ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦੇਸ਼ ਤੋਂ ਅਲੱਗ-ਥਲੱਗ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਉਦੋਂ ਤੱਕ ਸਫਲ ਨਹੀਂ ਹੋਣਗੀਆਂ ਜਦੋਂ ਤੱਕ ਆਰਥਿਕਤਾ ਪੱਟੜੀ ਤੋਂ ਨਹੀਂ ਉਤਰ ਜਾਂਦੀ। ਸੈਲਾਨੀਆਂ ਨੂੰ ਮਾਰ ਕੇ, ਪਾਕਿਸਤਾਨ ਨੇ ਇਸ ਨਾਪਾਕ ਇਰਾਦੇ ਨੂੰ ਪੂਰਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਹੈ।
ਇਸ ਹਮਲੇ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦੋਵਾਂ ਪਾਸਿਆਂ ਤੋਂ ਦੁੱਖ ਪਹੁੰਚਿਆ ਹੈ। ਪਹਿਲਾ, ਇਹ ਕਾਇਰਤਾਪੂਰਨ ਕੰਮ ਉਨ੍ਹਾਂ ਦੇ ਇਲਾਕੇ ’ਚ ਕੀਤਾ ਗਿਆ, ਜਿਸ ਲਈ ਉਹ ਦੋਸ਼ੀ ਮਹਿਸੂਸ ਕਰਦੇ ਹਨ; ਦੂਜਾ, ਇਸ ਘਟਨਾ ਕਾਰਨ ਸੈਰ-ਸਪਾਟਾ ਕਾਰੋਬਾਰ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਪਿਆ ਹੈ। ਧਰਮ ਦੇ ਆਧਾਰ ’ਤੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਕੇ, ਅੱਤਵਾਦੀਆਂ ਨੇ ਭਾਰਤ ਦੇ ਬਹੁਲਤਵਾਦ ਅਤੇ ਦੇਸ਼ ਦੀ ਪਛਾਣ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ।
ਕਸ਼ਮੀਰੀ ਅਰਥਵਿਵਸਥਾ ਨੂੰ ਲਾਭ ਪਹੁੰਚਾਉਣ ਵਾਲੇ ਇਕ ਹਰਮਨਪਿਆਰੇ ਸਥਾਨ ’ਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾਵਰਾਂ ਨੇ ਸੈਰ-ਸਪਾਟੇ ’ਤੇ ਨਿਰਭਰ ਹਜ਼ਾਰਾਂ ਕਸ਼ਮੀਰੀਆਂ ਦੀ ਰੋਜ਼ੀ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਅਮਰੀਕੀ ਉਪ-ਰਾਸ਼ਟਰਪਤੀ ਦੇ ਭਾਰਤ ਦੌਰੇ ਸਮੇਂ ਨਿਹੱਥੇ ਸੈਲਾਨੀਆਂ ’ਤੇ ਹਮਲਾ ਕਰਨ ਦਾ ਬਦਲ ਚੁਣ ਕੇ ਉਨ੍ਹਾਂ ਨੇ ਇਸ ਧਾਰਨਾ ਨੂੰ ਵੀ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੰਮੂ ਅਤੇ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਪਿੱਛੋਂ ਹੋਈ ਗੜਬੜ ਦੇ ਬਾਅਦ ਵੀ ਆਰਥਿਕ ਸਰਗਰਮੀਆਂ ਆਮ ਹੋ ਗਈਆਂ ਹਨ। ਹੱਤਿਆਵਾਂ ਦੇ ਦੁਖਦਾਈ ਨਤੀਜੇ ਤੋਂ ਹੁਣ ਇਹ ਡਰ ਹੈ ਕਿ ਇਸ ਤਰ੍ਹਾਂ ਦੇ ਹਮਲੇ ਫਿਰ ਹੋ ਸਕਦੇ ਹਨ ਅਤੇ ਇਸ ਨਾਲ ਆਮ ਕਸ਼ਮੀਰੀਆਂ ਨੂੰ ਆਰਥਿਕ ਪੀੜਾ ਹੋਵੇਗੀ।
ਕੇਂਦਰ ਸਰਕਾਰ ਪੂਰੀ ਤਾਕਤ ਨਾਲ ਜੰਮੂ-ਕਸ਼ਮੀਰ ਨੂੰ ਵਿਸ਼ਵ ਮੰਚ ’ਤੇ ਬਿਹਤਰੀਨ ਨਿਵੇਸ਼ ਖੇਤਰ ਬਣਾਉਣ ਦੀ ਦਿਸ਼ਾ ’ਚ ਯਤਨ ਕਰ ਰਹੀ ਸੀ। ਅੱਤਵਾਦ ਦੀ ਇਸ ਘਟਨਾ ਨਾਲ ਇਸ ਯਤਨ ਨੂੰ ਡੂੰਘੀ ਸੱਟ ਵੱਜੀ ਹੈ। ਇਸ ਸਦਮੇ ’ਚੋਂ ਬਾਹਰ ਆਉਣ ਦਾ ਇਹੀ ਰਸਤਾ ਹੈ ਕਿ ਜੰਮੂ-ਕਸ਼ਮੀਰ ਪ੍ਰਤੀ ਆਰਥਿਕ ਨੀਤੀਆਂ ਨੂੰ ਮਜ਼ਬੂਤ ਕਰਨ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਏ। ਸੈਰ-ਸਪਾਟੇ ਅਤੇ ਨਿਵੇਸ਼ ਲਈ ਬਿਹਤਰ ਸਾਕਾਰਾਤਮਕ ਮਾਹੌਲ ਬਣਾ ਕੇ ਸੈਲਾਨੀਆਂ ਦੇ ਮਨ ’ਚ ਪਏ ਡਰ ਨੂੰ ਦੂਰ ਕੀਤਾ ਜਾਵੇ। ਧਾਰਾ 370 ਦੇ ਹਟਣ ਪਿਛੋਂ ਜੰਮੂ ਅਤੇ ਕਸ਼ਮੀਰ ਦੀ ਆਰਥਿਕ ਤਰੱਕੀ ਮਜ਼ਬੂਤ ਰਹੀ ਹੈ।
ਸਾਲ 2024-25 ਲਈ ਇਸ ਦਾ ਰੀਅਲ ਕੁਲ ਘਰੇਲੂ ਉਤਪਾਦ, ਜੀ. ਐੱਸ. ਡੀ.ਪੀ. 7.06 ਫੀਸਦੀ ਦਰ ਨਾਲ ਵਧਣ ਦਾ ਅੰਦਾਜ਼ਾ ਰਿਹਾ, ਜਦਕਿ ਨਾਮੀਨਲ ਜੀ. ਐੱਸ. ਡੀ. ਪੀ. 2.65 ਲੱਖ ਕਰੋੜ ਹੋਣ ਦਾ ਅੰਦਾਜ਼ਾ ਰਿਹਾ ਜੋ ਲਗਾਤਾਰ ਤਰੱਕੀ ਦਾ ਸੰਕੇਤ ਰਿਹਾ ਹੈ।
ਇਹ ਸ਼ਾਨਦਾਰ ਤਰੱਕੀ ਸਿਰਫ਼ ਇਸੇ ਤਰ੍ਹਾਂ ਨਹੀਂ ਹੋਈ, ਸਗੋਂ ਅੱਤਵਾਦੀ ਘਟਨਾਵਾਂ ਦੀ ਗਿਣਤੀ 2018 ’ਚ 228 ਤੋਂ ਘੱਟ ਕੇ 2023 ’ਚ ਸਿਰਫ਼ 46 ਰਹਿ ਗਈ, ਜੋ ਕਿ 99 ਫੀਸਦੀ ਦੀ ਗਿਰਾਵਟ ਹੈ। ਹੁਣ ਤੱਕ, ਇਹ ਸ਼ਾਂਤੀ ਦਾ ਫਾਇਦਾ ਸੀ ਜਿਸ ਨੇ ਕਸ਼ਮੀਰ ਵੱਲ ਨਿਵੇਸ਼ ਅਤੇ ਸੈਰ-ਸਪਾਟੇ ਦਾ ਧਿਆਨ ਖਿੱਚਿਆ। ਪਹਿਲਗਾਮ ’ਚ ਹੋਏ ਹਮਲੇ ਕਾਰਨ 21000 ਕਰੋੜ ਰੁਪਏ ਦਾ ਸੈਰ-ਸਪਾਟਾ ਕਾਰੋਬਾਰ ਦਾਅ ’ਤੇ ਲੱਗ ਗਿਆ ਹੈ। ਇਸ ਹਮਲੇ ਕਾਰਨ ਸਭ ਤੋਂ ਵੱਧ ਨੁਕਸਾਨ ਇੱਥੋਂ ਦੇ ਸੈਰ-ਸਪਾਟੇ ਨੂੰ ਹੋਵੇਗਾ।
ਇਹ ਇਕ ਅਜਿਹਾ ਖੇਤਰ ਹੈ ਜੋ ਕਸ਼ਮੀਰ ਦੇ ਕੁੱਲ ਰਾਜ ਘਰੇਲੂ ਉਤਪਾਦ ’ਚ 7.8 ਫੀਸਦੀ ਯੋਗਦਾਨ ਪਾਉਂਦਾ ਹੈ। ਸਰਕਾਰ ਨੇ ਅਗਲੇ 4.5 ਸਾਲਾਂ ’ਚ ਜੀ. ਐੱਸ. ਡੀ. ਪੀ. ਵਧਾਉਣ ਦਾ ਟੀਚਾ ਰੱਖਿਆ ਹੈ। ਦੇਸ਼ ਨੇ ਸੈਰ-ਸਪਾਟੇ ਦੇ ਹਿੱਸੇ ਨੂੰ 7 ਪ੍ਰਤੀਸ਼ਤ ਤੋਂ ਵਧਾ ਕੇ ਘੱਟੋ-ਘੱਟ 15 ਫੀਸਦੀ ਕਰਨ ਦਾ ਇਕ ਅਹਿਮ ਟੀਚਾ ਰੱਖਿਆ ਹੈ। ਇਸ ਹਮਲੇ ਕਾਰਨ ਲੋਕਾਂ ਨੇ ਆਪਣੀ ਯਾਤਰਾ ਰੱਦ ਕਰ ਦਿੱਤੀ ਹੈ। ਖਾਸ ਕਰ ਕੇ ਪੂਰਬੀ ਭਾਰਤ ਤੋਂ ਆਉਣ ਵਾਲੇ ਸੈਲਾਨੀਆਂ ’ਚੋਂ, ਵੱਧ ਤੋਂ ਵੱਧ 30 ਫੀਸਦੀ ਪੱਛਮੀ ਬੰਗਾਲ ਤੋਂ ਆਉਂਦੇ ਹਨ। ਸਾਲ 2020 ’ਚ 34 ਲੱਖ ਸੈਲਾਨੀ ਆਏ ਜਦੋਂ ਕਿ 2024 ’ਚ ਇਹ ਗਿਣਤੀ ਵਧ ਕੇ 2.36 ਕਰੋੜ ਹੋ ਗਈ, ਜਿਸ ’ਚ 65,000 ਵਿਦੇਸ਼ੀ ਸੈਲਾਨੀ ਵੀ ਸ਼ਾਮਲ ਸਨ।
2025 ਦੀ ਸ਼ੁਰੂਆਤ ਵੀ ਚੰਗੀ ਰਹੀ। ਸ੍ਰੀਨਗਰ ਦੇ ਟਿਊਲਿਪ ਗਾਰਡਨ ’ਚ ਸਿਰਫ਼ 26 ਦਿਨਾਂ ’ਚ 8.14 ਲੱਖ ਸੈਲਾਨੀ ਆਏ। ਇਸ ਹਮਲੇ ਨਾਲ 1.63 ਲੱਖ ਕਰੋੜ ਰੁਪਏ ਦਾ ਨਿਵੇਸ਼ ਪ੍ਰਭਾਵਿਤ ਹੋ ਸਕਦਾ ਹੈ। ਲੋਕਾਂ ’ਚ ਕਸ਼ਮੀਰ ਜਾਣ ਬਾਰੇ ਡਰ ਪੈਦਾ ਹੋ ਗਿਆ ਹੈ। ਉੱਥੇ ਹੋਟਲ, ਕੰਪਨੀਆਂ ਖੋਲ੍ਹਣ ਅਤੇ ਫਲਾਂ ਦਾ ਕਾਰੋਬਾਰ ਕਰਨ ਦਾ ਇਰਾਦਾ ਰੱਖਣ ਵਾਲੇ ਨਿਵੇਸ਼ਕਾਂ ਦਾ ਵਿਸ਼ਵਾਸ ਡਗਮਗਾ ਸਕਦਾ ਹੈ। ਇਹ ਕਸ਼ਮੀਰ ਦੀ ਆਰਥਿਕ ਤਰੱਕੀ ਨੂੰ ਪੱਟੜੀ ਤੋਂ ਉਤਾਰ ਸਕਦਾ ਹੈ ਜੋ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਸਥਿਰ ਹੋਈ ਹੈ।
