਨੂੰ ਇਕ ਖਾਸ ਸਿਧਾਂਤ ਯਾਦ ਆਇਆ ਕਿ ਜੇਕਰ ਕੋਈ ਰੁੱਖ ਟੁੱਟਣ ਤੋਂ ਬਾਅਦ ਵੀ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ, ਤਾਂ ਉਹ ਟੇਢੀ ਹਾਲਤ ਵਿਚ ਵੀ ਹਰਿਆ-ਭਰਿਆ ਅਤੇ ਫਲਦਾਇਕ ਰਹਿ ਸਕਦਾ ਹੈ।
ਮਨੁੱਖ ਦੀ ਸਿਰਜਣਾ ਤੋਂ ਪਹਿਲਾਂ ਹੀ ਪਰਮਾਤਮਾ ਵਲੋਂ ਸਾਰਾ ਬ੍ਰਹਿਮੰਡ ਬਣਾ ਦਿੱਤਾ ਗਿਆ ਸੀ। ਇਸ ਬ੍ਰਹਿਮੰਡ ਵਿਚ ਇਕ ਪਾਸੇ ਜਾਨਵਰ ਅਤੇ ਪੰਛੀ ਸਨ, ਜਦੋਂ ਕਿ ਦੂਜੇ ਪਾਸੇ ਕਈ ਕਿਸਮਾਂ ਦੇ ਰੁੱਖ, ਪੌਦੇ ਆਦਿ ਸਨ। ਇਹ ਸਾਰੇ ਜੀਵ-ਜੰਤੂ ਅਤੇ ਪੌਦੇ ਪੈਦਾ ਕੀਤੇ ਗਏ ਸਨ ਅਤੇ ਕੁਦਰਤ ਅਨੁਸਾਰ ਨਿਰਧਾਰਤ ਨਿਯਮਾਂ ਤਹਿਤ ਉਨ੍ਹਾਂ ਦੇ ਪਾਲਣ-ਪੋਸ਼ਣ ਦੇ ਪ੍ਰਬੰਧ ਕੀਤੇ ਗਏ ਸਨ। ਇਸੇ ਨੂੰ ਕੁਦਰਤ ਕਿਹਾ ਜਾਂਦਾ ਹੈ, ਜੋ ਆਪਣੇ ਹੀ ਨਿਰਧਾਰਤ ਨਿਯਮਾਂ ਅਨੁਸਾਰ ਕੰਮ ਕਰਦੀ ਹੈ।
ਬ੍ਰਹਿਮੰਡ ਦੀ ਸਿਰਜਣਾ ਤੋਂ ਬਾਅਦ ਮਨੁੱਖ ਦੀ ਸਿਰਜਣਾ ਕੀਤੀ ਗਈ ਅਤੇ ਉਸ ਨੂੰ ਸੁਤੰਤਰ ਬੁੱਧੀ ਦਿੱਤੀ ਗਈ। ਮਨੁੱਖ ਦਾ ਫਰਜ਼ ਸੀ ਕਿ ਉਹ ਪਰਮਾਤਮਾ ਨਾਲ ਜੁੜਿਆ ਰਹਿ ਕੇ ਆਪਣੀ ਰੋਜ਼ੀ-ਰੋਟੀ ਲਈ ਇਸ ਕੁਦਰਤ ਦਾ ਲਾਭ ਉਠਾਉਂਦਾ। ਇਸ ਵੈਦਿਕ ਦਰਸ਼ਨ ਨੂੰ ਹੀ ਵੈਦਿਕ ਗਿਆਨ ਕਿਹਾ ਜਾਂਦਾ ਹੈ ਕਿ ਸਾਨੂੰ ਸ੍ਰਿਸ਼ਟੀ ਤੋਂ ਓਨਾ ਹੀ ਲੈਣਾ ਚਾਹੀਦਾ ਹੈ ਜਿੰਨਾ ਸਾਡੇ ਪਾਲਣ-ਪੋਸ਼ਣ ਲਈ ਜ਼ਰੂਰੀ ਹੈ। ਇਸ ਤੋਂ ਵੱਧ ਕਿਸੇ ਵੀ ਸੰਗ੍ਰਹਿ ਦਾ ਸਾਡੀ ਜ਼ਿੰਦਗੀ ਵਿਚ ਕੋਈ ਮਹੱਤਵ ਨਹੀਂ ਹੈ ਕਿਉਂਕਿ ਮੌਤ ਦੇ ਸਮੇਂ ਸਾਡੇ ਵਲੋਂ ਇਕੱਠੀ ਕੀਤੀ ਗਈ ਚੀਜ਼ ਦਾ ਇਕ ਕਣ ਵੀ ਸਾਡੇ ਨਾਲ ਨਹੀਂ ਜਾ ਸਕਦਾ।
