ਭਾਰਤੀ ਸਿਆਸਤ ਦੇ ਇਤਿਹਾਸ ’ਚ ਕੁਝ ਸ਼ਖ਼ਸੀਅਤਾਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਪਛਾਣ ਸਿਰਫ ਚੋਣ ਜਿੱਤਾਂ, ਸਿਆਸੀ ਅਹੁਦਿਆਂ ਜਾਂ ਪਰਿਵਾਰਿਕ ਵਿਰਾਸਤ ਤੱਕ ਸੀਮਤ ਨਹੀਂ ਰਹਿੰਦੀ। ਉਨ੍ਹਾਂ ਦਾ ਜੀਵਨ ਸੰਘਰਸ਼, ਸਿਧਾਂਤ, ਵਿਚਾਰਧਾਰਾ, ਤਿਆਗ ਅਤੇ ਸਮਾਜ ਪ੍ਰਤੀ ਜਵਾਬਦੇਹੀ ਦੀ ਅਜਿਹੀ ਗਾਥਾ ਬਣ ਜਾਂਦਾ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਦੀ ਹੈ। ਰਾਜਮਾਤਾ ਵਿਜਿਆਰਾਜੇ ਸਿੰਧੀਆ ਭਾਰਤੀ ਸਿਆਸਤ ਦੀ ਅਜਿਹੀ ਹੀ ਇਕ ਵਿਲੱਖਣ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸ਼ਾਹੀ ਠਾਠ-ਬਾਠ ਤੋਂ ਨਿਕਲ ਕੇ ਆਮ ਜਨ-ਜੀਵਨ ’ਚ ਆਪਣੀ ਇਕ ਸੁਤੰਤਰ ਪਛਾਣ ਕਾਇਮ ਕੀਤੀ।
ਰਾਜਮਾਤਾ ਦਾ ਜੀਵਨ ਇਸ ਗੱਲ ਦੀ ਉਦਾਹਰਣ ਹੈ ਕਿ ਇਨਸਾਨ ਦੀ ਅਸਲ ਪਛਾਣ ਉਸ ਦੇ ਜਨਮ, ਅਹੁਦੇ ਜਾਂ ਸ਼ਾਨੋ-ਸ਼ੌਕਤ ਨਾਲ ਨਹੀਂ, ਸਗੋਂ ਉਸ ਦੇ ਫ਼ੈਸਲਿਆਂ, ਸੰਘਰਸ਼ਾਂ ਅਤੇ ਸਮਾਜ ਪ੍ਰਤੀ ਉਸ ਦੇ ਯੋਗਦਾਨ ਨਾਲ ਬਣਦੀ ਹੈ। ਗਵਾਲੀਅਰ ਰਾਜ-ਘਰਾਣੇ ਦੀ ਮਹਾਰਾਣੀ ਹੋਣ ਦੇ ਬਾਵਜੂਦ, ਉਨ੍ਹਾਂ ਨੇ ਆਪਣੇ ਜਨਤਕ ਜੀਵਨ ਨੂੰ ਸਿਰਫ ਸ਼ਾਹੀ ਰਵਾਇਤਾਂ ਤੱਕ ਸੀਮਤ ਨਹੀਂ ਰੱਖਿਆ। ਉਨ੍ਹਾਂ ਨੇ ਸਿਆਸਤ ਨੂੰ ਲੋਕ-ਸੰਪਰਕ, ਸੰਗਠਨ ਨਿਰਮਾਣ ਅਤੇ ਆਪਣੇ ਵਿਚਾਰਧਾਰਕ ਵਿਸ਼ਵਾਸਾਂ ਨੂੰ ਪ੍ਰਗਟ ਕਰਨ ਦਾ ਮਾਧਿਅਮ ਬਣਾਇਆ। ਇਹੋ ਕਾਰਨ ਹੈ ਕਿ ਉਨ੍ਹਾਂ ਦਾ ਨਾਂ ਭਾਰਤੀ ਜਨ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਇਤਿਹਾਸ ’ਚ ਇਕ ਵਿਸ਼ੇਸ਼ ਸਥਾਨ ਰੱਖਦਾ ਹੈ।
