ਸੰਸਦ ਦਾ ਮੌਨਸੂਨ ਸੈਸ਼ਨ 30 ਨਵੰਬਰ ਤੋਂ ਫਿਰ ਬੁਲਾਏ ਜਾਣ ਦੀ ਰਣਨੀਤੀ ਨੇ ਵਧਦੀ ਸਰਦੀ ’ਚ ਵੀ ਸਿਆਸਤ ਨੂੰ ਗਰਮਾ ਦਿੱਤਾ ਹੈ। ਵਿਰੋਧੀ ਧਿਰ ਦੀਆਂ ਆਸ਼ੰਕਾਵਾਂ ਨੂੰ ਸਹੀ ਸਾਬਤ ਕਰਦਿਆਂ ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜਿਜੂ ਨੇ 26 ਨਵੰਬਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਸਭਾਪਤੀ ਸੀ.ਪੀ. ਰਾਧਾਕ੍ਰਿਸ਼ਨ ਤੋਂ ਸਦਨ ਦੀ ਬੈਠਕ ਫਿਰ ਤੋਂ ਬੁਲਾਉਣ ਦੀ ਬੇਨਤੀ ਕੀਤੀ। ਲੋਕ ਸਭਾ ਦੀ ਬੈਠਕ 30 ਨਵੰਬਰ ਨੂੰ ਬੁਲਾਉਣ ਦੀ ਬੇਨਤੀ ਹੈ, ਜਦਕਿ ਰਾਜ ਸਭਾ ਦੀ 2 ਦਸੰਬਰ ਨੂੰ। ਵਿਸਤਾਰਿਤ ਮੌਨਸੂਨ ਸੈਸ਼ਨ ਦੀ ਕਾਰਵਾਈ 3 ਦਸੰਬਰ ਤਕ ਚੱਲ ਸਕਦੀ ਹੈ। ਸੰਸਦੀ ਕਾਰਜ ਮੰਤਰੀ ਨੇ ਕੁਝ ਜ਼ਰੂਰੀ ਵਿਧਾਨਕ ਕੰਮਕਾਜ ਨਿਪਟਾਉਣ ਦੀ ਗੱਲ ਕਹੀ ਹੈ ਪਰ ਏਜੰਡੇ ਦਾ ਖੁਲਾਸਾ ਨਹੀਂ ਕੀਤਾ। ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਬਜਟ ਸੈਸ਼ਨ ’ਚ ਡਿੱਗ ਗਿਆ ਹੱਦਬੰਦੀ ਬਿੱਲ ਏਜੰਡੇ ’ਚ ਸਭ ਤੋਂ ਉੱਪਰ ਹੋ ਸਕਦਾ ਹੈ। ਸੰਸਦ ਅਤੇ ਵਿਧਾਨ ਸਭਾਵਾਂ ’ਚ ਔਰਤਾਂ ਲਈ 33 ਫੀਸਦੀ ਰਾਖਵਾਂਕਰਨ 2029 ਦੀਆਂ ਆਮ ਚੋਣਾਂ ਤੋਂ ਹੀ ਲਾਗੂ ਕਰਨ ਲਈ 131ਵਾਂ ਸੰਵਿਧਾਨ ਸੋਧ ਬਿੱਲ ਬਜਟ ਸੈਸ਼ਨ ’ਚ ਪੇਸ਼ ਕੀਤਾ ਗਿਆ ਸੀ ਪਰ ਪਾਸ ਕਰਵਾਉਣ ਲਈ ਜ਼ਰੂਰੀ ਦੋ-ਤਿਹਾਈ ਬਹੁਮਤ ’ਚ 54 ਵੋਟਾਂ ਦੀ ਕਮੀ ਨਾਲ ਡਿੱਗ ਗਿਆ।
