ਸਾਲ 2014 ’ਚ, ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਾਡੇ ਦੇਸ਼ ਦੇ ਵਿਕਾਸ ’ਚ ‘ਸ਼੍ਰਮੇਵ ਜਯਤੇ’ ਦੀ ਮਹਿਮਾ ਓਨੀ ਹੀ ਮਹੱਤਵਪੂਰਨ ਹੈ, ਜਿੰਨੀ ਕਿ ‘ਸਤਯਮੇਵ ਜਯਤੇ’ ਦੀ ਸ਼ਕਤੀ। ਕੱਲ ਲਖਨਊ ’ਚ, ਸਾਡੇ ਕੌਸ਼ਲ ਈਕੋਸਿਸਟਮ ਦੇ ਬਿਹਤਰੀਨ ਸਿਖਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਪੰਜਵੇਂ ‘ਕੌਸ਼ਲ ਦੀਕਸ਼ਾਂਤ ਸਮਾਰੋਹ’ ’ਚ ਇਸੇ ਵਿਚਾਰ ਦੀ ਦਿਸ਼ਾ ’ਚ ਇਕ ਵੱਡਾ ਕਦਮ ਵਧਾਇਆ ਗਿਆ। ਮਾਣਯੋਗ ਪ੍ਰਧਾਨ ਮੰਤਰੀ ਨੇ ਭਾਰਤ ਵੱਲੋਂ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ’ਚ ‘ਵਰਲਡਸਕਿਲਜ਼ ਏਸ਼ੀਆ 2027’ ਦੇ ਅਗਲੇ ਐਡੀਸ਼ਨ ਦੀ ਮੇਜ਼ਬਾਨੀ ਕੀਤੇ ਜਾਣ ਦੇ ਇਤਿਹਾਸਕ ਫ਼ੈਸਲੇ ਦਾ ਐਲਾਨ ਕੀਤਾ। ਬਸ ਇਕ ਸਾਲ ਪਹਿਲਾਂ ਹੀ, ਭਾਰਤ ਨੇ ‘ਵਰਲਡਸਕਿਲਜ਼ ਏਸ਼ੀਆ’ ’ਚ ਹਿੱਸਾ ਲੈਣ ਲਈ ਆਪਣਾ ਪਹਿਲਾ ਦਲ ਭੇਜਿਆ ਸੀ ਅਤੇ ਹੁਣ ਪਹਿਲੀ ਵਾਰ ‘ਵਰਲਡਸਕਿਲਜ਼’ ਦੇ ਇਕ ਪ੍ਰੋਗਰਾਮ ਦਾ ਆਯੋਜਨ ਭਾਰਤ ’ਚ ਹੋਣ ਜਾ ਰਿਹਾ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦਾ ਕੌਸ਼ਲ ਈਕੋਸਿਸਟਮ ਆਪਣੀ ਚਮਕ ਬਿਖੇਰ ਰਿਹਾ ਹੈ ਅਤੇ ਦੁਨੀਆ ਇਸ ਵੱਲ ਆਕਰਸ਼ਿਤ ਹੋ ਰਹੀ ਹੈ।
ਭਾਰਤੀ ਸੱਭਿਅਤਾ ਨੇ ਹਮੇਸ਼ਾ ਸਿਰਜਣ ਕਰਨ ਵਾਲਿਆਂ ਦਾ ਸਨਮਾਨ ਕੀਤਾ ਹੈ। ਅਸੀਂ ਆਪਣੀਆਂ ਵਰਕਸ਼ਾਪਾਂ ਤੇ ਕਾਰਖਾਨਿਆਂ ’ਚ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਦੇ ਹਾਂ। ਫਿਰ ਵੀ, ਕਈ ਪਰਿਵਾਰਾਂ ਲਈ ਕੌਸ਼ਲ ਆਧਾਰਿਤ ਕੰਮ ਅਤੇ ਕੌਸ਼ਲ ਦਾ ਵਿਕਾਸ ਅਜੇ ਵੀ ਦੂਜਾ ਬਦਲ ਹੀ ਬਣਿਆ ਹੋਇਆ ਹੈ। ਭਾਵੇਂ ਹੀ ਕੋਈ ਚੰਗੀ ਟੈਕਨੀਕਲ ਯੋਗਤਾ ਰੋਜ਼ਗਾਰ ਅਤੇ ਪੇਸ਼ੇਵਰ ਸੰਤੁਸ਼ਟੀ ਪਾਉਣ ਦਾ ਵੱਧ ਸਿੱਧਾ ਰਸਤਾ ਕਿਉਂ ਨਾ ਦੇਵੇ ਪਰ ਫਿਰ ਵੀ ਡਿਗਰੀ ਲੈਣਾ ਹੀ ਸਭ ਤੋਂ ਪਸੰਦੀਦਾ ਬਦਲ ਬਣਿਆ ਹੋਇਆ ਹੈ। ‘ਕੌਸ਼ਲ ਦੀਕਸ਼ਾਂਤ ਸਮਾਰੋਹ’ ਦੀ ਪਰਿਕਲਪਨਾ ਇਸ ਵਿਚਾਰ ’ਤੇ ਆਧਾਰਿਤ ਸੀ ਕਿ ਉਦਯੋਗਿਕ ਸਿਖਲਾਈ ਸੰਸਥਾਨ (ਆਈ. ਟੀ. ਆਈ.) ਤੋਂ ਪਾਸ ਹੋਣ ਵਾਲੇ ਨੌਜਵਾਨ ਇਲੈਕਟ੍ਰੀਸ਼ੀਅਨ ਜਾਂ ਮਸ਼ੀਨਿਸਟ ਵੀ ਇਕ ਯੂਨੀਵਰਸਿਟੀ ਦੇ ਦੀਕਸ਼ਾਂਤ ਸਮਾਰੋਹ ਜਿੰਨਾ ਹੀ ਗਰਿਮਾਪੂਰਨ ਦੀਕਸ਼ਾਂਤ ਸਮਾਰੋਹ ਦੇ ਹੱਕਦਾਰ ਹਨ। ਸਾਲ 2022 ’ਚ ਵਿਸ਼ਵਕਰਮਾ ਜਯੰਤੀ ਦੇ ਮੌਕੇ ’ਤੇ ਪਹਿਲੀ ਵਾਰ ਆਯੋਜਿਤ ਇਸ ਪ੍ਰੋਗਰਾਮ ਨੇ ਇਹ ਸਥਾਪਤ ਕੀਤਾ ਕਿ ਟੈਕਨੀਕਲ ਸਿੱਖਿਆ ਦਾ ਬਹੁਤ ਜ਼ਿਆਦਾ ਮਹੱਤਵ ਹੈ।
ਲਖਨਊ ’ਚ ਹੋਏ ਕੱਲ ਦੇ ਪ੍ਰੋਗਰਾਮ ’ਚ ਸਨਮਾਨਿਤ ਹੋਣ ਵਾਲਿਆਂ ’ਚ ਪੱਛਮੀ ਬੰਗਾਲ ਦੀ ਰਾਮਕ੍ਰਿਸ਼ਨ ਮਿਸ਼ਨ ਬਲਾਈਂਡ ਬੁਆਏਜ਼ ਅਕੈਡਮੀ ਦੇ ਨੇਤਰਹੀਣ ਮੈਟਲ-ਕਟਿੰਗ ਸਿਖਿਆਰਥੀ ਅਮਿਤ ਬੈਰਾਗੀ, ਪੁਰੀ ਦੀ ਮੋਟਰ ਵਾਹਨ ਮਕੈਨਿਕ ਸੁਪ੍ਰਿਤੀ ਮਹਾਪਾਤਰਾ ਅਤੇ ਇਲੈਕਟ੍ਰਾਨਿਕਸ ਮਕੈਨਿਕ ਸ਼ਾਹਬਾਜ਼ ਖ਼ਾਨ ਸ਼ਾਮਲ ਸਨ। ਸ਼ਾਹਬਾਜ਼ ਖਾਨ ਨੇ ਤਾਂ ਅਲੀਗੰਜ ਦੇ ਉਸੇ ਹਾਲ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ’ਤੇ ਸਿਖਲਾਈ ਹਾਸਲ ਕੀਤੀ ਸੀ, ਜਿੱਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਅੱਵਲ ਆਉਣ ਵਾਲੇ 52 ਵਿਦਿਆਰਥੀਆਂ ’ਚੋਂ ਅੱਧੇ ਤੋਂ ਜ਼ਿਆਦਾ ਔਰਤਾਂ ਸਨ।