ਰਾਜਮਾਤਾ ਵਿਜਿਆਰਾਜੇ ਸਿੰਧੀਆ ਦਾ ਜਨਮ 12 ਅਕਤੂਬਰ, 1919 ਨੂੰ ਮੱਧ ਪ੍ਰਦੇਸ਼ ਦੇ ਸਾਗਰ ’ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ ਲੇਖਾ ਦਿਵਯੇਸ਼ਵਰੀ ਦੇਵੀ ਸੀ। 1941 ’ਚ ਉਨ੍ਹਾਂ ਦਾ ਵਿਆਹ ਗਵਾਲੀਅਰ ਦੇ ਮਹਾਰਾਜਾ ਜੀਵਾਜੀਰਾਓ ਸਿੰਧੀਆ ਨਾਲ ਹੋਇਆ ਅਤੇ ਉਹ ਗਵਾਲੀਅਰ ਰਾਜ-ਘਰਾਣੇ ਦੀ ਮਹਾਰਾਣੀ ਬਣੇ। 1961 ’ਚ ਮਹਾਰਾਜਾ ਜੀਵਾਜੀਰਾਓ ਸਿੰਧੀਆ ਦੇ ਦਿਹਾਂਤ ਨੇ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਬਦਲ ਦਿੱਤੀ। ਪਾਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਭਵਿੱਖ ਅਤੇ ਜਨਤਕ ਭੂਮਿਕਾ ਬਾਰੇ ਵੀ ਨਵੇਂ ਸਿਰੇ ਤੋਂ ਫ਼ੈਸਲੇ ਲੈਣੇ ਪਏ। ਜੀਵਨ ਦੀਆਂ ਇਨ੍ਹਾਂ ਹਾਲਤਾਂ ਨੇ ਉਨ੍ਹਾਂ ਦੇ ਅੰਦਰ ਆਤਮ-ਨਿਰਭਰਤਾ, ਹਿੰਮਤ ਅਤੇ ਔਖੇ ਫ਼ੈਸਲੇ ਲੈਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕੀਤਾ। ਉਨ੍ਹਾਂ ਨੇ ਆਪਣੇ ਜੀਵਨ ਦੀਆਂ ਮੁਸ਼ਕਿਲਾਂ ਨੂੰ ਆਪਣੀਆਂ ਹੱਦਾਂ ਨਹੀਂ ਬਣਨ ਦਿੱਤਾ, ਸਗੋਂ ਉਨ੍ਹਾਂ ਨੂੰ ਆਪਣੀ ਨਵੀਂ ਭੂਮਿਕਾ ਦੇ ਨਿਰਮਾਣ ਦਾ ਅਾਧਾਰ ਬਣਾਇਆ।
ਸਾਲ 1957 ’ਚ ਉਹ ਗੁਨਾ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਜਿੱਤ ਕੇ ਸੰਸਦ ’ਚ ਦਾਖਲ ਹੋਏ। ਸਾਲ 1962 ’ਚ ਉਹ ਗਵਾਲੀਅਰ ਤੋਂ ਲੋਕ ਸਭਾ ਪਹੁੰਚੇ। ਬਾਅਦ ’ਚ ਉਨ੍ਹਾਂ ਦੀ ਸਿਆਸਤ ਵਿਚਾਰਧਾਰਾ ਅਤੇ ਕਾਂਗਰਸ ਨਾਲ ਮੱਤਭੇਦਾਂ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਦੀ ਸਿਆਸੀ ਵੱਲ ਵਧਾਇਆ। ਉਨ੍ਹਾਂ ਨੇ ਭਾਰਤੀ ਜਨ ਸੰਘ ਨਾਲ ਜੁੜ ਕੇ ਇਕ ਬਦਲਵੀਂ ਸਿਆਸੀ ਵਿਚਾਰਧਾਰਾ ਨੂੰ ਮਜ਼ਬੂਤ ਕਰਨ ’ਚ ਆਪਣੀ ਭੂਮਿਕਾ ਨਿਭਾਈ। ਰਾਜਮਾਤਾ ਲਈ ਸਿਆਸਤ ਸਿਰਫ ਆਪਣੀ ਸ਼ਾਨ ਬਣਾਈ ਰੱਖਣ ਦਾ ਮਾਧਿਅਮ ਨਹੀਂ ਸੀ। ਉਹ ਆਪਣੇ ਵਿਚਾਰਾਂ ਨੂੰ ਜਨਤਕ ਜੀਵਨ ’ਚ ਪ੍ਰਗਟ ਕਰਨ ਅਤੇ ਸੰਗਠਨ ਦੇ ਮਾਧਿਅਮ ਰਾਹੀਂ ਉਨ੍ਹਾਂ ਲਈ ਵਿਆਪਕ ਲੋਕ-ਸਮਰਥਨ ਹਾਸਲ ਕਰਨ ਦਾ ਯਤਨ ਕਰਦੇ ਰਹੇ।
ਰਾਜਮਾਤਾ ਵਿਜਿਆਰਾਜੇ ਸਿੰਧੀਆ ਦਾ ਨਾਂ ਭਾਰਤੀ ਜਨ ਸੰਘ ਦੇ ਉਨ੍ਹਾਂ ਪ੍ਰਮੁੱਖ ਆਗੂਆਂ ’ਚ ਸ਼ਾਮਲ ਹੈ, ਜਿਨ੍ਹਾਂ ਨੇ ਕਾਂਗਰਸ ਦੇ ਗਲਬੇ ਵਾਲੇ ਰਾਜਨੀਤਿਕ ਦੌਰ ’ਚ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ। ਸਾਲ 1967 ’ਚ ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਲਈ ਚੁਣੇ ਗਏ। ਸਾਲ 1980 ’ਚ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਤੋਂ ਬਾਅਦ ਉਹ ਇਸ ਦੀ ਸੀਨੀਅਰ ਲੀਡਰਸ਼ਿਪ ਵਿਚ ਸ਼ਾਮਲ ਹੋਏ ਅਤੇ ਉਪ-ਪ੍ਰਧਾਨ ਵਜੋਂ ਸੰਗਠਨਾਤਮਕ ਜ਼ਿੰਮੇਵਾਰੀ ਨਿਭਾਈ। ਆਪਣੇ ਸਮਰਥਕਾਂ ਲਈ ਉਹ ਮਾਂ ਵਰਗੇ ਪਿਆਰ, ਦ੍ਰਿੜ੍ਹ ਲੀਡਰਸ਼ਿਪ ਅਤੇ ਵਿਚਾਰਧਾਰਕ ਲਗਨ ਦਾ ਪ੍ਰਤੀਕ ਸਨ।
ਭਾਰਤੀ ਲੋਕਤੰਤਰ ਦੇ ਇਤਿਹਾਸ ’ਚ 25 ਜੂਨ, 1975 ਨੂੰ ਲਗਾਈ ਗਈ ਐਮਰਜੈਂਸੀ ਇਕ ਅਹਿਮ ਅਧਿਆਏ ਹੈ। ਇਸ ਦੌਰਾਨ ਨਾਗਰਿਕ ਆਜ਼ਾਦੀਆਂ ’ਤੇ ਪਾਬੰਦੀਆਂ ਲੱਗੀਆਂ ਅਤੇ ਕਈ ਵਿਰੋਧੀ ਨੇਤਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਰਾਜਮਾਤਾ ਵਿਜਿਆਰਾਜੇ ਸਿੰਧੀਆ ਵੀ ਗ੍ਰਿਫ਼ਤਾਰ ਹੋਏ ਅਤੇ ਉਨ੍ਹਾਂ ਨੂੰ ਤਿਹਾੜ ਜੇਲ ’ਚ ਰਹਿਣਾ ਪਿਆ।
