ਦੇਸ਼ ’ਚ ਸਮੇਂ-ਸਮੇਂ ’ਤੇ ਵੱਖ-ਵੱਖ ਸੂਬਿਆਂ ਦੇ ਬਿਜਲੀ ਵਿਭਾਗਾਂ ਵੱਲੋਂ ਛਾਪੇਮਾਰੀ ਕਰਕੇ ਬਿਨਾਂ ਜਾਇਜ਼ ਕੁਨੈਕਸ਼ਨ ਦੇ ਬਿਜਲੀ ਵਰਤੋਂ ਕਰਨ, ਮੀਟਰ ਬਾਈਪਾਸ ਕਰਨ ਅਤੇ ਤਾਰ ਜੋੜ ਕੇ ਬਿਜਲੀ ਦੀ ਚੋਰੀ ਕਰਨ ਵਾਲੇ ‘ਬਿਜਲੀ ਚੋਰਾਂ’ ਨੂੰ ਫੜ ਕੇ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਬਿਜਲੀ ਚੋਰੀ ਦੇ ਪਿਛਲੇ ਸਿਰਫ 3 ਹਫ਼ਤਿਆਂ ’ਚ ਸਾਹਮਣੇ ਆਏ ਮਾਮਲੇ ਹੇਠਾਂ ਦਰਜ ਹਨ :
* 17 ਸਤੰਬਰ ਨੂੰ ‘ਮਹਾਰਾਸ਼ਟਰ ਮਹਾਵਿਤਰਣ ਨਿਗਮ’ ਨੇ ਪਹਿਲੀ ਵਾਰ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਆਧਾਰਿਤ ਪ੍ਰਣਾਲੀ ਅਤੇ 190 ਉੱਡਣ ਦਸਤਿਆਂ ਦੀ ਵਰਤੋਂ ਕਰ ਕੇ ਜੂਨ ਤੋਂ ਅਗਸਤ ਦੇ ਵਿਚਾਲੇ ਸੂਬੇ ਭਰ ’ਚ 66.28 ਕਰੋੜ ਰੁਪਏ ਦੀ ਬਿਜਲੀ ਚੋਰੀ ਦੇ 27,964 ਮਾਮਲਿਆਂ ਦਾ ਪਤਾ ਲਗਾਇਆ।
* 25 ਸਤੰਬਰ ਨੂੰ ‘ਪਾਵਰਕਾਮ ਇਨਫੋਰਸਮੈਂਟ’ ਦੀਆਂ ਟੀਮਾਂ ਨੇ ‘ਫਗਵਾੜਾ’ (ਪੰਜਾਬ) ਦੇ ਪਿੰਡ ‘ਮਹੇੜੂ’ ’ਚ 3 ਪੀ. ਜੀ. ਹਾਊਸਾਂ ’ਚ ਸਿੱਧੇ ਬਿਜਲੀ ਚੋਰੀ ਦੇ ਮਾਮਲੇ ਫੜੇ ਅਤੇ ਲਗਭਗ 70 ਲੱਖ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ।
* 26 ਸਤੰਬਰ ਨੂੰ ‘ਐਰਨਾਕੁਲਮ’ (ਕੇਰਲ) ’ਚ ‘ਐਂਟੀ ਪਾਵਰ ਥੈਫਟ ਸਕੁਐਡ’ ਨੇ ‘ਮਰਡੂ’ ਅਤੇ ‘ਕਲਾਮਸਸੇਰੀ’ ’ਚ 3.14 ਕਰੋੜ ਰੁਪਏ ਦੀ ਬਿਜਲੀ ਚੋਰੀ ਅਤੇ ਬੇਨਿਯਮੀ ਦਾ ਪਰਦਾਫ਼ਾਸ਼ ਕੀਤਾ, ਜਿੱਥੇ ਜਾਇਜ਼ ਲੋਡ ਤੋਂ ਕਈ ਗੁਣਾ ਵੱਧ ਨਾਜਾਇਜ਼ ਕੁਨੈਕਸ਼ਨ ਚਲਾ ਕੇ 145 ਦੁਕਾਨਾਂ ਅਤੇ ਮੋਬਾਈਲ ਟਾਵਰਾਂ ਨੂੰ ਬਿਜਲੀ ਦਿੱਤੀ ਜਾ ਰਹੀ ਸੀ।
* 7 ਅਕਤੂਬਰ ਨੂੰ ‘ਰੇਵਾੜੀ’ (ਹਰਿਆਣਾ) ’ਚ ‘ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ’ ਨੇ ਪਿਛਲੇ 5 ਮਹੀਨਿਆਂ ਦੇ ਅੰਕੜਿਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ‘ਰੇਵਾੜੀ’ ਜ਼ਿਲੇ ’ਚ ਬਿਜਲੀ ਚੋਰੀ ਦੇ 570 ਤੋਂ ਵੱਧ ਮਾਮਲੇ ਫੜ ਕੇ ਬਿਜਲੀ ਚੋਰਾਂ ਨੂੰ 3.37 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ।