ਵੱਖ-ਵੱਖ ਅਧਿਐਨਾਂ ਨਾਲ ਇਹ ਪਤਾ ਚੱਲਿਆ ਹੈ ਕਿ ਹੁਣ ਜਦਕਿ ਵੱਧ ਤੋਂ ਵੱਧ ਰੋਜ਼ਗਾਰਦਾਤਾ ਏ. ਆਈ. ਨੂੰ ਅਪਣਾ ਰਹੇ ਹਨ, ਅਤਿਅੰਤ ਕੁਸ਼ਲ ਕਾਮਿਆਂ ਦੀ ਮੰਗ ਵੀ ਵਧ ਰਹੀ ਹੈ। ਏ. ਡੀ. ਪੀ. ਦੀ ‘ਪੀਪਲ ਐਟ ਵਰਕ 2026’ ਰਿਪੋਰਟ ਅਨੁਸਾਰ, ਭਾਰਤ ’ਚ 80 ਫੀਸਦੀ ਕਰਮਚਾਰੀ ਹਫ਼ਤੇ ’ਚ ਕਈ ਵਾਰ ਏ. ਆਈ. ਦੀ ਵਰਤੋਂ ਕਰਦੇ ਹਨ ਅਤੇ 41 ਫੀਸਦੀ ਲੋਕ ਤਾਂ ਲੱਗਭਗ ਹਰ ਦਿਨ ਹੀ ਇਸ ਦਾ ਸਹਾਰਾ ਲੈਂਦੇ ਹਨ। ਦੁਨੀਆ ਭਰ ’ਚ ਹੋ ਰਹੀਆਂ ਖੋਜਾਂ ਦੱਸਦੀਆਂ ਹਨ ਕਿ ਕੌਸ਼ਲ ਦਾ ਮਹੱਤਵ ਪਹਿਲਾਂ ਨਾਲੋਂ ਕਿਤੇ ਜ਼ਿਅਾਦਾ ਹੋ ਗਿਆ ਹੈ। ‘ਵਿਸ਼ਵ ਆਰਥਿਕ ਮੰਚ’ ਦਾ ਅਨੁਮਾਨ ਹੈ ਕਿ 2030 ਤੱਕ ਜਿੱਥੇ 170 ਮਿਲੀਅਨ ਨਵੀਆਂ ਨੌਕਰੀਆਂ ਸਿਰਜੀਆਂ ਜਾਣਗੀਆਂ, ਉੱਥੇ 92 ਮਿਲੀਅਨ ਮੌਜੂਦਾ ਨੌਕਰੀਆਂ ਖ਼ਤਮ ਹੋ ਜਾਣਗੀਆਂ। ਮੰਚ ਅਨੁਸਾਰ, ਹਰ 100 ’ਚੋਂ 59 ਕਰਮਚਾਰੀਆਂ ਨੂੰ ਸਿਖਲਾਈ ਦੀ ਲੋੜ ਹੋਵੇਗੀ।
ਕਈ ਨਵਸਿਰਜੀਆਂ ਨੌਕਰੀਆਂ ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ ਅਤੇ ਇੰਸਟਾਲਰ ਦੇ ਅਹੁਦਿਆਂ ਨਾਲ ਜੁੜੀਆਂ ਹਨ, ਜੋ ਡਾਟਾ ਸੈਂਟਰ ਬਣਾਉਣ ਅਤੇ ਉਨ੍ਹਾਂ ਦੇ ਰੱਖ-ਰਖਾਅ ਦਾ ਕੰਮ ਕਰਦੇ ਹਨ। ਏ. ਆਈ. ਅਸਲ ’ਚ ਕੁਸ਼ਲ ਕਾਰਜਬਲ ਲਈ ਨਵੇਂ ਮੌਕੇ ਅਤੇ ਲੋੜਾਂ ਪੈਦਾ ਕਰ ਰਿਹਾ ਹੈ। ਇਸ ਦਿਸ਼ਾ ’ਚ, ਮਾਣਯੋਗ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਦੇ ਦੀਕਸ਼ਾਂਤ ਸਮਾਰੋਹ ’ਚ ‘ਪੀ. ਐੱਮ.