ਰਾਜਮਾਤਾ ਵਿਜਿਆਰਾਜੇ ਸਿੰਧੀਆ ਦੀ ਸ਼ਖ਼ਸੀਅਤ ਦਾ ਇਕ ਮਹੱਤਵਪੂਰਨ ਪਹਿਲੂ ਸਿੱਖਿਆ ਅਤੇ ਸਮਾਜਿਕ ਕਾਰਜਾਂ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਨੂੰ ਲੜਕੀਆਂ ਦੀ ਸਿੱਖਿਆ ਅਤੇ ਮਹਿਲਾ ਸ਼ਕਤੀਕਰਨ ’ਚ ਵਿਸ਼ੇਸ਼ ਦਿਲਚਸਪੀ ਸੀ। ਗਵਾਲੀਅਰ ਸਥਿਤ ਸਿੰਧੀਆ ਕੰਨਿਆ ਵਿਦਿਆਲਿਆ ਦੀ ਸੰਸਥਾਪਕ ਪ੍ਰਧਾਨ ਵਜੋਂ ਉਨ੍ਹਾਂ ਦਾ ਯੋਗਦਾਨ ਜ਼ਿਕਰਯੋਗ ਰਿਹਾ। ਉਹ ਸ਼ਿਸ਼ੂ ਮੰਦਿਰ ਦੀ ਸਥਾਪਨਾ ਨਾਲ ਵੀ ਜੁੜੇ ਹੋਏ ਸਨ। ਅੱਜ ਜਦੋਂ ਭਾਰਤ ਮਹਿਲਾ ਲੀਡਰਸ਼ਿਪ, ਬਰਾਬਰ ਦੇ ਮੌਕਿਆਂ ਅਤੇ ਗੁਣਵੱਤਾਪੂਰਨ ਸਿੱਖਿਆ ਦੀ ਦਿਸ਼ਾ ’ਚ ਅੱਗੇ ਵਧ ਰਹੀ ਹੈ, ਤਾਂ ਰਾਜਮਾਤਾ ਦੇ ਇਨ੍ਹਾਂ ਯਤਨਾਂ ਦਾ ਚੇਤਾ ਇਕ ਵਿਸ਼ੇਸ਼ ਅਰਥ ਰੱਖਦਾ ਹੈ।
ਗਵਾਲੀਅਰ ਡਵੀਜ਼ਨ ਦੀਆਂ ਸਿਆਸੀ ਅਤੇ ਸਮਾਜਿਕ ਯਾਦਾਂ ’ਚ ਰਾਜਮਾਤਾ ਦਾ ਇਕ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦੇ ਜੀਵਨ ’ਚ ਸ਼ਾਹੀ ਰਵਾਇਤਾਂ ਅਤੇ ਲੋਕਤੰਤਰੀ ਜਨ-ਪ੍ਰਤੀਨਿਧਤਾ ਦਾ ਇਕ ਅਨੋਖਾ ਮੇਲ ਦਿਖਾਈ ਦਿੰਦਾ ਹੈ। ਉਨ੍ਹਾਂ ਨੇ ਆਪਣੇ ਖੇਤਰੀ ਸਬੰਧਾਂ ਦੇ ਨਾਲ-ਨਾਲ ਰਾਸ਼ਟਰੀ ਸਿਆਸਤ ’ਚ ਵੀ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਦਿਖਾਇਆ ਕਿ ਇਤਿਹਾਸਕ ਵਿਰਾਸਤ ਨੂੰ ਸਿਰਫ ਅਤੀਤ ਦੀ ਯਾਦ ਬਣਾ ਕੇ ਨਹੀਂ ਰੱਖਣਾ ਚਾਹੀਦਾ, ਸਗੋਂ ਉਸ ਨੂੰ ਮੌਜੂਦਾ ਸਮੇਂ ਦੀਆਂ ਸਮਾਜਿਕ ਅਤੇ ਜਨਤਕ ਜ਼ਿੰਮੇਵਾਰੀਆਂ ਨਾਲ ਵੀ ਜੋੜਿਆ ਜਾ ਸਕਦਾ ਹੈ।