20 ਜੁਲਾਈ ਤੋਂ ਸ਼ੁਰੂ ਹੋਏ ਮੌਨਸੂਨ ਸੈਸ਼ਨ ’ਚ ਵੀ ਹੱਦਬੰਦੀ ਬਿੱਲ ਪਾਸ ਕਰਵਾਉਣ ਦੀ ਚਰਚਾ ਸੀ। ਅਸਾਮ ’ਚ ਸੱਤਾ ਦੀ ਹੈਟ੍ਰਿਕ ਅਤੇ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਤੋਂ ਸੱਤਾ ਖੋਹ ਲੈਣ ਨਾਲ ਭਾਜਪਾ ਦੇ ਹੌਸਲੇ ਬੁਲੰਦ ਸਨ। ਤ੍ਰਿਣਮੂਲ ਕਾਂਗਰਸ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ’ਚ ਵੰਡ ਅਤੇ ਕਾਂਗਰਸ ਤੋਂ ਦ੍ਰਮੁਕ ਦੀ ਨਾਰਾਜ਼ਗੀ ਕਾਰਨ ਸੂਤਰ ਦੋ-ਤਿਹਾਈ ਬਹੁਮਤ ਦਾ ਜੁਗਾੜ ਵੀ ਹੋ ਜਾਣ ਦੇ ਦਾਅਵੇ ਕਰ ਰਹੇ ਸਨ ਪਰ ਨੀਟ ਪੇਪਰ ਲੀਕ ’ਤੇ ਜੰਤਰ-ਮੰਤਰ ਪ੍ਰਦਰਸ਼ਨ ਵਿਵਾਦ ’ਚ ਧੁਲ ਗਿਆ ਮੌਨਸੂਨ ਸੈਸ਼ਨ 13 ਅਗਸਤ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।
ਆਮ ਤੌਰ ’ਤੇ ਕੁਝ ਦਿਨ ਬਾਅਦ ਹੀ ਰਾਸ਼ਟਰਪਤੀ ਵੱਲੋਂ ਸੈਸ਼ਨ ਸਮਾਪਤੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਪਰ ਮੌਨਸੂਨ ਸੈਸ਼ਨ ਦੇ ਮਾਮਲੇ ’ਚ ਅਜਿਹਾ ਨਾ ਕੀਤੇ ਜਾਣ ਕਾਰਨ ਆਸ਼ੰਕਿਤ ਵਿਰੋਧੀ ਧਿਰ, ਸਰਕਾਰ ਦੀ ਮਨਸ਼ਾ ’ਤੇ ਸਵਾਲ ਉਠਾਉਂਦੀ ਰਹੀ। ਸਰਕਾਰ ਜਾਂ ਭਾਜਪਾ ਨੇ ਅਧਿਕਾਰਤ ਤੌਰ ’ਤੇ ਤਾਂ ਕੁਝ ਨਹੀਂ ਕਿਹਾ ਪਰ ਸੂਤਰਾਂ ਦੇ ਹਵਾਲੇ ਨਾਲ ਦੋ-ਤਿਹਾਈ ਬਹੁਮਤ ਦਾ ਜੁਗਾੜ ਅਤੇ ਹੱਦਬੰਦੀ ਬਿੱਲ ਪਾਸ ਕਰਵਾਉਣ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੇ ਦਾਅਵੇ ਕੀਤੇ ਜਾਂਦੇ ਰਹੇ। ਹੁਣ 30 ਨਵੰਬਰ ਨੂੰ ਲੋਕ ਸਭਾ ਅਤੇ 2 ਦਸੰਬਰ ਨੂੰ ਰਾਜ ਸਭਾ ਦੀ ਬੈਠਕ ਉਸ ਮੌਨਸੂਨ ਸੈਸ਼ਨ ਦਾ ਹੀ ਵਿਸਥਾਰ ਹੈ, ਨਹੀਂ ਤਾਂ ਸਰਦ ਰੁੱਤ ਸੈਸ਼ਨ ਦਾ ਐਲਾਨ 14 ਦਿਨ ਪਹਿਲਾਂ ਕਰਨਾ ਪੈਂਦਾ।
