ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਦਾ ਕਹਿਣਾ ਹੈ ਕਿ ਗਗਨਯਾਨ ਭਾਰਤ ਦੀਆਂ ਪੁਲਾੜ ਇੱਛਾਵਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ, ਜੋ ਉਸ ਦੀ ਮਨੁੱਖੀ ਪੁਲਾੜ ਉਡਾਣ ਸਮਰੱਥਾਵਾਂ ਦੀ ਮੁੜ-ਪੁਸ਼ਟੀ ਕਰੇਗਾ ਅਤੇ ਪ੍ਰਿਥਵੀ ਦੇ ਲਈ ਲਾਭਕਾਰੀ ਐਪਲੀਕੇਸ਼ਨਾਂ ਸਮੇਤ ਵਿਗਿਆਨਕ ਗਿਆਨ ਵਿਚ ਵਾਧਾ ਕਰੇਗਾ।
ਸਵਾਲ : ਭਾਰਤ ਦੇ ਪੁਲਾੜ ਭਵਿੱਖ ਲਈ ਗਗਨਯਾਨ ਦਾ ਸਭ ਤੋਂ ਵੱਡਾ ਨਤੀਜਾ ਕੀ ਹੋਵੇਗਾ?
ਜਵਾਬ : ਭਾਰਤ ਦਾ ਪੁਲਾੜ ਖੇਤਰ ਵਿਚ ਅੱਗੇ ਵਧਣਾ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਇਸ ਨੂੰ ਵਿਸ਼ਵ ਪੱਧਰ ’ਤੇ ਸਵੀਕਾਰ ਕੀਤਾ ਗਿਆ ਹੈ। ਹੁਣ ਅਸੀਂ ਚੇਲੇ ਨਹੀਂ ਹਾਂ ਸਗੋਂ ਅੰਤਰਰਾਸ਼ਟਰੀ ਸਹਿਯੋਗ ਵਿਚ ਬਰਾਬਰ ਦੇ ਭਾਈਵਾਲ ਹਾਂ। ਗਗਨਯਾਨ ਮਿਸ਼ਨ ਇਕ ਹੋਰ ਨਿਰਣਾਇਕ ਮੋੜ ਦਾ ਪ੍ਰਤੀਕ ਹੋਵੇਗਾ। ਇਹ ਨਾ ਸਿਰਫ਼ ਮਨੁੱਖੀ ਪੁਲਾੜ ਉਡਾਣ ਵਿਚ ਭਾਰਤ ਦੀਆਂ ਸਮਰੱਥਾਵਾਂ ਦੀ ਪੁਸ਼ਟੀ ਕਰੇਗਾ, ਸਗੋਂ ਸਾਡੇ ਵਿਗਿਆਨਕ ਗਿਆਨ ਵਿਚ ਵੀ ਵਾਧਾ ਕਰੇਗਾ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਵਿਚ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੁਆਰਾ ਮਾਈਕ੍ਰੋਗ੍ਰੈਵਿਟੀ, ਖੇਤੀਬਾੜੀ ਅਤੇ ਜੀਵਨ ਵਿਗਿਆਨ ’ਤੇ ਕੀਤੇ ਗਏ ਪ੍ਰਯੋਗਾਂ ਦੇ ਨਾਲ-ਨਾਲ, ਇਹ ਮਿਸ਼ਨ ਧਰਤੀ ’ਤੇ ਐਪਲੀਕੇਸ਼ਨਾਂ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ। ਇਹ ਭਾਰਤ ਨੂੰ ਪੁਲਾੜ ਖੋਜ ਵਿਚ ਮੋਹਰੀ ਰਾਸ਼ਟਰ ਵਜੋਂ ਸਥਾਪਿਤ ਕਰੇਗਾ, ਜਦ ਕਿ ਅਸੀਂ ਬੁਨਿਆਦੀ ਢਾਂਚੇ, ਵਿਕਾਸ ਅਤੇ ਜੀਵਨ ਨੂੰ ਸੁਗਮ ਬਣਾਉਣ ਲਈ ਪੁਲਾੜ ਟੈਕਨੋਲੋਜੀ ਦਾ ਉਪਯੋਗ ਜਾਰੀ ਰੱਖਣਗੇ।
ਸਵਾਲ : ਸ਼ੁਕਲਾ ਜਿਹੇ ਨੌਜਵਾਨ ਪੁਲਾੜ ਯਾਤਰੀਆਂ ਦੇ ਆਉਣ ਨਾਲ ਸਾਡੀ ਮਨੁੱਖੀ ਪੁਲਾੜ ਯਾਤਰਾ ਨੂੰ ਆਕਾਰ ਦੇਣ ਵਿਚ ਨੌਜਵਾਨਾਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ?
ਜਵਾਬ : ਭਾਰਤ ਦੇ ਭਵਿੱਖ ਲਈ ਪੁਲਾੜ ਸਣੇ ਹਰ ਖੇਤਰ ਵਿਚ ਨੌਜਵਾਨ ਬਹੁਤ ਜ਼ਰੂਰੀ ਹਨ। ਸਾਡੀ 70 ਪ੍ਰਤੀਸ਼ਤ ਤੋਂ ਵੱਧ ਆਬਾਦੀ 40 ਸਾਲ ਤੋਂ ਘੱਟ ਉਮਰ ਦੀ ਹੈ, ਇਸ ਲਈ ਕੁਦਰਤੀ ਤੌਰ ’ਤੇ ਉਹ ਵਿਕਸਿਤ ਭਾਰਤ ਦੇ ਮਾਰਗਦਰਸ਼ਕ ਹਨ। ਪੁਲਾੜ ਵਿਚ ਸਰੀਰਕ ਅਤੇ ਮਾਨਸਿਕ ਅਨੁਕੂਲਤਾ ਦੀ ਜ਼ਰੂਰਤ ਦੇ ਕਾਰਨ ਨੌਜਵਾਨਾਂ ਨੂੰ ਇਕ ਫਾਇਦਾ ਹੁੰਦਾ ਹੈ। ਉਦਾਹਰਣ ਵਜੋਂ ਗਗਨਯਾਨ ਲਈ ਟ੍ਰੇਨਿੰਗ ਪ੍ਰਾਪਤ ਚਾਰ ਪੁਲਾੜ ਯਾਤਰੀਆਂ ਵਿਚੋਂ ਸ਼ੁਭਾਂਸ਼ੂ ਸਭ ਤੋਂ ਛੋਟੀ ਉੱਮਰ ਦੇ ਸਨ ਅਤੇ ਇਹ ਗੱਲ ਉਨ੍ਹਾਂ ਦੇ ਲਈ ਫਾਇਦੇਮੰਦ ਰਹੀ। ਪੁਲਾੜ ਮਿਸ਼ਨਾਂ ਲਈ ਤੇਜ਼ ਅਨੁਕੂਲਤਾ ਦੀ ਜ਼ਰੂਰਤ ਹੁੰਦੀ ਹੈ, ਜਿਸ ਨੂੰ ਨੌਜਵਾਨ ਵਧੇਰੇ ਕੁਸ਼ਲਤਾ ਨਾਲ ਸੰਭਾਲ ਸਕਦੇ ਹਨ।
ਸਵਾਲ : ਕੀ ਗਗਨਯਾਨ ਭਾਰਤ ਲਈ ਅੰਤਰਰਾਸ਼ਟਰੀ ਮਨੁੱਖੀ ਪੁਲਾੜ ਮਿਸ਼ਨਾਂ ਵਿਚ ਸ਼ਾਮਲ ਹੋਣ ਜਾਂ ਆਪਣਾ ਖੁਦ ਦਾ ਪੁਲਾੜ ਸਟੇਸ਼ਨ ਸਥਾਪਿਤ ਕਰਨ ਦਾ ਰਾਹ ਪੱਧਰਾ ਕਰੇਗਾ?
