ਭਾਰਤ ਦੀ ਲਗਭਗ 41 ਫੀਸਦੀ ਆਬਾਦੀ 20 ਸਾਲ ਤੋਂ ਘੱਟ ਉਮਰ ਦੇ ਅੱਲ੍ਹੜਾਂ ਦੀ ਹੈ ਅਤੇ ਇਨ੍ਹਾਂ ਨੂੰ ਆਨਲਾਈਨ ਗੇਮ ਦੀ ਆਦਤ ਨੇ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ। ਮੋਬਾਈਲ ’ਚ ਆਨਲਾਈਨ ਗੇਮਜ਼ ਇਨ੍ਹਾਂ ਮਾਸੂਮਾਂ ਨੂੰ ਕ੍ਰਿਮੀਨਲ ਮਾਈਂਡਿਡ ਬਣਾ ਰਹੀਆਂ ਹਨ। ਬੱਚਿਆਂ ’ਚ ਸਰੀਰਕ ਅਤੇ ਮਾਨਸਿਕ ਤੌਰ ’ਤੇ ਇਸ ਦੇ ਅਸਰ ਦੇਖਣ ਨੂੰ ਮਿਲ ਰਹੇ ਹਨ। ਜੇ ਤੁਹਾਡੇ ਬੱਚੇ ਮੋਬਾਈਲ ’ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ ਤਾਂ ਇਹ ਅਜਿਹੇ ਸਾਰੇ ਮਾਪਿਆਂ ਲਈ ਖਤਰੇ ਦੀ ਘੰਟੀ ਹੈ ਕਿਉਂਕਿ ਆਨਲਾਈਨ ਗੇਮ ਦਾ ਨਸ਼ਾ ਅਜਿਹਾ ਹੈ ਕਿ ਬੱਚੇ ਘਰ ਛੱਡ ਕੇ ਭੱਜ ਰਹੇ ਹਨ। ਹਾਲਤ ਇਹ ਹੈ ਕਿ ਬੱਚੇ ਮਾਪਿਆਂ ਦੀ ਗੱਲ ਤੱਕ ਨਹੀਂ ਮੰਨ ਰਹੇ।
ਸਾਡੇ ਦੇਸ਼ ’ਚ ਬੱਚਿਆਂ, ਅੱਲ੍ਹੜਾਂ ਅਤੇ ਨੌਜਵਾਨਾਂ ’ਚ ਆਨਲਾਈਨ ਗੇਮ ਖੇਡਣ ਦੀ ਆਦਤ ਮਹਾਮਾਰੀ ਦਾ ਰੂਪ ਲੈਂਦੀ ਜਾ ਰਹੀ ਹੈ। ਇਸ ਦੇ ਸ਼ਿਕਾਰ ਲੋਕ 24 ਘੰਟੇ ਬਿਨਾਂ ਰੁਕੇ ਆਨਲਾਈਨ ਗੇਮਜ਼ ਖੇਡਦੇ ਹਨ। ਅੱਜ ਇੰਟਰਨੈੱਟ ’ਤੇ ਮਿਲਦੀਆਂ ਰੋਮਾਂਚਕ ਆਨਲਾਈਨ ਗੇਮਜ਼ ’ਚ ਰੰਗ-ਬਿਰੰਗੇ ਵਿਸ਼ੇ ਅਤੇ ਸੰਗੀਤ ਦੇ ਸੁਮੇਲ ਨਾਲ ਹਰ ਪਲ ਬਦਲਦੀ ਦੁਨੀਆ ਅਤੇ ਪਲ-ਪਲ ਵਧਦਾ ਰੋਮਾਂਸ ਬੱਚਿਆਂ ਦੇ ਦਿਲੋ-ਦਿਮਾਗ ’ਤੇ ਹਾਵੀ ਹੋ ਰਿਹਾ ਹੈ। ਗੇਮ ਖੇਡਣ ਦੀ ਇਹ ਆਦਤ ਵਧਦੇ-ਵਧਦੇ ਉਦਾਸੀ ’ਚ ਬਦਲ ਜਾਂਦੀ ਹੈ।