ਇੰਨਾ ਹੀ ਨਹੀਂ, ਕਸ਼ਮੀਰ ਦੇ ਲੋਕਾਂ ਦੀ ਆਮਦਨ ’ਤੇ ਵੀ ਡੂੰਘਾ ਪ੍ਰਭਾਵ ਪੈ ਸਕਦਾ ਹੈ, ਜੋ ਹੁਣ ਤੱਕ ਮਜ਼ਬੂਤ ਰਿਹਾ ਹੈ। ਕਸ਼ਮੀਰ ’ਚ 3,407.63 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ ਜਦੋਂ ਕਿ ਜੰਮੂ ਨੂੰ 7,108 ਕਰੋੜ ਰੁਪਏ ਪ੍ਰਾਪਤ ਹੋਏ ਹਨ। ਧਾਰਾ 370 ਨੂੰ ਰੱਦ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ ਜੰਮੂ ਅਤੇ ਕਸ਼ਮੀਰ ਉਦਯੋਗਿਕ ਨੀਤੀ (2021-30) ਦਾ ਉਦੇਸ਼ ਇਸ ਖੇਤਰ ਨੂੰ ਇਕ ਪ੍ਰਮੁੱਖ ਨਿਵੇਸ਼ ਸਥਾਨ ’ਚ ਬਦਲਣਾ ਹੈ। ਇਹ ਨੀਤੀ ਕਾਰੋਬਾਰਾਂ ਨੂੰ ਪੂੰਜੀ ਪ੍ਰੋਤਸਾਹਨ, ਟੈਕਸ ਲਾਭ ਅਤੇ ਬੁਨਿਆਦੀ ਢਾਂਚੇ ਸਬੰਧੀ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਵਿਭਿੰਨ ਖੇਤਰਾਂ ਦੀਆਂ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਉਦਯੋਗਿਕ ਜਾਇਦਾਦ ਦੇ ਵਿਕਾਸ, ਸੁਚਾਰੂ ਨਿਕਾਸੀ ਪ੍ਰਕਿਰਿਆਵਾਂ ਅਤੇ ਬਿਹਤਰ ਬਿਜਲੀ ਸਪਲਾਈ ਨੂੰ ਵੀ ਤਰਜੀਹ ਦਿੰਦਾ ਹੈ।
ਇਸ ਨੀਤੀ ਦਾ ਉਦੇਸ਼ ਜੰਮੂ ਅਤੇ ਕਸ਼ਮੀਰ ਨੂੰ ਰਾਸ਼ਟਰੀ ਅਰਥਵਿਵਸਥਾ ’ਚ ਜੋੜਨ ਲਈ ਰੋਜ਼ਗਾਰ ਪੈਦਾ ਕਰਨ, ਹੁਨਰ ਵਿਕਾਸ ਅਤੇ ਸਥਾਨਕ ਉੱਦਮਤਾ ਨੂੰ ਉਤਸ਼ਾਹਿਤ ਕਰਨਾ ਹੈ। ਬਾਗਬਾਨੀ ਅਤੇ ਦਸਤਕਾਰੀ ਤੋਂ ਪਰੇ ਆਪਣੇ ਉਦਯੋਗਿਕ ਆਧਾਰ ਨੂੰ ਵਿਭਿੰਨ ਬਣਾ ਕੇ, ਸਰਕਾਰ ਦਾ ਉਦੇਸ਼ ਆਈ. ਟੀ. ਏ. ਸੈਰ-ਸਪਾਟਾ, ਫੂਡ ਪ੍ਰੋਸੈਸਿੰਗ ਅਤੇ ਨਵਿਆਉਣਯੋਗ ਊਰਜਾ ਖੇਤਰਾਂ ’ਚ ਵੱਡੇ ਪੱਧਰ ’ਤੇ ਨਿੱਜੀ ਨਿਵੇਸ਼ ਲਿਆਉਣਾ ਹੈ।
-ਯੋਗੇਂਦਰ ਯੋਗੀ
‘ਅਧਿਆਪਕਾਂ ਦਾ ਅਜਿਹਾ ਆਚਰਣ’ ‘ਭਲਾ ਬੱਚਿਆਂ ਨੂੰ ਕੀ ਸਿੱਖਿਆ ਦੇਵੇਗਾ’
NEXT STORY