ਉੱਤਰ : ਭਾਰਤ 2035 ਤੱਕ ਭਾਰਤੀਯ ਅੰਤਰਿਕਸ਼ ਸਟੇਸ਼ਨ ਨਾਮਕ ਆਪਣਾ ਪੁਲਾੜ ਸਟੇਸ਼ਨ ਸਥਾਪਿਤ ਕਰਨ ਵਾਲਾ ਹੈ। ਪ੍ਰਧਾਨ ਮੰਤਰੀ ਨੇ ‘‘ਸੁਦਰਸ਼ਨ ਸੁਰੱਕਸ਼ਾ ਚੱਕਰ’’ ਦਾ ਵੀ ਜ਼ਿਕਰ ਕੀਤਾ ਹੈ, ਜਿੱਥੇ ਪੁਲਾੜ ਟੈਕਨੋਲੋਜੀ ਰਾਸ਼ਟਰੀ ਸੁਰੱਖਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਇਸ ਲਈ 2035 ਇਕ ਇਤਿਹਾਸਕ ਵਰ੍ਹਾ ਹੋਵੇਗਾ... ਉਸ ਤੋਂ ਪੰਜ ਸਾਲ ਬਾਅਦ, ਭਾਰਤ ਦਾ ਟੀਚਾ ਮਨੁੱਖਾਂ ਨੂੰ ਲੈ ਕੇ ਚੰਨ ਦੀ ਸਤ੍ਹਾ ’ਤੇ ਮਿਸ਼ਨ ਭੇਜਣਾ ਹੈ।
ਸਵਾਲ : ਭਾਰਤ ਸੈਮੀ-ਕੰਡਕਟਰ ਅਤੇ ਏ.ਆਈ. ਟੈਕਨੋਲੋਜੀਆਂ ਵਿਚ ਤਰੱਕੀ ਕਰ ਰਿਹਾ ਹੈ, ਅਜਿਹੇ ਵਿਚ ਸਰਕਾਰ ਭਾਰਤੀ ਪੁਲਾੜ ਸਟੇਸ਼ਨ ਜਿਹੇ ਪ੍ਰਾਜੈਕਟਾਂ ਲਈ ਸੈਮੀ-ਕੰਡਕਟਰ ਮਿਸ਼ਨ ਨੂੰ ਪੁਲਾੜ-ਪੱਧਰੀ ਜ਼ਰੂਰਤਾਂ ਦੇ ਨਾਲ ਕਿਵੇਂ ਜੋੜ ਰਹੀ ਹੈ?
ਜਵਾਬ : ਸੈਮੀ-ਕੰਡਕਟਰਾਂ ਦੀਆਂ ਵਿਆਪਕ ਐਪਲੀਕੇਸ਼ਨਾਂ ਹੋਣਗੀਆਂ, ਜਿਨ੍ਹਾਂ ਵਿਚ ਪੁਲਾੜ ਮਿਸ਼ਨ ਵੀ ਸ਼ਾਮਲ ਹਨ। ਇਸੇ ਤਰ੍ਹਾਂ, ਛੋਟੇ ਮੌਡਿਊਲਰ ਰਿਐਕਟਰ ਨਾ ਸਿਰਫ਼ ਧਰਤੀ ਦੇ ਸੰਘਣੇ ਜਾਂ ਪਹੁੰਚ ਤੋਂ ਬਾਹਰਲੇ ਖੇਤਰਾਂ ਵਿਚ ਮਹੱਤਵਪੂਰਨ ਹੋਣਗੇ, ਸਗੋਂ ਲੰਬੇ ਸਮੇਂ ਦੇ ਪੁਲਾੜ ਮਿਸ਼ਨਾਂ ਲਈ ਵੀ ਮਹੱਤਵਪੂਰਨ ਹੋਣਗੇ। ਇਹ ਟੈਕਨੋਲੋਜੀਆਂ ਪੁਲਾੜ ਸਟੇਸ਼ਨ ਜਿਹੇ ਭਵਿੱਖ ਦੇ ਪ੍ਰਾਜੈਕਟਾਂ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਹੋਣਗੀਆਂ।
ਸਵਾਲ : ਸਪੈਡੇਕਸ ਤੋਂ ਬਾਅਦ, ਭਾਰਤ ਵਿਸ਼ਵਵਿਆਪੀ ਗਾਹਕਾਂ ਲਈ ਸਪੇਸ ਡੌਕਿੰਗ ਅਤੇ ਸੈਟੇਲਾਈਟ ਸਰਵਿਸਿੰਗ ਦਾ ਮੁਦਰੀਕਰਨ ਕਦੋਂ ਸ਼ੁਰੂ ਕਰੇਗਾ?