ਵਿਰੋਧੀ ਧਿਰ ਦਾ ਖਦਸ਼ਾ ਅਤੇ ਸਰਕਾਰੀ ਸੂਤਰਾਂ ਦੇ ਦਾਅਵੇ, ਦੋਵੇਂ ਸਹੀ ਸਾਬਤ ਹੋਏ, ਪਰ ਅਸਲ ਸਵਾਲ ਫਿਰ ਉਹੀ ਹੈ ਕਿ ਕੀ ਸਰਕਾਰ ਨੇ ਦੋ-ਤਿਹਾਈ ਬਹੁਮਤ ਦਾ ਜੁਗਾੜ ਕਰ ਲਿਆ ਹੈ? ਬੇਸ਼ੱਕ ਬਜਟ ਸੈਸ਼ਨ ’ਚ ਦਿਸਿਆ 54 ਵੋਟਾਂ ਦਾ ਫ਼ਰਕ ਘੱਟ ਨਹੀਂ ਪਰ ਮੋਦੀ ਸਰਕਾਰ ਦੁਬਾਰਾ ਉਹੀ ਗ਼ਲਤੀ ਨਹੀਂ ਕਰੇਗੀ, ਜਿਸ ਨੇ ਉਸ ਦੀ ਸਾਖ ਨੂੰ ਵੱਡੀ ਸੱਟ ਪਹੁੰਚਾਈ। ਇਸ ਦੌਰਾਨ ਨੀਟ ਪੇਪਰ ਲੀਕ ਮਾਮਲੇ ’ਚ ਕਾਕਰੋਚ ਜਨਤਾ ਪਾਰਟੀ ਦੇ ਅੰਦੋਲਨ ਕਾਰਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਨਾਲ ਵੀ ਭਾਜਪਾ ਅਤੇ ਸਰਕਾਰ ਦੀ ਸਾਖ ਨੂੰ ਝਟਕਾ ਹੀ ਲੱਗਾ। ਅਜਿਹੇ ’ਚ ਦੋ-ਤਿਹਾਈ ਬਹੁਮਤ ਪ੍ਰਤੀ ਆਸ਼ਵੰਦ ਹੋਏ ਬਿਨਾਂ ਹੱਦਬੰਦੀ ਬਿੱਲ ਪਾਸ ਕਰਵਾਉਣ ਲਈ ਸੰਸਦ ਬੁਲਾਉਣ ਦਾ ਜੋਖਮ ਮੋਦੀ ਸਰਕਾਰ ਕਿਉਂ ਲਵੇਗੀ?
ਪੱਛਮੀ ਬੰਗਾਲ ਦੀ ਸੱਤਾ ਖਿਸਕਦਿਆਂ ਹੀ ਤ੍ਰਿਣਮੂਲ ਕਾਂਗਰਸ ਦੇ 28 ਲੋਕ ਸਭਾ ਸੰਸਦ ਮੈਂਬਰਾਂ ’ਚੋਂ 20 ਦੇ ਘੱਟ ਜਾਣੇ-ਪਛਾਣੇ ਦਲ ਐੱਨ.ਸੀ.ਪੀ.ਆਈ. ’ਚ ਸ਼ਾਮਲ ਹੋ ਕੇ ਰਾਜਗ ਦੇ ਪਾਲੇ ’ਚ ਆ ਜਾਣ ਅਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਦੇ 9 ’ਚੋਂ 6 ਸੰਸਦ ਮੈਂਬਰਾਂ ਦੇ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ’ਚ ਸ਼ਾਮਲ ਹੋ ਜਾਣ ਨਾਲ ਸਰਕਾਰ ਦੋ-ਤਿਹਾਈ ਅੰਕੜੇ ਦੇ ਨੇੜੇ ਪਹੁੰਚੀ ਹੈ। 