ਭਾਰਤ ’ਚ 23 ਸਾਲ ਤੱਕ ਦੇ 88 ਫੀਸਦੀ ਨੌਜਵਾਨ ਸਮਾਂ ਬਿਤਾਉਣ ਲਈ ਆਨਲਾਈਨ ਗੇਮਜ਼ ਖੇਡਦੇ ਹਨ। ਸ਼ੌਕ ਲਈ ਜਾਂ ਸਮਾਂ ਬਿਤਾਉਣ ਲਈ ਕੁਝ ਦੇਰ ਆਨਲਾਈਨ ਗੇਮ ਖੇਡਣਾ ਕੋਈ ਬੁਰੀ ਗੱਲ ਨਹੀਂ ਪਰ ਸਮੱਸਿਆ ਤਦ ਪੈਦਾ ਹੁੰਦੀ ਹੈ ਜਦ ਇਹ ਇਕ ਬੁਰੀ ਆਦਤ ਬਣ ਜਾਂਦੀ ਹੈ, ਜਿਸ ਨੂੰ ‘ਗੇਮਿੰਗ ਐਡਿਕਸ਼ਨ’ ਕਹਿੰਦੇ ਹਨ। ਆਨਲਾਈਨ ਗੇਮਜ਼ ਖੇਡਣ ਨਾਲ ਹਿੰਸਾ ਦੀ ਪ੍ਰਵਿਰਤੀ ਵੀ ਵਧ ਰਹੀ ਹੈ ਕਿਉਂਕਿ ਇਹ ਖੇਡਾਂ ਅਕਸਰ ਹਿੰਸਕ ਘਟਨਾਵਾਂ ਨਾਲ ਭਰੀਆਂ ਹੁੰਦੀਆਂ ਹਨ। ਇਨ੍ਹਾਂ ’ਚ ਮਰਨ-ਮਾਰਨ ਦੀਆਂ ਗੱਲਾਂ ਹੁੰਦੀਆਂ ਹਨ, ਜੰਗਾਂ ਹੁੰਦੀਆਂ ਹਨ, ਬੱਚਿਆਂ ਦੇ ਹੱਥਾਂ ’ਚ ਵਰਚੁਅਲ ਬੰਦੂਕਾਂ ਹੁੰਦੀਆਂ ਹਨ।
ਐਡਿਕਸ਼ਨ ਸੈਂਟਰ ਦੀ ਰਿਪੋਰਟ ਅਨੁਸਾਰ, ਵੀਡੀਓ ਗੇਮ ਤੁਹਾਡੇ ਦਿਮਾਗ ਨੂੰ ਉਸੇ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਜਿਵੇਂ ਕਿ ਨਸ਼ਾ। ਇਹ ਤੁਹਾਡੀ ਬਾਡੀ ’ਚ ਡੋਪਾਮਾਇਨ ਰਿਲੀਜ਼ ਕਰਦੇ ਹਨ। ਇਹ ਇਕ ਅਜਿਹਾ ਕੈਮੀਕਲ ਹੈ ਜੋ ਤੁਹਾਡੇ ਵਿਹਾਰ ਨੂੰ ਰੀਇਨਫੋਰਸ ਕਰਦਾ ਹੈ। ਇਹੀ ਕਾਰਨ ਹੈ ਕਿ ਆਨਲਾਈਨ ਗੇਮਜ਼ ਖੇਡਣਾ ਤੁਹਾਡੇ ਲਈ ਐਡਿਕਸ਼ਨ ਬਣ ਜਾਂਦਾ ਹੈ।
ਖੋਜ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਆਨਲਾਈਨ ਗੇਮ ਦੀ ਆਦਤ ਪੈਂਦੀ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਗੇਮ ਖੇਡਣ ਨਾਲ ਐਡਵੈਂਚਰ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ, ਉਹ ਗੇਮ ਖੇਡਣ ਨਾਲ ਅਸਲ ਜ਼ਿੰਦਗੀ ਦੀ ਪ੍ਰਾਬਲਮ ਤੋਂ ਦੂਰ ਚਲੇ ਜਾਂਦੇ ਹਨ।