ਜਵਾਬ : ਅਸੀਂ ਸਪੈਡੇਕਸ ਰਾਹੀਂ ਡੌਕਿੰਗ ਅਤੇ ਅਣਡੌਕਿੰਗ ਵਿਚ ਤਜਰਬਾ ਹਾਸਲ ਕਰਨਾ ਸ਼ੁਰੂ ਕਰ ਦਿੱਤਾ ਹੈ। ਆਉਣ ਵਾਲਾ ਚੰਦਰਯਾਨ-4 ਮਿਸ਼ਨ, ਜਿਸ ਦੀ ਉਮੀਦ 2028 ਦੇ ਆਸਪਾਸ ਹੋਣ ਦੀ ਹੈ, ਵਿਚ ਗੁੰਝਲਦਾਰ ਡੌਕਿੰਗ ਅਤੇ ਅਨਡੌਕਿੰਗ ਪ੍ਰਕਿਰਿਆਵਾਂ ਕਰਨ ਵਾਲੇ ਕਈ ਮੌਡਿਊਲ ਸ਼ਾਮਲ ਹੋਣਗੇ। ਇਸ ਨਾਲ ਸਾਨੂੰ ਸਪੇਸ ਸਟੇਸ਼ਨ ਜਿਹੇ ਵੱਡੇ ਪ੍ਰਾਜੈਕਟਾਂ ਲਈ ਲੋੜੀਂਦੀ ਮੁਹਾਰਤ ਪ੍ਰਾਪਤ ਹੋਵੇਗੀ। ਪੁਲਾੜ ਟੂਰਿਜ਼ਮ ਵਿਵਹਾਰਕ ਹੁੰਦੇ ਹੀ, ਡੌਕਿੰਗ ਟੈਕਨੋਲੋਜੀ ਯਾਤਰੀ ਸੁਰੱਖਿਆ ਲਈ ਵੀ ਮਹੱਤਵਪੂਰਨ ਹੋਵੇਗੀ। ਸਮੇਂ ਦੇ ਨਾਲ ਭਾਰਤ ਵੱਲੋਂ ਗਾਹਕਾਂ ਲਈ ਡੌਕਿੰਗ, ਸਰਵਿਸਿੰਗ ਅਤੇ ਟੂਰਿਜ਼ਮ ਸਬੰਧੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਨਾਲ ਹੀ ਮੁਦਰੀਕਰਨ ਵੀ ਹੋਵੇਗਾ।
ਸਵਾਲ : ਭਾਰਤ ਪੰਜ ਵਰ੍ਹਿਆਂ ਵਿਚ ਜਨਤਕ-ਨਿੱਜੀ ਭਾਈਵਾਲੀ ਰਾਹੀਂ 52 ਜਾਸੂਸੀ ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਜਿਹੇ ਸਹਿਯੋਗਾਂ ਨਾਲ ਰਾਸ਼ਟਰੀ ਸੁਰੱਖਿਆ ਕਿਵੇਂ ਯਕੀਨੀ ਹੋਵੇਗੀ?