ਸਾਰੇ ਮਨੁੱਖਾਂ ਨੂੰ ਇਹ ਸਿਧਾਂਤ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿੰਦੇ ਹਾਂ, ਤਾਂ ਸਾਡੇ ਜੀਵਨ ਵਿਚ ਦੁੱਖ, ਟਕਰਾਅ ਅਤੇ ਤਬਾਹੀ ਦੀ ਸੰਭਾਵਨਾ ਬਹੁਤ ਘੱਟ ਜਾਵੇਗੀ। ਪ੍ਰਤੀਕਾਤਮਕ ਤੌਰ ’ਤੇ ਘਿਓ ਨੂੰ ਸਮਿਧਾ ਅਤੇ ਹੋਰ ਸਮੱਗਰੀਆਂ ਨਾਲ ਅੱਗ ਵਿਚ ਪਾਉਣ ਨੂੰ ਯੱਗ ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿਚ ਵੀ ਅਕਸਰ ਮੰਤਰਾਂ ਨਾਲ ‘ਇਦਮ੍ ਨ ਮਮ੍’ ਦਾ ਜਾਪ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਹਵਨ ਵਿਚ ਚੜ੍ਹਾਏ ਜਾਣ ਵਾਲੇ ਪਦਾਰਥ (ਚੀਜ਼ਾਂ) ਮੇਰੇ ਨਹੀਂ ਹਨ। ਇਹ ਸਾਰੇ ਪਦਾਰਥ ਅਗਨੀ ਭਾਵ ਪਰਮਾਤਮਾ ਦੇ ਊਰਜਾ ਰੂਪ ਤੋਂ ਪ੍ਰਾਪਤ ਕੀਤੇ ਗਏ ਹਨ।
ਇੱਥੋਂ ਤੱਕ ਕਿ ਸਾਡੀ ਖੁਰਾਕ ਅਤੇ ਪੂਰਾ ਜੀਵਨ ਵੀ ਹਰ ਪਲ ਪਰਮਾਤਮਾ ਤੋਂ ਪ੍ਰਾਪਤ ਊਰਜਾ ’ਤੇ ਚੱਲਦਾ ਹੈ। ਇਸ ਜ਼ਿੰਦਗੀ ਵਿਚ ਸਾਡੇ ਕੋਲ ਆਪਣਾ ਕੁਝ ਵੀ ਨਹੀਂ ਹੈ। ਦਰਅਸਲ, ਸਾਡਾ ਵਿਅਕਤੀਗਤ ਵਜੂਦ ਵੀ ਮੂਲ ਰੂਪ ਵਿਚ ਪਰਮਾਤਮਾ ਦੀ ਹੀ ਦੇਣ ਹੈ। ਸਮਾਜਿਕ ਤੌਰ ’ਤੇ, ਯੱਗ ਦਾ ਅਰਥ ਇਹ ਹੋਵੇਗਾ ਕਿ ਸਾਨੂੰ ਸਿਰਫ਼ ਆਪਣੇ ਲਈ ਹੀ ਨਹੀਂ, ਸਗੋਂ ਦੂਜਿਆਂ ਲਈ ਵੀ ਜਿਊਣਾ ਪਵੇਗਾ। ਯੱਗ ਦਾ ਅਰਥ ਹੈ ਤਿਆਗ, ਦਾਨ, ਭੋਜਨ ਵੰਡਣਾ, ਦਾਨ ਕਰਨ ਦੀ ਪ੍ਰਵਿਰਤੀ, ਸਭ ਦੀ ਮਦਦ ਕਰਨ ਲਈ ਤਿਆਰ ਰਹਿਣਾ, ਸਭ ਦੇ ਭਲੇ ਅਤੇ ਕਲਿਆਣ ਲਈ ਕੰਮ ਕਰਨਾ, ਸਭ ’ਤੇ ਦਇਆ ਕਰਨੀ ਅਤੇ ਸਭ ਨੂੰ ਪਿਆਰ ਕਰਨਾ।
ਇਸ ਵੈਦਿਕ ਸੰਸਕ੍ਰਿਤੀ ਨੂੰ ਸੰਪੂਰਨ ਗੀਤਾ ਦਾ ਸਿਧਾਂਤ ਮੰਨਿਆ ਜਾਂਦਾ ਹੈ, ਜੋ ਸਾਨੂੰ ਬਿਨਾਂ ਕਿਸੇ ਇੱਛਾ ਜਾਂ ਇਨਾਮ ਦੇ ਸਾਰਿਆਂ ਪ੍ਰਤੀ ਸਮਰਪਿਤ ਭਾਵਨਾ ਨਾਲ ਸੇਵਾ ਵਿਚ ਆਪਣਾ ਜੀਵਨ ਜਿਊਣ ਲਈ ਪ੍ਰੇਰਿਤ ਕਰਦਾ ਹੈ।
ਹਰ ਕਰਮ ਦਾ ਫਲ਼ ਤਾਂ ਕੁਦਰਤੀ ਤੌਰ ’ਤੇ ਪਰਮਾਤਮਾ ਦਾ ਊਰਜਾ ਰੂਪ ਖੁਦ ਹੀ ਨਿਰਧਾਰਤ ਕਰਦਾ ਹੈ ਅਤੇ ਹਰੇਕ ਵਿਅਕਤੀ ਨੂੰ ਉਸ ਦੇ ਕਰਮਾਂ ਅਨੁਸਾਰ ਖੁਸ਼ੀ ਜਾਂ ਦੁੱਖ ਪ੍ਰਾਪਤ ਹੁੰਦਾ ਹੈ। ਸਾਡੇ ਗੁਰੂਆਂ ਦਾ ਸੰਦੇਸ਼ ਸੀ- ‘ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ’। ਜੇਕਰ ਅੱਜ ਵੀ ਪੂਰਾ ਸਮਾਜ ਇਸ ਸੰਦੇਸ਼ ਨੂੰ ਅਪਣਾ ਲੈਂਦਾ ਹੈ ਤਾਂ ਅਸੀਂ ਸਾਰੇ ਅਤੇ ਪੂਰਾ ਦੇਸ਼ ਖੁਸ਼ਹਾਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ।
ਸਰਕਾਰਾਂ ਚਲਾਉਣ ਲਈ ਸਿਆਸਤਦਾਨਾਂ ਵਿਚ ਮੁਕਾਬਲਾ ਸਾਰੇ ਭ੍ਰਿਸ਼ਟਾਚਾਰ ਦੀ ਜੜ੍ਹ ਬਣਦਾ ਜਾ ਰਿਹਾ ਹੈ। ਇਹ ਭ੍ਰਿਸ਼ਟਾਚਾਰ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਤੱਕ ਵੀ ਫੈਲਿਆ ਹੋਇਆ ਹੈ ਪਰ ਸਮਾਜ ਦੀ ਇਸ ਵਿਆਪਕ ਦੂਰਦਸ਼ਾ ਦੇ ਬਾਵਜੂਦ, ਕੁਝ ਚੋਣਵੇਂ ਲੋਕ, ਆਪਣੇ ਜੀਵਨ ਨੂੰ ਯੱਗ ਦੀ ਸੰਸਕ੍ਰਿਤੀ (ਸੱਭਿਆਚਾਰ) ਨਾਲ ਜੋੜ ਕੇ, ਇਹ ਸਾਬਤ ਕਰਨ ਵਿਚ ਸਫਲ ਹੋ ਜਾਂਦੇ ਹਨ ਕਿ ਉਹ ਅਜੇ ਵੀ ਆਪਣੀਆਂ ਵੈਦਿਕ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਲਈ ਪ੍ਰੇਰਿਤ ਕਰਦੇ ਹਨ।