6 ਸਾਲ ਬਾਅਦ ਫਿਰ ਗੱਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਸਮਰਥਨ ਵੀ ਮਿਲ ਹੀ ਗਿਆ ਹੈ, ਪਰ ਮੰਜ਼ਿਲ ਫਿਰ ਵੀ ਦੂਰ ਲੱਗਦੀ ਹੈ। ਤਾਂ ਕੀ ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਹੱਦਬੰਦੀ ਬਿੱਲ ਦੇ ਸਮਰਥਨ ਦਾ ਭਰੋਸਾ ਮਿਲ ਗਿਆ ਹੈ? ਊਧਵ ਦੀ ਸ਼ਿਵ ਸੈਨਾ ਟੁੱਟਦਿਆਂ ਸਮੇਂ ਪਵਾਰ ਦੀ ਰਾਕਾਂਪਾ ’ਚ ਵੀ ਟੁੱਟ ਦੀਆਂ ਆਸ਼ੰਕਾਵਾਂ ਸਨ ਪਰ ਅਜਿਹਾ ਹੋਇਆ ਨਹੀਂ। ਕੀ ਸਮਰਥਨ ਦੇ ਭਰੋਸੇ ’ਤੇ ਹੀ ਉਹ ਟੁੱਟ ਟਲੀ? ਪਵਾਰ ਦੀ ਧੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਅਤੀਤ ’ਚ ਰਾਸ਼ਟਰਹਿੱਤ ’ਚ ਸੱਤਾਧਿਰ ਅਤੇ ਵਿਰੋਧੀ ਧਿਰ ਵਿਚਾਲੇ ਸਹਿਯੋਗ ਦੀ ਯਾਦ ਦਿਵਾਉਂਦਿਆਂ ਕਿਹਾ ਹੈ ਕਿ ਪੇਸ਼ ਕੀਤੇ ਜਾਣ ਵਾਲੇ ਹੱਦਬੰਦੀ ਬਿੱਲ ’ਚ ਕੁਝ ਚੰਗਾ ਵੀ ਹੋ ਸਕਦਾ ਹੈ। ਉਸ ਨੂੰ ਦੇਖ ਕੇ ਹੀ ਰਾਕਾਂਪਾ ਫ਼ੈਸਲਾ ਕਰੇਗੀ। ਸਮਝਦਾਰ ਲਈ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ।
22 ਲੋਕ ਸਭਾ ਸੰਸਦ ਮੈਂਬਰਾਂ ਵਾਲੀ ਦ੍ਰਮੁਕ ਵੀ ਕੁਝ ਸ਼ਰਤਾਂ ਨਾਲ ਹੱਦਬੰਦੀ ਬਿੱਲ ਦਾ ਸਮਰਥਨ ਕਰਨ ਦੇ ਸੰਕੇਤ ਦੇ ਰਹੀ ਹੈ। ਸੰਸਦ ’ਚ ਅਜਿਹੇ ਦਲਾਂ ਦੇ ਸੰਸਦ ਮੈਂਬਰ ਵੀ ਹਨ, ਜੋ ਨਾ ਤਾਂ ਸੱਤਾਧਾਰੀ ਰਾਜਗ ’ਚ ਸ਼ਾਮਲ ਹਨ ਅਤੇ ਨਾ ਹੀ ਵਿਰੋਧੀ ਗੱਠਜੋੜ ‘ਇੰਡੀਆ’ ’ਚ। ਅਜਿਹੇ ਦਲਾਂ ਦੇ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਸਰਕਾਰ ਦੋ-ਤਿਹਾਈ ਬਹੁਮਤ ਦੇ ਬਹੁਤ ਕਰੀਬ ਤਾਂ ਪਹੁੰਚ ਸਕਦੀ ਹੈ ਪਰ ਸ਼ਾਇਦ ਅੰਕੜਾ ਛੂਹ ਨਾ ਸਕੇ। ਇਸ ਲਈ ਉਸ ਨੂੰ ਵਿਰੋਧੀ ਗੱਠਜੋੜ ‘ਇੰਡੀਆ’ ਦੇ ਕੁਝ ਹੋਰ ਘਟਕ ਦਲਾਂ ’ਚ ਸੰਨ੍ਹ ਲਾਉਣੀ ਹੋਵੇਗੀ। ਇਸੇ ਸਾਲ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ’ਚ ਬੋਲਦਿਆਂ ਅਕਸਰ ਮਦਦ ਕਰਦੇ ਰਹਿਣ ਵਾਲੇ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਮਿੱਤਰ ਦੱਸਿਆ ਸੀ। ਕਾਂਗਰਸ ਤੋਂ ਬਾਅਦ ਸਪਾ, ‘ਇੰਡੀਆ’ ਗੱਠਜੋੜ ਦਾ ਦੂਜਾ ਵੱਡਾ ਦਲ ਹੈ ਪਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਸੀਟ ਵੰਡ ਨੂੰ ਲੈ ਕੇ ਦੋਵਾਂ ’ਚ ਵਧਦੀ ਤਲਖ਼ੀ ਦਾ ਸੰਕੇਤ ਲਗਾਤਾਰ ਮਿਲ ਰਿਹਾ ਹੈ। ਕਾਂਗਰਸ ਨੇ ਮਾਇਆਵਤੀ ਦੀ ਬਸਪਾ ਨਾਲ ਗੱਠਜੋੜ ਦੀ ਸੰਭਾਵਨਾ ਦਾ ਇਸ਼ਾਰਾ ਵੀ ਕਰ ਦਿੱਤਾ ਹੈ।
ਜ਼ਾਹਿਰ ਹੈ, ਕਾਂਗਰਸ ਨਾਲ ਵਧਦੀਆਂ ਤਲਖ਼ੀਆਂ ਵਿਚਾਲੇ ਸਪਾ ਤੋਂ ਮਦਦ ਦੀਆਂ ਸੰਭਾਵਨਾਵਾਂ ਸਰਕਾਰ ਨੂੰ ਨਜ਼ਰ ਆ ਰਹੀਆਂ ਹੋਣਗੀਆਂ। ਮਦਦ ਬਿੱਲ ਦੇ ਸਮਰਥਨ ’ਚ ਵੋਟਿੰਗ ਦੇ ਜ਼ਰੀਏ ਹੀ ਨਹੀਂ, ਵੋਟਿੰਗ ਤੋਂ ਗ਼ੈਰ-ਹਾਜ਼ਰ ਹੋ ਕੇ ਦੋ-ਤਿਹਾਈ ਦਾ ਅੰਕੜਾ ਹੇਠਾਂ ਲਿਆ ਕੇ ਵੀ ਕੀਤੀ ਜਾ ਸਕਦੀ ਹੈ। ਅਸਿੱਧੀ ਮਦਦ ਦਾ ਇਹ ਰਾਹ ਕੁਝ ਹੋਰ ਛੋਟੇ ਦਲ ਵੀ ਅਪਣਾ ਸਕਦੇ ਹਨ। ਸਾਰੇ ਸੂਬਿਆਂ ਦੀਆਂ ਲੋਕ ਸਭਾ ਸੀਟਾਂ ’ਚ 50 ਫੀਸਦੀ ਦੇ ਵਾਧੇ ਨਾਲ ਲੋਕ ਸਭਾ ਦੀਆਂ ਕੁੱਲ ਸੀਟਾਂ 543 ਤੋਂ ਵਧਾ ਕੇ 850 ਕਰਨ ਵਾਲੇ ਹੱਦਬੰਦੀ ਬਿੱਲ ’ਤੇ ਸੱਤਾਧਿਰ ਅਤੇ ਵਿਰੋਧੀ ਧਿਰ ’ਚ ਦੂਜੀ ਵਾਰ ਆਰ-ਪਾਰ ਦਿਲਚਸਪ ਹੋਵੇਗੀ।
-ਰਾਜ ਕੁਮਾਰ ਸਿੰਘ
ਆਮਦਨ ਕਰ ਪ੍ਰਣਾਲੀਆਂ ’ਚ ਸੁਧਾਰ ਲਈ ਚੁੱਕੇ ਜਾ ਸਕਦੇ ਹਨ ਇਹ ਕਦਮ
NEXT STORY