* 11 ਅਕਤੂਬਰ ਨੂੰ ‘ਕੈਮੂਰ’ (ਬਿਹਾਰ) ’ਚ ‘ਚੈਨਪੁਰ’ ਥਾਣਾ ਖੇਤਰ ਦੇ ਵੱਖ-ਵੱਖ ਸਥਾਨਾਂ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਦੇ 8 ਮਾਮਲੇ ਫੜੇ ਗਏ, ਜਿਨ੍ਹਾਂ ’ਤੇ ਕੁੱਲ 3.36 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਇਕ ਫੂਡ/ਕੋਲਡ ਸਟੋਰੇਜ ਕੰਪਲੈਕਸ ’ਚ ਮੀਟਰ ਦੀ ਸੀਲ ਨਾਲ ਛੇੜਛਾੜ ਕਰਕੇ ਕੀਤੀ ਜਾ ਰਹੀ 1.50 ਕਰੋੜ ਰੁਪਏ ਤੋਂ ਵੱਧ ਦੀ ਬਿਜਲੀ ਚੋਰੀ ਫੜੀ ਗਈ।
* 12 ਅਕਤੂਬਰ ਨੂੰ ‘ਗਯਾ’ (ਬਿਹਾਰ) ’ਚ ‘ਪਰੈਯਾ’ ਥਾਣਾ ਖੇਤਰ ਦੇ ‘ਮਨਿਆਰਾ’ ਪਿੰਡ ’ਚ ਬਿਜਲੀ ਵਿਭਾਗ ਨੇ ਛਾਪੇਮਾਰੀ ਕਰਕੇ ਨਾਜਾਇਜ਼ ਤੌਰ ’ਤੇ ਬਿਜਲੀ ਦੀ ਵਰਤੋਂ ਕਰਨ ਦੇ ਦੋਸ਼ ’ਚ 23 ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ।
* 12 ਅਕਤੂਬਰ ਨੂੰ ਹੀ ‘ਦੌਸਾ’ (ਰਾਜਸਥਾਨ) ’ਚ ਬਿਜਲੀ ਵੰਡ ਨਿਗਮ ਦੀਆਂ ਟੀਮਾਂ ਨੇ ਸ਼ਹਿਰ ’ਚ ਬਿਜਲੀ ਚੋਰੀ ਦੇ 23 ਮਾਮਲੇ ਫੜੇ ਅਤੇ ਬਿਜਲੀ ਚੋਰਾਂ ’ਤੇ 4.91 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
* 12 ਅਕਤੂਬਰ ਨੂੰ ਹੀ ‘ਲਖਨਊ’ (ਉੱਤਰ ਪ੍ਰਦੇਸ਼) ’ਚ ਵਿਜੀਲੈਂਸ ਵਿਭਾਗ ਦੀ ਟੀਮ ਨੇ ‘ਅਮੌਸੀ’, ‘ਜਾਨਕੀਪੁਰਮ’ ਅਤੇ ‘ਮਲੀਹਾਬਾਦ’ ’ਚ ਬਿਜਲੀ ਚੋਰੀ ਫੜਨ ਲਈ ਛਾਪੇ ਮਾਰੇ ਅਤੇ ‘ਕਾਕੋਰੀ’ ’ਚ 24.07 ਕਿਲੋਵਾਟ ਦੀ ਸਭ ਤੋਂ ਵੱਡੀ ਚੋਰੀ ਸਮੇਤ ਕੁੱਲ 14 ਬਿਜਲੀ ਚੋਰਾਂ ਵਿਰੁੱਧ ਕੇਸ ਦਰਜ ਕੀਤਾ।
* 12 ਅਕਤੂਬਰ ਨੂੰ ਹੀ ‘ਰੁੜਕੀ’ (ਉੱਤਰਾਖੰਡ) ਦੇ ‘ਚਾਵ ਮੰਡੀ’ ਅਤੇ ‘ਬੇੜਪੁਰ’ ਖੇਤਰ ’ਚ ਊਰਜਾ ਨਿਗਮ ਦੀ ਛਾਪੇਮਾਰੀ ’ਚ 21 ਘਰਾਂ ’ਚ ਬਿਜਲੀ ਚੋਰੀ ਫੜੀ ਗਈ।
* 12 ਅਕਤੂਬਰ ਨੂੰ ਹੀ ‘ਬੁਲੰਦਸ਼ਹਿਰ’ (ਉੱਤਰ ਪ੍ਰਦੇਸ਼) ਦੇ ‘ਬੜਨੌਰਾ’ ਪਿੰਡ ’ਚ ਬਿਜਲੀ ਵਿਭਾਗ ਨੇ ਸਿੱਧੇ ਖੰਭੇ ਤੋਂ ਕੇਬਲ ਪਾ ਕੇ ਬਿਜਲੀ ਚੋਰੀ ਕਰ ਰਹੀ ਇਕ ਮਹਿਲਾ ਨੂੰ ਫੜ ਕੇ ਉਸ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ।