ਜੋ ਲੋਕ ਗੇਮਿੰਗ ਡਿਸਆਰਡਰ ਦੇ ਸ਼ਿਕਾਰ ਹੁੰਦੇ ਹਨ, ਉਨ੍ਹਾਂ ਨੂੰ ਇਹ ਤੈਅ ਕਰਨ ’ਚ ਮੁਸ਼ਕਲ ਹੁੰਦੀ ਹੈ ਕਿ ਉਹ ਕਿੰਨਾ ਸਮਾਂ ਡਿਜੀਟਲ ਗੇਮ ਖੇਡਦੇ ਹੋਏ ਬਿਤਾਉਣਗੇ। ਉਹ ਗੇਮ ਖੇਡਣਾ ਆਪਣੇ ਜ਼ਰੂਰੀ ਕੰਮਾਂ ਤੋਂ ਵੀ ਵੱਧ ਜ਼ਰੂਰੀ ਸਮਝਦੇ ਹਨ। ਜ਼ਿਆਦਾ ਗੇਮ ਖੇਡਣ ਕਾਰਨ ਹੌਲੀ-ਹੌਲੀ ਉਨ੍ਹਾਂ ਦੇ ਵਿਹਾਰ ’ਤੇ ਇਸ ਦਾ ਨਕਾਰਾਤਮਕ ਅਸਰ ਵੀ ਪੈਣ ਲੱਗਦਾ ਹੈ। ਗੇਮਿੰਗ ਡਿਸਆਰਡਰ ਵਿਹਾਰ ਨਾਲ ਜੁੜਿਆ ਹੋਇਆ ਡਿਸਆਰਡਰ ਹੈ। ਅੰਕੜੇ ਦੱਸਦੇ ਹਨ ਕਿ ਭਾਰਤ ’ਚ ਪੱਬਜੀ ਅਤੇ ਕਾਲ ਆਫ ਡਿਊਟੀ ਵਰਗੀਆਂ ਗੇਮਜ਼ ਯੂਥ ਦੀਆਂ ਹਾਟ ਫੇਵਰਿਟ ਹਨ। ਗੇਮਿੰਗ ਡਿਸਆਰਡਰ ਵਾਲੇ ਲੋਕ ਇਨ੍ਹਾਂ ਨੂੰ ਹੀ ਜ਼ਿਆਦਾ ਖੇਡਦੇ ਹਨ।
ਕੋਰੋਨਾ ਕਾਲ ਦੇ ਬੰਦ ਪਿੱਛੋਂ ਭਾਰਤ ’ਚ ਆਨਲਾਈਨ ਗੇਮਜ਼ ਖੇਡਣ ਵਾਲਿਆਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋਇਆ ਹੈ। ਇਸ ’ਚ ਬੱਚਿਆਂ ਦੇ ਨਾਲ-ਨਾਲ ਵੱਡੇ ਵੀ ਸ਼ਾਮਲ ਹਨ। 2018 ’ਚ ਭਾਰਤ ’ਚ ਆਨਲਾਈਨ ਗੇਮਜ਼ ਖੇਡਣ ਵਾਲਿਆਂ ਦੀ ਗਿਣਤੀ 26.90 ਕਰੋੜ ਸੀ, ਜੋ ਸਾਲ 2020 ’ਚ ਵਧ ਕੇ ਲਗਭਗ 36.50 ਕਰੋੜ ਹੋ ਗਈ। ਅੰਦਾਜ਼ਾ ਹੈ ਕਿ 2022 ’ਚ ਲਗਭਗ 55 ਕਰੋੜ ਤੋਂ ਵੱਧ ਭਾਵ ਲਗਭਗ ਅੱਧੀ ਆਬਾਦੀ ਆਨਲਾਈਨ ਗੇਮਜ਼ ਖੇਡਣ ’ਚ ਰੁੱਝੀ ਹੋਈ ਸੀ। 2016 ’ਚ ਭਾਰਤ ’ਚ ਆਨਲਾਈਨ ਗੇਮਜ਼ ਦਾ ਬਾਜ਼ਾਰ ਲਗਭਗ 4000 ਕਰੋੜ ਰੁਪਏ ਸੀ, ਜੋ ਹੁਣ 7 ਤੋਂ 10 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਚੁੱਕਾ ਹੈ। ਹਰ ਸਾਲ ਇਹ 18 ਫੀਸਦੀ ਦੀ ਰਫਤਾਰ ਨਾਲ ਵਧ ਰਿਹਾ ਹੈ। ਅੰਦਾਜ਼ਾ ਹੈ ਕਿ ਅਗਲੇ ਸਾਲ ਇਹ ਲਗਭਗ 29,000 ਕਰੋੜ ਤਕ ਪਹੁੰਚ ਜਾਵੇਗਾ।
ਲਗਭਗ 46 ਫੀਸਦੀ ਗੇਮ ਖੇਡਣ ਵਾਲੇ ਜਿੱਤਣ ਲਈ ਜਾਂ ਇਸ ਦੀ ‘ਐਡਵਾਂਸਡ ਸਟੇਜ’ ’ਚ ਪਹੁੰਚਣ ਲਈ ਪੈਸੇ ਵੀ ਖਰਚ ਕਰਨ ਨੂੰ ਤਿਆਰ ਰਹਿੰਦੇ ਹਨ। ਬਹੁਤ ਸਾਰੀਆਂ ਆਨਲਾਈਨ ਗੇਮਜ਼ ’ਚ ਪੈਸਾ ਕਮਾਉਣ ਦਾ ਬਦਲ ਵੀ ਹੁੰਦਾ ਹੈ ਜਿਸ ਨਾਲ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਇਸ ਨੂੰ ਕੁਲਵਕਤੀ ਕੰਮ ਵਾਂਗ ਅਪਣਾ ਲਿਆ ਹੈ। ਸਮਾਂ ਬਿਤਾਉਣ ਅਤੇ ਸ਼ੌਕ ਲਈ ਖੇਡੀ ਜਾਣ ਵਾਲੀ ਖੇਡ ਹੁਣ ਜੂਏ ਅਤੇ ਸੱਟੇਬਾਜ਼ੀ ’ਚ ਬਦਲਦੀ ਜਾ ਰਹੀ ਹੈ। ਭਾਰਤ ਦੇ ਲੋਕ ਹੁਣ ਇਕ ਦਿਨ ’ਚ ਔਸਤਨ 218 ਮਿੰਟ ਆਨਲਾਈਨ ਗੇਮ ਖੇਡਦੇ ਹੋਏ ਬਿਤਾ ਰਹੇ ਹਨ। ਪਹਿਲਾਂ ਇਹ ਔਸਤ 151 ਮਿੰਟ ਸੀ। ਇਹ ਆਦਤ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਜ਼ਰੂਰੀ ਕੰਮ ਕਰਨ ਤੋਂ ਰੋਕਦੀ ਹੈ।
ਪਿਛਲੇ ਸਾਲ ਭਾਰਤ ’ਚ ਹੋਏ ਇਕ ਸਰਵੇ ’ਚ 20 ਸਾਲ ਤੋਂ ਘੱਟ ਉਮਰ ਦੇ 65 ਫੀਸਦੀ ਬੱਚਿਆਂ ਨੇ ਮੰਨਿਆ ਸੀ ਕਿ ਉਹ ਇਸ ਲਈ ਖਾਣਾ ਅਤੇ ਨੀਂਦ ਛੱਡਣ ਨੂੰ ਵੀ ਤਿਆਰ ਹਨ ਅਤੇ ਬਹੁਤ ਸਾਰੇ ਬੱਚੇ ਤਾਂ ਆਨਲਾਈਨ ਗੇਮਜ਼ ਖੇਡਣ ਲਈ ਆਪਣੇ ਮਾਤਾ-ਪਿਤਾ ਦਾ ਪੈਸਾ ਵੀ ਚੋਰੀ ਕਰਨ ਨੂੰ ਤਿਆਰ ਹਨ। ਉਂਝ ਤਾਂ ‘ਗੇਮਿੰਗ ਐਡਿਕਸ਼ਨ’ ਦੀ ਇਹ ਸਮੱਸਿਆ ਸਿਰਫ ਭਾਰਤ ਨਹੀਂ ਪੂਰੀ ਦੁਨੀਆ ’ਚ ਹੈ। ਪਿਛਲੇ ਸਾਲ ਬਰਤਾਨੀਆ ’ਚ ਹੋਏ ਇਕ ਸਰਵੇ ’ਚ ਹਰ 6 ’ਚੋਂ 1 ਬੱਚੇ ਨੇ ਮੰਨਿਆ ਸੀ ਕਿ ਖੇਡ ਖੇਡਣ ਲਈ ਉਨ੍ਹਾਂ ਨੇ ਮਾਤਾ-ਪਿਤਾ ਦਾ ਪੈਸਾ ਚੋਰੀ ਕੀਤਾ। ਇਸ ਲਈ ਜ਼ਿਆਦਾਤਰ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਦਾ ਉਨ੍ਹਾਂ ਨੂੰ ਬਿਨਾਂ ਦੱਸੇ ਇਸਤੇਮਾਲ ਕੀਤਾ ਸੀ।
ਕੁਝ ਆਨਲਾਈਨ ਗੇਮਜ਼ ਮੁਫਤ ਹੁੰਦੀਆਂ ਹਨ, ਕੁਝ ’ਚ ਪੈਸਾ ਦੇਣਾ ਪੈਂਦਾ ਹੈ। ਕਈ ਗੇਮਜ਼ ਜਿੱਤਣ ’ਤੇ ‘ਰਿਵਾਰਡ’ ਵੀ ਮਿਲਦਾ ਹੈ, ਜਿਸ ਨਾਲ ਲਾਲਚ ਵਧਦਾ ਹੀ ਜਾਂਦਾ ਹੈ। ਹਾਰ ਜਾਣ ’ਤੇ ਡੁੱਬਿਆ ਪੈਸਾ ਵਾਪਸ ਪਾਉਣ ਦੀ ਜ਼ਿੱਦ ਹੁੰਦੀ ਹੈ। ਬੱਚੇ ਲਗਾਤਾਰ ਝੂਠ ਬੋਲਣ ਅਤੇ ਕਰਜ਼ਾ ਲੈਣ ਵਰਗੀਆਂ ਆਦਤਾਂ ਦੇ ਸ਼ਿਕਾਰ ਹੋ ਜਾਂਦੇ ਹਨ। ਆਨਲਾਈਨ ਗੇਮਜ਼ ਲੋੜ ਤੋਂ ਜ਼ਿਆਦਾ ਖੇਡਣ ਨਾਲ ਬੱਚਿਆਂ ਦੇ ਮਨ-ਮਸਤਕ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਉਹ ਚਿੜਚਿੜੇ ਅਤੇ ਹਿੰਸਕ ਬਣ ਰਹੇ ਹਨ। ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨਾਲ ਗੱਲ ਕਰਨ ਦੀ ਥਾਂ ਉਹ ਕਿਸੇ ਖਿਆਲੀ ਦੁਨੀਆ ’ਚ ਗੁਆਚੇ ਰਹਿਣਾ ਪਸੰਦ ਕਰਦੇ ਹਨ। ਯੂਨੀਵਰਸਿਟੀ ਆਫ ਨਿਊ ਮੈਕਸੀਕੋ ਦੀ ਖੋਜ ਮੁਤਾਬਕ ਦੁਨੀਆ ਭਰ ’ਚ ਗੇਮ ਖੇਡਣ ਵਾਲੇ 15 ਫੀਸਦੀ ਇਸ ਦੀ ਆਦਤ ਦਾ ਸ਼ਿਕਾਰ ਹੋ ਕੇ ਮਾਨਸਿਕ ਤੌਰ ’ਤੇ ਬੀਮਾਰ ਹੋ ਜਾਂਦੇ ਹਨ।