-ਸੇਤੂ’ ਦਾ ਸ਼ੁੱਭਆਰੰਭ ਕੀਤਾ ਸੀ। ਕੁੱਲ 1,000 ਆਈ. ਟੀ. ਆਈ. ਨੂੰ ਅਪਗ੍ਰੇਡ ਕਰਨ ਨਾਲ ਸਬੰਧਤ 60,000 ਕਰੋੜ ਰੁਪਏ ਦੇ ਖਰਚ ਵਾਲੀ ਇਸ ਯੋਜਨਾ ’ਤੇ ਹੁਣ ਕੰਮ ਸ਼ੁਰੂ ਹੋ ਗਿਆ ਹੈ।
‘ਵਰਲਡਸਕਿਲਜ਼ ਏਸ਼ੀਆ’ ਵਰਗੀਆਂ ਪ੍ਰਤੀਯੋਗਿਤਾਵਾਂ ਕੁਸ਼ਲ ਸਿਖਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਗਲੋਬਲ ਮੰਚ ਲਈ ਤਿਆਰ ਹੋਣ ਦਾ ਇਕ ਪਲੇਟਫਾਰਮ ਦਿੰਦੀਆਂ ਹਨ। ਪਿਛਲੇ ਨਵੰਬਰ ’ਚ ਤਾਈਪੇ ’ਚ ਆਯੋਜਿਤ ‘ਵਰਲਡਸਕਿਲਜ਼ ਏਸ਼ੀਆ’ ਪ੍ਰਤੀਯੋਗਤਾ ’ਚ, ਆਪਣੀ ਪਹਿਲੀ ਹੀ ਭਾਗੀਦਾਰੀ ’ਚ ਅਸੀਂ 29 ਦੇਸ਼ਾਂ ਵਿਚ 8ਵੇਂ ਸਥਾਨ ’ਤੇ ਰਹੇ। ਉੱਥੇ ਹੀ, 2015 ’ਚ ਸਾਓ ਪਾਉਲੋ ’ਚ ਹੋਏ ‘ਵਰਲਡਸਕਿਲਜ਼’ ’ਚ 29ਵੇਂ ਸਥਾਨ ’ਤੇ ਰਹਿਣ ਤੋਂ ਬਾਅਦ, ਇਸ ਸਤੰਬਰ ਸ਼ੰਘਾਈ ’ਚ ਅਸੀਂ ਪਹਿਲੀ ਵਾਰ ਚੋਟੀ ਦੇ 10 ’ਚ ਸਥਾਨ ਬਣਾਉਣ ’ਚ ਕਾਮਯਾਬ ਰਹੇ। ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਦੇ ਮਹੱਤਵ ਨੂੰ ਕੇਵਲ ਤਮਗਿਆਂ ਜਾਂ ਰੈਂਕਿੰਗ ਨਾਲ ਹੀ ਨਹੀਂ ਮਾਪਿਆ ਜਾ ਸਕਦਾ। ਇਨ੍ਹਾਂ ਦਾ ਪ੍ਰਭਾਵ ਕਿਤੇ ਜ਼ਿਅਾਦਾ ਡੂੰਘਾ ਹੁੰਦਾ ਹੈ ਅਤੇ ਇਹ ਲੋਕਾਂ ’ਚ ਨਵੀਆਂ ਇੱਛਾਵਾਂ ਜਗਾਉਣ ਦਾ ਕੰਮ ਵੀ ਕਰਦੀਆਂ ਹਨ।
‘ਵਰਲਡਸਕਿਲਜ਼ ਏਸ਼ੀਆ’ ਦੀਆਂ ਤਿਆਰੀਆਂ ਅੰਤਰਰਾਸ਼ਟਰੀ ਮਿਆਰਾਂ ਨੂੰ ਸਮਝਣ ਦਾ ਇਕ ਮੌਕਾ ਵੀ ਪ੍ਰਦਾਨ ਕਰਨਗੀਆਂ। ਇਸ ਨਾਲ ਸਾਨੂੰ ਟ੍ਰੇਡ ਟੈਸਟ, ਮੁਲਾਂਕਣ ਅਤੇ ਸਿਖਲਾਈ ਦੀ ਗੁਣਵੱਤਾ ਬਾਰੇ ਆਪਣੀ ਸੋਚ ਨੂੰ ਬਿਹਤਰ ਬਣਾਉਣ ’ਚ ਮਦਦ ਮਿਲ ਸਕੇਗੀ। ਜਿੱਥੇ ਭਾਰਤੀ ਟ੍ਰੇਨਰ ਅਤੇ ਉਦਯੋਗ ਮਾਹਿਰ ਪੂਰੇ ਏਸ਼ੀਆ ਦੇ ਆਪਣੇ ਹਮਰੁਤਬਾ ਲੋਕਾਂ ਨਾਲ ਜੁੜ ਸਕਣਗੇ, ਉੱਥੇ ਹੀ ਇਹ ਪ੍ਰਤੀਯੋਗਿਤਾ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹੁਨਰ ਕੰਮਾਂ (ਸਕਿਲਡ ਵਰਕ) ਦੇ ਨੇੜੇ ਲਿਆ ਸਕਣਗੀਆਂ। ਰਾਜ ਅਤੇ ਰਾਸ਼ਟਰੀ ਪੱਧਰ ’ਤੇ ਹੋਣ ਵਾਲੀਆਂ ‘ਇੰਡੀਆਸਕਿਲਜ਼’ ਪ੍ਰਤੀਯੋਗਿਤਾਵਾਂ ਇਸ ਯਾਤਰਾ ਦਾ ਇਕ ਅਹਿਮ ਹਿੱਸਾ ਹੋਣਗੀਆਂ। ਇਹ ਪ੍ਰਤਿਭਾਵਾਂ ਦੀ ਪਛਾਣ ਕਰਨ, ਕੌਸ਼ਲ ਨੂੰ ਪਰਖਣ ਅਤੇ ਨੌਜਵਾਨ ਪ੍ਰਤੀਯੋਗੀਆਂ ਨੂੰ ਦਬਾਅ ’ਚ ਕੰਮ ਕਰਨ ਦਾ ਅਨੁਭਵ ਦੇਣ ਦਾ ਇਕ ਮੰਚ ਪ੍ਰਦਾਨ ਕਰਦੀਆਂ ਹਨ। ‘ਇੰਡੀਆਸਕਿਲਜ਼ 2026-27’ ਪ੍ਰਤੀਯੋਗਿਤਾ ’ਚ ਹੁਣ ਤੱਕ 63 ਵੱਖ-ਵੱਖ ਕੌਸ਼ਲਾਂ ਲਈ 4.5 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ।
ਆਪਣੀ ਸਥਾਪਨਾ ਦੇ ਬਾਅਦ ਤੋਂ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ (ਐੱਮ. ਐੱਸ. ਡੀ. ਈ.) ਨੇ ਅਜਿਹੇ ਢਾਂਚੇ, ਮਿਆਰ ਅਤੇ ਸੰਸਥਾਨ ਤਿਆਰ ਕੀਤੇ ਹਨ ਜੋ ਵਿਸ਼ਵ-ਪੱਧਰੀ ਪ੍ਰਤਿਭਾਵਾਂ ਨੂੰ ਜਨਮ ਦਿੰਦੇ ਹਨ। ‘ਵਰਲਡਸਕਿਲਜ਼ ਏਸ਼ੀਆ’ ਦੀ ਮੇਜ਼ਬਾਨੀ, ਭਾਰਤ ਦੇ ਗਲੋਬਲ ਪੱਧਰ ’ਤੇ ‘ਕੌਸ਼ਲ ਦੀ ਰਾਜਧਾਨੀ’ ਬਣਨ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ।
-ਜਯੰਤ ਚੌਧਰੀ
ਹੱਦਬੰਦੀ ’ਤੇ ਮਨੋਵਿਗਿਆਨਕ ਰਾਜਨੀਤੀ
NEXT STORY