ਰਾਜਮਾਤਾ ਦੀ ਵਿਚਾਰਧਾਰਾ ਨਾਲ ਸਹਿਮਤੀ ਜਾਂ ਅਸਹਿਮਤੀ ਲੋਕਤੰਤਰੀ ਬਹਿਸ ਦਾ ਵੱਖਰਾ ਮੁੱਖ ਮੁੱਦਾ ਹੋ ਸਕਦੀ ਹੈ, ਪਰ ਉਨ੍ਹਾਂ ਦੇ ਸਿਆਸੀ ਸੰਘਰਸ਼, ਸੰਗਠਨਾਤਮਕ ਯੋਗਦਾਨ ਅਤੇ ਜਨਤਕ ਜੀਵਨ ’ਚ ਨਿਭਾਈ ਗਈ ਭੂਮਿਕਾ ਦਾ ਅਧਿਐਨ ਇਤਿਹਾਸਕ ਤੱਥਾਂ ਅਤੇ ਗੰਭੀਰਤਾ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਜੀਵਨ ਇਹ ਸੰਦੇਸ਼ ਦਿੰਦਾ ਹੈ ਕਿ ਸਿਆਸੀ ਵਚਨਬੱਧਤਾ ਦਾ ਅਰਥ ਸਿਰਫ ਕਿਸੇ ਵਿਚਾਰ ਦਾ ਸਮਰਥਨ ਕਰਨਾ ਨਹੀਂ, ਸਗੋਂ ਉਸ ਲਈ ਨਿਰੰਤਰ ਕੰਮ ਕਰਨਾ ਅਤੇ ਔਖੀਆਂ ਹਾਲਤਾਂ ’ਚ ਆਪਣੇ ਫ਼ੈਸਲਿਆਂ ਦੀ ਜ਼ਿੰਮੇਵਾਰੀ ਕਬੂਲਣਾ ਵੀ ਹੈ। 25 ਜਨਵਰੀ, 2001 ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ, ਪਰ ਭਾਰਤੀ ਸਿਆਸਤ ’ਚ ਉਨ੍ਹਾਂ ਦੇ ਯੋਗਦਾਨ ਦਾ ਅਧਿਐਨ ਅੱਜ ਵੀ ਮਹੱਤਵਪੂਰਨ ਹੈ। ਉਨ੍ਹਾਂ ਦੀ ਸਵੈ-ਜੀਵਨੀ ‘ਰਾਜਪਥ ਸੇ ਲੋਕਪਥ ਪਰ’ ਉਨ੍ਹਾਂ ਦੇ ਜੀਵਨ ਅਤੇ ਸਿਆਸੀ ਤਜਰਬਿਆਂ ਨੂੰ ਸਮਝਣ ਦਾ ਇਕ ਮਹੱਤਵਪੂਰਨ ਸਰੋਤ ਹੈ।
ਉਨ੍ਹਾਂ ਦੀ ਜਯੰਤੀ ’ਤੇ ਸਭ ਤੋਂ ਸਾਰਥਕ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਜੀਵਨ ਨਾਲ ਜੁੜੇ ਇਤਿਹਾਸਕ ਤੱਥਾਂ ਦਾ ਅਧਿਐਨ ਕਰੀਏ, ਉਨ੍ਹਾਂ ਦੇ ਯੋਗਦਾਨ ਦਾ ਮੁਲਾਂਕਣ ਕਰੀਏ ਅਤੇ ਜਨ-ਸੇਵਾ, ਸਿੱਖਿਆ, ਸੰਗਠਨਾਤਮਕ ਵਚਨਬੱਧਤਾ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੇ ਮਹੱਤਵ ਨੂੰ ਅਪਣਾਈਏ। ਰਾਜਮਾਤਾ ਵਿਜਿਆਰਾਜੇ ਸਿੰਧੀਆ ਦਾ ਜੀਵਨ ਸਫ਼ਰ ਸਾਨੂੰ ਚੇਤੇ ਕਰਵਾਉਂਦਾ ਹੈ ਕਿ ਸ਼ਾਹੀ ਸ਼ਾਨੋ-ਸ਼ੌਕਤ ਵਿਰਾਸਤ ’ਚ ਮਿਲ ਸਕਦੀ ਹੈ ਪਰ ਲੋਕ-ਵਿਸ਼ਵਾਸ ਕਮਾਉਣਾ ਪੈਂਦਾ ਹੈ।
— ਆਸ਼ੀਸ਼ ਪ੍ਰਤਾਪ ਸਿੰਘ ਰਾਠੌੜ
(ਪ੍ਰਧਾਨ, ਮਾਧਵ ਮਹਾਰਾਜ ਸਮ੍ਰਿਤੀ ਫਾਊਂਡੇਸ਼ਨ)
ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
NEXT STORY