ਜਵਾਬ : ਸੁਰੱਖਿਆ ਉਪਾਅ ਪਹਿਲਾਂ ਤੋਂ ਹੀ ਮੌਜੂਦ ਹਨ। ਅਸੀਂ ਇਨ-ਸਪੇਸ (ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਅਾਥੋਰਾਈਜ਼ੇਸ਼ਨ ਸੈਂਟਰ) ਬਣਾਇਆ ਹੈ, ਜੋ ਪੁਲਾੜ ਵਿਚ ਜਨਤਕ-ਨਿੱਜੀ ਭਾਈਵਾਲੀ ਨੂੰ ਨਿਯੰਤਰਿਤ ਕਰਦਾ ਹੈ। ਇਹ ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਪੂਰੀ ਤਰ੍ਹਾਂ ਧਿਆਨ ਵਿਚ ਰੱਖਣਾ ਯਕੀਨੀ ਬਣਾਉਂਦੇ ਹੋਏ ਸਹਿਯੋਗ ਦੇ ਪੈਮਾਨੇ ਅਤੇ ਪ੍ਰਕਿਰਤੀ ਨੂੰ ਨਿਰਧਾਰਿਤ ਕਰਦਾ ਹੈ।
ਸਵਾਲ : ਕੀ ਤੁਸੀਂ ਸਿਰਫ਼ ਹਵਾਈ ਸੈਨਾ ਦੇ ਪਾਇਲਟਾਂ ਨੂੰ ਹੀ ਨਹੀਂ, ਸਗੋਂ ਆਮ ਨਾਗਰਿਕਾਂ ਨੂੰ ਵੀ ਭਾਰਤ ਦੇ ਪੁਲਾੜ ਯਾਤਰੀ ਸਮੂਹ ਵਿਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰੋਗੇ?
ਜਵਾਬ : ਬਿਲਕੁਲ। ਫਿਲਹਾਲ, ਹਵਾਈ ਸੈਨਾ ਦੇ ਪਾਇਲਟ ਹਾਈ-ਐਲਟੀਟਿਊਡ ਵਾਲੇ ਜੈੱਟਸ ਵਿਚ ਟ੍ਰੇਨਿੰਗ ਦੇ ਕਾਰਨ ਬਿਹਤਰ ਢੰਗ ਨਾਲ ਤਿਆਰ ਹਨ ਪਰ ਇਹ ਸਿਰਫ਼ ਸ਼ੁਰੂਆਤ ਹੈ। ਭਵਿੱਖ ਵਿਚ ਸਾਡੇ ਪੁਲਾੜ ਯਾਤਰੀ ਸਮੂਹ ਦਾ ਵਿਸਤਾਰ ਹੋਵੇਗਾ ਅਤੇ ਇਸ ਵਿਚ ਆਮ ਨਾਗਰਿਕ, ਮਹਿਲਾਵਾਂ, ਬਾਇਓਟੈਕਨੋਲੋਜਿਸਟ, ਪੁਲਾੜ ਚਿਕਿਤਸਕ ਅਤੇ ਇੱਥੋਂ ਤੱਕ ਕਿ ਮੀਡੀਆ ਪੇਸ਼ੇਵਰ ਵੀ ਸ਼ਾਮਲ ਹੋਣਗੇ ਤਾਂ ਜੋ ਮਿਸ਼ਨਾਂ ਨੂੰ ਅਸਲ ਸਮੇਂ ਵਿਚ ਰਿਕਾਰਡ ਕੀਤਾ ਜਾ ਸਕੇ।
ਡਾ. ਜਿਤੇਂਦਰ ਸਿੰਘ (ਕੇਂਦਰੀ ਮੰਤਰੀ)
ਖੁਦ ਨੂੰ ਹੀ ਮਜ਼ਬੂਤ ਬਣਾਉਣਾ ਹੋਵੇਗਾ ਸਾਨੂੰ
NEXT STORY