ਰਾਜਨੀਤਿਕ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੀਆਂ ਜੜ੍ਹਾਂ ਉਨ੍ਹਾਂ ਦੇ ਸੰਸਥਾਪਕਾਂ ਦੇ ਵਿਚਾਰਾਂ ਅਤੇ ਸਿਧਾਂਤਾਂ ਨਾਲ ਜੁੜੀਆਂ ਹੁੰਦੀਆਂ ਹਨ, ਜਿਵੇਂ ਭਾਜਪਾ ਦੀਆਂ ਜੜ੍ਹਾਂ ਆਰ. ਐੱਸ. ਐੱਸ. ਦੇ ਮਿਸ਼ਨ ਵਿਚ ਹਨ, ਜਿਨ੍ਹਾਂ ਨਾਲ ਭਾਜਪਾ ਅੱਜ ਤੱਕ ਨਿਰੰਤਰ ਜੁੜ ਕੇ ਹੀ ਚੱਲੀ ਹੈ। ਕਾਂਗਰਸ ਦੀਆਂ ਜੜ੍ਹਾਂ ਆਜ਼ਾਦੀ ਅੰਦੋਲਨ ਨਾਲ ਜੁੜੀਆਂ ਹੋਈਆਂ ਸਨ, ਪਰ ਅੱਜ ਕਾਂਗਰਸ ਆਪਣੀਆਂ ਉਨ੍ਹਾਂ ਜੜ੍ਹਾਂ ਨੂੰ ਭੁੱਲ ਚੁੱਕੀ ਹੈ।
ਮੈਂ ਆਪਣੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਸਮੁੱਚੀ ਮਨੁੱਖ ਜਾਤੀ ਦੀਆਂ ਜੜ੍ਹਾਂ ਵੈਦਿਕ ਯੱਗ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਹਨ ਪਰ ਜਿੱਥੇ ਵੀ ਸਮਾਜ ਇਸ ਵੈਦਿਕ ਸੱਭਿਆਚਾਰ ਤੋਂ ਕੱਟਿਆ ਹੋਇਆ ਦਿਖਾਈ ਦਿੰਦਾ ਹੈ, ਉੱਥੇ ਸ਼ਾਂਤੀ ਦੀ ਕਲਪਨਾ ਕਰਨਾ ਵਿਅਰਥ ਹੈ। ਖੁਸ਼ੀ, ਸ਼ਾਂਤੀ, ਪਿਆਰ, ਸਦਭਾਵਨਾ ਅਤੇ ਖੁਸ਼ਹਾਲੀ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਯੱਗ ਸੱਭਿਆਚਾਰ ਵਿਚ ਆਪਣੀਆਂ ਅਧਿਆਤਮਿਕ ਅਤੇ ਸੱਭਿਆਚਾਰਕ ਜੜ੍ਹਾਂ ਲੱਭੇ ਅਤੇ ਉਨ੍ਹਾਂ ਨਾਲ ਜੁੜੇ। ਸਿਰਫ਼ ਜੜ੍ਹਾਂ ਨਾਲ ਜੁੜਨਾ ਹੀ ਕਲਯੁੱਗ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਪ੍ਰਦਾਨ ਕਰ ਸਕਦਾ ਹੈ।
ਅਵਿਨਾਸ਼ ਰਾਏ ਖੰਨਾ, ਸਾਬਕਾ ਸੰਸਦ ਮੈਂਬਰ
ਅਦਾਲਤ ਨੇ ਲੋਕ ਸੇਵਕਾਂ ਨੂੰ ਪੁੱਛਿਆ- ਉਮਰ ਭਰ ਦੀ ਪਾਬੰਦੀ ਕਿਉਂ ਨਹੀਂ?
NEXT STORY