ਹੁਣ ਆਨਲਾਈਨ ਗੇਮ ਨੂੰ ਦੁਨੀਆ ਭਰ ’ਚ ਮੁੱਖ ਖੇਡਾਂ ’ਚ ਵੀ ਸ਼ਾਮਲ ਕੀਤਾ ਜਾਣ ਲੱਗਾ। ਏਸ਼ੀਆਈ ਖੇਡਾਂ ’ਚ ‘ਈ-ਸਪੋਰਟਸ’ ਦੇ ਪ੍ਰੋਗਰਾਮ ਹੋਣਗੇ। ਓਲੰਪਿਕ ਕਮੇਟੀ ਵੀ ਇਸ ਨੂੰ ਮਾਨਤਾ ਦੇ ਚੁੱਕੀ ਹੈ। ਇਸ ਲਈ ਇਸ ਉਦਯੋਗ ’ਤੇ ਪੂਰੀ ਤਰ੍ਹਾਂ ਪਾਬੰਦੀ ਤਾਂ ਨਹੀਂ ਲਾਈ ਜਾ ਸਕਦੀ ਪਰ ਜੋ ਆਨਲਾਈਨ ਗੇਮਜ਼ ਲੋਕਾਂ ਨੂੰ ਜੂਏ ਦੀ ਆਦਤ ਲਾਉਂਦੀਆਂ ਹਨ, ਉਨ੍ਹਾਂ ’ਤੇ ਕੰਟ੍ਰੋਲ ਕਰਨਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੌਜਵਾਨਾਂ ਨੇ ਮਿਹਨਤ ਕਰ ਕੇ ਪਰਿਵਾਰ, ਦੇਸ਼ ਅਤੇ ਸਮਾਜ ਨੂੰ ਅੱਗੇ ਲੈ ਕੇ ਜਾਣਾ ਹੈ, ਉਹ ਅੱਜ ਆਨਲਾਈਨ ਗੇਮਜ਼ ਖੇਡ ਕੇ ਸਮਾਂ ਬਰਬਾਦ ਕਰ ਰਹੇ ਹਨ। ਕੋਰੋਨਾ ਕਾਲ ’ਚ ਸਕੂਲ-ਕਾਲਜ ਬੰਦ ਹੋਣ ਕਾਰਨ ਆਨਲਾਈਨ ਪੜ੍ਹਾਈ ਦਾ ਰਿਵਾਜ ਵਧਿਆ ਹੈ। ਇਸ ਲਈ ਹੁਣ ਹਰ ਬੱਚੇ ਦੇ ਹੱਥ ’ਚ ਕੰਪਿਊਟਰ, ਲੈਪਟਾਪ ਜਾਂ ਮੋਬਾਈਲ ਹੈ ਪਰ ਪੜ੍ਹਾਈ ਤੋਂ ਜ਼ਿਆਦਾ ਉਹ ਇਨ੍ਹਾਂ ਦੀ ਵਰਤੋਂ ਆਨਲਾਈਨ ਗੇਮਜ਼ ਖੇਡਣ ’ਚ ਕਰਦੇ ਹਨ, ਜੋ ਬਹੁਤ ਘਾਤਕ ਹੁੰਦਾ ਜਾ ਰਿਹਾ ਹੈ, ਇਸ ’ਤੇ ਕੰਟ੍ਰੋਲ ਕਰਨਾ ਬਹੁਤ ਜ਼ਰੂਰੀ ਹੈ।
ਪ੍ਰਿੰ. ਡਾ. ਮੋਹਨ ਲਾਲ ਸ਼ਰਮਾ
ਵਿਰੋਧ ਅਤੇ ਬਾਈਕਾਟ ਦਾ ਇਹ ਤਰੀਕਾ ਕਿਸੇ ਦੇ ਹਿੱਤ ’ਚ ਨਹੀਂ
NEXT STORY