* 12 ਅਕਤੂਬਰ ਨੂੰ ਹੀ ‘ਜਾਲਨਾ’ (ਮਹਾਰਾਸ਼ਟਰ) ਦੇ ‘ਅੰਬਡ’ ’ਚ ਅੱਧੀ ਰਾਤ ਨੂੰ ਵੱਡੀ ਕਾਰਵਾਈ ਕਰਦਿਆਂ 21,037 ਯੂਨਿਟ ਬਿਜਲੀ ਚੋਰੀ ਫੜੀ ਗਈ ਜਿਸ ਨਾਲ ਵਿਭਾਗ ਨੂੰ 4.9 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਸੀ। ਇਸ ਮਾਮਲੇ ’ਚ 54 ਲੋਕਾਂ ਵਿਰੁੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ।
* 12 ਅਕਤੂਬਰ ਨੂੰ ਹੀ ‘ਸੀਤਾਮੜੀ’ (ਬਿਹਾਰ) ਦੇ ‘ਧਰਮਪੁਰ’ ਪਿੰਡ ’ਚ ਛਾਪੇਮਾਰ ਦਲ ਨੇ ਇਕ ਵਿਅਕਤੀ ਨੂੰ ਬਿਜਲੀ ਚੋਰੀ ਕਰਦਿਆਂ ਫੜਿਆ ਅਤੇ ਉਸ ’ਤੇ 8,888 ਰੁਪਏ ਦਾ ਜੁਰਮਾਨਾ ਲਗਾਇਆ।
* 13 ਅਕਤੂਬਰ ਨੂੰ ‘ਹਲਦਵਾਨੀ’ (ਉੱਤਰਾਖੰਡ) ਦੇ ‘ਵਨਭੂਲਪੁਰਾ’ ਖੇਤਰ ’ਚ ਊਰਜਾ ਨਿਗਮ ਦੀਆਂ 7 ਟੀਮਾਂ ਨੇ ਤਾਬੜਤੋੜ ਛਾਪੇਮਾਰੀ ਕਰਕੇ 108 ਘਰਾਂ ’ਚ ਕੁੰਡੀ ਪਾ ਕੇ ਜਾਂ ਮੀਟਰ ਬਾਈਪਾਸ ਕਰਕੇ ਕੀਤੀ ਜਾ ਰਹੀ ਬਿਜਲੀ ਚੋਰੀ ਫੜੀ।
* 13 ਅਕਤੂਬਰ ਨੂੰ ਹੀ ‘ਬਦਾਯੂੰ’ (ਉੱਤਰ ਪ੍ਰਦੇਸ਼) ’ਚ ਵਿਜੀਲੈਂਸ ਅਤੇ ਬਿਜਲੀ ਵਿਭਾਗ ਦੀਆਂ ਟੀਮਾਂ ਨੇ ‘ਅਲਾਪੁਰ’, ‘ਸਹਸਵਾਨ’ ਅਤੇ ‘ਕਾਦਰਚੌਕ’ ਖੇਤਰਾਂ ’ਚ ਚੈਕਿੰਗ ਮੁਹਿੰਮ ਚਲਾਈ। ਇਸ ਦੌਰਾਨ ਵੱਡੇ ਪੱਧਰ ’ਤੇ ਬੇਨਿਯਮੀਆਂ ਪਾਏ ਜਾਣ ’ਤੇ 17 ਲੋਕਾਂ ਵਿਰੁੱਧ ਬਿਜਲੀ ਚੋਰੀ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਗਿਆ।
ਬਿਜਲੀ ਚੋਰੀ ਗੰਭੀਰ ਅਪਰਾਧ ਹੈ ਜਿਸ ਨਾਲ ਵੱਧ ਲੋਡ ਕਾਰਨ ਟ੍ਰਾਂਸਫਾਰਮਰ ਖਰਾਬ ਹੁੰਦੇ ਹਨ ਅਤੇ ਬਿਜਲੀ ਵਿਭਾਗਾਂ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਘਾਟਾ ਪੈਂਦਾ ਹੈ। ਬਿਜਲੀ ਚੋਰੀ ਰੋਕਣ ਲਈ ਬਿਜਲੀ ਸਪਲਾਈ ਵਿਵਸਥਾ ’ਚ ਸੁਧਾਰ ਹੋਣਾ ਚਾਹੀਦਾ ਹੈ ਤਾਂ ਜੋ ਬਿਜਲੀ ਦੀ ਚੋਰੀ ਨਾ ਹੋ ਸਕੇ। ਇਸ ਦੇ ਨਾਲ ਹੀ ਬਿਜਲੀ ਦੀ ਚੋਰੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ।
—ਵਿਜੇ ਕੁਮਾਰ
ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
NEXT STORY